4.7 C
Toronto
Friday, November 27, 2026
spot_img
Homeਘਰ ਪਰਿਵਾਰਦਿੱਲੀਏ! ਤੂੰ ਕਟਹਿਰੇ ਵਿੱਚ ਹੈਂ!!

ਦਿੱਲੀਏ! ਤੂੰ ਕਟਹਿਰੇ ਵਿੱਚ ਹੈਂ!!

ਦਿੱਲੀਏ! ਤੂੰ ਕਟਹਿਰੇ ਵਿੱਚ ਹੈਂ!!(ਇੱਕ ਸ਼ਹਿਰ ਦੇ ਮੱਥੇ ਉੱਤੇ ਇਤਿਹਾਸ ਦੀ ਗਵਾਹੀ)
(ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ‘ਤੇ ਕਵਿਤਾ)
ਦਿੱਲੀਏ!
ਤੇਰੇ ਮੱਥੇ ਉੱਤੇ
ਕਿੰਨੇ ਯੁੱਗਾਂ ਦੀ ਧੂੜ ਜੰਮੀ ਪਈ ਹੈ,
ਕਿੰਨੇ ਤਖ਼ਤਾਂ ਦੀ ਹਉਮੈ
ਤੇਰੀਆਂ ਕੰਧਾਂ ਵਿੱਚ ਚਿਣੀ ਪਈ ਹੈ।
ਤੇਰੇ ਬੁਰਜਾਂ ਨੇ ਸਾਮਰਾਜਾਂ ਨੂੰ ਚੜ੍ਹਦੇ ਵੇਖਿਆ,
ਤੇਰੀਆਂ ਗਲੀਆਂ ਨੇ ਬਾਦਸ਼ਾਹੀਆਂ ਨੂੰ ਢਹਿੰਦੇ ਵੇਖਿਆ,
ਤੇਰੀਆਂ ਸੜਕਾਂ ਨੇ ਜਲੂਸ ਵੀ ਲੰਘਦੇ ਵੇਖੇ,
ਤੇ ਮਜ਼ਲੂਮਾਂ ਦੇ ਜਨਾਜ਼ੇ ਵੀ।
ਪਰ ਅੱਜ ਸਵਾਲ ਤੇਰੇ ਕਿਲ੍ਹਿਆਂ ਤੋਂ ਨਹੀਂ,
ਤੇਰੀਆਂ ਨੀਂਹਾਂ ਤੋਂ ਪੁੱਛਿਆ ਜਾਣਾ ਹੈ,
ਅੱਜ ਤੇਰੇ ਦਰਬਾਰ ਦੀ ਨਹੀਂ,
ਤੇਰੀ ਰੂਹ ਦੀ ਪੇਸ਼ੀ ਦਾ ਵੇਲਾ ਆਇਆ ਹੈ।
ਦਿੱਲੀਏ! ਤੂੰ ਕਟਹਿਰੇ ਵਿੱਚ ਹੈਂ,
ਤੇਰੇ ਇਤਿਹਾਸ ਦੀ ਗਵਾਹੀ, ਤੇਰੇ ਵਿਰੁੱਧ ਖੜ੍ਹੀ ਹੈ।
ਕਦੇ ਤੇਰੇ ਤਖ਼ਤ ਦੀ ਤਲਵਾਰ ਨੇ
ਇੱਕ ਕੌਮ ਦੇ ਸਾਹਾਂ ਉੱਤੇ ਪਹਿਰਾ ਲਾਇਆ ਸੀ,
ਇਬਾਦਤ ਦੇ ਬੂਹਿਆਂ ਉੱਤੇ ਸਰਕਾਰ ਨੇ
ਜ਼ੁਲਮ ਦਾ ਫੁਰਮਾਨ ਲਿਖਵਾਇਆ ਸੀ।
ਧਰਮਾਂ ਨੂੰ ਇੱਕੋ ਸਾਂਚੇ ਵਿੱਚ ਢਾਲਣ ਦੀ ਜ਼ਿੱਦ ਸੀ,
ਰੂਹਾਂ ਨੂੰ ਇੱਕੋ ਰੰਗ ਵਿੱਚ ਰੰਗਣ ਦਾ ਦੁਰਕਾਰ ਸੀ।
ਕਿਸੇ ਦੀ ਆਸਥਾ ਨੂੰ ਮਿਟਾ ਕੇ
ਸੱਤਾ ਦੀ ਇਬਾਰਤ ਲਿਖਣ ਦਾ ਹੰਕਾਰ ਸੀ।
ਉਸ ਵੇਲੇ ਅਨੰਦਪੁਰ ਦੀਆਂ ਵਾਦੀਆਂ ਵਿੱਚ
ਕਾਇਨਾਤ ਨੇ ਇੱਕ ਅਨੋਖੀ ਆਵਾਜ਼ ਸੁਣੀ,
ਉਹ ਆਵਾਜ਼ ਕਿਸੇ ਇੱਕ ਵਰਗ ਲਈ ਨਹੀਂ ਸੀ,
ਉਹ ਤਾਂ ਮਨੁੱਖੀ ਆਜ਼ਾਦੀ ਦੀ ਰੂਹ ਬਣੀ।
ਕਸ਼ਮੀਰ ਸੁਣੇ ਭਾਰਤ ਭਰ ‘ਚੋਂ ਉੱਠੀ ਫ਼ਰਿਆਦ
ਜਦੋਂ ਅਨੰਦਪੁਰ ਦੇ ਦਰ ‘ਤੇ ਆਣ ਢੁੱਕੀ ਸੀ।
ਉਹ ਪੀੜਿਤ ਹਿੰਦੂਆਂ ਦੀ ਹੀ ਅਰਜ਼ ਨਹੀਂ ਸੀ,
ਉਹ ਸਾਰੀ ਮਨੁੱਖਤਾ ਦੀ ਅੰਤਿਮ ਪੁਕਾਰ ਸੀ,
ਜਿਸ ਅੱਗੇ ਸੱਤਾ ਦੀ ਹਰ ਦਲੀਲ ਮੁੱਕੀ ਸੀ।
ਪਿਤਾ ਗੁਰੂ ਨੇ ਪੁੱਤਰ ਵੱਲ ਤੱਕਿਆ,
ਜਿਵੇਂ ਸਮੇਂ ਨੇ ਸਮੇਂ ਨੂੰ ਸਵਾਲ ਕੀਤਾ ਹੋਵੇ,
ਜਿਵੇਂ ਬਾਲ ਗੁਰੂ ਦੇ ਬੋਲਾਂ ਵਿੱਚੋਂ
ਇਤਿਹਾਸ ਦਾ ਸੂਰਜ ਚੜ੍ਹਿਆ ਹੋਵੇ।
ਫਿਰ ਸੀਸ ਤੁਰ ਪਿਆ ਦਿੱਲੀ ਵੱਲ,
ਪਰ ਉਹ ਕਿਸੇ ਰਾਜੇ ਅੱਗੇ ਝੁਕਣ ਨਹੀਂ ਸੀ,
ਉਹ ਤਾਂ ਦੂਜੇ ਦੇ ਵਿਸ਼ਵਾਸ ਦੀ ਰਾਖੀ ਲਈ
ਸ਼ਹਾਦਤ ਦੇ ਸ਼ਬਦ ਸਮੇਂ ਦੇ ਮੱਥੇ ‘ਤੇ ਲਿਖਣ ਲਈ ਸੀ।
ਉਹ ਸੀਸ ਵਰਗ ਵਿਸ਼ੇਸ਼ ਲਈ ਨਹੀਂ ਸੀ,
ਉਹ ਤਾਂ ਧਰਮ ਦੀ ਆਜ਼ਾਦੀ ਦਾ ਆਦਰ ਸੀ;
ਉਹ ਸ਼ਹਾਦਤ ਮਹਿਜ਼ ਹਿੰਦ ਲਈ ਨਹੀਂ ਸੀ,
ਉਹ ਤਾਂ ਸਮੁੱਚੀ ਸ੍ਰਿਸ਼ਟੀ ਲਈ ਚਾਦਰ ਸੀ।
ਚਾਂਦਨੀ ਚੌਕ!
ਤੇਰੀ ਮਿੱਟੀ ਨੇ ਉਹ ਦ੍ਰਿਸ਼ ਵੀ ਵੇਖਿਆ,
ਜਦੋਂ ਸੀਸ ਤਾਂ ਧੜ ਤੋਂ ਵੱਖ ਹੋ ਗਿਆ,
ਪਰ ਸੱਚ ਦਾ ਸਿਰ ਹੋਰ ਉੱਚਾ ਹੋ ਗਿਆ।
ਉੱਥੇ ਖ਼ੂਨ ਨਹੀਂ ਸੀ ਡੁੱਲ੍ਹਿਆ ਕੇਵਲ,
ਉੱਥੇ ਮਨੁੱਖੀ ਆਜ਼ਾਦੀ ਦਾ ਬੀਜ ਬੀਜਿਆ ਗਿਆ ਸੀ,
ਸਤਿਗੁਰਾਂ ਦੀ ਅਦੁੱਤੀ ਸ਼ਹਾਦਤ ਸਦਕਾ,
ਜ਼ਮੀਰ ਦਾ ਹਿਰਦਾ ਪਸੀਜਿਆ ਗਿਆ ਸੀ।
ਉਸ ਦਿਨ ਤੇਰੇ ਅਸਮਾਨ ਨੇ ਵੇਖਿਆ ਹੋਣਾ,
ਸੂਰਜ ਨੂੰ ਕਤਲ ਕਰਨ ਵਾਲੇ ਜਾਬਰ
ਸ਼ਹਾਦਤ ਦੇ ਚਾਨਣ ਨੇ ਢਹਿ-ਢੇਰੀ ਕਰ ਦਿੱਤੇ
ਜਿਸ ਸੀਸ ਨੂੰ ਝੁਕਾਉਣ ਲਈ ਤਲਵਾਰ ਉੱਠੀ,
ਉਸੇ ਸੀਸ ਨੇ ਹੱਕਾਂ ਦੇ ਕੱਦ ਉੱਚੇ ਕਰ ਦਿੱਤੇ।
ਚਾਂਦਨੀ ਚੌਂਕ ਦੇ ਮੱਥੇ ਉੱਤੇ
ਸ਼ਹਾਦਤ ਦਾ ਚੰਦ ਅੱਜ ਵੀ ਚਮਕਦਾ ਹੈ।
ਤੇਰਾ ਹਰ ਪੱਥਰ ਪੁੱਛਦਾ ਹੋਵੇਗਾ-
ਕਿਸ ਨੇ ਕਿਸ ਨੂੰ ਹਰਾਇਆ ਸੀ?
ਕਿਸ ਦਾ ਤਖ਼ਤ ਬਚਿਆ ਸੀ?
ਕਿਸ ਦਾ ਸੱਚ ਅਮਰ ਹੋਇਆ ਸੀ?
ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੇ
ਸੁੱਕਦੇ ਬਿਰਛ ਨੂੰ ਮੁੜ ਪ੍ਰਾਣ ਦੇ ਦਿੱਤਾ,
ਜ਼ੁਲਮ ਦੀ ਤਪਦੀ ਲੂ ਨੇ ਜਿਸ ਨੂੰ ਸਾੜਿਆ ਸੀ
ਉਸ ਕੌਮ ਨੂੰ ਸਤਿਗੁਰਾਂ ਜੀਵਨ ਦਾਨ ਦੇ ਦਿੱਤਾ।
ਦਿੱਲੀਏ!
ਗੁਰੂ ਤੇਗ ਬਹਾਦਰ ਦੀ ਸ਼ਹਾਦਤ
ਤੇਰੇ ਲਈ ਕੋਈ ਪੁਰਾਣਾ ਸਮਾਰਕ ਨਹੀਂ,
ਇਹ ਤੇਰੀ ਨੈਤਿਕਤਾ ਦੀ ਜ ਿਕਸੌਟੀ ਹੈ।
ਉਨ੍ਹਾਂ ਦਾ ਸੰਦੇਸ਼ ਨਿਰੀ ਕੌਮੀ ਵਿਰਾਸਤ ਨਹੀਂ,
ਇਹ ਤਾਂ ਸਮੁੱਚੀ ਸ੍ਰਿਸ਼ਟੀ ਦੇ ਮੱਥੇ ਦੀ ਦਸਤਾਰ ਹੈ।
ਜਿਸ ਨੇ ਸਿਖਾਇਆ ਸੀ-
ਆਪਣਾ ਧਰਮ ਜੀਓ, ਪਰ ਦੂਜੇ ਦਾ ਨਾ ਖੋਹੋ,
ਆਪਣੀ ਆਜ਼ਾਦੀ ਮਾਣੋ, ਪਰ ਦੂਜੇ ਨੂੰ ਨਾ ਬੰਨ੍ਹੋ,
ਆਪਣੇ ਹੱਕ ਲਈ ਖੜ੍ਹੋ,
ਪਰ ਕਿਸੇ ਮਜ਼ਲੂਮ ਦਾ ਹੱਕ ਨਾ ਕੁਚਲੋ।
ਬਲਕਿ ਸਭ ਦੇ ਹੱਕ ਬਚਾਉਣ ਲਈ ਲੜੋ।
ਇਹੀ ਤਾਂ ਸੀ ਉਹ ਅਦਭੁੱਤ ਦਰਸ਼ਨ,
ਜਿੱਥੇ ਆਪਣਾ ਸੀਸ ਦੇਣਾ ਮਨਜ਼ੂਰ ਸੀ,
ਪਰ ਦੂਜੇ ਦਾ ਵਿਸ਼ਵਾਸ ਤੋੜਨਾ ਮਨਜ਼ੂਰ ਨਹੀਂ ਸੀ।
ਉਹ ਚਾਦਰ ਬਣ ਤਣੇ ਸਨ
ਕਿਸੇ ਇੱਕ ਧਰਮ ਦੇ ਸਿਰ ਉੱਤੇ ਨਹੀਂ,
ਸਗਲ ਸ੍ਰਿਸ਼ਟੀ ਦੇ ਨੀਲੇ ਅੰਬਰ ਉੱਤੇ,
ਜਿੱਥੇ ਹਰ ਜੀਵ ਨੂੰ ਆਜ਼ਾਦ ਜਿਉਣ ਦਾ ਹੱਕ ਹੈ।
ਉਹ ਨਿਤਾਣਿਆਂ ਦੀ ਤਾਕਤ ਸਨ,
ਨਿਮਾਣਿਆਂ ਦੇ ਮਾਣ ਸਨ,
ਨਿਆਸਰਿਆਂ ਦਾ ਆਸਰਾ ਸਨ,
ਉਹ ਮਨੁੱਖੀ ਆਜ਼ਾਦੀ ਦੇ
ਸਭ ਤੋਂ ਉੱਚੇ ਮੁਨਾਰੇ ਸਨ।
ਪਰ ਦਿੱਲੀਏ!
ਤੂੰ ਸ਼ਹਾਦਤ ਦੇ ਸਮਾਰਕ ਤਾਂ ਉਸਾਰ ਲਏ,
ਕੀ ਉਨ੍ਹਾਂ ਦੇ ਸਿਧਾਂਤਾਂ ਨੂੰ ਵੀ
ਆਪਣੀ ਸਿਆਸਤ ਦਾ ਆਧਾਰ ਬਣਾਇਆ?
ਕੀ ਤੇਰੀਆਂ ਅਦਾਲਤਾਂ ਵਿੱਚ
ਉਨ੍ਹਾਂ ਦੀ ਬਾਣੀ ਦਾ ਕੋਈ ਅਸੂਲ ਜਿਊਂਦਾ ਹੈ?
ਕੀ ਤੇਰੇ ਕਾਨੂੰਨਾਂ ਵਿੱਚ
ਉਨ੍ਹਾਂ ਦੀ ਸ਼ਹਾਦਤ ਦਾ ਕੋਈ ਪ੍ਰਤੀਬਿੰਬ ਜਿਊਂਦਾ ਹੈ?
ਤੇਰੇ ਇਤਿਹਾਸ ਦੀ ਵਿਡੰਬਨਾ ਵੇਖ,
ਜਿਸ ਸੀਸ ਨੇ ਤੇਰੀ ਆਸਥਾ ਬਚਾਈ,
ਜਿਸ ਚਾਦਰ ਨੇ ਤੇਰੀ ਲਾਜ ਢਕੀ,
ਉਸੇ ਚਾਦਰ ਦੇ ਵਾਰਸਾਂ ਲਈ
ਤੇਰੀਆਂ ਗਲੀਆਂ ਕਤਲ-ਗਾਹਾਂ ਬਣੀਆਂ!
ਜਿਸ ਕੌਮ ਦੇ ਵਡੇਰਿਆਂ ਨੇ
ਤੈਨੂੰ ਉਜੜਨੋਂ ਬਚਾਉਣ ਖ਼ਾਤਰ ਸੀਸ ਦਿੱਤਾ,
ਉਸ ਕੌਮ ਦੀ ਪਛਾਣ ਨੂੰ ਹੀ
ਤੇਰੇ ਗਲਿਆਰਿਆਂ ਨੇ ਮੌਤ ਦਾ ਪੈਗ਼ਾਮ ਦਿੱਤਾ।
ਚੁਰਾਸੀ ਦਾ ਬਦਨੁਮਾ ਕਲੰਕ,
ਤੇਰੇ ਮੱਥੇ ਤੋਂ ਰਹਿੰਦੀ ਦੁਨੀਆ ਤੱਕ ਨਹੀਂ ਮਿਟਣਾ
ਕੋਨੇ-ਕੋਨੇ ‘ਚ ਖੇਡੀ ਖ਼ੂਨ ਦੀ ਹੋਲੀ ਨਾਲ,
ਲਾਲੋ-ਲਾਲ ਹੋਈ ਧਰਤੀ ਤੋਂ ਰੱਤ ਕਦੇ ਨਹੀਂ ਸੁੱਕਣਾ।
ਉੱਥੇ ਘਰ ਨਹੀਂ ਸੜੇ ਸਨ ਕੇਵਲ,
ਵਿਸ਼ਵਾਸ ਦੇ ਵਿਹੜੇ ਵੀ ਉਜੜੇ ਸਨ,
ਉੱਥੇ ਮਨੁੱਖ ਹੀ ਨਹੀਂ ਸਨ ਮਰੇ ਕੇਵਲ,
ਇਨਸਾਨੀਅਤ ਹੀ ਮਰ ਮੁੱਕ ਗਈ ਸੀ
ਕਿਸੇ ਦੇ ਕੇਸਾਂ ਵਿੱਚ ਅੱਗ ਬਾਲ਼ ਦਿੱਤੀ,
ਕਿਸੇ ਦੇ ਸੁਹਾਗ ਦਾ ਸੂਰਜ ਡੋਬ ਦਿੱਤਾ,
ਕਿਸੇ ਮਾਂ ਦੀ ਕੁੱਖ ਉਜਾੜ ਦਿੱਤੀ,
ਕਿਸੇ ਭੈਣ ਦੀ ਚੁੰਨੀ ਨੂੰ ਖ਼ੂਨ ‘ਚ ਰੰਗ ਦਿੱਤਾ।
ਹਜ਼ਾਰਾਂ ਘਰਾਂ ਦੇ ਬੂਹੇ
ਆਪਣਿਆਂ ਦੀ ਉਡੀਕ ਵਿੱਚ ਪੱਥਰ ਹੋ ਗਏ,
ਹਜ਼ਾਰਾਂ ਅੱਖਾਂ ਦੇ ਸੁਪਨੇ
ਇੱਕ ਪਲ ਵਿੱਚ ਬੇਵਤਨ ਹੋ ਗਏ।
ਤੇਰੇ ਅੰਦਰਲੇ ਕਿਸ ਜੰਗਲ ਨੇ
ਇਨਸਾਨੀਅਤ ਨੂੰ ਨਿਗਲ ਲਿਆ ਸੀ?
ਕਿਹੜੀ ਸਿਆਸਤ ਨੇ ਮਨੁੱਖ ਦੇ ਮੱਥੇ ਉੱਤੇ
ਨਸਲਕੁਸ਼ੀ ਦਾ ਕਾਂਡ ਲਿਖ ਦਿੱਤਾ ਸੀ?
ਦਿੱਲੀਏ!
ਉਸ ਵੇਲੇ ਤੇਰੇ ਬੂਹਿਆਂ ਉੱਤੇ
ਮਜ਼ਲੂਮਾਂ ਨੇ ਇਨਸਾਫ਼ ਲਈ ਦਸਤਕ ਦਿੱਤੀ ਸੀ
ਐਪਰ ਤੂੰ ਆਪਣੇ ਹੀ ਸ਼ੋਰ ਵਿੱਚ
ਚੀਖ਼ ਪੁਕਾਰ ਸੁਣਨ ਤੋਂ ਮੁਨਕਰ ਹੋ ਗਈ ਸੀ।
ਜਿਸ ਚਾਦਰ ਨੇ ਜਗਤ ਦੀ ਲਾਜ ਬਚਾਈ,
ਉਸ ਦੇ ਵਾਰਿਸਾਂ ਦੀ ਲਾਜ ਤੇਰੇ ਵਿਹੜੇ ਵਿੱਚ ਲੁੱਟੀ ਗਈ
ਤੇਰੇ ਕੋਲ ਕੋਈ ਜਵਾਬ ਹੈ, ਦਿੱਲੀਏ?
ਜਾਂ ਤੂੰ ਇਤਿਹਾਸ ਦੇ ਸਫਿਆਂ ਉੱਤੇ
ਸਿਰਫ਼ ਤਾਰੀਖਾਂ ਬਦਲਣ ਦੀ ਮਾਹਰ ਹੋ ਗਈ ਹੈਂ?
ਜਦੋਂ ਕਿਸਾਨ ਆਪਣੇ ਖੇਤਾਂ ਦਾ ਹੱਕ ਮੰਗਣ ਆਏ,
ਉਨ੍ਹਾਂ ਦੇ ਪੈਰਾਂ ਦੀ ਧੂੜ ਵਿੱਚ
ਖੇਤਾਂ ਦੀ ਮਿੱਟੀ ਦੀ ਅਕੱਥ ਕਥਾ ਸੀ
ਉਨ੍ਹਾਂ ਦੀਆਂ ਝੁਰੜੀਆਂ ਵਿੱਚ
ਸਦੀਆਂ ਦੀ ਕਿਰਤ ਦੀ ਗਵਾਹੀ ਸੀ।
ਉਹ ਤੇਰੇ ਤਖ਼ਤ ਉੱਤੇ ਕਬਜ਼ਾ ਕਰਨ ਨਹੀਂ ਸੀ ਆਏ
ਉਹ ਤਾਂ ਆਪਣੀ ਮਿਹਨਤ ਦਾ ਸੂਰਜ ਮੰਗਣ ਆਏ ਸਨ,
ਪਰ ਦੁਨੀਆ ਨੇ ਉਨ੍ਹਾਂ ਦੇ ਸਬਰ ਨੂੰ
ਸੱਤਾ ਦੀਆਂ ਕੰਧਾਂ ਨਾਲ ਟਕਰਾਉਂਦਾ ਵੇਖਿਆ।
ਅੱਠ ਸੌ ਤੋਂ ਵੱਧ ਘਰਾਂ ਦੇ ਦੀਵੇ
ਬੇਇਨਸਾਫ਼ੀ ਖਿਲਾਫ ਲੜਦੇ ਲੜਦੇ ਬੁਝ ਗਏ,
ਕਿਸੇ ਮਾਂ ਦਾ ਪੁੱਤਰ, ਕਿਸੇ ਬੱਚੇ ਦਾ ਪਿਓ,
ਕਿਸੇ ਸੁਹਾਗਣ ਦਾ ਸ਼ਿੰਗਾਰ
ਮੋਰਚੇ ਦੀ ਮਿੱਟੀ ਵਿੱਚ ਸਦਾ ਲਈ ਲੀਨ ਹੋ ਗਿਆ।
ਉਨ੍ਹਾਂ ਦੇ ਮੱਥਿਆਂ ਉੱਤੇ ਹਲਾਂ ਦੀਆਂ ਲਕੀਰਾਂ ਸਨ,
ਤੇਰੇ ਕਾਨੂੰਨਾਂ ਉੱਤੇ ਸੱਤਾ ਦੀਆਂ ਮੋਹਰਾਂ;
ਉਹ ਅੰਨ ਉਗਾਉਣ ਵਾਲੇ ਹੱਥ ਸਨ,
ਤੂੰ ਉਨ੍ਹਾਂ ਨੂੰ ਹੀ ਦੋਸ਼ੀ ਬਣਾ ਕਟਹਿਰੇ ‘ਚ ਖੜ੍ਹਾ ਕੀਤਾ।
ਦਿੱਲੀਏ!
ਸ਼ਾਹੀਨ ਬਾਗ਼ ਦੀਆਂ ਠੰਢੀਆਂ ਰਾਤਾਂ ਵਿੱਚ ਵੀ
ਕਿਸੇ ਮਾਂ ਦੀ ਆਵਾਜ਼ ਕੰਬਦੀ ਰਹੀ,
ਕਿਸੇ ਨਾਗਰਿਕ ਦੀ ਨਾਗਰਿਕਤਾ,
ਕਿਸੇ ਕਮਜ਼ੋਰ ਦਾ ਹੱਕ
ਤੇਰੇ ਦਰਵਾਜ਼ੇ ਉੱਤੇ ਜਵਾਬ ਮੰਗਦਾ ਰਿਹਾ।
ਕਿੰਨੀ ਵਾਰ ਇਤਿਹਾਸ
ਤੇਰੇ ਸਾਹਮਣੇ ਸ਼ੀਸ਼ਾ ਲੈ ਕੇ ਆਵੇਗਾ?
ਕਿੰਨੀ ਵਾਰ ਤੇਰੇ ਦਰਬਾਰ ਵਿੱਚ
ਇਨਸਾਫ਼ ਦਾ ਸ਼ਰੇ ਬਾਜ਼ਾਰ ਘਾਣ ਹੋਵੇਗਾ?
ਅੱਜ ਤੇਰੇ ਸਾਹਮਣੇ
ਕੋਈ ਤਲਵਾਰ ਲੈ ਕੇ ਨਹੀਂ ਖੜ੍ਹਾ,
ਕੋਈ ਤਾਜ ਦੀ ਮੰਗ ਲੈ ਕੇ ਨਹੀਂ ਆਇਆ,
ਕੋਈ ਸਾਮਰਾਜ ਦੀ ਸਰਹੱਦ ਨਹੀਂ ਉਲੀਕਦਾ।
ਸਿਰਫ਼ ਇੱਕ ਸਵਾਲ ਹੈ-
ਜਿਸ ਕੌਮ ਨੇ ਤੇਰੇ ਇਤਿਹਾਸ ਦੇ ਹਨੇਰੇ ਵਿੱਚ
ਦੂਜਿਆਂ ਲਈ ਚਾਨਣ ਦਾ ਦੀਵਾ ਬਾਲਿਆ,
ਜਿਸ ਕੌਮ ਨੇ ਆਪਣੇ ਵਡੇਰਿਆਂ ਦੇ ਸੀਸ ਨਾਲ
ਧਰਮ ਦੀ ਆਜ਼ਾਦੀ ਦਾ ਮੁੱਲ ਚੁਕਾਇਆ,
ਕੀ ਉਸ ਕੌਮ ਦੀ ਪਛਾਣ ਨੂੰ
ਤੇਰੇ ਵਰਤਮਾਨ ਵਿੱਚ ਸੁਰੱਖਿਆ ਮਿਲੀ?
ਕੀ ਅਹਿਸਾਨ-ਫ਼ਰਾਮੋਸ਼ੀ
ਇਤਿਹਾਸ ਦੀ ਸਭ ਤੋਂ ਵੱਡੀ ਬੇਇਨਸਾਫ਼ੀ ਨਹੀਂ?
ਕੀ ਅਕ੍ਰਿਤਘਣਤਾ
ਮਨੁੱਖੀ ਜ਼ਮੀਰ ਦਾ ਸਭ ਤੋਂ ਡੂੰਘਾ ਪਤਨ ਨਹੀਂ?
ਕੀ ਉਸ ਖ਼ੂਨ ਦੀ ਲਕੀਰ ਨੂੰ ਭੁੱਲ ਜਾਣਾ
ਜਿਸ ਨੇ ਤੇਰੇ ਹੀ ਇਤਿਹਾਸ ਨੂੰ ਪਵਿੱਤਰ ਕੀਤਾ,
ਇਤਿਹਾਸ ਨਾਲ ਧੋਖਾ ਨਹੀਂ?
ਇਹ ਸਵਾਲ ਕਿਸੇ ਇੱਕ ਕੌਮ ਵੱਲੋਂ
ਕਿਸੇ ਦੂਜੀ ਕੌਮ ਨੂੰ ਦਿੱਤੀ ਗਈ ਚੁਣੌਤੀ ਨਹੀਂ,
ਇਹ ਤਾਂ ਮਨੁੱਖਤਾ ਵੱਲੋਂ ਸੱਤਾ ਨੂੰ
ਦਿੱਤਾ ਗਿਆ ਨੈਤਿਕ ਪੈਗ਼ਾਮ ਹੈ।
ਕਿਉਂਕਿ ਜਦੋਂ ਵੀ ਕੋਈ ਹਕੂਮਤ
ਕਿਸੇ ਮਜ਼ਲੂਮ ਦੀ ਆਵਾਜ਼ ਦਬਾਉਂਦੀ ਹੈ,
ਉਹ ਸਿਰਫ਼ ਉਸ ਦਾ ਵਰਤਮਾਨ ਨਹੀਂ ਖੋਹਦੀ,
ਆਪਣੇ ਭਵਿੱਖ ਦੀਆਂ ਨੀਂਹਾਂ ਵੀ ਹਿਲਾਉਂਦੀ ਹੈ।
ਤਖ਼ਤਾਂ ਦੀ ਉਮਰ
ਤਲਵਾਰਾਂ ਦੀ ਧਾਰ ਨਾਲ ਨਹੀਂ ਮਾਪੀ ਜਾਂਦੀ,
ਸਾਮਰਾਜਾਂ ਦੀ ਉਚਾਈ
ਮਹੱਲਾਂ ਦੇ ਗੁੰਬਦਾਂ ਨਾਲ ਨਹੀਂ ਮਾਪੀ ਜਾਂਦੀ।
ਕਿਸੇ ਰਾਜ ਦੀ ਅਸਲ ਉਚਾਈ
ਉਸ ਦੀ ਸਭ ਤੋਂ ਮਧਰੀ ਆਵਾਜ਼ ਦੇ ਕੱਦ ਵਿੱਚ ਹੁੰਦੀ ਹੈ,
ਕਿਸੇ ਹਕੂਮਤ ਦੀ ਅਸਲ ਤਾਕਤ
ਉਸ ਦੇ ਸਭ ਤੋਂ ਨਿਤਾਣੇ ਦੀ ਸੁਰੱਖਿਆ ਵਿੱਚ ਹੁੰਦੀ ਹੈ।
ਦਿੱਲੀਏ!
ਜੇ ਤੇਰੀਆਂ ਸੜਕਾਂ ਉੱਤੇ
ਮਜ਼ਲੂਮ ਦਾ ਖ਼ੂਨ ਸਸਤਾ ਹੈ,
ਜੇ ਤੇਰੇ ਦਰਬਾਰਾਂ ਵਿੱਚ
ਸੱਚ ਬੋਲਣ ਵਾਲਾ ਬੇਗਾਨਾ ਹੈ,
ਜੇ ਤੇਰੀ ਸਿਆਸਤ ਨੂੰ
ਨਫ਼ਰਤ ਦੀ ਬੈਸਾਖੀ ਦੀ ਲੋੜ ਹੈ,
ਤਾਂ ਤੇਰੀਆਂ ਇਮਾਰਤਾਂ ਭਾਵੇਂ ਅੰਬਰ ਛੂਹ ਲੈਣ,
ਤੇਰਾ ਨੈਤਿਕ ਕੱਦ ਬੌਣਾ ਹੀ ਰਹੇਗਾ।
ਜਿਸ ਦਿਨ ਤੂੰ
ਕਮਜ਼ੋਰ ਦੀ ਬਾਂਹ ਫੜਨੀ ਸਿੱਖ ਲਵੇਂਗੀ,
ਨਿਮਾਣੇ ਦੇ ਮੱਥੇ ਦਾ ਤਾਜ ਬਣੇਂਗੀ,
ਨਿਆਸਰੇ ਦਾ ਸਹਾਰਾ ਬਣੇਂਗੀ,
ਉਸ ਦਿਨ ਤੇਰੇ ਮੁਨਾਰਿਆ ਨੂੰ ਵੀ
ਮਨੁੱਖਤਾ ਦਾ ਮਾਣ ਮਿਲੇਗਾ।
ਨਹੀਂ ਤਾਂ ਇਤਿਹਾਸ ਦੀ ਰੇਤ ਉੱਤੇ
ਕਿੰਨੇ ਹੀ ਤਖ਼ਤਾਂ ਦੇ ਪੈਰਾਂ ਦੇ ਨਿਸ਼ਾਨ
ਹਵਾ ਮਿਟਾ ਚੁੱਕੀ ਹੈ।
ਜਿਹੜੇ ਸ਼ਹਿਰ ਸ਼ਹੀਦਾਂ ਦੀ ਸ਼ਹਾਦਤ ਦੇ
ਸਿਰਫ਼ ਸਮਾਰਕ ਬਣਾਉਂਦੇ ਹਨ,
ਪਰ ਉਨ੍ਹਾਂ ਦੇ ਸਿਧਾਂਤਾਂ ਤੋਂ
ਆਪਣੇ ਵਰਤਮਾਨ ਨੂੰ ਨਹੀਂ ਸਵਾਰਦੇ,
ਉਹ ਇਤਿਹਾਸ ਦੇ ਵਾਰਿਸ ਨਹੀਂ ਬਣਦੇ,
ਬਲਕਿ ਤਾਰੀਖ਼ ਦੇ ਗੁਨਾਹਗਾਰ ਬਣਦੇ ਹਨ।
ਸੱਚਾ ਮਾਰਗ ਚਾਂਦਨੀ ਚੌਕ ਤੋਂ ਦੀ ਲੰਘਦਾ ਹੈ,
ਪਰ ਕਿਸੇ ਕਿਲ੍ਹੇ ਵੱਲ ਨਹੀਂ ਜਾਂਦਾ,
ਉਹ ਮਾਰਗ ਗੁਰੂ ਤੇਗ ਬਹਾਦਰ ਦੇ ਸੀਸ ਤੋਂ ਚਲ ਕੇ
ਮਨੁੱਖੀ ਜ਼ਮੀਰ ਦੇ ਦਰਵਾਜ਼ੇ ਤੱਕ ਜਾਂਦਾ ਹੈ।
ਉੱਥੇ ਨਾ ਕੋਈ ਹਿੰਦੂ ਹੈ, ਨਾ ਮੁਸਲਮਾਨ,
ਨਾ ਕੋਈ ਹਾਕਮ ਹੈ, ਨਾ ਮਹਿਕੂਮ,
ਉੱਥੇ ਸਰਬੱਤ ਦੀ ਆਜ਼ਾਦੀ ਦਾ ਪੈਗ਼ਾਮ ਹੈ।
ਉੱਥੇ ਇੱਕ ਚਾਦਰ ਤਣੀ ਹੋਈ ਹੈ-
ਜਿਸ ਦੀਆਂ ਤੰਦਾਂ ਵਿੱਚ ਦਇਆ ਹੈ,
ਜਿਸ ਦੇ ਰੰਗਾਂ ਵਿੱਚ ਧਾਰਮਿਕ ਆਜ਼ਾਦੀ ਹੈ,
ਜਿਸ ਦੀ ਛਾਂ ਹੇਠ ਸਾਰੀ ਸ੍ਰਿਸ਼ਟੀ ਹੈ।
ਸੱਚ ਤੇ ਇਨਸਾਫ ਦੀ ਚਾਦਰ ਹੇਠ ਆ
ਆਪਣੇ ਤਖ਼ਤ ਦਾ ਹੰਕਾਰ ਉਤਾਰ ਕੇ ਆ,
ਕਾਨੂੰਨਾਂ ਵਿੱਚੋਂ ਨਫ਼ਰਤ ਦੀ ਸਿਆਹੀ ਮਿਟਾ ਕੇ ਆ,
ਮਜ਼ਲੂਮ ਦੇ ਹੰਝੂ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆ।
ਅਤੇ ਜੇ ਤੂੰ ਅੱਜ ਵੀ
ਉਸ ਸ਼ਹਾਦਤ ਦੀ ਰੂਹ ਨੂੰ ਨਹੀਂ ਪਛਾਣਦੀ,
ਤਾਂ ਚਾਂਦਨੀ ਚੌਕ ਦਾ ਸ਼ਹੀਦੀ ਚਾਨਣ
ਤੇਰੇ ਹਨ੍ਹੇਰੇ ਨੂੰ ਕਿਵੇਂ ਮੁਆਫ਼ ਕਰੇਗਾ?
ਹੁਣ ਫ਼ੈਸਲਾ ਤੇਰੇ ਹੱਥ ਵਿੱਚ ਹੈ-
ਤੂੰ ਖੂਨੀ ਤਖ਼ਤ ਦੀ ਦਿੱਲੀ ਬਣ ਕੇ ਰਹਿਣਾ ਹੈ,
ਜਾਂ ਸੀਸ ਗੰਜ ਦੀ ਦਿੱਲੀ ਬਣਨਾ ਹੈ?
ਕਿਉਂਕਿ ਇਤਿਹਾਸ ਵਿੱਚ ਸ਼ਹਿਰ
ਉਨ੍ਹਾਂ ਦੇ ਕਿਲ੍ਹਿਆਂ ਕਰਕੇ ਅਮਰ ਨਹੀਂ ਹੁੰਦੇ,
ਉਹ ਉਨ੍ਹਾਂ ਦੇ ਜ਼ਮੀਰ ਕਰਕੇ ਜਿਊਂਦੇ ਰਹਿੰਦੇ ਹਨ।
ਜਿਸ ਗੁਰੂ ਨੇ ਆਪਣਾ ਸੀਸ ਦੇ ਕੇ
ਦੂਜਿਆਂ ਦੀ ਆਜ਼ਾਦੀ ਬਚਾਈ ਸੀ,
ਉਸ ਦੀ ਕੌਮ ਦੇ ਹੱਕਾਂ ਨੂੰ ਕੁਚਲ ਕੇ
ਕੋਈ ਵੀ ਸੱਤਾ ਆਪਣੀ ਆਜ਼ਾਦੀ ਦੀ ਇਬਾਰਤ
ਨਹੀਂ ਲਿਖ ਸਕਦੀ।
ਅੱਜ ਵੀ ਸੀਸ ਗੰਜ ਦੀ ਮਿੱਟੀ
ਇੱਕੋ ਗੱਲ ਆਖਦੀ ਹੈ-
ਸੀਸ ਦੇਣ ਵਾਲਿਆਂ ਨੂੰ ਯਾਦ ਰੱਖਣਾ
ਸੀਸ ਮੰਗਣ ਵਾਲਿਆਂ ਤੋਂ ਸਾਵਧਾਨ ਰਹਿਣਾ,
ਕਿਉਂਕਿ ਸ਼ਹਾਦਤਾਂ ਇਤਿਹਾਸ ਰਚਦੀਆਂ ਨੇ,
ਪਰ ਜ਼ੁਲਮ ਕਰਨ ਵਾਲੇ
ਆਪਣੇ ਹੀ ਇਤਿਹਾਸ ਦੇ ਦੋਸ਼ੀ ਬਣਦੇ ਨੇ।
– ਡਾ ਗੁਰਵਿੰਦਰ ਸਿੰਘ
604-825-1550

 

RELATED ARTICLES
POPULAR POSTS