ਰਹਿਮ ਕਰੋ ਪਾਪੀਓ, ਧਰਤ ਪੰਜਾਬ ‘ਤੇ।
ਜ਼ਾਲਿਮੋਂ ਕੰਡਿਉ, ਮਹਿਕਦੇ ਗੁਲਾਬ ‘ਤੇ।
ਸੰਤਾਪ ਹੰਢਾਇਆ ਸੀਨੇ ਉੱਤੇ ਵਾਰ ਵਾਰ,
ਕੀਤਾ ਨਾ ਤਰਸ ਇਹਦੇ ਹੁਸਨ ਸ਼ਬਾਬ ‘ਤੇ।
ਦੁੱਖਾਂ ਤੋਂ ਬਿਨਾਂ ਇਦ੍ਹੇ ਪੁੱਤਰਾਂ ਨੇ ਦਿੱਤਾ ਕੀ,
ਲੂਣ ਹੀ ਤਾਂ ਪਾਏ ਨਾਸੂਰ ਬਣੇ ਘਾਵ ‘ਤੇ।
ਸਤਲੁਜ, ਬਿਆਸ, ਰਾਵੀ ਰੋਏ ਮਾਰ ਧਾਹਾਂ,
ਨਾ ਜਾਣੇ ਕੀ ਬੀਤੀ ਜਿਹਲਮ ਚਨਾਬ ‘ਤੇ।
ਕਰ ਕਰ ਵੰਡ ਕਿੰਨਾਂ ਲੰਗੜਾ ਬਣਾ ਦਿੱਤਾ,
ਟੋਟੇ ਹੋ ਕੇ ਰੋ ਰਿਹਾ ਹਾਲਤ ਖਰਾਬ ‘ਤੇ।
ਖੰਭ ਨੋਚ ਕੀਤਾ ਪਿਆ ਲਹੂ ਲੁਹਾਣ ਅੱਜ,
ਲਾਵੇ ਕੌਣ ਮਲਮਾਂ ਜਖ਼ਮੀ ਉਕਾਬ ‘ਤੇ।
ਗਿਰਝਾਂ ਦੇ ਵਾਂਙ ਨੋਚੀ ਗਿਆ ਹਰ ਕੋਈ,
ਆਇਆ ਨਾ ਤਰਸ ਬਚੇ ਤਿੰਨ ਆਬ ‘ਤੇ।
ਸਹਿਕਦੇ ਜਜ਼ਬਾਤ ਮੁੱਠੀ ਤਾਣ ਖੜ੍ਹ ਜਾਣ,
ਚਲਦਾ ‘ਨੀ ਜ਼ੋਰ ਕੋਈ ਉਮੜੇ ਸੈਲਾਬ ‘ਤੇ।
ਉੱਠੋ ਸਾਰੇ ਜਾਗੋ ਭਲਾ ਮੰਗੋ ਇਸਦਾ,
ਨਾਜ਼ ਕਰੇ ਦੁਨੀਆਂ ਤੁਹਾਡੇ ਲਗਾਵ ‘ਤੇ।
ਟਹਿਕੂ ਗੁਲਾਬ ਵਾਂਙ ਜਾਨ ਤੋਂ ਪਿਆਰਾ ਜੋ
ਚੜ੍ਹ ਜਾਣਾ ਰੂਪ, ਪੁੰਨਿਆਂ ਦੇ ਮਹਿਤਾਬ ‘ਤੇ।
ਕਰ ਦਿਓ ਦੰਦ ਖੱਟੇ ਵੈਰੀ ਜੋ ਬਣ ਬੈਠੇ,
ਦੇਖ ਲੈਣ ਲਾਲੀਆਂ, ਚੜ੍ਹਦੇ ਆਫਤਾਬ ‘ਤੇ।
ਸੁਲੱਖਣ ਸਿੰਘ +647-786-6329