Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ

ਬੋਲ ਬਾਵਾ ਬੋਲ

ਏਥੇ ਕੌਣ ਕਿਸੇ ਨੂੰ ਪੁੱਛਦੈ ਜੀ!
ਨਿੰਦਰ ਘੁਗਿਆਣਵੀ
ਬਹੁਤ ਵਾਰ ਮੈਂ ਸੋਚਦਾ ਹਾਂ ਕਿ ਜੇਕਰ ਹੁਣ ਤੀਕ ਆਪਣੇ ਖ਼ੂਨ ਦੇ ਰਿਸ਼ਤਿਆਂ ਜਾਂ ਨੇੜਲੇ ਰਿਸ਼ਤੇਦਾਰਾਂ ਦੇ ਸਿਰ ਉਤੇ ਜੀਂਦਾ ਹੁੰਦਾ ਤਾਂ ਹੁਣ ਤੀਕ (ਸ਼ਾਇਦ) ਜ਼ਿੰਦਾ ਨਾ ਰਹਿ ਸਕਦਾ। ਇਹ ਬਿਲਕੁਲ ਸੱਚ ਹੈ! ਇਹ ਲੋਕ ਕੀ ਲਗਦੇ ਨੇ ਮੇਰੇ? ਏਹ ਲੋਕ…ਚਾਹੇ ਲਾਗੇ-ਚਾਗੇ ਦੇ ਹੋਣ ਜਾਂ ਸੱਤ-ਸਮੁੰਦਰੋਂ ਪਾਰ ਦੇ। ਮੈਨੂੰ ਜੋ ਸੁਨੇਹਾ ਤੇ ਸਨੇਹ, ਸਤਿਕਾਰ ਤੇ ਸਨਮਾਨ, ਨਿੱਘ ਤੇ ਨੇੜਤਾ, ਦੂਜਿਆਂ ਤੋਂ ਹਾਸਲ ਹੋਇਆ, ਉਹ ਆਪਣਿਆਂ (ਖੂਨੀ ਰਿਸ਼ਤਿਆਂ ‘ਚੋ) ਲੱਭਿਆ ਨਹੀਂ ਥਿਆਇਆ, ਬੜੀ ਦੇਰ ਟੋਲਦਾ ਰਿਹਾ ਸਾਂ। ਮੈਂ ਇਹ ਕਲਮ ਦਾ ਕ੍ਰਿਸ਼ਮਾ ਹੀ ਮੰਨਦਾ ਹਾਂ ਕਿ ਮੈਨੂੰ ਚਾਹੁੰਣ ਵਾਲੇ, ਪਿਆਰਨ-ਸਤਿਕਾਰਨ ( ਗ਼ਲਤ ਗੱਲ ਉਤੇ ਘੂਰਨ ਵਾਲੇ ਵੀ), ਅੱਜ ਮੇਰੇ ਅੰਗ-ਸੰਗ ਹਨ। ਇਹਨਾਂ ਲੋਕਾਂ ਮੇਰੀ ਕਲਮ ਨੂੰ ਚੁੰਮਿਆਂ। ਮੱਥੇ ਨਾਲ ਛੁਹਾਇਆ, ਭਾਵੇਂ ਕਿ ਮੇਰੀ ਕਲਮ ਦੀ ਨੋਕ ਖੁੰਢੀ ਸੀ ਤੇ ਇਸਦੇ ਬਾਵਜੂਦ ਵੀ…!
ਸਾਲ 2012 ਦੀ ਗੱਲ ਹੈ, ਚਾਰ ਕੁ ਸਾਲ ਪਹਿਲਾਂ ਦਾ ਤਾਜ਼ਾ ਤਜੱਰਬਾ! ਪਾਪਾ ਚਲੇ ਗਏ। ਲੋਕਾਂ ਦਾ ਜੁ ਪਿਆਰ, ਇਸ ਔਖ ਦੀ ਘੜੀ ਹਾਸਲ ਹੋਇਆ, ਉਸ ਨਾਲ ਮੇਰਾ ਹੌਸਲਾ ਵਧਿਆ। ਦੁੱਖ ਘਟਿਆ। ਲੋਕਾਈ ਨੂੰ ਪਿਆਰ ਕਰਨ ਤੇ ਸੇਵਾ ਲਈ ਖੜ੍ਹਨ ਜਿਹਾ ਅਹਿਸਾਸ ਹੋਰ ਸ਼ਿੱਦਤ ਨਾਲ ਹੋਣ ਲੱਗਿਆ। ਕਿਸੇ ਦਾ ਦੁੱਖ ‘ਆਪਣਾ ਦੁੱਖ’ ਜਾਪਣ ਜਿਹਾ ਅਹਿਸਾਸ ਅੱਗੇ ਨਾਲੋਂ ਤਿੱਖਾ ਹੋਇਆ! ਰਿਸ਼ਤੇਦਾਰ ਆਉਂਦੇ ਸਨ, ਫ਼ਰਜ਼ ਪੂਰਦੇ ਸਨ, ਮੋਢਾ ਪਲੂਸਦੇ ਤੇ ਦੋ ਕੁ ਬੋਲ ਬੋਲਦੇ ਸੀ, ”ਰੱਬ ਦਾ ਭਾਣਾ ਤਾਂ ਮੰਨਣਾ ਈ ਪੈਂਦਾ ਐ ਭਾਈ ਮੁੰਡਿਆ…।” (ਸਦੀਆਂ ਤੋਂ ਰਟੇ-ਰਟਾਏ ਇਹੋ ਬੋਲ ਦੁਨੀਆ ਬੋਲਦੀ ਆਈ ਹੈ…ਬੋਲਦੀ ਜਾਏਗੀ…) ਫਿਰ ਜਾਣ ਲਈ ਘੜੀ ਦੇਖਦੇ ਤੇ ਤੁਰ ਜਾਂਦੇ। ਮੈਂ ਸੋਚਦਾ ਹੁੰਦਾ ਕਿ ਕੋਈ ਨਾ ਕੋਈ ਤਾਂ ਅਜਿਹਾ ਰਿਸ਼ਤੇਦਾਰ ਹੋਏਗਾ, ਜੁ ਕਹੇਗਾ…ਅਸੀਂ ਤੇਰੇ ਨਾਲ ਆਂ। ਹਾਂ, ਕੁਝ ਦੋਸਤ ਤੇ ਹੋਰ ਮਿਹਰਬਾਨ ਸੱਜਣ ਸਨ, ਜੁ ਕਦੇ ਵੀ ਭੁੱਲਣ ਵਾਲੇ ਨਹੀਂ, ਜੁ ਹੌਸਲਾ ਦਿੰਦੇ ਰਹੇ ਤੇ ਨਾਲ ਵੀ ਖਲੋਂਦੇ ਰਹੇ, ਨਾ ਉਹ ਪਾਪਾ ਨੂੰ ਜਾਣੋਂ ਰੋਕ ਸਕਦੇ ਸਨ ਤੇ ਨਾ ਮੈਂ। ਸਾਨੂੰ ਸਭ ਨੂੰ ਪਤਾ ਸੀ ਕਿ ਪਾਪਾ ਜਾ ਰਹੇ ਹਨ ਪਰ ਫਿਰ ਵੀ ਦਿਲ ਮੰਨਣ ਨੂੰ ਤਿਆਰ ਨਹੀਂ ਸੀ ਤੇ ਲਗਦਾ ਕਿ ਉਹ ਠੀਕ ਹੋ ਜਾਣਗੇ। ਚਲੋ…ਅੱਗੇ ਵਾਂਗ ਚਾਹੇ ਨਾ ਸਹੀ, ਘੱਟੋ-ਘੱਟ ਮੰਜੇ ਉਤੇ ਬਹਿਣ ਜੋਗੇ ਹੀ ਹੋਣ ਜਾਣ। (ਘਰ ਵਿੱਚ ਮੰਜੇ ਉਤੇ ਬੈਠੇ ਜੀਅ ਦਾ ਕਿੰਨਾ ਆਸਰਾ ਹੁੰਦੈ ਤੇ ਇਸਦਾ ਪ੍ਰਛਾਵਾਂ ਤੇ ਛਾਂ ਕਿੰਨੀ ਸੰਘਣੀ ਹੁੰਦੀ ਹੈ, ਇਸਦਾ ਪਤਾ ਬਾਅਦ ਵਿੱਚ ਹੀ ਚਲਦਾ ਹੈ, ਪਹਿਲਾਂ ਅਸੀਂ ਗੌਲਦੇ ਨਹੀਂ) ਮੈਨੂੰ ਇਸ ਵੇਲੇ ਪੈਸੇ-ਟਕੇ ਦੀ ਭਾਵੇ ਨਹੀਂ ਲੋੜ ਸੀ ਪਰ ਸਕੂਨ ਭਰੇ ਸ਼ਬਦਾਂ ਦੀ ਲੋੜ ਸੀ…ਕੁਝ ਬੋਲ ਅਜਿਹੇ ਚਾਹੀਦੇ ਸਨ ਜੁ ਮਨ ਨੂੰ ਠੰਢਕ ਦਿੰਦੇ! ਕਿਸੇ ਖੂਨ ਦੇ ਰਿਸ਼ਤੇ ਵਾਲੇ ਪਾਸਿਓਂ ਅਜਿਹਾ ਠੰਢੀ ਵਾਅ ਦਾ ਬੁੱਲਾ ਉਡੀਕਣ ਦੇ ਬਾਵਜੂਦ ਵੀ ਨਾ ਆਇਆ।
ਗਰਮੀ ਬਹੁਤ ਸੀ। ਝੋਨਾ ਲਾਉਣ ਦੇ ਦਿਨ ਸਨ। ਬਿਜਲੀ ਤੇ ਪਾਣੀ ਦੀ ਡਾਹਢੀ ਤੋਟ ਸੀ। ਪਾਪਾ ਦੀ ਆਤਮਿਕ ਸ਼ਾਂਤੀ ਸ੍ਰੀ ਅਖੰਡ ਪਾਠ ਸਹਿਬ ਘਰ ਰੱਖਵਾ ਲਿਆ। ਸਾਰਾ ਪਿੰਡ ਪਾਰਟੀ ਬਾਜ਼ੀ ਭੁੱਲ ਕੇ ਪਿੰਡ ਦੀਆਂ ਗਲੀਆਂ-ਨਾਲੀਆਂ ਤੇ ਰਸਤੇ ਸਾਫ਼ ਕਰਨ ਲੱਗਿਆ।  ਮੈਨੂੰ ਬਿਨਾਂ ਪੁੱਛੇ ਸਾਰੇ ਲੋਕ ਆਪਣੇ ਆਪ ਆਪਣੀ-ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਕੰਮ ਨਿਪਟਾਈ ਜਾ ਰਹੇ ਸਨ। ਸਵੇਰੇ-ਸਵੇਰੇ ਘਰ ਭੋਗ  ਪਾ ਕੇ ਫਿਰ ਪਿੰਡ ਦੇ ਨਵੇਂ ਬਣ ਰਹੇ ਗੁਰੂ ਘਰ ਵਿੱਚ ਚਲੇ ਗਏ ਸਾਂ। ਮਨ ਬੜਾ ਤੜਪਿਆ ਜਦ ਮੈਂ ਦੇਖਿਆ ਕਿ ਮੇਰੇ ਦੋ ਕਜ਼ਨ (ਆਪਸ ਵਿੱਚ ਸੱਕੇ ਭਰਾ, ਮੇਰੇ ਖ਼ੂਨ ਦੇ ਰਿਸ਼ਤੇ ‘ਚੋਂ) ਚਿੱਟੇ ਕੁਰਤੇ-ਪਜ਼ਾਮੇ ਪਾਈ ਗੁਰੂ ਘਰ ਦੇ ਗੇਟ ਅੱਗੇ ਖਲੋਤੇ ਆਪਸ ਵਿੱਚ ਮੁਸਕਰਾ ਰਹੇ ਸਨ। ਉਹਨਾਂ ਦੋਵਾਂ ਦੇ ਡੱਬ ਵਿੱਚ ਟੰਗੇ ਰਿਵਾਲਵਰ ਵੀ ਮੈਨੂੰ ਮੁਸਕ੍ਰਾਉਂਦੇ ਹੀ ਜਾਪੇ ਸਨ। ਮੈਂ ਕੋਲ ਦੀ ਲੰਘ ਗਿਆ। ਜਦ ਪਿੱਛਾ ਭਉਂ ਕੇ ਦੇਖਿਆ ਤਾਂ ਉਹ ਆਪਸ ਵਿੱਚ ਹੱਸਣ ਲੱਗੇ। ਇਸਤੋਂ ਚੰਗਾ ਸੀ ਕਿ ਨਾ ਹੀ ਆਉਂਦੇ। ਉਹ ਮੇਰਾ ਦੁੱਖ ਵੰਡਾਉਣ ਨਹੀਂ ਸਗੋਂ ਮੈਨੂੰ ਜਾਲਣ ਆਏ ਸਨ। ਭੋਗ ਤੋਂ ਦੋ ਦਿਨ ਪਹਿਲਾਂ ਮੈਨੂੰ ਇੱਕ ਰਿਸ਼ਤੇਦਾਰ ਬਹੁਤ ‘ਨੇਕ’ ਸਲਾਹਾਂ ਦਿੰਦਾ ਰਿਹਾ, ਫਲਾਣੀ ਸਬਜ਼ੀ ਤੇ ਫਲਾਣੀ ਦਾਲ ਬਣਵਾਵੀਂ ਤੇ ਢਮਕਾਣਾ ਸਲਾਦ ਚੰਗਾ ਰਹੂ। ਮੈਂ ਆਖਿਆ ਕਿ ਆਹ ਚੱਕ ਪੈਸੇ ਤੇ ਸਾਰਾ ਕੰਮ ਆਪੇ ਅੱਗੇ ਲੱਗ ਕੇ ਕਰ। ਖਹਿੜਾ ਛਡਾਉਂਦਾ ਬੋਲਿਆ, ” ਮੈਂ ਤਾਂ ਭੋਗ ਵਾਲੇ ਦਿਨ  ਹੀ ਆਵਾਂਗਾ ਯਾਰ..ਮੇਰੇ ਮੁੰਡੇ ਦਾ ਪੇਪਰ ਆ..ਓਹਦੀ ਤਿਆਰੀ ਕਰਵਾ ਰਿਹਾ ਵਾਂ।” ਅਜਿਹੇ ਮੁਫ਼ਤ ਦੇ ‘ਸਲਾਹਕਾਰ ਸੱਜਣ’ ਬੜੇ ਆਏ ਤੇ ਸਲਾਹਾਂ ਦੇ ਕੇ ਤੁਰ ਜਾਂਦੇ ਰਹੇ।
(ਬਹੁਤ ਸਾਰੇ ਲੋਕ ਅਕਸਰ ਹੀ ਕਹਿੰਦੇ ਨੇ ਕਿ ਤੂੰ ਪਿੰਡ ਵਿੱਚ ਕਿਉਂ ਰਹਿੰਨੈ? ਸ਼ਹਿਰ ਰਿਹਾਇਸ਼ ਕਿਉਂ ਨਹੀਂ ਕਰਦਾ? ਪਰ ਸੱਚੀ ਗੱਲ ਹੈ ਕਿ ਅਜਿਹੇ ਲੋਕਾਂ ਨੂੰ ਪਿੰਡ ਵਿੱਚ ਰਹਿਣ ਦੀ ਮਹੱਤਤਾ ਦਾ ਇਲਮ ਨਹੀਂ ਹੈ। ਮੈਨੂੰ ਵੀ ਉਸ ਦਿਨ ਹੀ ਪਤਾ ਲੱਗਿਆ ਸੀ ਪਿੰਡ ਵਿੱਚ ਰਹਿਣ ਦੀ ਮਹੱਤਤਾ ਦਾ। ਜੇਕਰ ਮੈਂ ਕਿਸੇ ਸ਼ਹਿਰ ਵਿੱਚ ਕਿਰਾਏ ਦੇ ਕਮਰੇ ਵਿੱਚ ਬੈਠਾ ਹੁੰਦਾ ਤਾਂ ਪਿੰਡ ਦੇ ਲੋਕ ਇੰਝ ਨਾ ਬਹੁੜਦੇ। ਸਾਡੇ ਇੱਕ ਛੋਟੇ ਜਿਹੇ ਗੁੰਮਨਾਮ ਪਿੰਡ ਵਿੱਚ ਪਾਪਾ ਨੂੰ ਸ਼ਰਧਾਜਲੀ ਦੇਣ ਲਈ ਚਾਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ, ਐਸ ਐਸ ਪੀ, ਡੀ ਆਈ ਜੀ, ਕਮਿਸ਼ਨਰ, ਜੱਜ, ਮੈਬਰ ਰਾਜ ਸਭਾ,ਵਿਧਾਨ ਸਭਾ, ਸਾਹਿਤਕਾਰ, ਕਲਾਕਾਰ ਤੇ ਹੋਰ ਵੱਡੇ ਲੋਕ ਚੱਲ ਕੇ ਨਾ ਆਉਂਦੇ। ਮੇਰੀ ਨਿੱਕੀ ਜਿਹੀ ਹੋਂਦ ਵੱਡਾ ਸ਼ਹਿਰ ਖਾ ਜਾਂਦਾ। ਅਜਿਹਾ ਇਕੱਠ ਤੇ ਮਾਣਯੋਗ ਲੋਕਾਂ ਦਾ ਆਉਣਾ, ਸਾਡੇ ਪਿੰਡ ਪਹਿਲੀ ਵਾਰੀ ਹੋਇਆ ਸੀ)।
ੲੲੲ
ਮੈਂ ਬਚਪਨ ਤੋਂ ਦੇਖਦਾ ਆਇਆ ਸੀ ਕਿ ਮੇਰੀ ਮਾਂ ਹੁਣ ਤੀਕ ਗਲੀ-ਗੁਆਂਢ ਤੋਂ ਲੈ ਕੇ  ਦੂਰ-ਨੇੜਲੇ ਰਿਸ਼ਤੇਦਾਰਾਂ, ਨਾਨਕੇ-ਦਾਦਕੇ ਆਦਿ ਸਭ ਦੇ ਦੁੱਖ ਕਟਾਉਂਦੀ ਆਈ ਸੀ। ਹੁਣ ਸਾਡੀ ਵਾਰੀ ਆਈ ਸੀ। ਪਤਾ ਹੁਣ ਲੱਗਣਾ ਸੀ। ਅਸੀਂ ਦੋਵੇਂ ਭਰਾ ਪਾਪਾ ਨੂੰ ਹਸਪਤਾਲੀਂ ਚੁੱਕੀ ਫਿਰਦੇ ਸਾਂ। ਕਦੇ-ਕਦੇ, ਕੋਈ-ਕੋਈ ਇੱਕ ਅੱਧ ਰਿਸ਼ਤੇਦਾਰ ਕੁਝ ਮਿੰਟਾਂ ਲਈ ਬਹੁੜਦਾ। ਕੁਰਸੀ ‘ਤੇ ਬੈਠਣ ਸਾਰ ਆਪਣਾ ਹਾਲ-ਹਵਾਲ ਦੱਸਣ ਲਗਦਾ ਜਾਂ ਆਪਣੇ ਕਿਸੇ ਹੋਰ ਰਿਸ਼ਤੇਦਾਰ ਦੀ ਬੀਮਾਰੀ ਦੇ ਦਿਨਾਂ ਦੀ ਗਾਥਾ ਦੇ ਮੁੱਢ ਤੋਂ ਸ਼ੁਰੂ ਕੇ ਉਹਦੇ ਮਰਨ ਤੀਕ ਦਾ ਸਾਰਾ ਬਿਰਤਾਂਤ ਸੁਣਾਉਣ ਲਗਦਾ। ਜਦ ਕੋਈ ਗੱਲ ਕਰਨ ਵਾਲੀ ਨਾ ਰਹਿੰਦੀ ਤਾਂ ਸਾਨੂੰ ਦੋਵਾਂ ਭਰਾਵਾਂ ਨੂੰ ਆਪਣੀਆਂ ਨੇਕ ਸਲਾਹਾਂ ਦੇਣ ਲਗਦਾ ਤੇ ਨਾਲ ਦੀ ਨਾਲ ਦੱਸ ਵੀ ਪਾ ਜਾਂਦਾ ਕਿ ਫਲਾਣੀ ਥਾਵੇਂ ਫਲਾਣਾ ਵੈਦ ਆਹਲਾ ਕਿਸਮ ਦੀ ਦੇਸੀ ਦਵਾਈ ਦਿੰਦੈ… ਜੇ ਨਾ ਅਰਾਮ ਆਵੇ ਮੇਰਾ ਭਾਵੇਂ ਸਿਰ ਵੱਢ ਦਿਓ। ਸੱਚ ਕਿ ਅਸੀਂ ਅੱਕੇ ਪਏ ਸਾਂ ਅਜਿਹੇ ਰਿਸ਼ਤੇਦਾਰਾਂ ਦੀਆਂ ਵੰਨ-ਸੁਵੰਨੀਆਂ ਸੁਣ-ਸੁਣ ਕੇ! ਮੇਰੀ ਮਾਨਸਿਕ ਅਵਸਥਾ ਥਿੜਕੀ ਤੇ ਤਿੜਕੀ ਪਈ ਸੀ, (ਜਦੋਂ ਕਿ ਪਹਿਲਾਂ ਵੀ ਕਈ ਸਾਲ ਡਾਵਾਂ ਡੋਲ ਜਿਹਾ ਰਿਹਾ ਸਾਂ) ਤੇ ਹੁਣ ਵੱਖਰੀ ਤਰਾਂ ਦਾ ਦੁੱਖ ਸੀ। ਖਿਝ ਵੀ ਵਧਣ ਲੱਗੀ ਸੀ। ਕੁਝ ਚੰਗਾ ਨਾ ਲਗਦਾ। ਭੁੱਖ ਵੀ ਨਾ ਲਗਦੀ। ਨੀਂਦ ਵੀ ਨਾ ਲਾਗੇ ਆਉਂਦੀ, ਪਾਪਾ ਨੂੰ ਸਾਂਭਣ ਦੀ ਬਿਜਾਏ ਮੈਂ ਖੁਦ ਮਰੀਜ਼ ਬਣ ਰਿਹਾ ਸਾਂ।
ਮਾਂ ਅੱਡ ਝੂਰਦੀ ਤੇ ਆਖਦੀ, ”ਮੈਂ ਸਭ ਦੇ ਦੁੱਖ ਨੂੰ ਹਮੇਸ਼ਾ ਆਬਦਾ ਜਾਣ ਕੇ ਕਟਦੀ ਰਹੀ…ਹੁਣ ਪਤਾ ਲੱਗਿਆ ਕਿ ਦੁਨੀਆ ਮਤਲਬ ਦੀ ਆ…ਨਾ ਕਦੇ ਮੈਂ ਕਿਸੇ ਦਾ ਮਾੜਾ ਕੀਤਾ ਸੀ ਨਾ ਤੇਰੇ ਪਿਓ ਨੇ…ਪਤਾ ਨੀ੍ਹ ਰੱਬ ਨੇ ਚੰਦਰਾ ਦੁੱਖ ਕਿੱਥੋਂ ਲਾਤਾ।” ਅਸੀਂ ਹਸਪਤਾਲੀਂ ਫਿਰਦੇ। ਮਾਂ ਪਸੂ-ਡੰਗਰ ਤੇ ਘਰ ਸਾਂਭਦੀ। ਰੋਟੀ ਬਣਾ ਕੇ ਹਸਪਤਾਲ ਭੇਜਦੀ। ਜੇ ਕਦੇ ਕੋਈ ਰਿਸ਼ਤੇਦਾਰ, ਇੱਕ ਅੱਧੀ ਰਾਤ ਹਸਪਤਾਲ ਵਿੱਚ ਕਟਾ ਜਾਂਦਾ ਤਾਂ ਜਾਂਦਾ-ਜਾਂਦਾ ਮੈਨੂੰ ਪਾਸੇ ਲਿਜਾ ਕੇ ਆਖ ਜਾਂਦਾ, ”ਮੇਰਾ ਮੁੰਡਾ ਘਰੇ ਵਿਹਲਾ ਫਿਰਦੈ…ਕਿਸੇ ਅਫ਼ਸਰ ਨੂੰ ਕਹਿ ਕੇ ਕਿਤੇ ਲੁਵਾ ਦੇਵੇਂ ਤਾਂ ਤੇਰਾ ਸਾਰੀ ਉਮਰ ਪਾਣੀ ਭਰੂੰ…।” ਮੈਨੂੰ ਸਮਝ ਨਾ ਆਉਂਦੀ ਕਿ ਹੋਰ ਮੇਰਾ ਪਾਣੀ ਇਹਨਾਂ ਨੇ ਕਿੱਥੇ ਭਰਨਾ ਹੈ? ਹੁਣ ਹੀ ਤਾਂ ਵੇਲਾ ਹੈ, ਸਭ ਟਲਦੇ ਹਨ ਤੇ ਗੱਲਾਂ ਮਾਰਦੇ ਹਨ।
ਪਾਪਾ ਦੇ ਤੁਰ ਜਾਣ ਦੇ ਬਾਅਦ ਹੋਰ ਤਰਾਂ ਦੇ ਦਿਨ ਸ਼ੁਰੂ ਹੋਏ! ਸਸਕਾਰ ਵਾਲੇ ਦਿਨ ਵਾਲੀ ਰਾਤ ਰਿਸ਼ਤੇਦਾਰੀ ਵਿੱਚੋਂ ਲਗਦੀਆਂ ਤਿੰਨ-ਚਾਰ ਔਰਤਾਂ ਨੇ ਰਾਤ ਕਟਾਈ। ਰਾਤ ਅਜਿਹੀ ਕਟਾਈ ਕਿ ਜਿਹੜੀ ਅਭੁੱਲ ਹੈ। ਉਹ ਮਾਂ ਨੂੰ ਕੋਈ ਹੌਸਲੇ ਜਾਂ ਢਾਰਸ ਵਾਲੀ ਗੱਲ ਆਖਣ ਦੀ ਬਿਜਾਏ ਡਿੱਗੀ ਗੱਲ ਕਰਦੀਆਂ, ”ਨੀਂ ਭੈਣੇ, ਕੋਈ ਵੇਲਾ ਥੋੜ੍ਹੋ ਸੀ ਜਾਣ ਦਾ? ਹੁਣ ਤਾਂ ਸੁੱਖ ਦੇਖਣ ਦੇ ਦਿਨ ਆਏ ਸੀ…ਨਿੱਕੇ-ਨਿੱਕੇ ਨਿਆਣੇ ਝੂਰਦੇ ਰਹਿਣਗੇ…ਹਾਏ ਹਾਏ ਨੀ…ਹੋਰ ਬੈਠਾ ਰਹਿੰਦਾ ਤਾਂ ਕੀ ਘਸਦਾ ਸੀ ਰੱਬ ਟੁੱਟੜੇ ਦਾ?” ਮਾਂ ਰੋਣ ਲਗਦੀ। ਭੈਣ ਤਾਂ ਪਹਿਲਾਂ ਹੀ ਚੁੱਪ ਕਰਨ ਦਾ ਨਾਂ ਨਹੀਂ ਸੀ ਲੈਂਦੀ।
ਦਿਨ ਪਏ ਤਾਂ ਅਸੀਂ ਇਕੱਲੇ ਰਹਿ ਗਏ। ਜਿਵੇਂ-ਜਿਵੇਂ ਦਿਨ ਬੀਤਣ ਲੱਗੇ ਤਾਂ ਘਰ ਖਾਲੀ-ਖਾਲੀ ਜਿਹਾ ਲੱਗਣ ਲੱਗਿਆ। ਘਰ ਦੇ ਸਾਰੇ ਜੀਅ ਚੁੱਪ-ਚਾਪ ਜਿਹੇ ਘੁਟੇ-ਘੁਟੇ ਫਿਰਦੇ। ਕੋਈ ਕਿਸੇ ਨਾ ਗੱਲ ਨਾ ਕਰਦਾ, ਜੇ ਕਰਦਾ ਤਾਂ ਬੜੀ ਸੰਖੇਪ ਜਿਹੀ। ਜਦ ਮੈਂ ਸਵੇਰੇ ਜਾਗਦਾ ਸੀ ਤਾਂ  ਆਪਣੇ ਚੁਬਾਰੇ ਮੂਹਰਲੇ ਵਿਹੜੇ ਉਤੋਂ ਖਲੋ ਕੇ ਘਰ ਦੇ ਵਿਹੜੇ ਵਿੱਚ ਨਿਗ੍ਹਾ ਮਾਰਦਾ ਸੀ। ਬੜਾ ਸੁਖਦ ਜਿਹਾ ਅਹਿਸਾਸ ਹੁੰਦਾ ਸੀ ਜਦ  ਵਿਹੜੇ ਵਿੱਚ ਡੱਠੇ ਮੰਜਿਆਂ ਉਤੇ ਬੈਠੇ ਮਾਂ ਤੇ ਪਾਪਾ ਬਾਟੀਆਂ ਵਿੱਚ ਚਾਹ ਪੀ ਰਹੇ ਹੁੰਦੇ ਤੇ ਕਬੀਲਦਾਰੀ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਹੁੰਦੇ। ਉਹਨਾਂ ਨੂੰ ਦੇਖਣ ਬਾਅਦ ਮੈਂ ਉਪਰੇ ਪਈ ਆਪਣੀ ਕੇਤਲੀ ਵਿੱਚੋਂ  ਚਾਹ ਪੀਂਦਾ। ਇੱਕ ਦਿਨ ਦੀ ਸਵੇਰ ਜਦ ਮੈਂ ਦੇਖਿਆ ਤਾਂ ਮਾਂ ਮੰਜੇ ਉਤੇ ਬੈਠੀ ਸੀ, ਚਾਹ ਦੀ ਬਾਟੀ ਉਹਦੇ ਸਾਹਮਣੇ ਪਈ ਸੀ। ਚਾਹ ਉਹਦੇ ਲੰਘ ਨਹੀਂ ਸੀ ਰਹੀ। ਉਹ ਸਾਹਮਣੇ ਕੰਧ ਵੱਲ ਟਿਕਟਿਕੀ ਲਾਈ ਕੁਝ ਸੋਚੀ ਜਾਂਦੀ ਸੀ। ਇਹ ਦੇਖ ਮੇਰਾ ਦਿਲ ਡੁੱਬਣ ਲੱਗਿਆ। ਮੈਂ ਹੇਠਾਂ ਮਾਂ ਕੋਲ ਚਲਿਆ ਗਿਆ ਤੇ ਰੋਂਦੀ ਨੂੰ ਚਾਹ ਪਿਲਾਉਣ ਲੱਗਿਆ। ਸਾਡੇ ਘਰ ਦੇ ਸਾਰੇ ਜੀਅ ਆਥਣੇ ਵਿਹੜੇ ਵਿੱਚ ਡਾਹੇ ਮੰਜਿਆਂ ਉਤੇ ਇਕੱਠੇ ਬਹਿ ਕੇ ਰੋਟੀ ਖਾਂਦੇ। ਪਾਪਾ ਵਿਚਾਲੜੇ ਮੰਜੇ ਉਤੇ ਬੈਠਾ ਸਲਾਦ ਚੀਰਦਾ ਹੁੰਦਾ ਤੇ ਲਾਗੇ ਤਪੇ ਤੰਦੂਰ ਉਤੋਂ ਗਰਮ-ਗਰਮ ਰੋਟੀ ਲਾਹੁੰਦੀ ਮਾਂ ਹਰ ਇੱਕ ਦੀ ਥਾਲੀ ਵਿੱਚ ਧਰਦੀ ਜਾਂਦੀ। ਹੁਣ ਵਿਚਾਲੜਾ ਮੰਜਾ ਖਾਲੀ ਹੁੰਦੈ…ਰੋਟੀ ਖਾਣ ਤੋਂ ਪਹਿਲਾਂ ਸਭ ਦੇ ਮਨ ਭਰ ਆਉਂਦੇ ਨੇ! ਇੱਕ ਦਿਨ ਮੈਨੂੰ ਲੱਗਿਆ ਕਿ ਪਾਪਾ ਹੁਣੇ ਬਾਹਰੋਂ ਆਵੇਗਾ ਤੇ ਮੰਜੇ ਬੈਠ ਜਾਵੇਗਾ। ਪਰ ਇਹ ਭੁਲੇਖਾ ਸੀ।
ਸੋਚੀਦਾ ਹੈ ਕਿ ਧੰਨ ਨੇ ਉਹ ਲੋਕ, ਜਿੰਨ੍ਹਾਂ ਦੇ ਘਰਾਂ ਦੇ ਘਰ ਰੁੜ੍ਹ ਗਏ! ਜੀਆਂ ਦੇ ਜੀਅ ਤੁਰ ਗਏ! ਪਿੱਛੇ ਜਿਹੇ ਮੋਗੇ ਕੋਲ ਹੋਏ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਮਾਰੇ ਗਏ ਗਿਆਰਾਂ ਤੇ ਨਾਲ ਦੇ ਪਿੰਡ ਦੇ ਇੱਕੋ ਘਰ ਦੇ ਅੱਠ ਜੀਆਂ ਦੇ ਪਿੱਛੇ ਰਹਿ ਗਿਆ ਵੀ ਕੋਈ ਜੀਂਦਾ ਹੋਵੇਗਾ? ਅਜਿਹਾ ਸੋਚ ਕੇ ਹੀ ਆਪਣਾ ਦੁੱਖ ਘਟਾਉਣ ਦਾ ਯਤਨ ਕਰਦਾ ਤੇ ਘਰ ਦੇ ਹੋਰਨਾਂ ਜੀਆਂ ਕੋਲ ਵੀ ਅਜਿਹਾ ਭਾਵ ਪ੍ਰਗਟਾਉਂਦਾ। ਸੋ, ਗੱਲ ਨੂੰ ਲਮਕਾਵਾਂ ਨਾ। ਇਸ ਗੱਲ ਦਾ ਅਹਿਸਾਸ ਵੀ ਓਦਣ ਹੀ ਹੋਇਆ ਕਿ ਮਨੁੱਖ ਅਤੇ ਪਸ਼ੂ ਦਾ ਰਿਸ਼ਤਾ ਕੀ ਹੁੰਦਾ? ਪਾਪਾ ਨੇ ਦੇਰ ਪਹਿਲਾਂ ਇੱਕ ਬਲਦ ਲਿਆਂਦਾ ਸੀ। ਸਵੇਰੇ-ਸਵੇਰੇ ਪਾਪਾ ਰੇੜ੍ਹਾ ਜੋੜ ਕੇ ਖੇਤੋਂ ਪੱਠੇ ਲਿਆਉਂਦਾ। ਬਲਦ ਬੜਾ ਮਸਤ ਸੀ। ਹੁਣ ਜਦ ਪਾਪਾ ਚਲੇ ਗਏ ਤਾਂ ਭਰਾ ਆਖਣ ਲੱਗਿਆ ਕਿ ਕਿੱਲਾ ਜ਼ਮੀਨ ਹੈ ਤੇ ਉਹ ਠੇਕੇ ਉਤੇ ਦੇ ਦਿੰਦੇ ਹਾਂ। ਪੱਠੇ ਤਾਂ ਲਿਆਉਣੇ ਨਹੀਂ, ਬਲਦ ਦੀ ਕੀ ਲੋੜ? ਰਾਤ ਨੂੰ ਭਰਾ ਨੇ ਕਿਹਾ ਕਿ ਸਵੇਰੇ ਬਲਦ ਲੈਣ ਆਉਣਗੇ।
ਅੱਜ ਬਲਦ ਵੇਚਣਾ ਸੀ। ਮੈਨੂੰ ਬੜੀ ਅੱਚਵੀਂ ਲੱਗੀ ਹੋਈ ਸੀ। ਦੋ ਬੰਦੇ ਬਲਦ ਲੈਣ ਆਏ। ਮੈਂ ਚੁਬਾਰੇ ‘ਤੇ ਖੜ੍ਹਾ ਦੇਖਦਾ ਸੀ। ਇੱਕ ਜਣੇ ਨੇ ਖੁਰਲੀ ਨਾਲ ਦੇ ਕਿੱਲੇ ਤੋਂ ਰੱਸਣਾ ਖੋਲ੍ਹਣਾ ਸ਼ਰੂ ਕੀਤਾ ਤਾਂ ਬਲਦ ਔਖਾ ਹੋਣ ਲੱਗਿਆ ਜਿਵੇਂ ਉਸ ਨੂੰ ਪਤਾ ਹੋਵੇ! ਔਖਾ-ਸੌਖਾ ਉਸਨੇ ਰੱਸਾ ਖੋਲ੍ਹ ਲਿਆ। ਜਦ  ਤੁਰਨ ਲੱਗਆ ਤਾਂ ਬਲਦ ਪੈਰ ਪਿਛਾਹ ਨੂੰ ਖਿੱਚ੍ਹਣ ਲੱਗਿਆ। ਨਾਲ ਦੇ ਨੇੜੇ ਪਈ ਛਮਕ ਚੁੱਕੀ ਤੇ ਉਸਦੇ ਗਿੱਟਿਆਂ ਉਤੇ ਮਾਰੀ। ਬਲਦ ਔਖਾ ਹੋ ਕੇ ਤੁਰਨ ਲੱਗਿਆ। ਮੈਥੋਂ ਇਹ ਦੇਖ ਨਾ ਹੋਇਆ। ਕਮਰੇ ਅੰਦਰ ਜਾਂਦੇ ਦੀ ਧਾਹ ਨਿਕਲ ਗਈ।  94174-21700
[email protected]

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …