ਵਲਾਦੀਮੀਰ ਪੂਤਿਨ ਅੱਗੇ ਪੈਦਾ ਹੋਈ ਚੁਣੌਤੀ ਹੋਈ ਖਤਮ
ਮਾਸਕੋ/ਬਿਊਰੋ ਨਿਊਜ਼ : ਰੂਸ ਅਤੇ ਵੈਗਨਰ ਪ੍ਰਾਈਵੇਟ ਫੌਜ ਵਿਚਾਲੇ ਸਮਝੌਤਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਗੇ ਪੈਦਾ ਹੋਈ ਚੁਣੌਤੀ ਵੀ ਖ਼ਤਮ ਹੋ ਗਈ ਹੈ। ਰੂਸ ਨੇ ਕਿਹਾ ਕਿ ਸਰਕਾਰ ਖਿਲਾਫ ਬਗ਼ਾਵਤ ਕਰਨ ਵਾਲੇ ਪ੍ਰਾਈਵੇਟ ਫੌਜ ‘ਵੈਗਨਰ’ ਗਰੁੱਪ ਦੇ ਕਮਾਂਡਰ ਯੇਵਗੇਨੀ ਪਰਿਗੋਜ਼ਿਨ ਅਤੇ ਵੈਨਗਰ ਲੜਾਕਿਆਂ ‘ਤੇ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਰੂਸ ਖਿਲਾਫ਼ ਹਥਿਆਰਬੰਦ ਬਗ਼ਾਵਤ ਕਰਨ ਵਾਲੇ ਯੇਵਗੇਨੀ ਪਰਿਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਮਾਸਕੋ ਵੱਲ ਮਾਰਚ ਕਰਨ ਦਾ ਹੁਕਮ ਦਿੱਤਾ ਸੀ ਪਰ ਬਾਅਦ ਵਿੱਚ ਅਚਾਨਕ ਉਸ ਨੇ ਕ੍ਰੈਮਲਿਨ ਨਾਲ ਸਮਝੌਤਾ ਕਰਕੇ ਲੜਾਕਿਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਤਾਂ ਕਿ ਰੂਸੀ ਨਾਗਰਿਕਾਂ ਦਾ ਖੂਨ ਨਾ ਡੁੱਲ੍ਹੇ। ਸਮਝੌਤੇ ਵਿੱਚ ਯੇਵਗੇਨੀ ਪਰਿਗੋਜ਼ਿਨ ਦੇ ਜਲਾਵਤਨ ਹੋ ਕੇ ਬੇਲਾਰੂਸ ਜਾਣ ਦੀ ਗੱਲ ਸ਼ਾਮਲ ਹੈ। ਇਸ ਸੰਖੇਪ ਬਗ਼ਾਵਤ ਨੇ ਹਾਲਾਂਕਿ ਰੂਸੀ ਸਰਕਾਰੀ ਬਲਾਂ ਵਿੱਚ ਕਮਜ਼ੋਰੀਆਂ ਨੂੰ ਨਸ਼ਰ ਕਰ ਦਿੱਤਾ ਹੈ। ਯੇਵਗੇਨੀ ਪਰਿਗੋਜ਼ਿਨ ਦੀ ਕਮਾਨ ਹੇਠ ਵੈਗਨਰ ਗਰੁੱਪ ਦੇ ਸੈਨਿਕ ਰੂਸੀ ਸ਼ਹਿਰ ਰੋਸਤੋਵ-ਆਨ-ਦੌਨ ਵਿੱਚ ਬਿਨਾਂ ਅੜਿੱਕਾ ਦਾਖਲ ਹੋਣ ਅਤੇ ਮਾਸਕੋ ਵੱਲ ਸੈਂਕੜੇ ਕਿਲੋਮੀਟਰ ਅੱਗੇ ਵਧਣ ਦੇ ਸਮਰੱਥ ਸਨ। ਇਸ ਦੌਰਾਨ ਰੂਸੀ ਸੈਨਿਕ ਦੇਸ਼ ਦੀ ਰਾਜਧਾਨੀ ਦੀ ਰੱਖਿਆ ਲਈ ਹੱਥੋਪਾਈ ਵੀ ਹੋਏ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਸੱਤਾ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਕਾਰਜਕਾਲ ਦੌਰਾਨ ਇਹ ਸਭ ਤੋਂ ਵੱਡੀ ਚੁਣੌਤੀ ਸੀ। ਪਰਿਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਯੂਕਰੇਨ ਵਿੱਚ ਆਪਣੇ ਕੈਂਪਾਂ ਵਿੱਚ ਵਾਪਸ ਆਉਣ ਦੇ ਹੁਕਮ ਦਿੱਤੇ ਹਨ, ਜਿੱਥੇ ਉਹ ਰੂਸੀ ਸੈਨਿਕਾਂ ਨਾਲ ਮਿਲ ਕੇ ਲੜ ਰਹੇ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …