Breaking News
Home / ਪੰਜਾਬ / ਜੋ ਪੁਲਿਸ ਤੇ ਸਰਕਾਰਾਂ ਨਾ ਕਰ ਸਕੀਆਂ ਪਿੰਡ ਕਮਾਲਪੁਰਾ ਨੇ ਕਰ ਦਿਖਾਇਆ

ਜੋ ਪੁਲਿਸ ਤੇ ਸਰਕਾਰਾਂ ਨਾ ਕਰ ਸਕੀਆਂ ਪਿੰਡ ਕਮਾਲਪੁਰਾ ਨੇ ਕਰ ਦਿਖਾਇਆ

ਕਮਾਲਪੁਰੀਆਂ ਕੀਤਾ ਕਮਾਲ, ਨਸ਼ੇੜੀਆਂ ਦੀ ਕਰਨਗੇ ਸਿੱਧੀ ਚਾਲ
ਪਿੰਡ ਦੇ ਨਸ਼ੇੜੀਆਂ ਦੇ ਨਾਂ ਜਨਤਕ ਕਰਕੇ ਇਲਾਜ ਕਰਵਾਉਣ ਦਾ ਫੈਸਲਾ
ਨਸ਼ੇੜੀਆਂ ਦਾ ਸਾਥ ਦੇਣ ਵਾਲਿਆਂ ਦੇ ਬਾਈਕਾਟ ਦਾ ਫੈਸਲਾ
ਜਗਰਾਉਂ/ਬਿਊਰੋ ਨਿਊਜ਼
ਨਸ਼ੇ, ਨਸ਼ੇੜੀਆਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਜਗਰਾਉਂ ਦਾ ਪਿੰਡ ਕਮਾਲਪੁਰਾ ਉਠ ਖੜ੍ਹਾ ਹੋਇਆ। ਅੱਜ ਤੱਕ ਨਸ਼ੇ ਦੀ ਰੋਕਥਾਮ ਅਤੇ ਨਸ਼ੇੜੀਆਂ ਦੇ ਇਲਾਜ ਦਾ ਜੋ ਕੰਮ ਸਰਕਾਰਾਂ ਨਾ ਕਰ ਸਕੀਆਂ, ਉਹ ਪਿੰਡ ਦੇ ਏਕੇ ਨੇ ਕਰ ਦਿਖਾਇਆ। ਕਮਾਲਪੁਰਾ ਦੇ ਲੋਕਾਂ ਨੇ ਪਹਿਲਾਂ ਪਿੰਡ ਦੇ ਨਿਸ਼ਾ ਕਰਨ ਵਾਲੇ ਨੌਜਵਾਨਾਂ ਦੀ ਸੂਚੀ ਤਿਆਰ ਕਰਕੇ ਉਹਨਾਂ ਦਾ ਨਸ਼ਾ ਛੁਡਾਉਣ ਦਾ ਫੈਸਲਾ ਕੀਤਾ ਅਤੇ ਨਾਲ ਹੀ ਪਿੰਡ ਵਿਚ ਨਸ਼ਾ ਸਪਲਾਈ ਕਰਨ ਵਾਲੇ ਸਮੱਗਲਰਾਂ ਦਾ ਪਤਾ ਲਾ ਕੇ ਉਨ੍ਹਾਂ ਦੇ ਪਿੰਡ ਆਉਣ ‘ਤੇ ਪਾਬੰਦੀ ਲਾ ਦਿੱਤੀ।
ਪਿੰਡ ਦੇ ਲੋਕਾਂ ਨੇ ਨਸ਼ਿਆਂ ਖਿਲਾਫ ਇਕਜੁਟ ਹੁੰਦਿਆਂ ਕਈ ਅਹਿਮ ਫੈਸਲੇ ਲਏ। ਪਿੰਡ ਵਿਚ ਸਾਂਝੀ ਥਾਂ ਨਸ਼ਿਆਂ ਖਿਲਾਫ ਇਕੱਠੇ ਹੋਏ ਪਿੰਡ ਵਾਸੀਆਂ ਨੇ ਬਕਾਇਦਾ ਪਿੰਡ ਦੇ ਨਸ਼ਾ ਕਰਦੇ 33 ਵਿਅਕਤੀਆਂ ਦੀ ਤਿਆਰ ਕੀਤੀ ਸੂਚੀ ਪੜ੍ਹ ਕੇ ਸੁਣਾਈ ਤੇ ਇਸ ‘ਤੇ ਵਿਚਾਰ ਚਰਚਾ ਕੀਤੀ ਗਈ। ਇਸ ਸੂਚੀ ਵਿਚ ਪਿੰਡ ਦੇ ਕਈ ਰਸੂਖਦਾਰਾਂ ਦੇ ਨਾਂ ਵੀ ਸ਼ਾਮਲ ਸਨ। ਇਸ ਇਕੱਠ ਵਿਚ ਮੌਜੂਦ ਹਰ ਇਕ ਸ਼ਖਸ਼ ਪਿੰਡ ਵਿਚੋਂ ਨਸ਼ਿਆਂ ਦੇ ਖਾਤਮੇ ਦੀ ਗੱਲ ਕਰ ਰਿਹਾ ਸੀ। ਡੂੰਘੀ ਸੋਚ-ਵਿਚਾਰ ਬਾਅਦ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸਭ ਤੋਂ ਪਹਿਲਾਂ ਪਿੰਡ ਵਿਚ ਰਹਿੰਦੇ ਵਿਅਕਤੀ ਜੋ ਨਸ਼ਾ ਕਰਦੇ ਹਨ, ਨੂੰ ਸਿੱਧੇ ਰਸਤੇ ਲਿਆਂਦਾ ਜਾਵੇ। ਇਸ ਦੇ ਨਾਲ ਹੀ ਪਿੰਡ ਵਿਚ ਨਸ਼ੇ ਦੀ ਸਪਲਾਈ ਰੋਕ ਕੇ ਨਸ਼ਾ ਸਮੱਗਲਰਾਂ ਨੂੰ ਸ਼ਹਿ ਦੇਣ ਵਾਲਿਆਂ ਦਾ ਮੱਖੂ ਠੱਪਿਆ ਜਾਵੇ। ਜਿਸ ‘ਤੇ ਸਮੂਹ ਪਿੰਡ ਨੇ ਮੋਹਰ ਲਾਉਂਦਿਆਂ ਕਮਰ ਕੱਸ ਲਈ। ਨਸ਼ਾ ਕਰਨ ਵਾਲਿਆਂ ਦਾ ਹੋਵੇਗਾ ਇਲਾਜ : ਪਿੰਡ ਵਾਸੀਆਂ ਨੇ ਪਿੰਡ ਦੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਤਿਆਰ ਕੀਤੀ ਸੂਚੀ ਅਨੁਸਾਰ ਉਨ੍ਹਾਂ ਦੇ ਘਰ ਜਾ ਕੇ ਨਸ਼ਾ ਛੁਡਾਉਣ ਲਈ ਪ੍ਰੇਰਿਤ ਕਰਨ ਦਾ ਫੈਸਲਾ। ਮੀਟਿੰਗ ਵਿਚ ਲਏ ਫੈਸਲੇ ਅਨੁਸਾਰ ਨਸ਼ਾ ਕਰਨ ਵਾਲੇ ਵਿਅਕਤੀ ਦੇ ਘਰ ਜਾ ਕੇ ਉਸ ਦੇ ਨਸ਼ਾ ਕਰਨ ਸਬੰਧੀ ਪਰਿਵਾਰ ਨੂੰ ਦੱਸਆ ਜਾਵੇਗਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸਦਾ ਨਸ਼ਾ ਛੁਡਾਉਣ ਲਈ ਵੀ ਕਿਹਾ ਜਾਵੇਗਾ। ਇਸ ਕੰਮ ਲਈ ਪਰਿਵਾਰ ਨੂੰ ਜੋ ਵੀ ਸਹਿਯੋਗ ਦੀ ਲੋੜ ਹੋਵੇਗੀ ਉਹ ਸਹਿਯੋਗ ਕੀਤਾ ਜਾਵੇਗਾ। ਨਸ਼ੇੜੀ ਦਾ ਸਾਥ ਦੇਣ ਵਾਲੇ ਦਾ ਹੋਵੇਗਾ ਬਾਈਕਾਟ : ਕਮਾਲਪੁਰਾ ਪਿੰਡ ਵਾਸੀਆਂ ਨੇ ਮੀਟਿੰਗ ‘ਚ ਇਕ ਅਹਿਮ ਫੈਸਲਾ ਲੈਂਦਿਆਂ ਸਾਫ ਕੀਤਾ ਕਿ ਨਸ਼ਾ ਕਰਨ ਵਾਲੇ ਜੇ ਸਿੱਧੇ ਰਾਹ ਨਹੀਂ ਆਉਂਦੇ ਅਤੇ ਉਹ ਕਿਸੇ ਵੇਲੇ ਵੀ ਪੁਲਿਸ ਕੋਲ ਫੜੇ ਗਏ ਤਾਂ ਉਨ੍ਹਾਂ ਦੀ ਕੋਈ ਮੱਦਦ ਨਹੀਂ ਕਰੇਗਾ ਅਤੇ ਜੋ ਕੋਈ ਇਸ ਫੈਸਲੇ ਦੇ ਉਲਟ ਨਸ਼ੇੜੀ ਦੀ ਸਹਾਇਤਾ ਲਈ ਗਿਆ ਤਾਂ ਪੂਰਾ ਪਿੰਡ ਉਸ ਵਿਅਕਤੀ ਦਾ ਬਾਈਕਾਟ ਕਰੇਗਾ।
ਨਸ਼ਾ ਕਰਨ ਵਾਲਿਆਂ ਦਾ ਇਲਾਜ ਕੀਤਾ ਜਾਵੇਗਾ : ਜਗਰਾਓਂ ਦੇ ਪਿੰਡ ਕਮਾਲਪੁਰਾ ਦੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਇਲਾਜ ਲਈ ਜਗਰਾਓਂ ਸਿਵਲ ਹਸਪਤਾਲ ਅੱਗੇ ਆਇਆ ਹੈ। ਐਸਐਮਓ ਡਾ. ਸੁਖਜੀਵਨ ਕੱਕੜ ਨੇ ਦੱਸਿਆ ਕਿ ਜਗਰਾਓਂ ਸਿਵਲ ਹਸਪਤਾਲ ਦੇ ਨਸ਼ੇ ਛੁਡਾਊ ਕੇਂਦਰ ਵਿਚ ਨਸ਼ਾ ਛੁਡਾਉਣ ਦਾ ਪੂਰਾ ਇਲਾਜ ਹੈ। ਉਹ ਪਿੰਡ ਹਸਪਤਾਲ ਦੀ ਟੀਮ ਭੇਜ ਕੇ ਨਸ਼ਿਆਂ ਖਿਲਾਫ ਜਾਗਰੂਕਤਾ ਦੇ ਨਾਲ-ਨਾਲ ਨਸ਼ਾ ਛੱਡਣ ਲਈ ਵੀ ਪ੍ਰੇਰਿਤ ਕਰਨਗੇ। ਉਨ੍ਹਾਂ ਦੱਸਿਆ ਕਿ ਪਿੰਡ ਦੇ 33 ਵਿਅਕਤੀਆਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਜਗਰਾਓਂ ਸਿਵਲ ਹਸਪਤਾਲ ਵਿਚ ਚੈਕਅਪ ਕੀਤਾ ਜਾਵੇਗਾ। ਚੈਕਅਪ ਦੇ ਨਾਲ ਹੀ ਜਿਨ੍ਹਾਂ ਨੂੰ ਦਾਖਲ ਕਰਨ ਦੀ ਲੋੜ ਹੋਈ, ਉਸ ਨੂੰ ਭਰਤੀ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਜ਼ਿੰਦਗੀ ਵਿਚ ਵਾਪਸ ਲਿਆਉਣ ਲਈ ਮੁੜ ਵਸੇਵਾ ਕੇਂਦਰ ਵਿਚ ਰੱਖਿਆ ਜਾਵੇਗਾ, ਜਿੱਥੇ ਕੌਂਸਲਿੰਗ, ਯੋਗਾ, ਕਸਰਤ ਅਤੇ ਸੈਮੀਨਾਰਾਂ ਰਾਹੀਂ ਉਨ੍ਹਾਂ ਨੂੰ ਨਸ਼ਾ ਮੁਕਤ ਜ਼ਿੰਦਗੀ ਜੀਣ ਲਈ ਤਿਆਰ ਕੀਤਾ ਜਾਵੇਗਾ।
ਐਸਐਸਪੀ ਵਲੋਂ ਪਿੰਡ ਵਾਸੀਆਂ ਦੇ ਫੈਸਲੇ ਦੀ ਸ਼ਲਾਘਾ
ਨਸ਼ਿਆਂ ਖਿਲਾਫ ਪਿੰਡ ਕਮਾਲਪੁਰਾ ਦੇ ਉਠ ਖੜ੍ਹੇ ਹੋਣ ਦੀ ਐਸਐਸਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਸਲਾਘਾ ਕੀਤੀ। ਉਹਨਾਂ ਕਿਹਾ ਕਿ ਨਸ਼ਿਆਂ ਅਤੇ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਲਈ ਪੁਲਿਸ ਵੀ ਉਨ੍ਹਾਂ ਨਾਲ ਹੈ। ਉਹਨਾਂ ਦੇ ਇਸ ਫੈਸਲੇ ਨਾਲ ਪੁਲਿਸ ਨੂੰ ਨਸ਼ਾ ਸਮੱਗਲਰਾਂ ਖਿਲਾਫ ਛੇੜੀ ਮੁਹਿੰਮ ਨੂੰ ਹੋਰ ਸਫਲਤਾ ਮਿਲੇਗੀ। ਉਹਨਾਂ ਨਸ਼ਿਆਂ ਦੀ ਰੋਕਥਾਮ ਲਈ ਪਿੰਡ ਵਾਸੀਆਂ ਨੂੰ ਹਰ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਅਤੇ ਅਪੀਲ ਕੀਤੀ ਕਿ ਉਨ੍ਹਾਂ ਕੋਲ ਨਸ਼ਾ ਸਮੱਗਲਰਾਂ ਬਾਰੇ ਜੋ ਵੀ ਜਾਣਕਾਰੀ ਹੈ, ਉਹ ਉਨ੍ਹਾਂ ਨੂੰ ਦੇਣ ਤਾਂ ਜੋ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਐਸਐਸਪੀ ਘੁੰਮਣ ਅਨੁਸਾਰ ਉਨ੍ਹਾਂ ਵਲੋਂ ਕਮਾਲਪੁਰੇ ਵਿਚ ਨਸ਼ਾ ਸਮੱਗਲਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਲਈ ਡੀਐਸਪੀ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।
ਸਮੱਗਲਰਾਂ ਤੇ ਨਸ਼ੇੜੀਆਂ ਦੇ ਅੱਡੇ ਵੀ ਕੀਤੇ ਜਨਤਕ
ਪਿੰਡ ਵਾਸੀਆਂ ਦੀ ਨਸ਼ਿਆਂ ਖਿਲਾਫ ਛੇਤੀ ਮੁਹਿੰਮ ਤਹਿਤ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਸੂਚੀ ਦੇ ਨਾਲ-ਨਾਲ ਪਿੰਡ ਵਿਚ ਨਸ਼ਾ ਵੇਚਣ ਵਾਲੇ ਅਤੇ ਨਸ਼ੇੜੀਆਂ ਦੇ ਅੱਡੇ ਵੀ ਜਨਤਕ ਕੀਤੇ। ਇਕੱਠ ਵਿਚ ਸ਼ਰ੍ਹੇਆਮ ਪਿੰਡ ਮਾਣੂੰਕੇ ਦੇ ਇਕ ਸਮੱਗਲਰ ਦਾ ਪਿੰਡ ਵਿਚ ਨਸ਼ਾ ਸਪਲਾਈ ਕਰਨ ਦਾ ਖੁਲਾਸਾ ਕੀਤਾ ਅਤੇ ਪਿੰਡ ਦੇ ਹੀ ਇਕ ਦੁਕਾਨਦਾਰ ਵੱਲੋਂ ਸਮੱਗਲਰ ਅਤੇ ਨਸ਼ੇੜੀਆਂ ਨੂੰ ਬਿਠਾਉਣ ਦਾ ਅੱਡਾ ਵੀ ਬੰਦ ਕਰਨ ਦਾ ਫੈਸਲਾ ਕੀਤਾ ਗਿਆ।

Check Also

ਮੀ-ਟੂ ਮਾਮਲੇ ’ਚ ਚੰਨੀ ਖਿਲਾਫ ਗੱਲ ਕਰਨ ਵਾਲੀ ਮਨੀਸ਼ਾ ਗੁਲਾਟੀ ਦੇ ਬਦਲੇ ਸੁਰ

ਹੁਣ ਕਿਹਾ, ਮੇਰੇ ਕੋਲੋਂ ਫਾਲਤੂ ਸਵਾਲ ਨਾ ਪੁੱਛੋ ਜਲੰਧਰ/ਬਿਊਰੋ ਨਿਊਜ਼ ਚਰਨਜੀਤ ਸਿੰਘ ਚੰਨੀ ਦੇ ਪੰਜਾਬ …