ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰਨੀ ਦੀ ਪਿਛਲੇ ਦਿਨੀਂ ਹੋਈ ਹੰਗਾਮੀ ਇਕੱਤਰਤਾ ਵਿਚ ਉੱਘੇ ਕਵੀ ਤੇ ਗੀਤਕਾਰ ਸੁਖਮਿੰਦਰ ਰਾਮਪੁਰੀ ਦੇ 3 ਨਵੰਬਰ ਨੂੰ ਸਵਰਗ ਸਿਧਾਰ ਜਾਣ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਵਿਚ ਵਿਚਾਰ ਪ੍ਰਗਟ ਕਰਦਿਆਂ ਮੈਂਬਰਾਂ ਨੇ ਕਿਹਾ ਕਿ ਰਾਮਪੁਰੀ ਜੀ ਇਕ ਅਗਾਂਹ-ਵਧੂ ਕਵੀ ਅਤੇ ਸੁਰੀਲੇ ਗੀਤਕਾਰ ਹੋਣ ਦੇ ਨਾਲ-ਨਾਲ ਬਹੁਤ ਹੀ ਵਧੀਆ ਇਨਸਾਨ ਸਨ। ਉਹ ਅਤੀ ਮਿੱਠ-ਬੋਲੜੇ ਸਨ ਅਤੇ ਉਨ੍ਹਾਂ ਦੇ ਚਿਹਰੇ ਉੱਪਰ ਹਮੇਸ਼ਾ ਮੁਸਕਰਾਹਟ ਰਹਿੰਦੀ ਸੀ। ਗੀਤਕਾਰੀ ਵਿਚ ਉਨ੍ਹਾਂ ਦਾ ਕੋਈ ਜੁਆਬ ਨਹੀਂ ਸੀ ਅਤੇ ਆਪਣੇ ਗੀਤਾਂ ਨੂੰ ਉਹ ਸੁਰੀਲੀ ਆਵਾਜ਼ ਵਿਚ ਜ਼ਬਾਨੀ ਬੋਲ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕਰਦੇ ਸਨ। ਸਾਰੇ ਹੀ ਮੈਂਬਰਾਂ ਦਾ ਵਿਚਾਰ ਸੀ ਕਿ ਰਾਮਪੁਰੀ ਜੀ ਦਾ ਇਸ ਤਰ੍ਹਾਂ ਅਚਾਨਕ ਤੁਰ ਜਾਣਾ ਅਤੀ ਦੁਖਦਾਈ ਹੈ ਅਤੇ ਉਨ੍ਹਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੂੰ ਅਣਪੂਰਿਆ ਘਾਟਾ ਪਿਆ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਰਾਮਪੁਰੀ ਜੀ ਵਧੀਆ ਕਵੀ ਅਤੇ ਗੀਤਕਾਰ ਹੋਣ ਦੇ ਨਾਲ-ਨਾਲ ਨਾਵਲਕਾਰ ਅਤੇ ਵਾਰਤਕ ਲੇਖਕ ਵੀ ਸਨ। ਉਨ੍ਹਾਂ ਅੱਧੀ ਦਰਜਨ ਤੋਂ ਵਧੀਕ ਕਾਵਿ-ਪੁਸਤਕਾਂ ‘ਯੁਗਾਂ ਯੁਗਾਂ ਦੀ ਪੀੜ’, ‘ਅਸੀਮਤ ਸਫ਼ਰ’,’ਮਿਹਰਬਾਨ ਹੱਥ’,’ਮੈਂ ਨਿਰੀ ਪੱਤਝੜ ਨਹੀਂ’, ‘ਧੀਆਂ’,’ਅੱਜ ਤੀਕ’,’ਇਹ ਸਫ਼ਰ ਜਾਰੀ ਰਹੇ’,’ਸਫ਼ਰ ਸਾਡੀ ਬੰਦਗੀ’,’ਤੁਹਾਨੂੰ ਕਿਵੇਂ ਲੱਗਦੀ ਹੈ’ ਰਚਣ ਦੇ ਨਾਲ-ਨਾਲ ਨਾਵਲ ‘ਗੁਲਾਬੀ ਛਾਂ ਵਾਲੀ ਕੁੜੀ’ ਵੀ ਲਿਖਿਆ ਅਤੇ ਪੁਸਤਕਾਂ ‘ਕੂੜ ਨਿਖੱਟੇ’,’ਕਿਰਨਾਂ ਦੇ ਰੰਗ’,’ਕਤਰਾ ਕਤਰਾ ਸੋਚ ਅਤੇ ‘ਨਿੱਕੇ ਨਿੱਕੇ ਫੁੱਲ ਨਿੱਕੀ ਵਾਸ਼ਨਾ’ ਸੰਪਾਦਿਤ ਵੀ ਕੀਤੀਆਂ। ਇਸ ਦੇ ਨਾਲ ਹੀ ਉਹ ਇਕ ਸੁਯੋਗ ਅਧਿਆਪਕ ਸਨ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਘੇਰਾ ਬੜਾ ਵਿਸ਼ਾਲ ਹੈ। ਉਹ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸਨ ਅਤੇ ਵਧੀਆ ਕਵੀ ਤੇ ਪ੍ਰਬੰਧਕ ਹੋਣ ਦੇ ਨਾਤੇ ‘ਰਾਮਪੁਰ ਲਿਖਾਰੀ ਸਭਾ’ ਨੂੰ ਅੱਗੇ ਵਧਾਉਣ ਵਿਚ ਉਨ੍ਹਾਂ ਨੇ ਵੱਡਮੁੱਲਾ ਯੋਗਦਾਨ ਪਾਇਆ। ਉਹ ਬਹੁ-ਪੱਖੀ ਸ਼ਖ਼ਸੀਅਤ ਸਨ ਅਤੇ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਅਤੇ ਇਹ ਕਦੇ ਵੀ ਪੂਰਾ ਨਹੀਂ ਹੋ ਸਕਦਾ।
Home / ਕੈਨੇਡਾ / ਸੁਖਮਿੰਦਰ ਰਾਮਪੁਰੀ ਦੇ ਅਕਾਲ-ਚਲਾਣੇ ‘ਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਦੁੱਖ ਦਾ ਪ੍ਰਗਟਾਵਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …