Breaking News
Home / ਰੈਗੂਲਰ ਕਾਲਮ / ਸੌਂਦਾ-ਜਾਗਦਾ ਮਨੁੱਖ

ਸੌਂਦਾ-ਜਾਗਦਾ ਮਨੁੱਖ

ਬੋਲ ਬਾਵਾ ਬੋਲ
ਡਾਇਰੀ ਦੇ ਪੰਨੇ
ਨਿੰਦਰ ਘੁਗਿਆਣਵੀ
94174-21700
ਪੁੰਨਿਆ ਦੀ ਰਾਤ।
ਚੌਬਾਰੇ ਦੀ ਛੱਤ ਉਤੇ ਗੂੜ੍ਹੀ ਨੀਂਦਰ ਆਈ। ਇਵੇਂ ਲੱਗਿਐ, ਜਿਵੇਂ ਕੋਈ ਤਿੱਖੇ-ਚਾਨਣੇ ਦੀ ਬੈਟਰੀ ਮੇਰੀਆਂ ਅੱਖਾਂ ਵਿੱਚੀਂ ਮਾਰ ਰਿਹੈ! ਅੱਖਾਂ ਖੁੱਲ੍ਹ ਗਈਆਂ। ਕੁਦਰਤ ਦਾ ਰੌਮਾਂਚਕ ਨਜ਼ਾਰਾ ਮਾਨਣ ਲਈ ਆਪਣੇ ਤਖ਼ਤਪੋਸ਼ ਉੱਪਰ ਚੌਂਕੜ ਮਾਰ ਲਈ ਹੈ। ਚੰਨ ਆਪਣੇ ਪੂਰੇ ਜਲੌਅ ਨਾਲ਼ ਟਹਿਕ ਰਿਹੈ, ਚਾਰ-ਚੁਫ਼ੇਰੇ ਚਾਨਣਾ ਫ਼ੈਲ ਰਿਹੈ। ਕਮਾਲ ਐ ਤੇਰੀ ਕੁਦਰਤੇ! ਬਲਿਹਾਰੀ ਜਾਵਾਂ। ਠੰਡੀ ਹਵਾ ਦਾ ਬੁੱਲਾ ਆਇਐ ਤਾਂ ਚਾਨਣਾ ਹੋਰ ਵੀ ਚੰਗਾ-ਚੰਗਾ ਲੱਗਣ ਲੱਗਿਐ।
”ਵਾਹ! ਨੀਂਦ ਤਾਂ ਹਰ ਰੋਜ਼ ਲੈਣੀ ਏਂ, ਪਰ ਅਹਿ ਨਜ਼ਾਰਾ ਰੋਜ਼-ਰੋਜ਼ ਨਹੀਉਂ ਲੱਭਣਾ।” ਆਪ-ਮੁਹਾਰੇ ਮੂੰਹੋਂ ਨਿਕਲਿਐ, ”ਸਦਕੇ ਜਾਵਾਂ ਤੇਰੇ ਪਿਆਰੀਏ-ਨਿਆਰੀਏ ਕੁਦਰਤੇ।” ਸਾਰਾ ਪਿੰਡ ਘੂਕ ਸੁੱਤਾ ਪਿਆ ਹੈ। ਗੀਤ ਚੇਤੇ ਆਉਣ ਲੱਗਿਆ:
ਜੀ ਕਰਦਾ ਚਕੋਰ ਬਣ ਜਾਵਾਂ
ਮੈਂ ਪੁੰਨਿਆਂ ਦਾ ਚੰਨ ਤੱਕ ਕੇ…
ਖੱਬੇ ਪਾਸੇ ਵੱਲ ਝਾਕਦਾ ਹਾਂ, ਹਜ਼ਾਰਾ ਮੀਲਾਂ ਲੰਬਾ, ਸੰਘਣਾ ਤੇ ਘਣਘੋਰ ਜੰਗਲ (ਬੀੜ) ਵੀ ਬੇਫ਼ਿਕਰੀ ਨਾਲ਼ ਸੌਂ ਰਿਹਾ ਹੈ। ਐਨਾ ਚਾਨਣਾ ਕਿ ਚੌਬਾਰੇ ਦੀ ਛੱਤ ਉ<ੱਤੇ ਫਿਰਦੀ ਕੀੜੀ ਵੀ ਨਜ਼ਰੀਂ ਪੈ ਜਾਏ, ਪਰ ਹੁਣ ਕੀੜੀਆਂ ਵੀ ਨੀਂਦਰ ਦੀ ਆਗੋਸ਼ ਵਿੱਚ ਨੇ। ਕਿੱਧਰੋਂ ਕਿਸੇ ਕੁੱਤੇ ਦੀ ”ਭਊਂ-ਭਊਂ” ਵੀ ਨਹੀਂ ਸੁਣਾਈ ਦੇ ਰਹੀ ਤੇ ਨਾ ਹੀ ਕਿਸੇ ਬੀਂਡੇ ਦੇ ਬੋਲਣ ਦੀ, ਤੇ ਨਾ ਹੀ ਕੰਧਾਂ ਵਿੱਚ ਟਿੱਡੀਆਂ ਦੇ ਟੁਮਕਣ ਦੀ ਆਵਾਜ਼!
ਘਰ ਦੇ ਸਾਹਮਣੇ ਵਾਲੀ ਵੱਡੀ ਸਾਰੀ ਪਹਾੜੀ-ਕਿੱਕਰ ਅਹਿੱਲ ਖਲੋਤੀ ਹੈ। ਪਸ਼ੂ-ਡੰਗਰ, ਪੰਛੀ-ਪਰਿੰਦੇ ਸਭ ਘੂਕ ਸੌਂ ਰਹੇ ਨੇ, ਪਰ ਮੈਂ ਚੌਬਾਰੇ ਦੀ ਛੱਤ ਉੱਪਰ ਇਕੱਲਾ ਬੈਠਾ, ਚੰਨ-ਚਾਨਣੀ ਰਾਤ ਦਾ ਚਾਨਣਾ ਮਾਣ ਰਿਹਾ ਹਾਂ!
ਸੋਚ ਆਈ, ਮਨੁੱਖ ਕਮਲਾ-ਰਮਲਾ ਨਹੀਂ, ਤਾਂ ਹੋਰ ਕੀ ਹੈ? ਕੁਦਰਤ ਦਾ ਨਜ਼ਾਰਾ, ਚੰਨ ਦਾ ਚਾਨਣਾ, ਰਾਤ ਦਾ ਚਿੱਟਮ-ਚਿੱਟਾ ਸੰਨਾਟਾ, ਮੱਠੀ-ਮੱਠੀ ਮਸਤ ਹਵਾ ਦਾ ਰੁਮਕਣਾ, ਖ਼ਾਮੋਸ਼ੀ ਦਾ ਪਹਿਰਾ… ਭਲਾ ਕਿਤੋਂ ਵੀ ਮੁੱਲ ਮਿਲਣ ਵਾਲਾ ਹੈ ਇਹ ਸੱਭੋ ਕੁੱਝ? ਇਹ ਹਰੇਕ ਨੂੰ ਮਾਣ ਲੈਣਾ ਚਾਹੀਦਾ ਏ। ਕਿਉਂ ਸੁੱਤੇ ਹੋਏ ਨੇ ਸਭ ਘੂਕ? ਇੱਕ ਪਲ ਮਨ ਵਿੱਚ ਆਈ, ਸਭ ਨੂੰ ਹਾਕਾਂ ਲੱਗਾ ਕੇ ਜਗਾ ਦੇਵਾਂ, ਪਰ ਦੂਸਰੇ ਪਲ, ਮਨ ਨੇ ਕਿਹਾ, ”ਨਾ-ਨਾ-ਨਾ, ਕਿਸੇ ਨੂੰ ਹਾਕ ਮਾਰਨ ਦੀ ਭੁੱਲ ਨਾ ਕਰੀਂ! ਸਭ ਜਾਗ ਰਹੇ ਨੇ, ਸਭ ਜਾਗ ਰਹੇ ਨੇ, ਪਰ ਮੰਜਿਆਂ ‘ਤੇ ਜਾਗ ਪਏ-ਪਏ ਰਹੇ ਨੇ, ਬਿਸਤਰਿਆਂ ਨਾਲ਼ ਲਿਪਟੇ ਹੋਏ।”
ਕੋਈ ਵਿਰਲਾ ਹੀ ਸੁੱਤਾ ਏ। ਮਨੁੱਖ ਜਾਗ ਰਿਹੈ। ਮਨੁੱਖ ਤਾਂ ਸੁੱਤਾ ਹੋਇਆ ਵੀ ਜਾਗਦੈ। ਚਿੰਤਾਵਾਂ, ਝੋਰੇ, ਪਰੇਸ਼ਾਨੀਆਂ, ਜ਼ਿੰਮੇਵਾਰੀਆਂ, ਕਬੀਲਦਾਰੀਆਂ, ਬੇਰੁਜ਼ਗਾਰੀਆਂ, ਮੁਕੱਦਮੇ, ਝਗੜੇ, ਫਸਾਦ, ਤਕਰਾਰ, ਦੁਸ਼ਮਣੀਆਂ, ਡਿਪਰੈਸ਼ਨ ਕਰਜ਼ੇ, ਚੋਰੀਆਂ, ਯਾਰੀਆਂ, ਅਮੁੱਕ ਬੀਮਾਰੀਆਂ, ਖੱਜਲ ਖੁਆਰੀਆਂ ਜਿਹੇ ਸੰਕਟਾਂ ਅਤੇ ਭੈੜੀਆਂ ਬਲਾਵਾਂ ਵਿੱਚ ਘਿਰਿਆ ਤੇ ਜਕੜਿਆ ਮਨੁੱਖ ਸੁੱਤਾ ਹੋਇਆ ਵੀ ਜਾਗਦਾ ਹੈ, ਪਾਸਾ ਪਰਤਦਿਆਂ ਉਸ ਦੀ ਨੀਂਦਰ ਟੁੱਟਦੀ ਹੈ, ਲੰਮਾ ਹਉਕਾ ਲੈਂਦਾ ਹੈ, ਝੱਟ ਇਹ ਬਲਾਵਾਂ ਆ ਝੰਜੋੜਦੀਆਂ ਨੇ ਰਲ-ਮਿਲ ਕੇ। ਮੰਦੇ ਸੁਫ਼ਨੇ ਬੁੜਬੁੜਾਹਟ ਪੈਦਾ ਕਰਦੇ ਨੇ, ਉੱਠ-ਉੱਠ ਬਹਿੰਦਾ ਹੈ, ਫੇਰ ਪੈ ਜਾਂਦਾ ਹੈ ਮਨੁੱਖ…ਸੌਂਦਾ-ਜਾਗਦਾ…ਊਂਘਦਾ…। ਰਾਤ ਜਾਗਦਿਆਂ ਹੀ ਲੰਘਦੀ ਹੈ ਉਹਦੀ।
ਚੰਨ ਟਹਿਕ ਰਿਹਾ ਹੈ। ਚਾਨਣਾ ਬਿਖ਼ਰ ਰਿਹਾ ਹੈ। ਮਨੁੱਖ ਸੌਂ ਰਿਹੈ, ਪਰ ਫਿਰ ਵੀ ਜਾਗ ਰਿਹਾ ਹੈ। ਇਸ ਵਕਤ ਨੂੰ ਮਾਨਣ-ਮੰਨਾਉਣ ਵਾਲਾ ਹੋਰ ਮਨੁੱਖ ਹੈ। ਜਾਗਣ-ਜਗਾਉਣ ਵਾਲਾ ਤੇ ਬਿਸਤਰ ‘ਤੇ ਸੁਸਤਾਉਣ ਵਾਲਾ ਹੋਰ…।
ਪਿੰਡ ਹਾਂ ਮੈਂ, ਪ੍ਰਸੰਨ ਹਾਂ ਪੂਰਾ।

Check Also

ਸੁਪਨੇ ਤੇ ਸੱਚ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਚਾਲੀ ਸਾਲ ਨੂੰ ਉਮਰ ਢੁੱਕਣ ਤੋਂ …