Breaking News
Home / Special Story / ਕਿਸਾਨਾਂ ਦੀ ਅਣਦੇਖੀ ਕਰ ਰਹੀ ਹੈ ਪੰਜਾਬ ਸਰਕਾਰ : ਬਲਬੀਰ ਸਿੰਘ ਰਾਜੇਵਾਲ

ਕਿਸਾਨਾਂ ਦੀ ਅਣਦੇਖੀ ਕਰ ਰਹੀ ਹੈ ਪੰਜਾਬ ਸਰਕਾਰ : ਬਲਬੀਰ ਸਿੰਘ ਰਾਜੇਵਾਲ

ਕਿਹਾ : ਡੀਏਪੀ ਖਾਦ ਦੀ ਸ਼ਰ੍ਹੇਆਮ ਹੋ ਰਹੀ ਹੈ ਕਾਲਾਬਾਜ਼ਾਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਰੜੇ ਹੱਥੀਂ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ‘ਚ ਕਿਸਾਨਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਡੀਏਪੀ ਖਾਦ ਦੀ ਸ਼ਰੇਆਮ ਕਾਲਾਬਾਜ਼ਾਰੀ ਹੋ ਰਹੀ ਹੈ। ਰਾਜੇਵਾਲ ਨੇ ਮੁੱਖ ਮੰਤਰੀ ਦੇ ਉਸ ਦਾਅਵੇ ਦੀ ਵੀ ਫੂਕ ਕੱਢ ਦਿੱਤੀ ਜਿਸ ‘ਚ ਚੰਨੀ ਨੇ ਖ਼ੁਦ ਦਾਅਵਾ ਕੀਤਾ ਸੀ ਕਿ ਉਹ ਆਮ ਪਬਲਿਕ ਦਾ ਅੱਧੀ ਰਾਤ ਨੂੰ ਵੀ ਫੋਨ ਚੁੱਕਦੇ ਹਨ।
ਰਾਜੇਵਾਲ ਨੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਮੁੱਖ ਮੰਤਰੀ ਨੂੰ ਫੋਨ ਕਰ ਰਹੇ ਹਨ ਪਰ ਚੰਨੀ ਫੋਨ ਨਹੀਂ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਚੰਨੀ ਨੂੰ ਖ਼ੁਦ ਲੋੜ ਹੁੰਦੀ ਹੈ ਤਾਂ ਉਦੋਂ ਫ਼ੋਨ ਕਰ ਲੈਂਦੇ ਹਨ ਪ੍ਰੰਤੂ ਜਦੋਂ ਕਿਸਾਨਾਂ ਨੂੰ ਸੰਕਟ ਵਿਚ ਲੋੜ ਪੈਂਦੀ ਹੈ ਤਾਂ ਉਹ ਅਣਦੇਖੀ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਵੀ ਇਹ ਆਖ ਛੱਡਦੇ ਹਨ ਕਿ ਗੱਲ ਕਰਾ ਦਿਆਂਗੇ ਪਰ ਹਾਲੇ ਤੱਕ ਗੱਲ ਨਹੀਂ ਹੋ ਸਕੀ ਹੈ। ਚੇਤੇ ਰਹੇ ਕਿ ਪਿਛਲੇ ਦਿਨਾਂ ਵਿਚ ਚੰਨੀ ਨੇ ਖ਼ੁਦ ਰਾਜੇਵਾਲ ਨੂੰ ਫ਼ੋਨ ਕੀਤਾ ਸੀ। ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖ਼ਰੀਦ ਕੇਂਦਰ ਬੰਦ ਕਰ ਦਿੱਤੇ ਹਨ ਜਦੋਂ ਕਿ 15 ਤੋਂ 20 ਫ਼ੀਸਦੀ ਝੋਨਾ ਹਾਲੇ ਵੀ ਖੇਤਾਂ ਵਿਚ ਖੜ੍ਹਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਮੰਡੀਆਂ ਵਿਚ ਫ਼ਸਲ ਦੇ ਅੰਬਾਰ ਲੱਗਦੇ ਹਨ ਤਾਂ ਉਹ ਸੜਕਾਂ ਜਾਮ ਕਰ ਦੇਣ। ਰਾਜੇਵਾਲ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੀ ਡੀਏਪੀ ਖਾਦ ਵਿਚ ਲੁੱਟ ਹੋ ਰਹੀ ਹੈ ਅਤੇ ਸਰਕਾਰ ਸਮੇਂ ਸਿਰ ਡੀਏਪੀ ਦਾ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ ਜਿਸ ਦੇ ਨਤੀਜੇ ਵਜੋਂ ਰਾਜ ਵਿਚ ਖਾਦ ਦੀ ਕਾਲਾਬਾਜ਼ਾਰੀ ਵਧ ਗਈ ਹੈ।
ਕਿਸਾਨਾਂ ਨੇ ਫਿਰੋਜ਼ਪੁਰ ‘ਚ ਹਰਸਿਮਰਤ ਦੇ ਕਾਫਲੇ ਦਾ ਕੀਤਾ ਡਟਵਾਂ ਵਿਰੋਧ
ਨੋਨੀ ਮਾਨ ਦੀ ਗੱਡੀ ਦੇ ਬੋਨਟ ‘ਤੇ ਚੜ੍ਹੇ ਕਿਸਾਨ; ਡਰਾਈਵਰ ਨੇ ਗੱਡੀ ਭਜਾਈ
ਫਿਰੋਜ਼ਪੁਰ/ਬਿਊਰੋ ਨਿਊਜ਼ : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਫਿਰੋਜ਼ਪੁਰ ਫੇਰੀ ਦੌਰਾਨ ਬੁੱਧਵਾਰ ਨੂੰ ਕਿਸਾਨ ਆਗੂਆਂ ਤੇ ਕਾਂਗਰਸ ਆਗੂਆਂ ਨੇ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤਾ। ਹਰਸਿਮਰਤ ਦਾ ਕਾਫ਼ਲਾ ਜਦ ਸ਼ਹਿਰ ਦੇ ਦੇਵ ਸਮਾਜ ਕਾਲਜ ਨੇੜਿਓਂ ਲੰਘਿਆ ਤਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਵਿਚ ਇਕੱਤਰ ਹੋਏ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵਰਦੇਵ ਸਿੰਘ ਨੋਨੀ ਮਾਨ ਦੀ ਫਾਰਚੂਨਰ ਗੱਡੀ ਰੋਕ ਲਈ। ਕੁਝ ਕਿਸਾਨ ਆਗੂ ਨੋਨੀ ਮਾਨ ਦੀ ਗੱਡੀ ਦੇ ਬੋਨਟ ‘ਤੇ ਚੜ੍ਹ ਗਏ ਪਰ ਗੱਡੀ ਚਾਲਕ ਨੇ ਗੱਡੀ ਭਜਾ ਲਈ। ਗੁੱਸੇ ‘ਚ ਆਏ ਕਿਸਾਨ ਆਗੂਆਂ ਨੇ ਗੱਡੀ ਨੂੰ ਘੇਰ ਲਿਆ।
ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਦਾ ਆਰੋਪ ਹੈ ਕਿ ਉਹ ਸ਼ਾਂਤਮਈ ਢੰਗ ਨਾਲ ਅਕਾਲੀ ਆਗੂਆਂ ਦਾ ਵਿਰੋਧ ਕਰ ਰਹੇ ਸਨ ਤੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੁਝ ਸਵਾਲ ਪੁੱਛਣਾ ਚਾਹੁੰਦੇ ਸਨ ਪਰ ਅਕਾਲੀ ਆਗੂਆਂ ਨੇ ਕਿਸਾਨਾਂ ‘ਤੇ ਗੱਡੀ ਚੜ੍ਹਾ ਕੇ ਉਨ੍ਹਾਂ ਨੂੰ ਦਰੜਨ ਦੀ ਕੋਸ਼ਿਸ਼ ਕੀਤੀ, ਕਿਸਾਨਾਂ ‘ਤੇ ਗੋਲੀਆਂ ਚਲਾਈਆਂ ਤੇ ਗੱਡੀ ਭਜਾ ਕੇ ਫਰਾਰ ਹੋ ਗਏ। ਸ਼ਹਿਰ ਦੇ ਮੱਖੂ ਗੇਟ ਇਲਾਕੇ ਵਿਚ ਵੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਰਸਿਮਰਤ ਬਾਦਲ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਛਾਉਣੀ ਵਿਚ ਇੱਕ ਥਾਂ ‘ਤੇ ਕਾਂਗਰਸ ਦੇ ਕੁਝ ਵਰਕਰਾਂ ਤੇ ਅਕਾਲੀਆਂ ਦਾ ਟਕਰਾਅ ਵੀ ਹੋਇਆ।
ਇਸ ਝਗੜੇ ਵਿਚ ਇੱਕ ਕਾਂਗਰਸ ਵਰਕਰ ਗੰਭੀਰ ਜ਼ਖ਼ਮੀ ਹੋਇਆ ਹੈ ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸੇ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੀ ਸ਼ਹਿ ਪ੍ਰਾਪਤ ਕਾਂਗਰਸੀ ਆਗੂਆਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਅਕਾਲੀ ਦਲ ਦੀ ਮੀਟਿੰਗ ਵਿਚ ਵਿਘਨ ਪਾਇਆ ਤੇ ਜੋਗਿੰਦਰ ਜਿੰਦੂ ਤੇ ਵਰਦੇਵ ਮਾਨ ਸਮੇਤ ਅਕਾਲੀ ਆਗੂਆਂ ‘ਤੇ ਹਮਲਾ ਕੀਤਾ ਤੇ ਗੋਲੀਆਂ ਚਲਾਈਆਂ। ਹਰਸਿਮਰਤ ਬਾਦਲ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਕਾਂਗਰਸੀ ਵਿਧਾਇਕ ਪਿੰਕੀ ਖਿਲਾਫ ਕੇਸ ਦਰਜ ਕੀਤਾ ਜਾਵੇ: ਹਰਸਿਮਰਤ
ਹਰਸਿਮਰਤ ਬਾਦਲ ਨੇ ਕਿਹਾ ਕਿ ਅਕਾਲੀ ਦਲ ਕੋਲ ਸਬੂਤ ਹੈ ਕਿ ਕਾਂਗਰਸੀ ਆਗੂਆਂ ਨੇ ਕਿਸਾਨਾਂ ਦਾ ਭੇਸ ਧਾਰ ਕੇ ਅਕਾਲੀ ਦਲ ਦੇ ਪ੍ਰੋਗਰਾਮ ਵਿਚ ਵਿਘਨ ਪਾਇਆ ਤੇ ਅਕਾਲੀ ਆਗੂਆਂ ‘ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਕੋਲ ਤਸਵੀਰਾਂ ਮੌਜੂਦਾ ਹਨ ਕਿ ਮਿਉਂਸਿਪਲ ਕੌਂਸਲ ਪ੍ਰਧਾਨ ਰਿੰਕੂ ਗਰੋਵਰ, ਕੌਂਸਲਰ ਪਰਮਿੰਦਰ ਹਾਂਡਾ ਤੇ ਮਾਰਕੀਟ ਕਮੇਟੀ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਵਿਰਕ, ਭਾਰਤੀ ਕਿਸਾਨ ਯੂਨੀਅਨ ਦੀ ਆੜ ਵਿਚ ਅਕਾਲੀਆਂ ਦੇ ਖਿਲਾਫ਼ ਰੋਸ ਵਿਖਾਵਾ ਕਰ ਰਹੇ ਸਨ। ਹਰਸਿਮਰਤ ਨੇ ਇਨ੍ਹਾਂ ਸਾਰੇ ਕਾਂਗਰਸੀ ਆਗੂਆਂ ਦੇ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਤੇ ਕਾਂਗਰਸੀ ਵਿਧਾਇਕ ਪਰਮਿੰਦਰ ਪਿੰਕੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਸੁਖਬੀਰ ਬਾਦਲ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਕਾਂਗਰਸੀ ਆਗੂਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਅਕਾਲੀ ਦਲ ਸੰਘਰਸ਼ ਕਰੇਗਾ।
ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਕੇਂਦਰੀ ਮੰਤਰੀ ਦੇ ਪੁੱਤਰ ਕੋਲੋਂ ਮਿਲੇ ਹਥਿਆਰ ‘ਚੋਂ ਗੋਲੀ ਚੱਲਣ ਦੀ ਹੋਈ ਪੁਸ਼ਟੀ
ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਗੋਲੀ ਕਿਸ ਦਿਨ ਚੱਲੀ
ਲਖੀਮਪੁਰ/ਬਿਊਰੋ ਨਿਊਜ਼ : ਇਕ ਫੌਰੈਂਸਿਕ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਹੋਰਾਂ ਕੋਲੋਂ ਲਖੀਮਪੁਰ ਹਿੰਸਾ ਮਗਰੋਂ ਜਿਹੜੇ ਹਥਿਆਰ ਮਿਲੇ ਸਨ, ਉਨ੍ਹਾਂ ‘ਚੋਂ ਗੋਲੀਆਂ ਚਲਾਈਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਮੁਜ਼ਾਹਰਾਕਾਰੀ ਕਿਸਾਨਾਂ ਨੇ ਆਰੋਪ ਲਾਇਆ ਸੀ ਕਿ ਆਸ਼ੀਸ਼ ਨੇ ਗੋਲੀ ਚਲਾਈ ਸੀ। ਫੌਰੈਂਸਿਕ ਸਾਇੰਸ ਲੈਬਾਰਟਰੀ ਨੇ ਭਾਵੇਂ ਪੁਸ਼ਟੀ ਕਰ ਦਿੱਤੀ ਹੈ ਕਿ ਹਥਿਆਰਾਂ ਵਿਚੋਂ ਗੋਲੀ ਚੱਲੀ ਸੀ ਪਰ ਇਹ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਕਿ ਗੋਲੀ ਹਿੰਸਾ ਵਾਲੇ ਦਿਨ ਹੀ ਚੱਲੀ ਸੀ ਜਾਂ ਕਿਸੇ ਹੋਰ ਦਿਨ। ਤਿੰਨ ਅਕਤੂਬਰ ਨੂੰ ਹੋਈ ਹਿੰਸਾ ਵਿਚ 8 ਵਿਅਕਤੀਆਂ ਦੀ ਜਾਨ ਚਲੇ ਗਈ ਸੀ। ਚਾਰ ਇਨ੍ਹਾਂ ਵਿਚੋਂ ਕਿਸਾਨ ਸਨ ਜਿਨ੍ਹਾਂ ਉਤੇ ਕਥਿਤ ਤੌਰ ‘ਤੇ ਭਾਜਪਾ ਵਰਕਰਾਂ ਨੇ ਗੱਡੀ ਚੜ੍ਹਾਈ ਸੀ।
ਲਖੀਮਪੁਰ ਖੀਰੀ ਹਿੰਸਾ ਤੋਂ ਬਾਅਦ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਮਿਸ਼ਰਾ ਦੀ ਇਕ ਰਾਈਫਲ ਸਣੇ ਚਾਰ ਹਥਿਆਰ ਪੁਲਿਸ ਨੇ ਜ਼ਬਤ ਕੀਤੇ ਸਨ। ਇਕ ਪਿਸਤੌਲ ਅੰਕਿਤ ਦਾਸ ਦਾ ਸੀ ਜੋ ਕਿ ਸਾਬਕਾ ਕੇਂਦਰੀ ਮੰਤਰੀ ਅਖਿਲੇਸ਼ ਦਾਸ ਦਾ ਭਤੀਜਾ ਹੈ। ਇਕ ਹੋਰ ਰਿਪੀਟਰ ਗੰਨ ਦਾਸ ਦੇ ਬਾਡੀਗਾਰਡ ਲਤੀਫ਼ ਕਾਲੇ ਕੋਲੋਂ ਮਿਲੀ ਸੀ। ਚੌਥੇ ਹਥਿਆਰ ਜੋ ਕਿ ਇਕ ਰਿਵਾਲਵਰ ਹੈ, ਦੀ ਰਿਪੋਰਟ ਅਜੇ ਆਉਣੀ ਹੈ। ਇਹ ਰਿਵਾਲਵਰ ਦਾਸ ਦੇ ਸਾਥੀ ਸੱਤਿਆ ਪ੍ਰਕਾਸ਼ ਕੋਲ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚਾਰ ਹਥਿਆਰ ਲੈਬ ਵਿਚ ਬੈਲਿਸਟਿਕ ਜਾਂਚ ਲਈ ਭੇਜੇ ਗਏ ਸਨ।
ਗੋਲੀ ਚੱਲਣ ਦੀ ਪੁਸ਼ਟੀ ਹੋਈ ਹੈ ਪਰ ਇਹ ਰਿਪੋਰਟ ਵਿਚ ਨਹੀਂ ਹੈ ਕਿ ਗੋਲੀ ਕਦ ਚੱਲੀ। ਵਿਸ਼ੇਸ਼ ਜਾਂਚ ਟੀਮ ਨੇ ਹਾਲੇ ਲੈਬ ਰਿਪੋਰਟ ਉਤੇ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਦਿੱਤੀ। ‘ਸਿਟ’ ਨੇ ਹੀ ਇਹ ਹਥਿਆਰ ਬਰਾਮਦ ਕਰਕੇ ਲੈਬ ਜਾਂਚ ਲਈ ਭੇਜੇ ਸਨ।
ਜਗਜੀਤ ਸਿੰਘ ਦੀ ਸ਼ਿਕਾਇਤ ਉਤੇ ਪੁਲਿਸ ਨੇ ਜਿਹੜੀ ਐਫਆਈਆਰ ਦਰਜ ਕੀਤੀ ਸੀ, ਉਸ ਵਿਚ ਕਿਹਾ ਗਿਆ ਹੈ ਕਿ ਪੂਰੇ ਘਟਨਾਕ੍ਰਮ ਦੀ ਯੋਜਨਾ ਅਗਾਊਂ ਬਣਾਈ ਗਈ ਸੀ ਤੇ ਮੰਤਰੀ ਅਤੇ ਉਸ ਦੇ ਪੁੱਤਰ ਨੇ ਸਾਜ਼ਿਸ਼ ਘੜੀ। ਐਫਆਈਆਰ ਮੁਤਾਬਕ ਕਿਸਾਨ ਤਿੰਨ ਅਕਤੂਬਰ ਨੂੰ ਆਸ਼ੀਸ਼ ਮਿਸ਼ਰਾ ਤੇ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੂੰ ਕਾਲੇ ਝੰਡੇ ਦਿਖਾਉਣ ਲਈ ਇਕੱਠੇ ਹੋਏ ਸਨ ਤੇ ਰੋਸ ਮੁਜ਼ਾਹਰਾ ਸ਼ਾਂਤੀਪੂਰਨ ਸੀ। ਦੁਪਹਿਰ ਬਾਅਦ ਕਰੀਬ ਤਿੰਨ ਵਜੇ ਆਸ਼ੀਸ਼ ਆਪਣੇ 15-20 ਹਥਿਆਰਾਂ ਨਾਲ ਲੈਸ ਬੰਦਿਆਂ ਨੂੰ ਲੈ ਕੇ ਪੁੱਜਾ। ਉਹ ਤਿੰਨ ਤੇਜ਼ ਰਫ਼ਤਾਰ ਗੱਡੀਆਂ ਵਿਚ ਆਏ ਤੇ ਕਿਸਾਨਾਂ ਨੂੰ ਦਰੜਿਆ। ਆਸ਼ੀਸ਼, ਜੋ ਕਿ ਥਾਰ ਜੀਪ ਦੀ ਖੱਬੀ ਸੀਟ ਉਤੇ ਬੈਠਾ ਸੀ, ਨੇ ਇਸ ਦੌਰਾਨ ਗੋਲੀ ਵੀ ਚਲਾਈ। ਐਫਆਈਆਰ ਮੁਤਾਬਕ ਆਸ਼ੀਸ਼ ਦੀ ਗੋਲੀ ਨਾਲ ਕਿਸਾਨ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ। ਜਦਕਿ ਗੁਰਵਿੰਦਰ ਦੇ ਦੋ ਵਾਰ ਕੀਤੇ ਗਏ ਪੋਸਟਮਾਰਟਮ ਵਿਚ ਗੋਲੀ ਨਾ ਲੱਗਣ ਦੀ ਰਿਪੋਰਟ ਹੀ ਦਿੱਤੀ ਗਈ ਹੈ।
ਮੇਰੇ ਭਰਾ ਦੀ ਮੌਤ ਗੱਡੀ ਹੇਠਾਂ ਆਉਣ ਕਾਰਨ ਹੀ ਹੋਈ : ਪਵਨ ਕਸ਼ਿਅਪ
ਲਖੀਮਪੁਰ ਖੀਰੀ ਹਿੰਸਾ ਵਿਚ ਮਾਰੇ ਗਏ ਪੱਤਰਕਾਰ ਰਮਨ ਕਸ਼ਿਅਪ ਦਾ ਭਰਾ ਪਵਨ ਕਸ਼ਿਅਪ ਅਦਾਲਤ ਚਲੇ ਗਿਆ ਹੈ ਤੇ ਉਸ ਨੇ 14 ਹੋਰ ਜਣਿਆਂ ਖਿਲਾਫ ਇਕ ਹੋਰ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਐਫਆਈਆਰ ਵਿਚ ਮੰਤਰੀ ਤੇ ਉਸ ਦੇ ਪੁੱਤਰ ਦਾ ਨਾਂ ਦਰਜ ਕਰਨ ਦੀ ਮੰਗ ਵੀ ਉਸ ਨੇ ਕੀਤੀ ਹੈ। ਉਸ ਨੇ ਇਹ ਐਫਆਈਆਰ ਸੀਆਰਪੀਸੀ ਦੀ ਧਾਰਾ 156(3) ਤਹਿਤ ਦਰਜ ਕਰਨ ਦੀ ਮੰਗ ਕੀਤੀ ਹੈ। ਪਵਨ ਨੇ ਆਰੋਪ ਲਾਇਆ ਸੀ ਕਿ ਉਸ ਦਾ ਪੱਤਰਕਾਰ ਭਰਾ ਤਿੰਨ ਅਕਤੂਬਰ ਨੂੰ ਤਿਕੁਨੀਆ ਗਿਆ ਸੀ ਪਰ ਇਕ ਤੇਜ਼ ਰਫ਼ਤਾਰ ਐੱਸਯੂਵੀ ਨੇ ਉਸ ਨੂੰ ਕੁਚਲ ਦਿੱਤਾ। ਉਸ ਨੇ ਦਾਅਵਾ ਕੀਤਾ ਕਿ ਐੱਸਆਈਟੀ ਨੇ ਸਪੱਸ਼ਟ ਕੀਤਾ ਹੈ ਕਿ ਉਸ ਦੇ ਭਰਾ ਦੀ ਮੌਤ ਕਾਰ ਵੱਲੋਂ ਕੁਚਲਣ ਕਾਰਨ ਹੋਈ ਹੈ। ਪਵਨ ਨੇ ਕਿਹਾ ਕਿ ਉਸਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਪਰ ਐਫਆਈਆਰ ਦਰਜ ਨਹੀਂ ਕੀਤੀ ਗਈ।
ਖੇਤੀ ਕਾਨੂੰਨਾਂ ਖਿਲਾਫ ਪੰਜਾਬ ‘ਚ ਟੌਲ ਪਲਾਜ਼ਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਰੋਸ ਪ੍ਰਦਰਸ਼ਨ ਜਾਰੀ
ਤੇਲ ਕੀਮਤਾਂ ‘ਚ ਕੀਤੀ ਗਈ ਕਟੌਤੀ ਨੂੰ ਦੱਸਿਆ ਨਿਗੂਣਾ
ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੂਬੇ ‘ਚ ਟੌਲ ਪਲਾਜ਼ਿਆਂ, ਰੇਲਵੇ ਪਾਰਕਾਂ, ਕਾਰਪੋਰੇਟ ਘਰਾਣਿਆਂ, ਪੈਟਰੋਲ ਪੰਪਾਂ, ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਸਣੇ 125 ਥਾਵਾਂ ‘ਤੇ ਰੋਸ ਪ੍ਰਦਰਸ਼ਨ ਜਾਰੀ ਹਨ।
ਸੰਘਰਸ਼ੀ ਅਖਾੜਿਆਂ ਤੋਂ ਵੱਡੀ ਗਿਣਤੀ ‘ਚ ਨੌਜਵਾਨ, ਬਜ਼ੁਰਗ ਅਤੇ ਬੀਬੀਆਂ ਨੇ ਸ਼ਮੂਲੀਅਤ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਚੱਲ ਰਹੇ ਅੰਦੋਲਨਾਂ ‘ਚ ਟਿਕਰੀ ਬਾਰਡਰ ‘ਤੇ ਸੜਕ ਹਾਦਸੇ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਖੇਤੀ ਕਾਨੂੰਨਾਂ ਰਾਹੀਂ ਦੇਸ਼ ਦੀ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਕਰੋਨਾ ਮਹਾਮਾਰੀ ਦੇ ਬਾਵਜੂਦ ਤੇਲ ਦੀਆਂ ਕੀਮਤਾਂ ‘ਚ ਲੋੜ ਨਾਲੋਂ ਵੱਧ ਵਾਧਾ ਕੀਤਾ। ਜਦੋਂ ਹੁਣ 5 ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਨੇੜੇ ਆ ਗਈਆਂ ਹਨ ਤਾਂ ਤੇਲ ਕੀਮਤਾਂ ‘ਚ ਨਿਗੂਣੀ ਕਟੌਤੀ ਕਰ ਰਹੀ ਹੈ।
ਅੰਦੋਲਨਾਂ ‘ਚ ਕਿਸਾਨ ਨੇਤਾਵਾਂ ਨੇ ਭਾਜਪਾ ਨੇਤਾ ਅਰਵਿੰਦ ਸ਼ਰਮਾ ਦੇ ਬਿਆਨ ਦਾ ਗੰਭੀਰ ਨੋਟਿਸ ਲਿਆ, ਜਿਸ ‘ਚ ਭਾਜਪਾ ਨੇਤਾਵਾਂ ਦਾ ਘਿਰਾਓ ਵਾਲਿਆਂ ਦੀਆਂ ਅੱਖਾਂ ਕੱਢ ਦੇਣ ਅਤੇ ਹੱਥ ਵੱਢ ਦੇਣ ਦੀ ਧਮਕੀ ਦਿੱਤੀ ਸੀ। ਕਿਸਾਨ ਆਗੂਆਂ ਨੇ ਭਾਜਪਾ ਆਗੂ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਭਾਜਪਾਈਆਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਭਵਿੱਖ ‘ਚ ਵੀ ਭਾਜਪਾ ਨੇਤਾਵਾਂ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ।

Check Also

ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਆਗੂਆਂ ਦਾ ਵਿਰੋਧ ਜਾਰੀ

ਭਾਜਪਾ ਉਮੀਦਵਾਰ ਪ੍ਰਨੀਤ ਕੌਰ ਖਿਲਾਫ ਡਟੇ ਕਿਸਾਨ ਪਟਿਆਲਾ : ਪਟਿਆਲਾ ਤੋਂ ਭਾਜਪਾ ਦੇ ਲੋਕ ਸਭਾ …