Breaking News
Home / ਰੈਗੂਲਰ ਕਾਲਮ / ਬੋਲ ਬਾਵਾ ਬੋਲ : ਕਾਲੇ ਕੋਟ ਦਾ ਦਰਦ-3

ਬੋਲ ਬਾਵਾ ਬੋਲ : ਕਾਲੇ ਕੋਟ ਦਾ ਦਰਦ-3

”ਸੋਚ ਕੇ ਹੱਥ ਲਾਈਂ ਮੈਨੂੰ..ਮੈਂ ਜੱਜ ਰਮਿੰਦਰ ਸਿੰਘ ਦਾ ਕਜ਼ਨ ਆਂ
ਨਿੰਦਰ ਘੁਗਿਆਣਵੀ
ਗੱਲਾਂ ਮਾਰ ਕੇ ਰਿੰਪੀ ਤੇ ਉਸ ਦੇ ਸਾਥੀ ਚਲੇ ਗਏ। ਸਾਹਿਬ ਨੇ ਮੈਨੂੰ ਹਦਾਇਤ ਕੀਤੀ, ”ਏਹਨੂੰ ਆਪਾਂ ਬਹੁਤਾ ਮੂੰਹ ਨੀਂ ਲਾਉਣਾ.. ਸੋ-ਸੋ ਈ ਰੱਖਣਾ.. ਰਿਸ਼ਤੇਦਾਰੀ ਆ.. ਵਿਗਾੜਨੀ ਵੀ ਨਹੀਂ..ਪਰ ਕੁੱਤਾ ਆ ਸਾਲਾ..।”
ਸਾਹਿਬ ਕੋਰਟ ਜਾਣ ਲਈ ਤਿਆਰ ਹੋਣ ਲੱਗ ਪਿਆ। ਮੈਂ ਪਰੌਂਠੇ ਬਣਾ ਦਿੱਤੇ।
ਦੋ ਦਿਨ ਬੀਤੇ। ਰਿੰਪੀ ਸ਼ਾਮ ਨੂੰ ਫਿਰ ਆ ਗਿਆ। ਹੁਣ ਉਸ ਨਾਲ ਆਏ ਮੁੰਡੇ ਹੋਰ ਸਨ। ਉਸ ਦਿਨ ਹੋਰ ਸਨ। ਮੈਂ ਤੇ ਸਾਹਿਬ ਹਾਲੇ ਕੋਰਟ ‘ਚੋਂ ਤੁਰੇ ਹੀ ਆ ਰਹੇ ਸਾਂ, ”ਸਰ ਲਗਦੈ ਰਿੰਪੀ ਤੇ ਉਸ ਦੇ ਫਰੈਂਡ ਆਏ ਖਲੋਤੇ ਨੇ।””ਹਾਏ ਓ ਰੱਬਾ.. ਸਾਲਾ ਏਹ ਤਾਂ ਰੋਜ਼ ਈ ਆਉਣ ਲੱਗ ਜਾਣਾ..ਓ ਮਾਈ ਗੌਡ।” ਸਾਹਿਬ ਕਲਪ ਗਿਆ ਸੀ। ਨੇੜੇ ਆਉਣ ‘ਤੇ ਰਿੰਪੀ ਨੇ ਆਪਣੇ ਨਵੇਂ ਸਾਥੀਆਂ ਦੀ ਸਾਹਿਬ ਨਾਲ ਜਾਣ-ਪਛਾਣ ਕਰਵਾਈ। ਅੰਦਰ ਬਿਠਾ ਕੇ ਚਾਹ ਪਿਲਾਈ। ਫਿਰ ਸਾਹਿਬ ਨੇ ਆਖਿਆ, ”ਰਿੰਪੀ, ਕੱਲ੍ਹ ਮੇਰੇ ਕੋਲ ਕੋਈ ਜ਼ਰੂਰੀ ਕੇਸ ਲੱਗੇ ਨੇ.. ਮੈਂ ਫਾਈਲਾਂ ਪੜ੍ਹ ਕੇ ਫੇਰ ਸੈਸ਼ਨ ਜੱਜ ਸਾਹਬ ਦੇ ਘਰ ਜਾਣਾ.. ਕਾਫ਼ੀ ਬਿਜ਼ੀ ਸ਼ੈਡਿਊਲ ਆ.. ਮਿਲਾਂਗੇ ਆਪਾਂ..।”ਰਿੰਪੀ ਤੇ ਸਾਥੀ ਚਲੇ ਗਏ।
*************
ਇੱਕ ਸ਼ਾਮ ਸਾਹਿਬ ਦੇ ਪਿਤਾ ਦਾ ਫੋਨ ਆਇਆ, ”ਬੇਟਾ, ਤੇਰੀ ਭੂਆ ਨੇ ਉਲਾਂਭਾ ਦਿੱਤਾ ਕਿ ਤੈਂ ਰਿੰਪੀ ਨੂੰ ਵਕਤ ਨਹੀਂ ਦਿੱਤਾ.. ਕਹਿੰਦੀ ਓਪਰਿਆਂ ਦੀ ਤਰ੍ਹਾਂ ਮਿਲਿਆ.. ਰਿੰਪੀ ਬੜਾ ਉਦਾਸ ਹੋਇਆ ਵਾ.. ਮਿਲ-ਗਿਲ ਲਿਆ ਕਰ ਪੁੱਤਰ..ਫੇ ਵੀ ਖ਼ੂਨ ਦਾ ਰਿਸ਼ਤਾ।”
ਸਾਹਿਬ ਖਿਝ ਗਿਆ, ”ਪਿਤਾ ਜੀ, ਤੁਸੀਂ ਆਪਣੇ ਹਿਸਾਬ ਨਾਲ ਗੱਲਾਂ ਕਰਦੇ ਓ..ਭੂਆ ਜੀ ਆਪਣੇ ਹਿਸਾਬ ਨਾਲ ਤੇ ਰਿੰਪੀ ਦੀ ਸੋਚਣੀ ਆਪਣੀ ਆਂ.. ਮੇਰੀ ਜੌਬ ਵਿੱਚ ਮੈਂ ਰਿਸ਼ਤੇਦਾਰਾਂ ਤੇ ਆਮ ਲੋਕਾਂ ਨੂੰ ਨਹੀਂ ਮਿਲ ਸਕਦਾ.. ਮੈਂ ਕੋਈ ਡੀ.ਐਸ.ਪੀ. ਜਾਂ ਐਸ.ਡੀ.ਐਮ.ਨਹੀਂ ਪਿਤਾ ਜੀ.. ਸਾਡੇ ਏਥੇ ਆਣ-ਜਾਣ ‘ਤੇ ਪਾਬੰਦੀਆਂ ਹੁੰਦੀਆਂ ਨੇ ਤੇ ਸੀ.ਆਈ.ਡੀ.ਮਹਿਕਮਾ ਵੀ ਪੂਰੀ ਨਿਗ੍ਹਾ ਰੱਖਦਾ ਕਿ ਇੱਕ ਜੱਜ ਨੂੰ ਕੌਣ-ਕੌਣ, ਕਿਵੇਂ-ਕਿਵੇਂ ਤੇ ਕਿੱਥੇ-ਕਿੱਥੇ, ਕਿਉਂ ਮਿਲਦਾ.. ਰਿੰਪੀ ਦੋ ਵਾਰੀ ਮਿਲ ਗਿਆ.. ਚਾਹ ਪਿਲਾ ਤੀ..ਨਾਲ ਫਰੈਂਡ ਲੈ ਕੇ ਆਉਂਦਾ ਆ.. ਉਹ ਵੀ ਬਦਲ-ਬਦਲ ਕੇ..।”  ਸਾਹਿਬ ਨੇ ਗੱਲ ਅਧੂਰੀ ਛੱਡ ਕੇ ਫੋਨ ਕੱਟ ਦਿੱਤਾ। ਅੱਜ ਮੈਂ ਪਹਿਲੇ ਦਿਨ ਸਾਹਿਬ ਨੂੰ ਗੁੱਸੇ ਵਿੱਚ ਦੇਖਿਆ ਸੀ।
ਰਿੰਪੀ ਨੇ ਪਹਿਲੇ ਦਿਨ ਹੀ ਸਾਹਿਬ ਨੂੰ ਮਿਲਣ ਮਗਰੋਂ ਮੈਡੀਕਲ ਕਾਲਜ ਦੇ ਸਾਰੇ ਹੋਸਟਲ ਵਿੱਚ ਬੜੇ ਜ਼ੋਰ-ਸ਼ੋਰ ਨਾਲ ਗੱਲ ਧੁੰਮਾਈ, ”ਮੇਰਾ ਕਜ਼ਨ ਜੱਜ ਲੱਗ ਗਿਆ ਏਥੇ.. ਹੁਣ ਸਾਲਾ ਕੋਈ ਕੁਸਕੇ ਤਾਂ..ਮੈਂ ਸਾਰੇ ਪੁਰਾਣੇ ਬਦਲੇ ਹੁਣ ਲਊਂ, ਸੁੱਖੇ ਭੈਣ ਚੋ ਤੋਂ.. ਸਾਰੀ ਪੁਲਸ ਵੀ ਮੇਰੇ ਕਜ਼ਨ ਦੇ ਅੰਡਰ ਆ।” ਰਿੰਪੀ ਹੋਸਟਲ ਵਿੱਚ ਪੀ ਕੇ ਆਏ ਦਿਨ ਕਿਸੇ ਨਾ ਕਿਸੇ ਨਾਲ ਪੇਚਾ ਪਾਈ ਰੱਖਦਾ ਸੀ। ਉਸ ਨੂੰ ‘ਲੜਾਈ ਦੀ ਪੰਡ’ ਆਖਿਆ ਜਾਂਦਾ ਸੀ। ਜੱਜ ਸਾਹਿਬ ਨੂੰ ਤਾਂ ਉਸ ਦੇ ਇਨ੍ਹਾਂ ਕਾਰਿਆਂ ਕਰਤੂਤਾਂ ਦਾ ਪਹਿਲੋਂ ਹੀ ਪਤਾ ਸੀ। ਇਸੇ ਲਈ ਉਹ ਰਿੰਪੀ ਤੋਂ ਪਾਸਾ ਵੱਟਦੇ ਸਨ। ਇੱਕ ਦਿਨ ਜੱਜ ਨੇ ਕਿਹਾ, ”ਉਹ ਆਵੇ ਤਾਂ ਮੈਨੂੰ ਨਾ ਮਿਲਾਵੀਂ.. ਬਾਹਰੋਂ ਹੀ ਤੋਰ ਦੇਵੀਂ ਸਾਲੇ ਨੂੰ।”
ਰਿੰਪੀ ਕਈ ਦਿਨ ਆਉਂਦਾ ਰਿਹਾ ਅਤੇ ਮੈਂ ਬਾਹਰੋਂ ਹੀ ਮੋੜ ਦਿੰਦਾ ਰਿਹਾ। ਇੱਕ ਦਿਨ ਰਿੰਪੀ ਮੈਨੂੰ ਬੋਲਿਆ, ”ਤੂੰ ਝੂਠ ਬੋਲਦਾਂ..ਰਮਿੰਦਰ ਅੰਦਰ ਈ ਆ.. ਕੋਈ ਨਾ.. ਮੈਂ ਤੈਨੂੰ ਦੱਸੂੰ ਪਤਾ।” ਇਹ ਆਖ ਕੇ ਉਸ ਨੇ ਗੁੱਸੇ ਨਾਲ ਮੋਟਰ ਸਾਇਕਲ ਦੀ ਕਿੱਕ ਮਾਰੀ ਅਤੇ ਦੱਬ ਕੇ ਰੇਸ ਦਿੱਤੀ। ਉੱਪਰ ਕਮਰੇ ਵਿੱਚੋਂ ਬਾਰੀ ਦੀ ਝੀਤ ਰਾਹੀਂ ਜੱਜ ਸਾਹਿਬ ਨੇ ਸਭ ਸੁਣ ਲਿਆ ਸੀ। ਉਹ ਗੁੱਸੇ ਵਿੱਚ ਆ ਗਏ। ਪਿਤਾ ਜੀ ਨੂੰ ਫੋਨ ਕਰਕੇ ਬੋਲੇ, ”ਪਿਤਾ ਜੀ, ਰਿੰਪੀ ਮੇਰੀ ਕੋਠੀ ਨਾ ਆਵੇ। ਉਨ੍ਹਾਂ ਦੇ ਘਰ ਮੈਸਿਜ਼ ਲਗਾ ਦਿਓ.. ਹੁਣ ਮੇਰੇ ਅਰਦਲੀ ਨੂੰ ਧਮਕੀਆਂ ਦੇ ਕੇ ਗਿਐ..ਮੈਂ ਆਪ ਵੇਖਿਆ।”
ਹਾਲੇ ਮਹੀਨਾ ਕੁ ਲੰਘਿਆ ਸੀ। ਹੋਸਟਲ ਵਿੱਚ ਰਿੰਪੀ ਤੇ ਸੁੱਖਾ ਗਰੁੱਪ ਜੰਮ ਕੇ ਲੜੇ। ਰਾਤੀਂ ਪੁਲਿਸ ਪਈ। ਥਾਣੇਦਾਰ ਨੇ ਰਿੰਪੀ ਦਾ ਜਦ ਗਲਮਾ ਫੜਿਆ ਤਾਂ ਉਹ ਬੋਲਿਆ, ”ਸੋਚ ਕੇ ਹੱਥ ਲਾਈਂ ਮੈਨੂੰ..ਮੈਂ ਜੱਜ ਰਮਿੰਦਰ ਸਿੰਘ ਦਾ ਕਜ਼ਨ ਆਂ।” ਏ.ਐਸ.ਆਈ. ਦੇ ਹੱਥ ਢਿੱਲੇ ਪੈ ਗਏ। ਉਹ ਜੱਜ ਸਾਹਿਬ ਦੀ ਕੋਰਟ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ। ਉਸ ਕੋਲ ਰੀਡਰ ਮਹਿਤੇ ਦੇ ਘਰ ਦਾ ਫੋਨ ਨੰਬਰ ਨੋਟ ਸੀ। ਉਸ ਨੇ ਹੋਸਟਲ ਵਿੱਚੋਂ ਮਹਿਤੇ ਨੂੰ ਫੋਨ ਕਰਕੇ ਦੱਸਿਆ ਕਿ ਜੱਜ ਸਾਹਬ ਦਾ ਕੋਈ ਕਜ਼ਨ ਰਿੰਪੀ.. ਲੜਿਆ ਏਥੇ.. ਹੁਣ ਸਾਹਬ ਦਾ ਨਾਂ ਲੈ ਕੇ ਧਮਕੀ ਦਿੰਦੈ.. ਕਹਿੰਦਾ ਐ ਮੈਂ ਤੇਰੀ ਪੇਟੀ ਲੁਹਾ ਦੂੰ..ਪਤਾ ਕਰੋ ਜੱਜ ਸਾਹਿਬ ਤੋਂ।”
ਰਾਤ ਨੂੰ ਹਾਲੇ ਜੱਜ ਸਾਹਿਬ ਫਾਈਲਾਂ ਪੜ੍ਹ ਰਹੇ ਸਨ ਕਿ ਮਹਿਤੇ ਰੀਡਰ ਦਾ ਫੋਨ ਆ ਗਿਆ। ਸਾਰੀ ਗੱਲ ਸੁਣ ਕੇ ਜੱਜ ਸਾਹਿਬ ਪ੍ਰੇਸ਼ਾਨ ਹੋ ਉੱਠੇ। ਕੀ ਕਰੇ, ਕੀ ਨਾ ਕਰੇ। ਮਹਿਤੇ ਰਾਹੀਂ ਥਾਣੇਦਾਰ ਨੂੰ ਸੁਨੇਹਾ ਲਾਇਆ ਕਿ ਆਪਣੀ ਬਣਦੀ ਕਾਨੂੰਨੀ ਕਾਰਵਾਈ ਕਰੋ। ਰਿੰਪੀ ਤੇ ਉਸ ਦੇ ਸਾਥੀ ਥਾਣੇ ਬੰਦ ਕਰ ਦਿੱਤੇ। ਪੱਤਰਕਾਰ ਵੀ ਪੁੱਜ ਗਏ। ਸੁੱਖੇ ਦੇ ਗਰੁੱਪ ਨੇ ਪਤਰਕਾਰਾਂ ਨੂੰ ਦੱਸਿਆ ਕਿ ਆਪਣੇ ਜੱਜ ਕਜ਼ਨ ਦੇ ਨਾਂ ‘ਤੇ ਸਾਡੇ ਨਾਲ ਲੜਿਆ.. ਮਾਰ ਕੁੱਟ ਕੀਤੀ.. ਰੋਜ਼ਾਨਾ ਜੱਜ ਦੇ ਨਾਂ ਦੀਆਂ ਧਮਕੀਆਂ ਸਾਰੇ ਹੋਸਟਲ ਨੂੰ ਦਿੰਦਾ ਐ। ਖ਼ਬਰ ਵਿੱਚ ਆ ਗਿਆ ਕਿ ਇੱਕ ਸਥਾਨਕ ਜੱਜ ਦੀ ਸ਼ਹਿ ‘ਤੇ ਇੱਕ ਸਿਖਾਂਦਰੂ ਡਾਕਟਰ ਵੱਲੋਂ ਸਾਥੀਆਂ ਦੀ ਮਾਰ ਕੁੱਟ ਹੋਈ। ਸਵੇਰੇ ਖ਼ਬਰ ਪੜ੍ਹ ਕੇ ਜੱਜ ਸਾਹਿਬ ਬਹੁਤ ਪ੍ਰੇਸ਼ਾਨ ਹੋਏ। ਕੋਈ ਰਾਹ ਨਾ ਲੱਭੇ। ਜ਼ਿਲ੍ਹੇ ਤੇ ਸੈਸ਼ਨ ਜੱਜ ਨੇ ਪਤਾ ਕੀਤਾ ਕਿ ਕਿਹੜਾ ਜੱਜ ਹੈ? ਸੋ, ਸੱਦਾ ਆ ਗਿਆ ਕਿ ਸੈਸ਼ਨ ਨੇ ਬੁਲਾਇਆ ਹੈ। ਜੱਜ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ। ਘਰ ਫੋਨ ਕਰਕੇ ਪਿਤਾ ਜੀ ਨੂੰ ਦੱਸਣਾ ਚਾਹਿਆ ਤਾਂ ਪਤਾ ਲੱਗਾ ਕਿ ਭੂਆ ਨੇ ਭਰਾ ਨਾਲ ਵੱਖ ਲੜਾਈ ਕਰ ਲਈ ਹੈ ਕਿ ਤੇਰਾ ਮੁੰਡਾ ਜੱਜ ਕੀ ਬਣ ਗਿਆ.. ਹੰਕਾਰ ਗਿਆ..। ਭੂਆ ਨੇ ਤਾਂ ਇੱਥੋਂ ਤੱਕ ਵੀ ਕਹਿ ਸੁਣਾਇਆ ਕਿ ਹੰਕਾਰਿਆ ਸੋ ਮਾਰਿਆ। ਸਭ ਕੁਝ ਜਾਣ ਸੁਣ ਕੇ ਜੱਜ ਰਮਿੰਦਰ ਸਿੰਘ ਦਾ ਹਾਲ ਦੇਖਣ ਵਾਲਾ ਨਹੀਂ ਸੀ। ਉਹ ਰੋ ਪਿਆ ਸੀ। ਮੈਨੂੰ ਉਸ ਵਕਤ ਸਾਹਿਬ ‘ਤੇ ਬਹੁਤ ਤਰਸ ਆਇਆ। ਉਸ ਨੂੰ ਸਿਵਾਏ ਮੇਰੇ ਤੋਂ ਕੋਈ ਚੁੱਪ ਕਰਾਉਣ ਤੇ ਹੌਸਲਾ ਦੇਣ ਵਾਲਾ ਨਹੀਂ ਸੀ।
ਸਾਰੀ ਗੱਲ ਸੈਸ਼ਨ ਜੱਜ ਨੂੰ ਦੱਸ ਕੇ ਜੱਜ ਸਾਹਿਬ ਨੇ ਮਾਫ਼ੀ ਮੰਗੀ। ਸੈਸ਼ਨ ਜੱਜ ਸਿਆਣੀ ਸੋਚ ਦਾ ਮਾਲਕ ਸੀ। ਉਸ ਨੇ ਕਿਹਾ, ”ਰਮਿੰਦਰ, ਅੱਗੇ ਤੋਂ ਧਿਆਨ ਰੱਖਣਾ.. ਇਨ੍ਹਾਂ ਗੱਲਾਂ ਦੇ ਨਤੀਜੇ ਬੁਰੇ ਹੁੰਦੇ ਨੇ।” ਰਾਤ ਨੂੰ ਜੱਜ ਸਾਹਿਬ ਨੇ ਬਹੁਤ ਪੀਤੀ। ਟੈਨਸ਼ਿਨ ਦੂਰ ਕੀਤੀ।
***************
ਸਰਦੀਆਂ ਆ ਗਈਆਂ ਸਨ। ਜੱਜ ਸਾਹਿਬ ਨੇ ਕਾਲੇ ਰੰਗ ਦੇ ਦੋ ਕੋਟ ਸਿਲਵਾਉਣੇ ਸਨ। ਇੱਕ ਸ਼ਾਮ ਅਸੀਂ ਬਾਜ਼ਾਰ ਗਏ। ਕੱਪੜਾ ਖਰੀਦਿਆ ਅਤੇ ਮੇਚਾ ਦੇ ਆਏ। ਹਫ਼ਤੇ ਮਗਰੋਂ ਮੈਂ ਦੋਵੇਂ ਕੋਟ ਫੜ ਲਿਆਇਆ।
ਕਚਹਿਰੀ ਜਾਣ ਮੌਕੇ ਚਿੱਟੀ ਸ਼ਰਟ ਦੇ ਉੱਤੋਂ ਜਦ ਸਾਹਿਬ ਕੋਟ ਪਹਿਨਣ ਲੱਗੇ ਤਾਂ ਬੋਲੇ, ”ਤੰਗ ਆ ਕੋਟ..ਠੀਕ-ਠੀਕ ਨਹੀਂ ਲੱਗ ਰਿਹਾ..।”
ਮੈਂ ਪਿੱਛਿਓਂ ਫੜ ਕੇ ਖਿੱਚਿਆ ਤਾਂ ਬੋਲੇ, ”ਨਹੀਂ-ਨਹੀਂ.. ਠੀਕ ਨਹੀਂ ਸਿਊਂਤਾ.. ਆਹ ਦੇਖ ਮੇਰੀ ਕੂਹਣੀ ਵਾਲੀ ਸਾਈਡ.. ਆਹ ਮੇਰੀ ਬਾਂਹ ਵੀ ਦਰਦ ਕਰਦੀ ਆ..।”
ਮੈਂ ਆਖਿਆ, ”ਸਰ, ਬਾਂਹ ਦਾ ਦਰਦ ਕੋਟ ਨਾਲ ਤੇ ਨਹੀਂ ਹੁੰਦਾ..।”
ਉਹ ਬੋਲੇ, ”ਨਹੀਂ ਉਏ, ਬਾਂਹ ਦਾ ਦਰਦ ਵੱਖਰਾ ਹੁੰਦੈ.. ਮੈਨੂੰ ਤਾਂ ਕੋਟ ਦਾ ਦਰਦ ਈ ਮਹਿਸੂਸ ਹੋਈ ਜਾਂਦਾ..।”
”ਸਰ, ‘ਕਾਲੇ ਕੋਟ ਦਾ ਦਰਦ’.. ਹਾਂ.. ਸੱਚਮੁੱਚ ਤੁਸੀਂ ਠੀਕ ਹੀ ਕਿਹਾ.. ਇਸ ਦਾ ਵੀ ਦਰਦ ਐ ਸਰ.. ਇਹ ਦਰਦ ਹਾਲੇ ਨਹੀਂ.. ਤੁਹਾਨੂੰ ਦੇਰ ਬਾਅਦ ਮਹਿਸੂਸ ਹੋਵੇਗਾ, ਹਾਲੇ ਤਾਂ ਸ਼ੁਰੂਆਤ ਐ ਸਰ..।”
”ਤੂੰ ਵਿਦਵਾਨਾਂ ਵਾਲੀਆਂ ਗੱਲਾਂ ਕਰਨ ਲੱਗ ਪਿਆਂ ਓਏ.. ਚੱਲ ਹੁਣ ਚੱਲੀਏ ਕਚਹਿਰੀ..।” ਸਾਹਿਬ ਫਿੱਕਾ ਜਿਹਾ ਮੁਸਕਰਾਇਆ ਤੇ ਅਸੀਂ ਕਚਹਿਰੀ ਵੱਲ ਚੱਲ ਪਏ।[email protected]

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …