ਧੁੱਪ ਸੇਕ ਰਿਹਾ ‘ਕਾਲਾ ਕੋਟ’
ਨਿੰਦਰ ਘੁਗਿਆਣਵੀ
ਮੁਖਤਿਆਰ ਸਿੰਘ ਆਪਣੇ ਭਾਣਜੇ ਦੀ ਜੰਜ ਆਇਆ ਹੋਇਆ ਹੈ। ਹਾਲੇ ਦੋ ਮਹੀਨੇ ਪਹਿਲਾਂ ਹੀ ਉਹ ਐਡੀਸ਼ਨਲ ਸ਼ੈਸ਼ਨ ਜੱਜ ਵਜੋਂ ਸੇਵਾ ਮੁਕਤ ਹੋਇਆ ਹੈ। ਸਾਰੇ ਦੂਰ-ਨੇੜਲੇ ਰਿਸ਼ਤੇਦਾਰਾਂ ਨੂੰ ਚਾਅ ਹੈ ਕਿ ਉਹ ਆਪਣੇ ਰਿਸ਼ਤੇਦਾਰ ਜੱਜ ਨੂੰ ਦੇਖ ਰਹੇ ਹਨ। ਉਸਦੀ ਭੈਣ ਤੇ ਭਣੋਈਏ ਨੇ ਆਪਣੇ ਕੁੜਮਚਾਰੇ ਵਿੱਚ ਉਸਦੇ ਨਾਂ ਕਾਰਨ ਆਪਣੀ ਚੰਗੀ ਪੈਂਠ ਬਣਾ ਲਈ, ਛੇ ਮਹੀਨੇ ਪਹਿਲਾਂ ਜਦ ਮੁਖਤਿਆਰ ਸਿੰਘ ਨੌਕਰੀ ਵਿੱਚ ਸੀ, ਤਾਂ ਉਸਦੇ ਭਾਣਜੇ ਦੀ ਮੰਗਣੀ ਹੋਈ। ਮੁੰਦਰੀ ਪਾਉਣ ਦੀ ਰਸਮ ਮੌਕੇ (ਐਤਵਾਰ ਹੋਣ ਕਾਰਨ) ਉਹ ਪਤਨੀ ਸਮੇਤ ਬੱਤੀ ਵਾਲੀ ਸਰਕਾਰੀ ਕਾਰ ਉੱਤੇ ਉਥੇ ਪੁੱਜਿਆ, ਤਾਂ ਭੈਣ-ਭਣੋਈਏ ਦੀ ਬੜੀ ਟੌਹਰ ਬਣੀ। ਕੁੜੀ ਵਾਲੇ ਤਾਂ ਫੁੱਲੇ ਨਹੀਂ ਸੀ ਸਮਾਉਂਦੇ ਕਿ ਸਾਡੇ ਹੋਣ ਵਾਲੇ ਜਵਾਈ ਦਾ ਮਾਮਾ ਜੱਜ ਲੱਗਿਆ ਹੋਇਆ ਹੈ।
ਅੱਜ ਬਰਾਤ ਵਿੱਚ ਆਇਆ ਮੁਖਤਿਆਰ ਸਿੰਘ ਅਨੋਖਾ ਚਾਅ ਤੇ ਅੰਤਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਹੈ। ਦੋ ਮਹੀਨੇ ਹੋਈ ਪਹਿਲਾਂ ਹੋਈ ਸੇਵਾ-ਮੁਕਤੀ ਬਾਅਦ ਅੱਜ ਨਜ਼ਦੀਕੀ ਰਿਸ਼ਤੇਦਾਰੀ ਵਿੱਚ ਉਸਦਾ ਇਹ ਪਹਿਲਾ ਵਿਆਹ ਹੈ, ਜੋ ਉਹ ਪਰਿਵਾਰ ਸਮੇਤ ਅਟੈਂਡ ਕਰ ਰਿਹਾ ਹੈ। ਆਪਣੀ ਸਾਰੀ ਨੌਕਰੀ ਦੌਰਾਨ ਉਹ ਬਹੁਤ ਘੱਟ ਲੋਕਾਂ ਦੇ ਵਿਆਹਾਂ ਉੱਤੇ ਗਿਆ ਸੀ। ਬਸ, ਆਪਣੇ ਕੁਲੀਗ ਜੱਜਾਂ ਦੇ ਮੁੰਡੇ-ਕੁੜੀਆਂ ਦੇ ਵਿਆਹਾਂ ਉੱਤੇ ਕੁਝ ਪਲਾਂ ਲਈ ਜਾਣਾ ਤੇ ਸ਼ਗਨ ਦੇ ਕੇ ਝੱਟ ਵਿੱਚ ਵਾਪਸ ਮੁੜ ਆਉਣਾ। ਇਹ ਵੀ ਆਪਣੀ ਉਹ ਮਜਬੂਰੀ ਸਮਝਦਾ ਸੀ। ਪਰ ਅੱਜ ਸੱਭ ਮਜਬੂਰੀਆਂ, ਬੰਧਨਾਂ ਤੇ ਵਕਤ ਦੀ ਕਿੱਲਤ ਤੋਂ ਬਿਲਕੁਲ ਮੁਕਤ ਹੋ ਕੇ ਭਾਣਜੇ ਦੀ ਜੰਜ ਚੜ੍ਹਿਆ ਹੈ। ਸਾਰੇ ਉਸਦੇ ਆਲੇ-ਦੁਆਲੇ ਫਿਰ ਰਹੇ ਹਨ।
ਸਰਦੀਆਂ ਦੇ ਦਿਨ ਹਨ। ਮੈਰਿਜ ਪੈਲਿਸ ਦੇ ਬਾਹਰ ਘਾਹ ਦੇ ਲਾਅਨ ਵਿੱਚ ਸਾਰੇ ਮੇਜ਼ਾਂ ਤੋਂ ਇਕ ਮੇਜ ਉਚੇਚਾ ਲਗਵਾਇਆ ਗਿਆ। ਖਾਸ ਤੇ ਨੇੜਲੇ ਰਿਸ਼ਦੇਦਾਰ ਉਸਦੇ ਨਾਲ ਆਣ ਕੇ ਬੈਠ ਗਏ। ਤਿੰਨ ਸੇਵਾਦਾਰ ਉਹਨਾਂ ਦੀ ਸੇਵਾ ਲਈ ਸਿਰ ਚੁੱਕੀ ਖੜੇ ਹਨ। ਮੁਖਤਿਆਰ ਸਿੰਘ ਵਿਚਾਲੇ ਬੈਠਾ ਹੈ। ਉਸਦੇ ਮੂੰਹੋ ਸੁਭਾਵਿਕ ਹੀ ਨਿਕਲਿਆ, ”ਕਿਆ ਅਨੰਦ ਐ ਧੁੱਪ ਦਾ, ਜੱਜ ਹੁੰਦੇ ਸਮੇਂ ਸਾਲੀ ਧੁੱਪ ਵੀ ਨਹੀਂ ਚੰਗੀ ਤਰ੍ਹਾਂ ਮੱਥੇ ਲੱਗੀ, ਅਜ ਤਾਂ ਉੱਡ ਉੱਡ ਪੈਂਦੀ ਐ।”
ਉਹ ਆਪ-ਮੁਹਾਰਾ ਹੀ ਤਾਲੀ ਮਾਰਕੇ ਹੱਸਿਆ ਤਾਂ ਨਾਲ ਦੇ ਵੀ ਸਾਰੇ ਹੱਸਣ ਲੱਗੇ। ਧੁੱਪ ਵੀ ਰੁੱਸੀ ਰਹੀ ਸਾਡੇ ਨਾਲ ਤਾਂ ਭਰਾਵੋ, ਕਿਸੇ ਜਨਾਨੀ ਨੇ ਤਾਂ ਚੰਗੀ ਤਰ੍ਹਾਂ ਕੀ ਬੋਲਣਾ ਸੀ, ਅੱਜ ਲਗਦੈ ਵਈ ਆਪਣਿਆਂ ‘ਚ ਬੈਠੇ ਆਂ, ਜੱਜ ਹੁੰਦਿਆਂ ਓਪਰਿਆਂ ਤੇ ਖਾਮੋਸ਼ ਚਿਹਰਿਆਂ ਦੀਆਂ ਭੀੜਾਂ ‘ਚ ਘਿਰੇ ਰਹੇ।” ਨਾਲ ਬੈਠਾ ਐਡਵੋਕੇਟ ਰਾਮ ਸਿੰਘ ਬੋਲਿਆ, ”ਜੱਜ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹੈ, ਸੌ ਪ੍ਰਸੈਂਟ ਸੱਚ ਐ ਸਰ।”
”ਅੱਜ ਮੈਨੂੰ ਲਗਦੈਂ ਵਈ ਮੋਹ ਵੀ ਆਪਣਿਆਂ ‘ਚੋਂ ਈ ਆਉਂਦਾ ਹੁੰਦਾ ਐ, ਬਿਗਾਨਿਆਂ ‘ਚੋਂ ਨਹੀਂ, ਸਾਨੂੰ ਤਾਂ ਜੱਜ ਦੀ ਜ਼ਿੰਦਗੀ ਬਣਾਉਟੀ ਜਿਹੇ ਬੰਦੇ ਤੇ ਗੁਲਾਮ ਜਿਹੇ ਬਣਕੇ ਚੁੱਪ-ਚੁੱਪ ਰਹਿ ਕੇ ਈ ਬਿਤਾਉਣੀ ਪਈ।” ਮੁਖਤਿਆਰ ਸਿੰਘ ਤੋਂ ਗੱਲ ਪੂਰੀ ਨਾ ਹੋਈ। ਉਨ੍ਹਾਂ ਦੇ ਸਾਹਮਣੇ ਵਿਸਕੀ ਦੇ ਪਾਏ ਪੈੱਗ ਲਿਸ਼ਕ ਰਹੇ ਹਨ। ਮੁਖਤਿਆਰ ਸਿੰਘ ਦੇ ਭਣੋਈਏ ਦਾ ਭਰਾ ਬੋਲਿਆ, ”ਜੱਜ ਸਾਹਿਬ, ਅੱਜ ਤਾਂ ਖੁਸ਼ੀ ਸਾਂਝੀ ਕਰਲੋ, ਅਸੀਂ ਤਾਂ ਏਨੇ ਸਾਲ ਥੁਆਨੂੰ ਲਭਦੇ ਈ ਮਰਗੇ, ਨਾ ਕਦੀ ਕਿਸੇ ਨੇ ਚੰਗੀ ਤਰ੍ਹਾਂ ਮਿਲਣ ਦਿੱਤਾ, ਨਾ ਕੋਲ ਬਹਿਣ ਦਿੱਤਾ, ਹੁਣ ਤਾਂ ਆਪਣੀ ਆਬਦੀ ਦੁਨੀਆਂ ਆਂ ਜੱਜ ਸਾਹਿਬ,ਚੁਕੋ ਫਿਰ ਪੈੱਗ।”
”ਚੀਅਰਜ਼।” ਦੀ ਰਲਵੀਂ ਆਵਾਜ਼ ਉੱਚੀ-ਉੱਠੀ। ਮੁਖਤਿਆਰ ਸਿੰਘ ਲਈ ਸਜਾਈ ਮੇਜ਼ ਦੇ ਆਲੇ-ਦੁਆਲੇ ਕਈ ਰਿਸ਼ਤੇਦਾਰ ਅਜਿਹੇ ਵੀ ਤੁਰੇ ਫਿਰਦੇ ਹਨ, ਜੋ ਸਿਰਫ਼ ਇਕ-ਦੂਜੇ ਦੇ ਕੰਨਾਂ ਵਿਚ ਹੌਲੀ ਕੁ ਜਿਹੇ ਆਖ ਰਹੇ ਹਨ, ”ਔਹ ਵੇਖੋ, ਜੱਜ ਸਾਹਿਬ ਬੈਠੇ ਆ।” ਕੋਈ ਇਸ਼ਾਰੇ ਤੇ ਸੈਨਤਾਂ ਕਰ ਕਰ ਕੇ ਇਕ ਦੂਸਰੇ ਨੂੰ ਦੱਸ ਰਿਹਾ ਹੈ। ਮੁਖਤਿਆਰ ਸਿੰਘ ਦੀ ਅੱਜ ਵੀ ਬੜੀ ਤੇਜ਼ ਸੀ, ਬਾਜ ਅੱਖ! ਇਹੋ ਬਾਜ ਅੱਖ ਉਸਦੇ ਹਮੇਸ਼ਾ ਕਚਹਿਰੀ ਦੇ ਕੰਮ ਵਿੱਚ ਵੀ ਬੜੀ ਸਹਾਈ ਹੋਈ ਸੀ। ਉਹ ਬਹਿਸਾਂ ਸੁਣਦਾ। ਗਵਾਹੀਆਂ ਲੈਂਦਾ। ਜਿਰ੍ਹਾ ਸੁਣਦਾ, ਬਿਆਨ ਲੈਂਦਾ, ਭਾਵੇਂ ਅਗਲੇ ਵੱਲ ਸਿੱਧਾ ਨਹੀਂ ਸੀ ਝਾਕਦਾ ਪਰ ਆਪਣੀ ਬਾਜ਼ ਅੱਖ ਨਾਲ ਸਭ ਕੁਛ ਵੇਖੀ-ਪਰਖੀ ਜਾਂਦਾ ਸੀ। ਹੁਣ ਵੀ ਉਹ ਬਾਜ਼ ਅੱਖ ਨਾਲ ਦੇਖ ਰਿਹਾ ਸੀ ਕਿ ਅੱਜ ਰਿਸ਼ਤੇਦਾਰ ਤੇ ਉਨ੍ਹਾਂ ਦੇ ਨਿਆਣੇ ਉਸਨੂੰ ਉਚੇਚੀ ਮਹੱਤਤਾ ਦੇ ਰਹੇ ਹਨ। ਮੁਖਤਿਆਰ ਸਿੰਘ ਨੂੰ ਅੰਦਰੋਂ-ਅੰਦਰੀ ਪ੍ਰਸੰਨਤਾ ਦਾ ਅਹਿਸਾਸ ਹੋਣ ਲੱਗਿਆ ਹੈ। ਉਸ ਤੋਂ ਛੋਟੀ ਥਾਵੇਂ ਲਗਦੇ ਕਈ ਮੁੰਡੇ ਤਾਂ ਉਹਦੇ ਗੋਡੀ ਹੱਥ ਲਾਉਂਦੇ, ਆਪਣੇ-ਆਪਣੇ ਮੋਬਾਈਲ ਫੋਨ ਨਾਲ ਫੋਟੋ ਵੀ ਖਿਚਦੇ ਤੇ ਆਸ਼ੀਰਵਾਦ ਲੈਂਕੇ ਅੱਗੇ ਨੂੰ ਤੁਰ ਜਾਂਦੇ। ਪੈਲਿਸ ਦੇ ਹਾਲ ਅੰਦਰ ਗੀਤ-ਸੰਗੀਤ ਸ਼ੁਰੂ ਹੋ ਗਿਆ। ਲੋਕੀ ਨੱਚਣ ਲੱਗ ਪਏ। ਮੁਖਤਿਆਰ ਸਿੰਘ ਦਾ ਭਣੋਈਆ ਤੇ ਭੈਣ ਆਪੋ-ਆਪਣੇ ਹੱਥਾਂ ਵਿੱਚ ਛੋਟੇ ਕਾਲੇ ਹੈਂਡ ਬੈਗ ਫੜ੍ਹੀ ਫਿਰਦੇ ਮਹਿਮਾਨਾਂ ਨੂੰ ਮਿਲਦੇ-ਮਿਲਦੇ, ਸ਼ਗਨ ਲੈਂਦੇ ਹੋਏ ਇਨ੍ਹਾਂ ਦੀ ਮੇਜ਼ ਵੱਲ ਆਏ। ਭੈਣ ਬੋਲੀ, ”ਲੈ ਹੱਦ ਹੋਗੀ ਆ, ਅੰਦਰ ਜਾ ਕੇ ਨੱਚੋ-ਕੁੱਦੋ ਭਾਈ, ਭੰਗੜੇ ਪਾਓ, ਤੁਸੀਂ ਹੈਥੇ ਈ ਸਾਰਾ ਟਾਈਮ ਲਾਈ ਜਾਨੇ ਓ।” (ਬਾਕੀ ਅਗਲੇ ਹਫਤੇ)
Check Also
ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ
ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …