ਬਰੈਂਪਟਨ : ਲੰਘੇ ਦਿਨੀਂ ਬਰੈਂਪਟਨ ਵਿੱਚ ਇੱਕ ਕਾਰ ਹਾਦਸੇ ਦੀ ਜਾਂਚ ਕਰਦੇ ਸਮੇਂ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਪੀਲ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ। ਉਸ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਹਾਦਸਾ ਬੋਵੇਅਰਡ ਡਰਾਈਵ ਵੈਸਟ ਦੇ ਦੱਖਣ ਵੱਲ ਚਿੰਗੁਆਕਸੀ ਰੋਡ ਉੱਤੇ ਰਾਤੀਂ 8:15 ਵਜੇ ਦੇ ਨੇੜੇ ਤੇੜੇ ਵਾਪਰਿਆ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਅਧਿਕਾਰੀ ਦੱਖਣ ਵਾਲੀਆਂ ਲੇਨਜ ਵਿੱਚ ਇੱਕ ਵੱਖਰੇ ਹਾਦਸੇ ਦੀ ਜਾਂਚ ਕਰ ਰਿਹਾ ਸੀ ਜਦੋਂ ਕੋਲੋਂ ਲੰਘਦੀ ਇੱਕ ਗੱਡੀ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ। ਪੁਲਿਸ ਅਧਿਕਾਰੀ ਦੇ ਸਿਰ ਵਿੱਚ ਸੱਟ ਲੱਗੀ ਜਦਕਿ ਗੱਡੀ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਅਧਿਕਾਰੀ ਦੇ ਕੁੱਝ ਦਿਨਾਂ ਲਈ ਹਸਪਤਾਲ ਵਿੱਚ ਹੀ ਜੇਰੇ ਇਲਾਜ਼ ਰਹਿਣ ਦੀ ਸੰਭਾਵਨਾ ਹੈ। ਹਾਲ ਦੀ ਘੜੀ ਕਿਸੇ ਉੱਤੇ ਇਸ ਸਬੰਧ ਵਿੱਚ ਕੋਈ ਚਾਰਜਿਜ ਨਹੀਂ ਲਾਏ ਗਏ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।