Breaking News
Home / Special Story / ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕਰਵਾਏ ਗਏ ਸਮਾਗਮਾਂ ਦਾ ਵੇਰਵਾ

ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕਰਵਾਏ ਗਏ ਸਮਾਗਮਾਂ ਦਾ ਵੇਰਵਾ

ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਇੱਕੋ ਉਦੇਸ਼, ‘ਬਚਾਓ ਤੇ ਸੰਭਾਲੋ : ਮਾਂ ਬੋਲੀ ਪੰਜਾਬੀ ਸਾਡੀ ਸ਼ਾਨ ਤੇ ਪਛਾਣ’
ਅੱਜ ਪੰਜਾਬੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵੱਸਦੇ ਹਨ। ਪੰਜਾਬੀ ਭਾਵੇਂ ਆਪਣੇ ਰੁਜ਼ਗਾਰ ਲਈ ਜਨਮ ਭੂਮੀ ਤੋਂ ਦੂਰ ਜਾਂਦਾ ਹੈ ਪਰ ਉਹ ਜਿੱਥੇ ਵੀ ਜਾਂਦਾ ਹੈ ਆਪਣੀ ਮਾਂ ਬੋਲੀ ਪੰਜਾਬੀ, ਪੰਜਾਬੀਅਤ, ਆਪਣੇ ਸੱਭਿਆਚਾਰ ਅਤੇ ਵਿਰਸੇ ਨੂੰ ਨਾਲ ਲੈ ਕੇ ਜਾਂਦਾ ਹੈ। ਪੰਜਾਬੀ ਭਾਵੇਂ ਕਿਤੇ ਵੀ ਵੱਸੇ ਪਰ ਆਪਣੇ ਪੰਜਾਬ ਤੋਂ ਕਦੇ ਵੀ ਦੂਰ ਨਹੀਂ ਹੋ ਸਕਦਾ। ਅੱਜ ਹਰੇਕ ਦੇਸ਼ ਵਿੱਚ ਵਸਦੇ ਪੰਜਾਬੀਆਂ ਨੇ ਪੰਜਾਬ, ਪੰਜਾਬੀ ਬੋਲੀ, ਪੰਜਾਬੀਅਤ ਅਤੇ ਆਪਣੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਬਹੁਤ ਸਾਰੀਆਂ ਛੋਟੀਆਂ-ਵੱਡੀਆਂ ਸੰਸਥਾਵਾਂ ਬਣਾਈਆਂ ਹਨ, ਜਿਨ੍ਹਾਂ ਦਾ ਮਕਸਦ ਵਿਸ਼ਵ ਭਰ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਵਿਰਾਸਤ ਨੂੰ ਸੰਭਾਲਣ ਅਤੇ ਪ੍ਰਫੁੱਲਿਤ ਕਰਨ ਲਈ ਬਹੁਤ ਸਾਰੇ ਕਾਰਜ ਕੀਤੇ ਜਾ ਰਹੇ ਹਨ। ਡਾ. ਦਲਬੀਰ ਸਿੰਘ ਕਥੂਰੀਆ ਜੀ ਦਾ ਕਹਿਣਾ ਹੈ ਕਿ ਇੱਕ ਲੰਮੇ ਅਰਸੇ ਤੋਂ ਕੈਨੇਡਾ ਵਿੱਚ ਰਹਿੰਦੇ ਹੋਏ ਜਿੰਨਾ ਹੋ ਸਕਿਆ ਆਪਣੇ ਵਿਰਸੇ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਵੱਖ-ਵੱਖ ਸੰਸਥਾਵਾਂ ਨਾਲ ਜੁੜ ਕੇ ਕੰਮ ਕੀਤਾ ਹੈ। ਪਿਛਲੇ ਕਈ ਸਾਲਾਂ ਤੋਂ ਵਿਸ਼ਵ ਪੰਜਾਬੀ ਸੰਮੇਲਨ, ਸੈਮੀਨਾਰ, ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਦਸਤਾਰ ਸਜਾਉਣ ਮੁਕਾਬਲੇ ਅਤੇ ਹੋਰ ਕਈ ਸਮਾਗਮਾਂ ਰਾਹੀਂ ਸੇਵਾ ਕਰ ਰਹੇ ਹਨ। ਇਸ ਸੇਵਾ ਭਾਵਨਾ ਕਾਰਨ ਹੀ ਜਨਵਰੀ 2023 ਵਿੱਚ ‘ਵਿਸ਼ਵ ਪੰਜਾਬੀ ਸਭਾ (ਰਜਿ:) ਕੈਨੇਡਾ’ ਦੇ ਨਾਂ ਹੇਠਾਂ ਇੱਕ ਰਜਿਸਟਰਡ ਸੰਸਥਾ ਸ਼ੁਰੂ ਕੀਤੀ ਗਈ ਹੈ। ਜਿਸਦੀ ਸ਼ੁਰੂਆਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਵਿਖੇ ਨਤਮਸਤਕ ਹੋ ਕੇ ਡਾ. ਦਲਬੀਰ ਸਿੰਘ ਕਥੂਰੀਆ ਜੀ ਨੇ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ। ਇਸ ਸੰਸਥਾ ਦਾ ਮੁੱਖ ਮੰਤਵ ਸਾਡੀ ਨਵੀਂ ਪਨੀਰੀ (ਛੋਟੇ ਬੱਚਿਆਂ), ਨੌਜਵਾਨ ਪੀੜ੍ਹੀ ਨੂੰ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਹੈ। ਜਿਸ ਲਈ ਇਸ ਸੰਸਥਾ ਦੇ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵਚਨਵੱਧ ਹਨ ਤੇ ਇੱਕਜੁੱਟ ਹੋ ਕੇ ਸਾਰਥਕ ਕੰਮ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਕਿਉਂਕਿ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ। ਜੋ ਵੀ ਕੋਈ ਆਪਣੀ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਦਾ ਮੁੱਦਈ ਹੈ ਉਸਦਾ ਇਸ ਸੰਸਥਾ ਵੱਲੋਂ ਖੁੱਲ੍ਹੇ ਦਿਲ ਨਾਲ ਸਵਾਗਤ ਹੈ ਤਾਂ ਕਿ ਉਹ ਇਸ ਸੰਸਥਾ ਨਾਲ ਜੁੜ ਕੇ ਕਾਰਜ ਕਰ ਸਕੇ। ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਸਮੁੱਚੀ ਟੀਮ ਜਿਸ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਸਰਪ੍ਰਸਤ ਇੰਦਰਜੀਤ ਸਿੰਘ ਬੱਲ, ਸਰਪ੍ਰਸਤ ਡਾ. ਸ਼ਵਿੰਦਰ ਸਿੰਘ ਗਿੱਲ (ਸਾਬਕਾ ਵਾਈਸ ਚਾਂਸਲਰ), ਸਰਪ੍ਰਸਤ ਪ੍ਰੋ. ਗੁਰਭਜਨ ਗਿੱਲ, ਪ੍ਰਧਾਨ ਡਾ. ਸੋਹਣ ਸਿੰਘ ਪਰਮਾਰ, ਸੀਨੀਅਰ ਮੀਤ ਪ੍ਰਧਾਨ ਬੇਅੰਤ ਸਿੰਘ ਧਾਲੀਵਾਲ, ਜਨਰਲ ਸਕੱਤਰ ਸ. ਪਰਮਜੀਤ ਸਿੰਘ ਬਿਰਦੀ, ਮੀਤ ਜਨਰਲ ਸਕੱਤਰ ਸ. ਹਰਜੀ ਬਾਜਵਾ, ਸ. ਧਿਆਨ ਸਿੰਘ ਮਿਗਲਾਨੀ, ਸ. ਜਗਜੀਤ ਸਿੰਘ ਅਰੋੜਾ, ਵੂਮੈਨ ਵਿੰਗ ਦੇ ਪ੍ਰਧਾਨ ਸੁੰਦਰ ਪਾਲ ਰਾਜਾਸਾਂਸੀ, ਬਰੈਂਡ ਅੰਬੈਸਡਰ ਸ੍ਰੀ ਬਾਲ ਮੁਕੰਦ ਸ਼ਰਮਾ, ਮੁੱਖ ਸਲਾਹਕਾਰ ਡਾ. ਗੁਰਪ੍ਰੀਤ ਕੌਰ, ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਅਤੇ ਸਮੁੱਚੀ ਟੀਮ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪਾਕਿਸਤਾਨ ਪ੍ਰਧਾਨ ਡਾ. ਅਫ਼ਜ਼ਲ ਰਾਜ ਅਤੇ ਸਮੁੱਚੀ ਟੀਮ, ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਦੁਬਈ ਪ੍ਰਧਾਨ ਸ. ਸਤਿੰਦਰ ਸਿੰਘ ਹੁੰਦਲ ਅਤੇ ਸਮੁੱਚੀ ਟੀਮ ਵੱਲੋਂ ਸ਼ਲਾਘਾਯੋਗ ਕੰਮ ਕੀਤੇ ਜਾ ਰਹੇ ਹਨ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਕਰਵਾਏ ਸਮਾਗਮਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ 23.03.2023 ਨੂੰ ਰਾਏਕੋਟ ਤੋਂ 23 ਮਾਰਚ ਦੇ ਕੌਮੀ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਅਤੇ ਪੰਜਾਬੀ ਸਾਹਿਤ ਦੇ ਨਾਮਵਰ ਸ਼ਾਇਰ ਪਾਸ਼ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਰਪ੍ਰਸਤ ਡਾ. ਸ਼ਵਿੰਦਰ ਸਿੰਘ ਗਿੱਲ (ਸਾਬਕਾ ਵਾਈਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ, ਫਰੀਦਕੋਟ) ਵੱਲੋਂ ਕੀਤੀ ਗਈ। ਇਸ ਸ਼ਰਧਾਂਜਲੀ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ਾਂ ਤੋਂ ਨਾਮਵਰ ਲੇਖਕ, ਸਮਾਜ ਸੇਵੀ, ਕਲਾਕਾਰ, ਬੁੱਧੀਜੀਵੀ ਤੇ ਰਾਜਨੀਤਕ ਆਗੂਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਟੋਰਾਂਟੋ (ਕੈਨੇਡਾ) ਤੋਂ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਫੋਨ ਕਾਲ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਕੌਮੀ ਨਾਇਕਾਂ ਦੇ ਵਿਚਾਰਾਂ ਨੂੰ ਗ੍ਰਹਿਣ ਕਰਨ ਦਾ ਸੰਦੇਸ਼ ਦਿੱਤਾ ਤਾਂ ਜੋ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਮਾਰਕਫੈੱਡ ਦੇ ਸਾਬਕਾ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਸ਼੍ਰੀ ਬਾਲ ਮੁਕੰਦ ਸ਼ਰਮਾ (ਵਿਸ਼ਵ ਪ੍ਰਸਿੱਧ ਕਮੇਡੀਅਨ ਕਲਾਕਾਰ), ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ, ਕੇਂਦਰੀ ਲੁਧਿਆਣਾ ਤੋਂ ਆਪ ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਸਾਈਂ ਮੀਆਂ ਮੀਰ ਹੰਬਲ ਫਾਊਂਡੇਸ਼ਨ ਕੈਨੇਡਾ ਦੇ ਸਰਪ੍ਰਸਤ ਮੈਡਮ ਸੁੰਦਰਪਾਲ ਰਾਜਾਸਾਂਸੀ, ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਇੰਗਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਸ਼ਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਾਨੂੰ ਸਰਦਾਰ ਭਗਤ ਸਿੰਘ ਦੀ ਬਜਾਏ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਪੜ੍ਹਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਦੇਸ਼ ਦੇ ਹਲਾਤ ਉਹੀ ਹਨ ਜੋ ਅੰਗਰੇਜ਼ੀ ਹਕੂਮਤ ਸਮੇਂ ਸਨ ਬਸ ਫ਼ਰਕ ਇਹ ਹੈ ਕਿ ਪਹਿਲਾਂ ਹਿੰਦੂ ਮੁਸਲਮਾਨ ਨੂੰ ਫਿਰਕਾਪ੍ਰਸਤੀ ਦਾ ਸ਼ਿਕਾਰ ਹੋਣਾ ਪਿਆ ਸੀ ਅੱਜ ਹਿੰਦੂ ਸਿੱਖਾਂ ਵਿਚਾਲੇ ਫਿਰਕੂ ਪ੍ਰਚਾਰ ਕੀਤਾ ਜਾ ਰਿਹਾ ਹੈ। ਜੋਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਾਨੀਕਾਰਕ ਹੈ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਸਮਾਗਮ ਵਿੱਚ ਸ਼ਾਮਲ ਸਾਰੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਅਤੇ ਧੰਨਵਾਦੀ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੇ ਮਿਲ ਕੇ ਸ਼ਹੀਦਾਂ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਹੈ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਆਪਣੇ ਦੇਸ਼ ਦੇ ਕੌਮੀ ਨਾਇਕਾਂ ਦੀ ਵਿਚਾਰਧਾਰਾ ਨਾਲ ਜੋੜਿਆ ਜਾ ਸਕੇ। ਅੱਜ ਸਾਡੀ ਨੌਜਵਾਨ ਪੀੜ੍ਹੀ ਵਿਚਾਰਧਾਰਾ ਪੱਖੋਂ ਦਿਸ਼ਾ ਹੀਣ ਹੋ ਕੇ ਬਾਹਰਲੇ ਦੇਸ਼ਾਂ ਵੱਲ ਭੱਜ ਰਹੀ ਹੈ ਜਿਸ ਦੇ ਸਿੱਟੇ ਆਉਣ ਵਾਲੇ ਭਵਿੱਖ ਵਿੱਚ ਖ਼ਤਰਨਾਕ ਸਾਬਤ ਹੋਣਗੇ। ਸਮਾਗਮ ਵਿੱਚ ਸ਼ਹੀਦਾਂ ਨੂੰ ਸਮਰਪਿਤ ਗੀਤ ਕਵਿਤਾਵਾਂ ਅਤੇ ਵਿਚਾਰ ਚਰਚਾ ਰਾਹੀਂ ਯਾਦ ਕੀਤਾ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨੂੰ ਬੂਟੇ ਅਤੇ ਬਾਲ ਸਾਹਿਤ ਵੀ ਵੰਡਿਆ ਗਿਆ।
‘ਵਰਲਡ ਹੈਰੀਟੇਜ ਡੇ’ ਉੱਤੇ ਦਸਤਾਰ ਮੁਕਾਬਲੇ ਕਰਵਾਏ ਗਏ (ਰਾਏਕੋਟ 18 ਅਪ੍ਰੈਲ 2023) : ਅੰਤਰਰਾਸ਼ਟਰੀ ਵਿਰਾਸਤ ਦਿਵਸ ਮੌਕੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਪ੍ਰੋਫੈਸਰ ਗੁਰਭਜਨ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੀ ਦੇਖ-ਰੇਖ ਹੇਠਾਂ ਪੰਜਾਬੀ ਲੋਕ ਉਤਸਵ ਪਿੰਡ ਬੱਸੀਆਂ ਰਾਏਕੋਟ ਵਿਖੇ ਮਹਾਰਾਜਾ ਦਲੀਪ ਸਿੰਘ ਯਾਦਗਾਰ ਕੋਠੀ ਵਿੱਚ ਕਰਵਾਇਆ ਗਿਆ। ਜਿਸ ਦੌਰਾਨ ਵਿਸ਼ਵ ਪੰਜਾਬੀ ਸਭਾ ਵੱਲੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਸਹਿਯੋਗ ਨਾਲ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਦੱਸਿਆ ਅਜੋਕੇ ਸਮੇਂ ਦੌਰਾਨ ਨੌਜਵਾਨ ਪੀੜ੍ਹੀ ਜੋ ਕਿ ਦਸਤਾਰ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨਾਂ ਬੱਚਿਆਂ ਨੂੰ ਆਪਣੇ ਵਿਰਸੇ ਸੰਬੰਧੀ ਜਾਣਕਾਰੀ ਦੇਣ ਲਈ ਇਹ ਸਮਾਗਮ ਉਲੀਕਿਆ ਗਿਆ ਤਾਂ ਜੋ ਬੱਚਿਆਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਿਆ ਜਾ ਸਕੇ। ਲੋਕ ਵਿਰਾਸਤ ਮੇਲੇ ਵਿੱਚ ਲੋਕ ਗੀਤ, ਲੋਕ ਸਾਜ਼ ਅਤੇ ਗਤਕਾ ਟੀਮਾਂ ਨੇ ਵੀ ਭਾਗ ਲਿਆ। ਦਸਤਾਰ ਮੁਕਾਬਲੇ ਵਿੱਚ ਸੈਂਕੜੇ ਬੱਚਿਆਂ ਨੇ ਭਾਗ ਲਿਆ। ਜੇਤੂ ਬੱਚਿਆਂ ਨੂੰ ਹਜ਼ਾਰਾਂ ਦੇ ਨਗਦ ਇਨਾਮ ਤੇ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ, ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਜੇਤੂ ਬੱਚਿਆਂ ਲਈ ਵਧਾਈ ਸੰਦੇਸ਼ ਵੀ ਭੇਜਿਆ ਗਿਆ।
ਟੋਰਾਂਟੋ ਕੈਨੇਡਾ ਵਿਖੇ 23 ਅਪ੍ਰੈਲ 2023 ਨੂੰ ਵਿਸ਼ਵ ਪੰਜਾਬੀ ਸਭਾ ਵੱਲੋਂ ਖ਼ਾਲਸਾ ਦਿਵਸ ਨੂੰ ਸਮਰਪਿਤ ਦਸਤਾਰ ਸਜਾਓ ਮੁਕਾਬਲੇ ਗੁਰੂਦੁਆਰਾ ਦਸ਼ਮੇਸ਼ ਦਰਬਾਰ ਸਾਹਿਬ, ਬਰੈਂਪਟਨ ਵਿਖੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ। ਨਗਦੀ ਇਨਾਮ ਤੋਂ ਇਲਾਵਾ ਜੇਤੂਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਟਰਾਫੀਆਂ ਅਤੇ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਨਾਂ ਵਾਲੀਆਂ ਟੀ-ਸ਼ਰਟਾਂ ਵੀ ਵੰਡੀਆਂ ਗਈਆਂ। ਵਿਦਿਆਰਥੀਆਂ ਕੋਲੋਂ ਮੂਲ ਮੰਤਰ, ਗੁਰੂ ਸਾਹਿਬਾਨ ਦੀ ਸੰਖੇਪ ਜੀਵਨੀ, ਚਾਰ ਸਾਹਿਬਜਾਦਿਆਂ, ਪੰਜਾਂ ਪਿਆਰਿਆਂ ਦੇ ਨਾਮ ਪੁੱਛੇ ਗਏ ਅਤੇ ਊੜਾ ਐੜਾ ਵੀ ਸੁਣਿਆ ਗਿਆ। ਇਸ ਮੌਕੇ ‘ਤੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਸਰਪ੍ਰਸਤ ਇੰਦਰਜੀਤ ਸਿੰਘ ਬੱਲ, ਪ੍ਰਧਾਨ ਸ. ਰਵਿੰਦਰ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਸ. ਬੇਅੰਤ ਸਿੰਘ ਧਾਲੀਵਾਲ, ਜਨਰਲ ਸਕੱਤਰ ਪਰਮਜੀਤ ਸਿੰਘ ਬਿਰਦੀ, ਮੀਤ ਜਨਰਲ ਸਕੱਤਰ ਹਰਜੀ ਬਾਜਵਾ, ਸ. ਧਿਆਨ ਸਿੰਘ ਮਿਗਲਾਨੀ, ਸ. ਜਗਜੀਤ ਸਿੰਘ ਅਰੋੜਾ, ਸੁਖਵਿੰਦਰ ਸਿੰਘ ਰਟੌਲ ਅਤੇ ਸੰਗਤ ਨੇ ਹਾਜ਼ਰੀ ਲਗਵਾਈ।
ਪੰਜਾਬ ਪੱਧਰੀ ਸਮਾਗਮ (29 ਅਪ੍ਰੈਲ.2023) : ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਵਿਸ਼ਵ ਪੰਜਾਬੀ ਸਭਾ ਰਜਿ. ਕੈਨੇਡਾ ਵੱਲੋਂ ਪੰਜਾਬ ਪੱਧਰੀ ਸਮਾਗਮ (29 ਅਪ੍ਰੈਲ.2023) ਐੱਮ. ਐੱਸ. ਫਾਰਮ ਐਂਡ ਰਿਜ਼ਾਰਟ, ਨੇੜੇ ਲੈਦਰ ਕੰਪਲੈਕਸ, ਕਪੂਰਥਲਾ-ਜਲੰਧਰ ਰੋਡ ‘ਤੇ ਸਥਿਤ ਜਲੰਧਰ ਵਿਖੇ ਕਰਵਾਇਆ ਗਿਆ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਦੱਸਿਆ ਕਿ ਸਮਾਗਮ ਵਿੱਚ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਉੱਚ ਕੋਟੀ ਦੇ ਵਿਦਵਾਨ, ਸ਼ਾਇਰ, ਢਾਡੀ ਤੇ ਆਗੂ ਬੁਲਾਰੇ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸ਼ਬਦ ਗਾਇਨ, ਲੋਕ ਗੀਤ, ਲੋਕ ਸਾਜ਼, ਵਿਰਾਸਤੀ ਲੋਕ ਸੰਗੀਤ ਦੀ ਪੇਸ਼ਕਾਰੀ ਕੀਤੀ ਗਈ। ਸਮਾਗਮ ਵਿੱਚ ਉਚੇਚੇ ਤੌਰ ‘ਤੇ ਕਨੇਡਾ ਤੋਂ ਪਹੁੰਚੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲ਼ੋਂ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਅਤੇ ਦਸਤਾਰ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਦਸਤਾਰ ਮੁਕਾਬਲੇ ਅਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ। ਜਿਸ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ- ਜੂਨੀਅਰ ਵਰਗ ਵਿੱਚ 6 ਸਾਲ ਤੋਂ 12 ਸਾਲ ਤੇ ਸੀਨੀਅਰ ਵਰਗ ਵਿੱਚ 13 ਤੋਂ 20 ਸਾਲ ਤੱਕ ਦੇ ਬੱਚਿਆਂ ਨੇ ਭਾਗ ਲਿਆ। ਜੇਤੂ ਬੱਚਿਆਂ ਨੂੰ ਹਜ਼ਾਰਾਂ ਦੇ ਨਗਦ ਇਨਾਮ ਤੇ ਪ੍ਰਸ਼ੰਸਾ ਪੱਤਰ ਅਤੇ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਸੰਪਾਦਿਤ ਦੋ ਪੁਸਤਕਾਂ ‘ਪੰਜਾਬੀ ਭਾਸ਼ਾ ਅਤੇ ਸੱਭਿਆਚਾਰ’, ‘ਪੰਜਾਬੀ ਭਾਸ਼ਾ ਅਤੇ ਵਿਰਸਾ’ ਵੀ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੀ ਪ੍ਰਧਾਨਗੀ ਡਾ. ਸ਼ਵਿੰਦਰ ਸਿੰਘ ਗਿੱਲ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆਪ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਸ. ਮੰਗਲ ਸਿੰਘ ਬਾਸੀ ਚੇਅਰਮੈਨ ਐਗਰੋ ਪੰਜਾਬ, ਸ. ਬਲਜੀਤ ਸਿੰਘ ਯੂ.ਐੱਸ.ਏ, ਸ਼੍ਰੀ ਦੀਪਕ ਬਾਲੀ, ਸ਼੍ਰੀ ਬਾਲ ਮੁਕੰਦ ਸ਼ਰਮਾ, ਡਾ ਗੁਰਪ੍ਰੀਤ ਕੌਰ, ਡਾ ਨਿਰਮਲ ਜੌੜਾ, ਪ੍ਰੋ. ਗੁਰਭਜਨ ਗਿੱਲ, ਡਾ. ਆਸਾ ਸਿੰਘ ਘੁੰਮਣ, ਸੰਧੂ ਵਰਿਆਣਵੀਂ, ਸ਼ਾਇਰ ਗੁਰਦੀਪ ਸਿੰਘ ਔਲਖ, ਸ. ਕੰਵਲਜੀਤ ਸਿੰਘ ਲੱਕੀ ਲੁਧਿਆਣਾ, ਸ. ਨਵਤੇਜ ਸਿੰਘ ਮੰਡੇਰ, ਸ਼੍ਰੀ ਜਗਦੀਸ਼ ਰਾਣਾ, ਡਾ. ਉਮੇ ਐਮਨ, ਡਾ. ਸਤਿੰਦਰ ਕੌਰ ਬੁੱਟਰ ਪ੍ਰਧਾਨ ਓਐੱਫਸੀ, ਸ. ਗੁਰਸੇਵਕ ਸਿੰਘ ਕਾਲੜਾ, ਸ. ਅਮਰਜੋਤ ਸਿੰਘ ਕਾਲੜਾ, ਸ. ਜਸਪਾਲ ਸਿੰਘ ਕਥੂਰੀਆ ਤੋਂ ਇਲਾਵਾ ਲੇਖਕਾਂ ਅਤੇ ਬੁੱਧੀਜੀਵੀ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ।
ਲਹਿੰਦੇ ਪੰਜਾਬ ਪਾਕਿਸਤਾਨ ਦੀ ਦੋ ਰੋਜ਼ਾ ਫੇਰੀ : ਡਾ. ਦਲਬੀਰ ਸਿੰਘ ਕਥੂਰੀਆ 30 ਅਪ੍ਰੈਲ 2023 ਨੂੰ ਵਾਹਗਾ ਬਾਰਡਰ ਤੋਂ ਹੁੰਦੇ ਹੋਏ ਲਾਹੌਰ ਅਤੇ ਗੁਜਰਾਤ ਲਈ ਦੋ ਦਿਨਾਂ ਲਈ ਲਹਿੰਦੇ ਪੰਜਾਬ ਪਾਕਿਸਤਾਨ ਦੀ ਫੇਰੀ ਦੌਰਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪਾਕਿਸਤਾਨ ਪ੍ਰਧਾਨ ਡਾ ਅਫ਼ਜ਼ਲ ਰਾਜ ਵੱਲੋਂ ਉਲੀਕੇ ਗਏ ਸਮਾਗਮਾਂ ਵਿੱਚ ਸਮੂਲੀਅਤ ਕਰਨ ਲਈ ਉਚੇਚੇ ਤੌਰ ਉੱਤੇ ਪਹੁੰਚੇ। ਉਹਨਾਂ ਨੇ ਉੱਥੇ ਮਾਤ ਭਾਸ਼ਾ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਸਬੰਧੀ ਵਿਸ਼ੇਸ਼ ਸੈਮੀਨਾਰ ਅਤੇ ਸਮਾਗਮ ਵਿੱਚ ਹਾਜ਼ਰੀ ਭਰਦਿਆਂ ਅਨੇਕਾਂ ਬੁੱਧੀਜੀਵੀ ਸਾਹਿਤਕਾਰਾਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਨਾਲ ਰਾਬਤਾ ਕਾਇਮ ਕੀਤਾ ਤਾਂ ਜੋ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਉੱਥੇ ਹੋ ਰਹੇ ਕਾਰਜਾਂ ਵਿੱਚ ਵਧ ਚੜ੍ਹ ਕੇ ਹਿੱਸਾ ਪਾ ਸਕੇ। ਡਾ. ਕਲਿਆਣ ਸਿੰਘ ਵੱਲੋਂ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਅਤੇ ਗੁਰਮੁਖੀ ਅਤੇ ਸ਼ਾਹਮੁਖੀ ਵਿੱਚ ਚੰਗੇ ਸਾਹਿਤ ਦਾ ਤਰਜਮਾ ਕਰਕੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਪਾਠਕਾਂ ਦੀ ਆਪਸੀ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਮਾਗਮ ਦੌਰਾਨ ਡਾ. ਦਲਬੀਰ ਸਿੰਘ ਕਥੂਰੀਆ ਵੱਲੋਂ ਅਨੇਕਾਂ ਸ਼ਖ਼ਸੀਅਤਾਂ ਅਤੇ ਬੁੱਧੀਜੀਵੀ ਸਾਹਿਤਕਾਰਾਂ ਨਾਲ ਮਿਲ ਕੇ ਭਵਿੱਖ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਲਈ ਕਾਰਜ ਕਰਨ ਸਬੰਧੀ ਮੀਟਿੰਗਾਂ ਕੀਤੀਆਂ ਗਈਆਂ।
ਮਾਲੇਰਕੋਟਲਾ 13 ਮਈ 2023 ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਪੰਜਾਬੀ ਸਭਾ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਪੂਰੇ ਵਿਸ਼ਵ ਵਿਚ ਸਮਾਗਮ ਕਰਵਾਏ ਜਾ ਰਹੇ ਹਨ ਜਿਸ ਲੜੀ ਤਹਿਤ ਮਾਂ ਦਿਵਸ ਨੂੰ ਸਮਰਪਿਤ ਅਮਨ ਵਾਟੀਕਾ ਹਾਈ ਸਕੂਲ, ਮਾਲੇਰਕੋਟਲਾ ਵਿਖੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਭਾਰਤ ਦੇ ਪ੍ਰਧਾਨ ਲੈਕਚਰਾਰ ਮੈਡਮ ਬਲਬੀਰ ਕੌਰ ਰਾਏਕੋਟੀ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਕਵਿਤਾ ਤੇ ਗੀਤ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪ੍ਰਸ਼ੰਸਾ ਪੱਤਰ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਤੇ ਜਰਨਲ ਸਕੱਤਰ ਮਹੁੰਮਦ ਕਾਸ਼ਿਫ ਨੂੰ ਲਗਾਇਆ ਗਿਆ। ਸਕੂਲ ਪ੍ਰਿੰਸੀਪਲ ਨੀਲਮ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਮਾਂ ਦਿਵਸ 14 ਮਈ , 2023 ਮਨਾਇਆ : ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਜੀ ਅਤੇ ਪ੍ਰਧਾਨ (ਭਾਰਤ) ਲੈਕਚਰਾਰ ਬਲਬੀਰ ਕੌਰ ਰਾਏਕੋਟੀ, ਬਰੈਂਡ ਅੰਬੈਂਸਡਰ ਸ੍ਰੀ ਬਾਲ ਮੁਕੰਦ ਸ਼ਰਮਾ ਅਤੇ ਮੁੱਖ ਸਲਾਹਕਾਰ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਤੋਂ ਰਾਜਵੀਰ ਜੰਨਤ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਦੂਸਰਾ ਆਨਲਾਈਨ ਸਮਾਗਮ ‘ਮਾਂ ਦਿਵਸ’ ਨੂੰ ਸਮਰਪਿਤ ਕਰਵਾਇਆ ਗਿਆ। ਜਿਸ ਵਿੱਚ ਮਹਿਫਿਲ-ਏ-ਚਿਰਾਗ ਪਦਮਸ਼੍ਰੀ ਪੂਰਨ ਚੰਦ ਵਡਾਲੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਕਰਤ ਕੀਤੀ ਅਤੇ ਡਾ. ਸ਼ਵਿੰਦਰ ਸਿੰਘ ਗਿੱਲ, ਸ. ਚਰਨਜੀਤ ਸਿੰਘ ਬਾਠ ਅਮਰੀਕਾ, ਸ. ਬਲਜੀਤ ਸਿੰਘ ਅਮਰੀਕਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਜ਼ਿਲ੍ਹਾ ਪ੍ਰਧਾਨ ਰਾਜਵੀਰ ਜੰਨਤ ਨੇ ਬੜੀ ਮਿਹਨਤ ਅਤੇ ਲਗਨ ਨਾਲ ਇਹ ਸਮਾਗਮ ਜੋ ਕਿ ‘ਇਕ ਸ਼ਾਮ ਮਾਵਾਂ ਦੇ ਨਾਮ’ ਮਾਂ ਦਿਵਸ ਨੂੰ ਸਮਰਪਿਤ ਕਰਵਾਇਆ ਹੈ। ਜ਼ੂਮ ਐਪ ਰਾਹੀਂ ਉੱਘੇ ਸੂਫ਼ੀ ਗਾਇਕ ਪਦਮਸ਼੍ਰੀ ਪੂਰਨ ਚੰਦ ਵਡਾਲੀ ਜੀ ਵੱਲੋਂ ਆਪਣੇ ਗੀਤਾਂ ਦੀ ਪੇਸ਼ਕਾਰੀ ਕੀਤੀ ਅਤੇ ਨਾਲ ਹੀ ਸਮੁੱਚੀ ਟੀਮ ਦੀ ਇਸ ਉੱਦਮ ਲਈ ਪ੍ਰਸ਼ੰਸਾ ਵੀ ਕੀਤੀ। ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਸ੍ਰੀਮਤੀ ਸੁੰਦਰਪਾਲ ਰਾਜਾਸਾਂਸੀ, ਮਾਤਾ ਗੁਰਬਚਨ ਕੌਰ, ਡਾ.ਜਸਪਾਲ ਕੌਰ ਕਾਂਗ, ਸ੍ਰੀਮਤੀ ਸੰਤੌਖ ਕੌਰ, ਸ੍ਰੀਮਤੀ ਗੁਨਿੰਦਜੀਤ ਕੌਰ, ਸ੍ਰੀਮਤੀ ਕੰਚਨ ਸ਼ਰਮਾ, ਡਾ. ਗੁਰਪ੍ਰੀਤ ਕੌਰ, ਸ੍ਰੀਮਤੀ ਧੰਨ ਕੌਰ ਵਡਾਲੀ ਅਤੇ ਸ੍ਰੀਮਤੀ ਸ਼ਮਸ਼ੇਰ ਕੌਰ ਬਾਠ ਸਮੇਤ ਆਦਰਸ਼ਕ ਮਾਂ ਅਵਾਰਡ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ. ਦਲਬੀਰ ਸਿੰਘ ਕਥੂਰੀਆ ਜੀ ਨੇ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ 15 ਮਈ 2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਲੌਗੋਂਵਾਲ (ਜ਼ਿਲ੍ਹਾ ਸੰਗਰੂਰ) ਨੂੰ ਵਾਟਰ ਕੂਲਰ ਭੇਂਟ ਕੀਤਾ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਚੇਅਰਮੈਨ ਡਾ.ਦਲਬੀਰ ਸਿੰਘ ਕਥੂਰੀਆ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਪ੍ਰਧਾਨਗੀ ਹੇਠ ਮੈਡਮ ਪਰਮਜੀਤ ਕੌਰ ਲੌਗੋਂਵਾਲ ਦੀ ਹਾਜ਼ਰੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਲੌਗੋਂਵਾਲ (ਲੜਕੀਆਂ) ਵਿਖੇ ਵਾਟਰ ਕੂਲਰ ਭੇਂਟ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਮੀਡੀਆ ਇੰਚਾਰਜ਼ ਸ. ਮਨਦੀਪ ਸਿੰਘ ਖੁਰਦ ਨੇ ਦੱਸਿਆਂ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪਸਾਰ ਲਈ ਹਮੇਸ਼ਾ ਕਾਰਜ ਕੀਤੇ ਜਾਂਦੇ ਹਨ। ਉਸੇ ਲੜੀ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਲੌਗੋਂਵਾਲ ਲੜਕੀਆਂ ਵਿਖੇ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਸਕੂਲੀ ਬੱਚਿਆਂ ਵੱਲੋਂ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਬੱਚਿਆਂ ਨੂੰ ਪ੍ਰਸ਼ੰਸਾ ਪੱਤਰ ਤੇ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਬੱਚਿਆਂ ਲਈ ਜੂਸ ਅਤੇ ਬਿਸਕੁਟਾਂ ਦਾ ਵੀ ਪ੍ਰਬੰਧ ਕੀਤਾ। ਇਸ ਮੌਕੇ ਬੀ. ਪੀ.ਈ. ਓ ਸਤਪਾਲ ਸਿੰਘ ਤੇ ਮੁੱਖ ਅਧਿਆਪਕ ਅਰਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਇਸ ਮੌਕੇ ਮੈਡਮ ਬਲਜੀਤ ਕੌਰ, ਰਾਖੀ ਸ਼ਰਮਾ, ਮਾਸਟਰ ਹਰੀ ਦਾਸ, ਬੀਰਬਲ ਸਿੰਘ, ਪੀ ਟੀ ਏ ਚੇਅਰਮੈਨ ਜਗਤਾਰ ਸਿੰਘ, ਭੁਪਿੰਦਰ ਸਿੰਘ ਲੌਗੋਂਵਾਲ ਕੁਲਦੀਪ ਸਿੰਘ ਤੋਂ ਇਲਾਵਾ ਸਮੂਹ ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ।
28 ਮਈ 2023 ਨੂੰ ਤਖ਼ਤ ਸ਼੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ (ਬਿਹਾਰ) ਵਿਖੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਜਥੇਦਾਰ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਕਰਵਾਏ ਗਏ ਦਸਤਾਰਬੰਦੀ ਸਮਾਗਮ ਵਿੱਚ ਹਾਜ਼ਰੀ ਭਰਨ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਅਤੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ। ਡਾ ਕਥੂਰੀਆ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਭਵਿੱਖ ਵਿੱਚ ਵੀ ਊੜੇ ਅਤੇ ਜੂੜੇ ਲਈ ਕਾਰਜ ਕਰਦੇ ਰਹਿਣਗੇ ਅਤੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸਾਹਿਬ ਨਾਲ ਮਿਲ ਕੇ ਸਿੱਖ ਧਰਮ ਦੇ ਪ੍ਰਚਾਰ ਅਤੇ ਸਿੱਖ ਵਿਰਸੇ ਦੀ ਸੇਵਾ ਕਰਨ ਲਈ ਪੰਜਾਬ ਅਤੇ ਬਾਹਰਲੇ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਸਮੂਲੀਅਤ ਕਰਨਗੇ ਅਤੇ ਆਪਣਾ ਪੂਰਾ ਯੋਗਦਾਨ ਪਾਉਂਦੇ ਰਹਿਣਗੇ। ਇਸ ਮੌਕੇ ‘ਤੇ 300 ਤੋਂ ਵੱਧ ਬੱਚਿਆਂ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ ਅਤੇ ਸਿੰਘ ਸਰਦਾਰ ਸਜਾਏ ਗਏ। ਗਿਆਨੀ ਹਰਪ੍ਰੀਤ ਸਿੰਘ ਸਾਹਿਬ ਵੱਲੋਂ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ੲੲੲ
ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਨਾ ਸੰਸਥਾ ਦਾ ਮੁੱਖ ਉਦੇਸ਼ : ਡਾ. ਕਥੂਰੀਆ
ਦਿੱਲੀ 03 ਜੂਨ 2023 ਨੂੰ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਕਰਨ ਅਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਤੇ ਭਾਰਤ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਦੀ ਪ੍ਰਧਾਨਗੀ ਹੇਠ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਤਾ ਸੁੰਦਰੀ ਕਾਲਜ਼ ਆਫ਼ ਵੂਮੈਨ ਦਿੱਲੀ ਵਿਖੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸਦਾ ਪ੍ਰੰਬਧਕ ਵਿਸ਼ਵ ਪੰਜਾਬੀ ਸਭਾ ਦਿੱਲੀ ਇਕਾਈ ਦੇ ਪ੍ਰਧਾਨ ਡਾ. ਉਮੇ ਐਮਨ ਤੇ ਸਮੁੱਚੀ ਟੀਮ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਜਸਪ੍ਰੀਤ ਸਿੰਘ ਕਰਮਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਚੇਅਰਮੈਨ ਲਾਲਪੁਰਾ ਤੇ ਸ. ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਸਮਾਗਮਾਂ ਦੀ ਬਹੁਤ ਲੋੜ ਹੈ ਤਾਂ ਜੋ ਮਾਂ ਬੋਲੀ ਪੰਜਾਬੀ ਅਤੇ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਨੌਜਵਾਨ ਪੀੜੀ ਨੂੰ ਮਾਂ ਬੋਲੀ ਪੰਜਾਬੀ ਭਾਸ਼ਾ ਤੇ ਵਿਰਸੇ ਨਾਲ ਜਾਣੂੰ ਕਰਵਾਇਆ ਜਾ ਸਕੇ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਸਾਡੀ ਸੰਸਥਾ ਦਾ ਮੁੱਖ ਉਦੇਸ਼ ਹੈ। ਜਿਸ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਸਾਰੀ ਟੀਮ ਹਮੇਸ਼ਾ ਤੱਤਪਰ ਰਹੇਗੀ। ਸਮਾਗਮ ਵਿੱਚ ਦਸਤਾਰਬੰਦੀ ਮੁਕਾਬਲੇ ਵਿੱਚ ਜੇਤੂ ਬੱਚਿਆਂ ਨੂੰ ਹਜ਼ਾਰਾਂ ਦੇ ਨਗਦੀ ਇਨਾਮ, ਦਸਤਾਰ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਮਾਗਮ ਦੌਰਾਨ ਦਿੱਲੀ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਤਕਰੀਬਨ 200 ਉਨ੍ਹਾਂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਪੰਜਾਬੀ ਵਿਸੇ ਵਿੱਚੋਂ ਚੰਗੇ ਅੰਕ ਪ੍ਰਾਪਤ ਕੀਤੇ। ਇਸ ਮੌਕੇ ਮਾਤਾ ਸੁੰਦਰੀ ਜੀ ਕਾਲਜ਼ ਦੀ ਪ੍ਰਿੰਸੀਪਲ ਪ੍ਰੋ. ਹਰਪ੍ਰੀਤ ਕੌਰ, ਵਿਸ਼ਵ ਪੰਜਾਬੀ ਸਭਾ ਦੇ ਜਨਰਲ ਸਕੱਤਰ ਕੰਵਲਜੀਤ ਸਿੰਘ ਲੱਕੀ, ਡਾ. ਅਮੀਰ ਜਮਾਲ, ਹਰਜੀਤ ਸਿੰਘ ਅਰੋੜਾ, ਤਰਲੋਕ ਸਿੰਘ, ਸ. ਕੁਲਦੀਪ ਸਿੰਘ ਦਿੱਲੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੱਚੇ ਤੇ ਮਾਤਾ-ਪਿਤਾ ਹਾਜ਼ਰ ਸਨ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਲਦੀ ਹੀ ਪੰਜਾਬ ਵਿੱਚ 23 ਸਤੰਬਰ ਤੋਂ ਲੈ ਕੇ 27 ਸਤੰਬਰ ਤੱਕ ਬੱਸ ਰਾਹੀਂ ਮਾਂ ਬੋਲੀ ਪੰਜਾਬੀ ਲਈ ਇੱਕ ਜਾਗਰੂਕਤਾ ਰੈਲੀ ਕੱਢੀ ਜਾਵੇਗੀ। ਜੋਕਿ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚੋਂ ਦੀ ਹੋ ਕੇ ਗੁਜ਼ਰੇਗੀ। ਇਸ ਰੈਲੀ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਉਚੇਚੇ ਤੌਰ ‘ਤੇ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਜੋੜਨ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਕਿ ਜੋ ਵੀ ਵਿਅਕਤੀ, ਸੰਸਥਾਵਾਂ, ਸਕੂਲਾਂ, ਕਾਲਜ਼ਾਂ ਅਤੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਇਸ ਰੈਲੀ ਨਾਲ ਜੁੜਨਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਦਿਲੋਂ ਸੁਆਗਤ ਕੀਤਾ ਜਾਵੇਗਾ। ਕਿਉਂਕਿ ਇਹ ਕਾਰਜ ਸਮੁੱਚੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਕੀਤਾ ਜਾਣ ਵਾਲਾ ਅਜਿਹਾ ਪਹਿਲਾ ਕਾਰਜ ਹੈ ਜੋ ਸਮੁੱਚੇ ਪੰਜਾਬ ਵਿੱਚ ਪੰਜਾਬੀ ਭਾਸ਼ਾ ਅਤੇ ਵਿਰਸੇ ਦੀ ਮਹਾਨਤਾ ਦੱਸਣ ਲਈ ਕੀਤਾ ਜਾਵੇਗਾ। ਜਿਸ ਲਈ ਇੱਕ ਮਜ਼ਬੂਤ ਟੀਮ ਹੋਣਾ ਬਹੁਤ ਜ਼ਰੂਰੀ ਹੈ।
ਇਸ ਕਾਰਜ ਨੂੰ ਵਿਸ਼ਵ ਪੱਧਰ ਉੱਪਰ ਵੀ ਕੀਤਾ ਜਾਵੇਗਾ। ਇਸ ਜਾਗਰੂਕਤਾ ਰੈਲੀ ਦੌਰਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਰਪ੍ਰਸਤ ਡਾ ਸ਼ਵਿੰਦਰ ਸਿੰਘ ਗਿੱਲ, ਮੁੱਖ ਸਲਾਹਕਾਰ ਡਾ. ਗੁਰਪ੍ਰੀਤ ਕੌਰ, ਬਰੈਂਡ ਅੰਬੈਂਸਡਰ ਸ੍ਰੀ ਬਾਲ ਮੁਕੰਦ ਸ਼ਰਮਾ ਜੀ, ਜਨਰਲ ਸਕੱਤਰ ਸ. ਕੰਵਲਜੀਤ ਸਿੰਘ ਲੱਕੀ ਲੁਧਿਆਣਾ, ਮੀਡੀਆ ਇੰਚਾਰਜ ਸ. ਮਨਦੀਪ ਸਿੰਘ ਖੁਰਦ, ਚੁਣੇ ਗਏ ਜਿਲ੍ਹਾ ਪ੍ਰਧਾਨ, ਮੈਂਬਰ ਸਾਹਿਬਾਨ ਅਤੇ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ।

 

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …