Breaking News
Home / ਰੈਗੂਲਰ ਕਾਲਮ / ਹੁਣ ਜਾਨ ਦੀ ਕੋਈ ਕੀਮਤ ਨਹੀਂ!

ਹੁਣ ਜਾਨ ਦੀ ਕੋਈ ਕੀਮਤ ਨਹੀਂ!

ਦੀਪਕ ਸ਼ਰਮਾ ਚਨਾਰਥਲ
ਮੰਗਲਵਾਰ ਨੂੰ ਦੋ ਘਟਨਾਵਾਂ ਅਜਿਹੀਆਂ ਵਾਪਰੀਆਂ ਜਿਹੜੀਆਂ ਅਗਲੇ ਦਿਨ ਬੁੱਧਵਾਰ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ। ਇਕ ਘਟਨਾ ਸੀ ਬਟਾਲਾ ਨੇੜੇ ਡੇਰਾ ਬਾਬਾ ਨਾਨਕ ਦੀ ਜਿੱਥੇ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਵਲੋਂ ਦੋ ਨੌਜਵਾਨਾਂ ਨੂੰ ਗੱਡੀ ਹੇਠ ਦਰੜ ਕੇ ਮਾਰ ਦਿੱਤਾ, ਜਿਹੜੇ ਉਸ ਇਲਾਕੇ ਵਿਚ ਨਜਾਇਜ਼ ਸ਼ਰਾਬ ਵੇਚਣ ਆਏ ਹੋਏ ਸਨ। ਇਸੇ ਤਰ੍ਹਾਂ ਦੂਜੀ ਘਟਨਾ ਸੀ ਅੰਮ੍ਰਿਤਸਰ ਨੇੜੇ ਸੁਲਤਾਨਵਿੰਡ ਦੀ , ਜਿੱਥੇ ਮਾਂ-ਧੀ ਨੂੰ ਜਿਊਂਦਿਆਂ ਸਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਚੈਨ ਖੋਹਣਾ, ਪਰਸ ਖੋਹਣਾ, ਫੋਨ ਖੋਹਣਾ ਅਜਿਹੀਆਂ ਘਟਨਾਵਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਲੈ ਕੇ ਪੰਜਾਬ ਦੇ ਵੱਡੇ ਸ਼ਹਿਰ ਜਲੰਧਰ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ‘ਚੋਂ ਹੁੰਦਿਆਂ ਛੋਟੇ ਸ਼ਹਿਰਾਂ-ਕਸਬਿਆਂ ਤੱਕ ਆਮ ਵਾਪਰਦੀਆਂ ਹਨ ਤੇ ਹਰ ਰੋਜ਼ ਦਰਜਨਾਂ ਤੋਂ ਲੈ ਕੇ ਸੈਂਕੜਿਆਂ ਤੱਕ ਅਜਿਹੀਆਂ ਸ਼ਿਕਾਇਤਾਂ ਥਾਣਿਆਂ-ਚੌਕੀਆਂ ਵਿਚ ਪਹੁੰਚਦੀਆਂ ਹਨ। ਅਜਿਹੇ ਜੁਰਮਾਂ ਦੀ ਤਦਾਦ ਵਧਣ ਕਾਰਨ, ਹਰ ਰੋਜ਼ ਅਖਬਾਰਾਂ ਵਿਚ ਛਪਣ ਕਾਰਨ, ਹੁਣ ਸਾਡੇ ਮਨਾਂ ਨੇ ਇਸ ਨੂੰ ਇਸ ਕਦਰ ਕਬੂਲ ਲਿਆ ਹੈ ਕਿ ਅਸੀਂ ਇਸ ਨੂੰ ਜੁਰਮ ਹੀ ਨਹੀਂ ਮੰਨਦੇ ਤੇ ਫਿਰ ਇਸ ਤੋਂ ਬਾਅਦ ਘਟਨਾਵਾਂ ਵਾਪਰੀਆਂ ਹਨ ਲੁੱਟ-ਖੋਹ ਦੀਆਂ, ਚੋਰੀ-ਡਕੈਤੀ ਦੀਆਂ, ਕਿਸੇ ਦੀ ਗਰਦਨ ‘ਤੇ ਚਾਕੂ ਰੱਖ ਕੇ, ਕਿਸੇ ਦੀ ਕਨਪਟੀ ‘ਤੇ ਦੇਸੀ ਪਿਸਤੌਲ ਕੱਟਾ ਜਾਂ ਕੋਈ ਹੋਰ ਹਥਿਆਰ ਦੇ ਸਹਾਰੇ ਮੋਟਰ ਸਾਈਕਲ ਖੋਹਣੇ, ਗੱਡੀਆਂ ਖੋਹਣੀਆਂ, ਘਰਾਂ ਵਿਚ ਵੜ ਕੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਲੁੱਟ-ਖੋਹ ਕਰਨੀ, ਏਟੀਐਮ ਕਾਰਡ ਬਦਲ ਕੇ ਪੈਸੇ ਕਢਾ ਲੈਣੇ, ਏਟੀਐਮ ਮਸ਼ੀਨ ਹੀ ਪੁੱਟ ਕੇ ਲੈ ਜਾਣੀ, ਫਿਰ ਸੁੰਨੇ ਘਰਾਂ ਵਿਚ ਚੋਰੀਆਂ ਦੀਆਂ ਖਬਰਾਂ ਆਏ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੇ ਮਾਮਲਿਆਂ ਦੀ ਡੀਡੀਆਰ ਵੀ ਦਰਜ ਹੋ ਜਾਂਦੀ ਹੈ, ਐਫਆਈਆਰ ਵੀ ਦਰਜ ਹੋ ਜਾਂਦੀ ਹੈ ਤੇ ਫਿਰ ਜ਼ਿਆਦਾਤਰ ਮਾਮਲੇ ਫਾਈਲਾਂ ਵਿਚ ਹੀ ਦਬ ਜਾਂਦੇ ਹਨ। ਪਰ ਹੁਣ ਇਸ ਤੋਂ ਵੀ ਅਗਾਂਹ ਵਧਦਿਆਂ ਜਿਹੜੀਆਂ ਆਏ ਦਿਨ ਕਤਲ ਦੀਆਂ ਘਟਨਾਵਾਂ, ਜਾਨ ਲੈਣ ਦੀਆਂ ਘਟਨਾਵਾਂ, ਗੱਲ-ਗੱਲ ‘ਤੇ ਬੰਦਾ ਮਾਰ ਦੇਣ ਦੀਆਂ ਖਬਰਾਂ ਚਿੰਤਾ ਵਿਚ ਪਾਉਂਦੀਆਂ ਹਨ ਕਿ ਮਨੁੱਖ, ਮਨੁੱਖ ਦੇ ਹੀ ਖੂਨ ਦਾ ਪਿਆਸਾ ਕਿਉਂ ਹੁੰਦਾ ਜਾ ਰਿਹਾ ਹੈ। ਗੱਡੀ ਹੇਠ ਦਰੜ ਕੇ ਮਾਰਨਾ, ਜਿਊਂਦਿਆਂ ਨੂੰ ਅੱਗ ਲਗਾ ਦੇਣਾ, ਇਹ ਸਭ ਘਟਨਾਵਾਂ ਰੰਜਿਸ਼ ਜਾਂ ਫਿਰ ਗੁੱਸੇ ਵਿਚੋਂ ਜਨਮਦੀਆਂ ਹਨ। ਇਸ ਮਾਨਸਿਕਤਾ ਨੂੰ ਸਮਝ ਕੇ ਉਸ ‘ਤੇ ਗੰਭੀਰਤਾ ਨਾਲ ਪ੍ਰਸ਼ਾਸਨ ਨੂੰ ਤੇ ਸਰਕਾਰਾਂ ਨੂੰ ਹੁਣ ਕੰਮ ਕਰਨ ਦੀ ਲੋੜ ਹੈ ਕਿ ਲੋਕਾਂ ਵਿਚ ਸਹਿਣ ਸ਼ਕਤੀ ਕਿਉਂ ਮੁੱਕਦੀ ਜਾ ਰਹੀ ਹੈ ਤੇ ਕੀਮਤੀ ਅਖਵਾਉਣ ਵਾਲੀਆਂ ਜਾਨਾਂ ਦਾ ਹੁਣ ਕੋਈ ਮੁੱਲ ਵੀ ਕਿਉਂ ਨਹੀਂ ਰਿਹਾ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …