ਜਮਹੂਰੀ ਸੰਸਥਾਵਾਂ ਦੇ ਨਿਰਮਾਣ ‘ਚ ਭਾਰਤ ਦਾ ਅਹਿਮ ਯੋਗਦਾਨ: ਅਮਰੀਕਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਕਿਹਾ ਕਿ ਫਰਜ਼ੀ ਖ਼ਬਰਾਂ ਦਾ ਮੁਕਾਬਲਾ ਕਰਨ ਲਈ ਸੋਸ਼ਲ ਮੀਡੀਆ ਮੰਚਾਂ ਵੱਲੋਂ ਸਰਗਰਮ ਨਜ਼ਰੀਆ ਅਪਣਾਏ ਜਾਣ ਨਾਲ ਭਰੋਸੇਯੋਗ ਚੋਣ ਨਤੀਜੇ ਦੇਖਣ ਨੂੰ ਮਿਲਣਗੇ ਜਿਸ ਨਾਲ ‘ਆਜ਼ਾਦੀ’ ਕਾਇਮ ਰੱਖਣ ‘ਚ ਮਦਦ ਮਿਲੇਗੀ। ਚੋਣ ਪ੍ਰਬੰਧਨ ਸੰਸਥਾਵਾਂ ਬਾਰੇ ਕੌਮਾਂਤਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਮੰਚ ਇਹ ਖੁਦ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਇੱਥੇ ਸਮੱਗਰੀ ਪ੍ਰਦਰਸ਼ਿਤ ਕਰਨ ਵਾਲੀਆਂ ਨੀਤੀਆਂ ਹਨ ਪਰ ਉਨ੍ਹਾਂ ਕੋਲ ਇਨ੍ਹਾਂ ਸਬੰਧੀ ਨਿਯਮ ਬਣਾਉਣ ਦੀ ਤਾਕਤ ਵੀ ਹੈ। ਉਨ੍ਹਾਂ ਕਿਹਾ, ‘ਚੋਣ ਪ੍ਰਬੰਧਨ ਸੰਸਥਾਵਾਂ ਤੋਂ ਇਹ ਆਸ ਕਰਨੀ ਗ਼ੈਰ-ਵਾਜਬ ਨਹੀਂ ਹੈ ਕਿ ਉਹ ਉਨ੍ਹਾਂ ਫਰਜ਼ੀ ਖ਼ਬਰਾਂ ਨੂੰ ਜ਼ਿਆਦਾ ਸਖ਼ਤੀ ਜਾਂ ਸ਼ੁਰੂਆਤ ‘ਚ ਹੀ ਕੰਟਰੋਲ ਕਰਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਪਤਾ ਹੁੰਦਾ ਹੈ।’ ਉਨ੍ਹਾਂ ਕਿਹਾ, ‘ਫਰਜ਼ੀ ਖ਼ਬਰਾਂ ਦਾ ਮੁਕਾਬਲਾ ਕਰਨ ਦੇ ਸਰਗਰਮ ਨਜ਼ਰੀਏ ਨਾਲ ਭਰੋਸੇਮੰਦ ਚੋਣ ਨਤੀਜੇ ਦੇਖਣ ਨੂੰ ਮਿਲਣਗੇ ਜਿਸ ਨਾਲ ‘ਆਜ਼ਾਦੀ ਦੇ ਅਧਿਕਾਰਾਂ’ ਨੂੰ ਬਣਾਈ ਰੱਖਣ ‘ਚ ਮਦਦ ਮਿਲੇਗੀ।’ ਅਮਰੀਕਾ ਦੀ ਆਗੂ (ਚਾਰਜ ਡੀ’ਅਫੇਅਰਜ਼) ਐਲਿਜ਼ਾਬੈੱਥ ਜੋਨਸ ਨੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨਾਲ ਸਬੰਧ ਸਭ ਤੋਂ ਵੱਧ ਨਤੀਜਿਆਂ ‘ਤੇ ਆਧਾਰਿਤ ਹਨ। ਚੋਣ ਕਮਿਸ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਕਿਹਾ ਕਿ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਅਤੇ ਦੁਨੀਆ ਭਰ ‘ਚ ਸ਼ਾਂਤੀ, ਸੁਰੱਖਿਆ ਤੇ ਖੁਸ਼ਹਾਲੀ ਲਿਆਉਣ ਲਈ ਆਪਸੀ ਸਹਿਯੋਗ ਕਰਨ ਨਾਲ ਜੁੜੀ ਭਾਈਵਾਲੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਮਰੀਕਾ ਤੇ ਭਾਰਤ ਨੇ ਜਮਹੂਰੀ ਸੰਸਥਾਵਾਂ ਦੇ ਨਿਰਮਾਣ ‘ਚ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ, ‘ਭਾਰਤ ਚੋਣ ਕਮਿਸ਼ਨ, ਚੋਣ ਪ੍ਰਕਿਰਿਆਵਾਂ ਦੀ ਨਿਗਰਾਨੀ ਕਰਨ ਵਾਲਾ ਤੇ ਇੱਕ ਚੰਗੀ ਤਰ੍ਹਾਂ ਚੱਲ ਰਹੀ ਚੋਣ ਪ੍ਰਬੰਧਨ ਸੰਸਥਾ ਦੀ ਮਿਸਾਲ ਹੈ।’