Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਇੰਜ ਕੀਤਾ ਜੱਸੋਵਾਲ ਨੂੰ ਯਾਦ!
ਨਿੰਦਰ ਘੁਗਿਆਣਵੀ
ਪੰਜਾਬੀ ਸਭਿਆਚਾਰ ਦਾ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਸਾਰੀ ਉਮਰ ਲੋਕਾਂ ਦੀ ਯਾਦ ਵਿੱਚ ਮੇਲੇ ਲਾਉਂਦਾ ਰਿਹਾ ਤੇ ਲੇਖਕਾਂ, ਕਲਾਕਾਰਾਂ ਤੇ ਸੰਗੀਤਕਾਰਾਂ ਦੀਆਂ ਬਰਸੀਆਂ ਤੇ ਉਹਨਾਂ ਦੇ ਜਨਮ-ਮਰਨ ਦਿਨ ਮਨਾਉਂਦਾ ਰਿਹਾ। ਉਸਨੇ ਕੈਨੇਡਾ-ਅਮਰੀਕਾ ਤੇ ਵਲੇਤ ਵਿੱਚ ਵੀ ਸਭਿਆਚਾਰਕ ਮੇਲੇ ਲਾਉਣ ਦੀ ਪਰਤ ਪਾਈ। ਸਰੀ ਵਿੱਚ ਹਰੇਕ ਸਾਲ ਲਗਦਾ ਪ੍ਰੋ ਮੋਹਨ ਸਿੰਘ ਮੇਲਾ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ ਰਿਹਾ ਤੇ ਇਵੇਂ ਹੀ ਅਮਰੀਕਾ ਦਾ ਮੇਲਾ। ਅਜ ਬਾਪੂ ਜੱਸੋਵਾਲ ਨੂੰ ਸਾਥੋਂ ਵਿਛੜਿਆਂ ਦੋ ਸਾਲ ਹੋਣ ਲੱਗੇ ਹਨ ਪਰ ਪੰਜਾਬ ‘ਚ ਕਿਸੇ ਨੇ ਉਸਦੀ ਯਾਦ ਵਿੱਚ ਕੋਈ ਸਮਾਗਮ ਨਹੀਂ ਕੀਤਾ ਅਜੇ ਤੱਕ! ਅਸ਼ਕੇ ਜਾਈਏ,ਦਿੱਲੀ ਸਰਕਾਰ ਅਧੀਨ ਆਉਂਦੀ ਪੰਜਾਬੀ ਅਕਾਦਮੀ ਦਿੱਲੀ ਦੇ, ਜਿਸ ਵਲੋਂ ਵੱਲੋਂ 26 ਅਕਤੂਬਰ ਨੂੰ ਪੰਜਾਬੀ ਭਵਨ ਦਿੱਲੀ ਵਿਖੇ  ਸ੍ਰ. ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿਚ ‘ਸ੍ਰ. ਜਗਦੇਵ ਸਿੰਘ ਜੱਸੋਵਾਲ-ਯਾਦਾਂ ਦੇ ਝਰੋਖੇ ‘ਚੋ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।  ਇਹ ਪ੍ਰੋਗਰਾਮ ਇੱਕ ਯਾਦਗਾਰੀ ਬਣ ਕੇ ਰਹਿ ਗਿਆ। ਸਰੋਤੇ ਹੱਸੇ ਵੀ ਤੇ ਭਾਵੁਕ ਵੀ ਹੋਏ ਬੁਲਾਰਿਆਂ ਪਾਸੋਂ ਜੱਸੋਵਾਲ ਦੀਆਂ ਗੱਲਾਂ-ਬਾਤਾਂ ਸੁਣ ਕੇ। ਅਕਾਦਮੀ ਦਾ ਨਵਾਂ ਸਕੱਤਰ ਗੁਰਭੇਜ ਸਿੰਘ ਗੁਰਾਇਆ ਬੜਾ ਸਰਗਰਮ, ਮਿਹਨਤੀ ਤੇ ਹਿੰਮਤੀ ਇਨਸਾਨ ਹੈ। ਜਿਸ ਦੇ ਮਨ ਵਿੱਚ ਇਹ ਗੱਲ ਆਈ ਕਿ ਜੱਸੋਵਾਲ ਜੀ ਨੂੰ ਯਾਦ ਨਾ ਕਰਨਾ ਆਪਣੇ ਵਿਰਸੇ ਤੋਂ ਮੂੰਹ ਮੋੜਨ ਵਾਲੀ ਗੱਲ ਹੈ। ਇੱਕ ਦਿਨ ਉਸਦਾ ਫੋਨ ਆਇਆ ਕਿ ਤੁਸੀਂ ਜੱਸੋਵਾਲ ਜੀ ਦੇ ਕਾਫੀ ਕਰੀਬੀ ਰਹੇ ਹੋ ਤੇ ਉਹਨਾਂ ਬਾਰੇ 4 ਕਿਤਾਬਾਂ ਲਿਖ ਚੁੱਕੇ ਹੋ, ਅਸੀਂ ਚਾਹੁੰਦੇ ਹਾਂ ਕਿ ਅਕਾਦਮੀ ਵਲੋਂ ਕਰਵਾਏ ਜਾ ਰਹੇ ਸਮਾਗਮ ਵਿੱਚ ਤੁਸੀਂ ਸਾਡੇ ਮੁੱਖ ਬੁਲਾਰੇ ਹੋਵੋ। ਜੱਸੋਵਾਲ ਜੀ ਦੇ ਨਾਂ ਉਤੇ ਮੈਂ ਕਿਵੇਂ ਨਾਂਹ ਕਰ ਸਕਦਾ ਸਾਂ ਭਲਾ? ਸੋ, ਮੈਂ ਕੀਤੇ ਵਾਇਦੇ ਮੁਤਾਬਕ ਗੁਰਭੇਜ ਸਿੰਘ ਗੁਰਾਇਆ ਦੇ ਦਫਤਰ ਪੁੱਜ ਗਿਆ। ਦਫਤਰ ਦਾ ਸਾਰਾ ਸਟਾਫ ਇਸ ਉਤਸ਼ਾਹ ਵਿੱਚ ਦੌੜਿਆ ਪ੍ਰਬੰਧ ਕਰਦਾ ਫਿਰਦਾ ਸੀ ਕਿ ਅਜ ਸ੍ਰ ਜਗਦੇਵ ਸਿੰਘ ਜੱਸੋਵਾਲ ਨੂੰ ਯਾਦ ਕੀਤੇ ਜਾਣਾ ਹੈ। ਗੁਰਭੇਜ ‘ਅਫਸਰ’ ਘੱਟ ਤੇ ‘ਵੱਡਾ ਭਾਈ’ ਵੱਧ ਲਗਦਾ ਹੈ, ਉਸਦੀ ਸ਼ਖਸੀਅਤ ਦਾ ਇਹ ਮਿਲਾਪੜਾਪਣ ਕਹਿ ਲਓ। ਪ੍ਰੋਗਰਾਮ ਚਾਹੇ ਆਥਣੇ ਚਾਰ ਵਜੇ ਦਾ ਸੀ ਪਰ ਮੈਂ ਤੇ ਬਾਈ ਗੁਰਭੇਜ 2 ਵਜੇ ਹੀ ਪੰਜਾਬੀ ਭਵਨ ਪੁੱਜ ਗਏ ਤੇ ਪ੍ਰਬੰਧ ਦੇਖਣ ਲੱਗੇ। ( ਇਹ ਪੰਜਾਬੀ ਭਵਨ ਦਿੱਲੀ ਵਿਖੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਤੇ ਕਰਤਾਰ ਸਿੰਘ ਦੁੱਗਲ ਨੇ ਭਾਪਾ ਪ੍ਰੀਤਮ ਸਿੰਘ ਦੇ ਉਦਮ ਸਦਕਾ ਕਾਇਮ ਕੀਤਾ ਸੀ) ਖੈਰ!
ਇਸ  ਸਮਾਗਮ ਦੀ ਪੰਜਾਬੀ ਅਕਾਦਮੀ ਦੇ ਮੀਤ ਪ੍ਰਧਾਨ ਸ੍ਰ. ਜਰਨੈਲ ਸਿੰਘ ਹਲਕਾ ਵਿਧਾਇਕ ਤਿਲਕ ਨਗਰ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ੍ਰ. ਹਰਵਿੰਦਰ ਸਿੰਘ ਫੂਲਕਾ ਨੇ ਪ੍ਰਧਾਨਗੀ ਕੀਤੀ ਅਤੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉਘੇ ਪੰਜਾਬੀ ਗਾਇਕ ਹਰਭਜਨ ਮਾਨ ਅਤੇ ਰਵਿੰਦਰ ਗਰੇਵਾਲ ਸਨ, ਕਿਉਂਕਿ ਇਹ ਦੋਵੇਂ ਵੀ ਜੱਸੋਵਾਲ ਜੀ ਦੇ ਚੇਲੇ ਰਹੇ ਹਨ। ਸਕੱਤਰ ਸ੍ਰੀ ਗੁਰਭੇਜ ਸਿੰਘ ਗੁਰਾਇਆ ਨੇ ਪ੍ਰੋਗਰਾਮ ਦੇ ਆਰੰਭ ਵਿਚ ਸ੍ਰ. ਜਗਦੇਵ ਸਿੰਘ ਜੱਸੋਵਾਲ ਦੁਆਰਾ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਯਤਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ ਪ੍ਰੋ.ਮੋਹਨ ਸਿੰਘ ਅਤੇ ਸ੍ਰ. ਜਗਦੇਵ ਸਿੰਘ ਜੱਸੋਵਾਲ ਇਕ ਦੂਜੇ ਦੇ ਪੂਰਕ ਬਣ ਚੁੱਕੇ ਹਨ। 38 ਸਾਲਾਂ ਤੋ ਪ੍ਰੋ.ਮੋਹਨ ਸਿੰਘ ਮੇਲੇ ਦੀ ਸ਼ੁਰੂਆਤ ਹਰ ਵਰ੍ਹੇ ਸ੍ਰ.ਜਗਦੇਵ ਸਿੰਘ ਜੱਸੋਵਾਲ ਦੇ ਘਰ ਹੀ ਹੁੰਦੀ ਸੀ ਤੇ ਇਸ ਵਾਰ ਵੀ ਹੋਈ। ਅਕਾਦਮੀ ਦੇ ਮੀਤ ਪ੍ਰਧਾਨ ਸ੍ਰ. ਜਰਨੈਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਅਤੇ ਇਕ ਗੀਤ ਦੇ ਕਾਵਿਕ ਬੋਲਾਂ ਨਾਲ ਜੱਸੋਵਾਲ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ।
ਪ੍ਰੋਗਰਾਮ ਦੇ ਵਕਤਿਆਂ ਵਿੱਚ ਸਾਡੇ ਮਾਣਯੋਗ ਲੇਖਕ ਸ੍ਰ ਗੁਰਬਚਨ ਸਿੰਘ ਭੁੱਲਰ ਸਨ। ਮੇਰੇ ਤੋਂ ਪਹਿਲਾਂ ਵਾਰੀ ਆਈ ਸਮਰਾਲੇ ਵਾਲੇ ਬਾਈ ਦਲਜੀਤ ਸਿੰਘ ਸ਼ਾਹੀ ਦੀ, ਉਹਨੇ ਸ੍ਰ. ਜੱਸੋਵਾਲ ਨਾਲ ਬਿਤਾਏ ਪਲਾਂ ਦੀਆਂ ਰੌਚਕ ਯਾਦਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਆਮ ਅਤੇ ਸਾਧਾਰਨ ਵਿਅਕਤੀ ਵਾਂਗ ਸਮਾਜ ਵਿਚ ਵਿਚਰਦੇ ਸਨ। ਜਿਸ ਵੀ ਨੌਜਵਾਨ ਵਿਚ ਉਨ੍ਹਾਂ ਨੂੰ ਕਲਾ ਦਾ ਪੱਖ ਨਜ਼ਰ ਆਉਂਦਾ ਸੀ, ਉਸ ਨੂੰ ਉਭਾਰਨ ਵਿਚ ਉਹ ਆਪਣਾ ਪੂਰਾ ਜ਼ੋਰ ਲਗਾ ਦਿੰਦੇ ਸਨ। ਸ਼ਾਹੀ ਨੇ ਆਪਣੇ ਪਰਿਵਾਰ ਵੱਲੋਂ ਜੱਸੋਵਾਲ ਜੀ ਦੀ ਯਾਦ ਵਿੱਚ ਸਲਾਨਾ ਪੁਰਸਕਾਰ ਦੇਣ ਦਾ ਐਲਾਨ ਵੀ ਇਸੇ ਮੌਕੇ ਉਤੇ ਕੀਤਾ। ਮੇਰੀ ਵਾਰੀ ਸ਼ਾਹੀ ਜੀ ਤੋਂ ਮਗਰੋਂ ਸੀ ਤੇ ਮੈਨ ਜੱਸੋਵਾਲ ਜੀ ਨਾਲ ਬਿਤਾਈਆਂ ਅਭੁੱਲ ਘੜੀਆਂ ਨੂੰ ਸੁਣਾਉਂਦਾ ਇਉਂ ਮਹਿਸੂਸ ਕਰ ਰਿਹਾ ਸਾਂ ਕਿ ਜਿਵੇਂ ਮੁੜ ਜੱਸੋਵਾਲ ਜੀ ਦੀ ਉਂਗਲੀ ਫੜ ਕੇ ਉਹਨਾਂ ਸਮਿਆਂ ਵਿਚੋਂ ਦੀ ਵਿਚਰ ਰਿਹਾ ਹੋਵਾਂ! ਮੈਨੂੰ ਨਹੀਂ ਪਤਾ ਲੱਗਿਆ ਕਿ ਮੇਰਾ ਪੰਜਾਹ ਮਿੰਟ ਦਾ ਭਾਸ਼ਣ ਕਦ ਮੁਕ ਗਿਆ ਸੀ।
ਉੱਘੇ ਵਕੀਲ ਅਤੇ ਮਨੁੱਖੀ ਹੱਕਾਂ ਦੇ ਰਾਖੇ ਸ੍ਰੀ ਹਰਵਿੰਦਰ ਸਿੰਘ ਫੂਲਕਾ ਨੇ ਸ੍ਰ. ਜੱਸੋਵਾਲ ਦੇ ਰਾਜਨੀਤਕ ਪੱਖ ਨੂੰ ਉਘਾੜਦੇ ਹੋਏ ਦੱਸਿਆ ਕਿ ਉਹ ਰਾਜਨੀਤੀ ਵਿੱਚ ਰਹਿੰਦੇ ਹੋਏ ਵੀ ਰਾਜਨੀਤੀ ਦੀਆਂ ਚਾਲਾਂ ਤੋਂ ਬਹੁਤ ਪਰ੍ਹੇ ਸਨ।
ਇਸੇ ਤਰ੍ਹਾਂ ਹਰਭਜਨ ਮਾਨ ਅਤੇ ਰਵਿੰਦਰ ਗਰੇਵਾਲ ਨੇ ਭਾਵੁਕ ਹੁੰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਇਹਨਾਂ ਕਲਾਕਾਰਾਂ ਨੇ ਦਿੱਲੀ ਦੇ ਪੰਜਾਬੀ ਸ੍ਰੋਤਿਆਂ ਨੂੰ ਦੱਸਿਆ ਕਿ ਅੱਜ ਉਹ ਅੰਤਰ-ਰਾਸ਼ਟਰੀ ਪੱਧਰ ਉਤੇ  ਕਿਸੇ ਪਛਾਣ ਦੇ ਲਖਾਇਕ ਹਨ ਤਾਂ ਉਸ ਦਾ ਸਿਹਰਾ ਸ੍ਰ. ਜਗਦੇਵ ਸਿੰਘ ਜੱਸੋਵਾਲ ਨੂੰ ਹੀ ਜਾਂਦਾ ਹੈ। ਉਨ੍ਹਾਂ ਦੀ ਹਮੇਸ਼ਾ ਇਹ ਹਾਰਦਿਕ ਇੱਛਾ ਹੁੰਦੀ ਸੀ ਕਿ ਇਹ ਗਾਇਕ ਉਚੀਆਂ ਬੁਲੰਦੀਆਂ ਨੂੰ ਛੂਹਣ ਅਤੇ ਲੋਕ ਇਨ੍ਹਾਂ ਦੀ ਗਾਇਕੀ ਦਾ ਆਨੰਦ ਮਾਣਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਅੱਜ ਉਹ ਸਾਫ-ਸੁਥਰੀ ਗਾਇਕੀ ਦੇ ਮੁਦੱਈ ਹਨ ਤਾਂ ਉਹ ਜੱਸੋਵਾਲ ਸਾਹਿਬ ਦੀ ਦੇਣ ਹੈ। ਭਾਵੇਂ ਜੱਸੋਵਾਲ ਸਾਹਿਬ ਨੇ ਬਹੁਤ ਸਾਰੇ ਗਾਇਕਾਂ ਅਤੇ ਕਲਾਕਾਰਾ ਨੂੰ ਪਲੇਟਫਾਰਮ ਮੁਹੱਈਆ ਕਰਵਾਇਆ ਪਰ ਬਦਲੇ ਵਿਚ ਉਨ੍ਹਾਂ ਨੇ ਕਦੇ ਵੀ ਕਿਸੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਉਮੀਦ ਨਹੀਂ ਸੀ ਰੱਖੀ। ਗਾਇਕ ਹਰਭਜਨ ਮਾਨ ਨੇ ਇਹ ਵੀ ਕਿਹਾ ਕਿ ਜੱਸੋਵਾਲ ਸਾਹਿਬ ਦਾ ਅੱਜ ਜੇ ਸਮਾਜ ਵਿਚ ਕੋਈ ਰੁਤਬਾ ਜਾਂ ਨਾਮ ਹੈ ਤਾਂ ਉਸ ਵਿਚ ਬਹੁਤ ਵੱਡਾ ਹਿੱਸਾ ਉਨ੍ਹਾਂ ਦੀ ਪਤਨੀ ਬੇਬੇ ਸੁਰਜੀਤ ਕੌਰ ਦਾ ਵੀ ਹੈ, ਜੋ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਉਨ੍ਹਾਂ ਦਾ ਸਾਥ ਦਿੰਦੀ ਰਹੀ।ਇਹ ਬੜਾ ਢੁੱਕਵਾਂ ਮੌਕਾ ਸੀ ਕਿ ਰਵਿੰਦਰ ਗਰੇਵਾਲ ਵੱਲੋ ਸ੍ਰ. ਜਗਦੇਵ ਸਿੰਘ ਜੱਸੋਵਾਲ ਨੂੰ ਸਮਰਪਿਤ ਇਕ ਗੀਤ ”ਮਰ ਕੇ ਕਿਵੇਂ ਜਿਊਣਾ ਬਾਪੂ ਦੱਸ ਗਿਆ ਏ।” ਵੀ ਪ੍ਰਧਾਨਗੀ ਮੰਡਲ ਨੇ ਰਿਲੀਜ਼ ਕੀਤਾ। ਹਾਜ਼ਰ ਸਰੋਤਿਆਂ ਦੀ ਮੰਗ ਉਤੇ ਇਹ ਗੀਤ ਰਵਿੰਦਰ ਗਰੇਵਾਲ ਨੇ ਗਾ ਕੇ ਵੀ ਸੁਣਾਇਆ ਤਾਂ ਮਾਹੌਲ ਜ਼ਜਬਾਤੀ ਜਿਹਾ ਹੋ ਗਿਆ। ਹਰਭਜਨ ਮਾਨ ਨੇ ਆਪਣਾ ਪਹਿਲਾ ਗੀਤ ”ਚਿੱਠੀਏ ਨੀ ਚਿੱਠੀਏ” ਅਤੇ ”ਵੇ ਮੈਂ ਖੜੀ ਦਫਤਰੋਂ ਬਾਹਰ ਮੈਂ ਤੇਰੀ ਮਾਂ ਦੀ ਬੋਲੀ ਆਂ” ਗੀਤ ਗਾ ਕੇ ਮਾਂ ਬੋਲੀ ਦੀ ਹੋ ਰਹੀ ਬੇਕਦਰੀ ਦੀ ਗੱਲ ਕੀਤੀ। ਅੰਤਲੇ ਵਕਤਾ ਸ੍ਰ ਗੁਰਬਚਨ ਸਿੰਘ ਭੁੱਲਰ ਜੀ ਸਨ, ਜਿਨ੍ਹਾਂ ਦੇ ਭਾਸ਼ਣ ਤੋਂ ਹਾਸੇ ਵੀ ਛਣਕੇ ਤੇ ਸਰੋਤੇ ਟਿਕ-ਟਿਕੀ ਲਾਈ ਬੈਠੇ ਵੀ ਦਿਸੇ।
ਇਸ ਪ੍ਰੋਗਰਾਮ ਦੀ ਸਫਲਤਾ ਇਸ ਗੱਲ ਵਿਚ ਸੀ ਕਿ ਜਗਦੇਵ ਸਿੰਘ ਜੱਸੋਵਾਲ ਦੀ ਹਸਤੀ ਬਾਰੇ ਜਾਣਨ ਲਈ ਲੇਖਕਾਂ, ਵਿਦਵਾਨਾਂ ਅਤੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਨੌਜਵਾਨ ਪੀੜ੍ਹੀ ਨੇ ਵੱਡੀ ਗਿਣਤੀ ਵਿਚ ਆਪਣੀ ਦਰਸ਼ਨ ਦਿੱਤੇ। ਇਸ ਸਮਾਗਮ ਵਿੱਚ ਜਗਦੇਵ ਸਿੰਘ ਜੱਸੋਵਾਲ ਦੇ ਭਰਾ ਇੰਦਰਜੀਤ ਸਿੰਘ ਗਰੇਵਾਲ ਤੇ ਪੋਤੇ ਅਮਰਿੰਦਰ ਦਾ ਅਕਾਦਮੀ ਵਲੋਂ ਵਿਸੇਸ਼ ਸਨਮਾਨ ਕੀਤਾ ਗਿਆ। ਜੋ ਵੀ ਹੋਇਆ ਤੇ ਜਿੰਨਾ ਵੀ ਹੋਇਆ, ਚੰਗਾ-ਚੰਗਾ ਹੋਇਆ, ਹੁਣ ਪਤਾ ਲੱਗਿਆ ਹੈ ਕਿ ਇਸ ਵਾਰ 19 ਤੇ 20 ਨਵੰਬਰ ਨੂੰ ਇਸ ਵਾਰ ਦਾ ਪ੍ਰੋ ਮੋਹਨ ਸਿੰਘ ਮੇਲਾ ਸ੍ਰੀ ਪਟਨਾ ਸਾਹਬ ਵਿਖੇ ਜੱਸੋਵਾਲ ਜੀ ਦੇ ਸਾਥੀ ਪ੍ਰਗਟ ਸਿੰਘ ਗਰੇਵਾਲ ਹੁਰੀਂ ਕਰਵਾ ਰਹੇ ਨੇ ਤੇ ਇੱਕ ਦਿਨ ਦਾ ਮੇਲਾ ਇਸ ਵਾਰ 20 ਅਕਤੂਬਰ ਨੂੰ ਲੁਧਿਆਣੇ ਲੱਗ ਹੀ ਚੁੱਕਾ ਹੈ। ਹੋਰ ਕਿਸੇ ਦੇ ਮਨ ਨੂੰ ਤਸੱਲੀ ਹੋਵੇ ਜਾਂ ਨਾ, ਪਰ ਮੇਰੇ ਮਨ ਨੂੰ ਤਸੱਲੀ ਹੋਈ ਕਿ ਘਟੋ ਘਟ ਪੰਜਾਬ ਵਾਲਿਆਂ ਨੇ ਤਾਂ ਨਹੀਂ, ਦਿੱਲੀ ਦੇ ਅਕਾਡਮੀ ਨੇ ਤਾਂ ਬਾਬਾ ਬੋਹੜ ਨੂੰ ਯਾਦ ਕਰ ਲਿਆ! ਜੱਗ ਜਿਊਂਦਿਆਂ ਦੇ ਮੇਲੇ ਨੇ ਏਥੇ ਨਿੰਦਰਾ, ਮੋਇਆਂ ਨੂੰ ਕੌਣ ਪੁੱਛਦਾ!
[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …