Breaking News
Home / ਮੁੱਖ ਲੇਖ / ਜਗਤ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਸਿਨੇਮਾ

ਜਗਤ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਸਿਨੇਮਾ

ਅੰਗਰੇਜ਼ ਸਿੰਘ ਵਿਰਦੀ
94646-28857
ਸਮੁੱਚਾ ਵਿਸ਼ਵ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਜੋਸ਼ੋ ਖਰੋਸ਼ ਨਾਲ ਮਨਾ ਰਿਹਾ ਹੈ। ਬਾਬੇ ਨਾਨਕ ਦੀ ਬਾਣੀ, ਸਿੱਖਿਆਵਾਂ ਅਤੇ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਬਹੁਤ ਸਾਰੇ ਪੰਜਾਬੀ ਫਿਲਮਸਾਜ਼ਾਂ ਨੇ ਕੁਝ ਫਿਲਮਾਂ ਦਾ ਵੀ ਨਿਰਮਾਣ ਕੀਤਾ ਹੈ। ਇਨ੍ਹਾਂ ਫਿਲਮਾਂ ਜ਼ਰੀਏ ਫਿਲਮਸ਼ਾਜ਼ਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਵਿਚਾਰਧਾਰਾ ਨੂੰ ਸਿਨੇਮਾ ਦੇ ਜ਼ਰੀਏ ਦਰਸ਼ਕਾਂ ਤੱਕ ਪਹੁੰਚਾਉਣ ਦਾ ਵੱਡਾ ਉਪਰਾਲਾ ਕੀਤਾ ਹੈ। ਇਨ੍ਹਾਂ ਫਿਲਮਾਂ ਵਿਚ ਭਾਵੇਂ ਆਮ ਫਿਲਮਾਂ ਵਾਂਗ ਵੱਖ-ਵੱਖ ਪਾਤਰ ਨਜ਼ਰ ਆਏ, ਪਰ ਉਨ੍ਹਾਂ ਪਾਤਰਾਂ ਜ਼ਰੀਏ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀ ਇਕ ਕੋਸ਼ਿਸ਼ ਸੀ, ਜੋ ਕਾਫੀ ਹੱਦ ਤੱਕ ਕਾਮਯਾਬ ਵੀ ਹੋਈ ਹੈ। ਇਨ੍ਹਾਂ ਫਿਲਮਾਂ ਵਿਚੋਂ ‘ਨਾਨਕ ਨਾਮ ਜਹਾਜ਼ ਹੈ’ ਜੋ ਸਭ ਤੋਂ ਸਫਲ ਰਹੀ। ਇਸ ਫਿਲਮ ਨੂੰ ਸਿਨੇਮਾ ਪ੍ਰੇਮੀਆਂ ਦਾ ਅਥਾਹ ਪਿਆਰ ਮਿਲਿਆ। ਪੰਜਾਬ ਦੇ ਲੋਕ ਇਕੱਠੇ ਹੋ ਕੇ ਇਸ ਫਿਲਮ ਨੂੰ ਸ਼ਰਧਾ ਭਾਵਨਾ ਨਾਲ ਸਿਨੇਮਾ ਘਰਾਂ ਵਿਚ ਵੇਖਣ ਜਾਂਦੇ ਸਨ। ਇਸ ਨੇ ਕਮਾਈ ਪੱਖੋਂ ਵੀ ਕਈ ਰਿਕਾਰਡ ਕਾਇਮ ਕੀਤੇ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਹੋਰ ਬਹੁਤ ਸਾਰੇ ਫਿਲਮਸਾਜ਼ਾਂ ਨੇ ਧਾਰਮਿਕ ਪੰਜਾਬੀ ਫਿਲਮਾਂ ਬਣਾਈਆਂ। ਇਨ੍ਹਾਂ ਵਿਚ ‘ਨਾਨਕ ਦੁਖੀਆ ਸਭੁ ਸੰਸਾਰ’, ‘ਦੁਖ ਭੰਜਨ ਤੇਰਾ ਨਾਮੁ’, ‘ਮਨਿ ਜੀਤੈ ਜਗੁ ਜੀਤੁ’, ‘ਤੇਰੇ ਰੰਗ ਨਿਆਰੇ’, ‘ਭਗਤ ਧੰਨਾ ਜੱਟ’, ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’, ‘ਗੁਰੂ ਮਾਨਿਓ ਗ੍ਰੰਥ’, ‘ਸਤਿਗੁਰੂ ਤੇਰੀ ਓਟ’, ‘ਧਿਆਨੂੰ ਭਗਤ’, ‘ਉਚਾ ਦਰ ਬਾਬੇ ਨਾਨਕ’ ਆਦਿ ਫਿਲਮਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਅਧਾਰਿਤ ਕੁਝ ਪੰਜਾਬੀ ਫਿਲਮਾਂ ਦਾ ਜ਼ਿਕਰ ਅਸੀਂ ਤੁਹਾਡੇ ਨਾਲ ਕਰਾਂਗੇ। ਨਾਨਕ ਨਾਮ ਜਹਾਜ਼ ਹੈ : ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਪੂਰਬ ਮੌਕੇ ਪੰਜਾਬ ਫਿਲਮ ‘ਨਾਨਕ ਨਾਮ ਜਹਾਜ਼ ਹੈ’ 15 ਅਪ੍ਰੈਲ 1969 ਨੂੰ ਰਿਲੀਜ਼ ਹੋਈ ਸੀ। ਇਹ ਫਿਲਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ, ਚੀਫ ਖਾਲਸਾ ਦੀਵਾਨ ਅੰਮ੍ਰਿਤਸਰ ਤੋਂ ਦਿਸ਼ਾ ਨਿਰਦੇਸ਼ ਲੈ ਕੇ ਬਣਾਈ ਗਈ ਸੀ। ਇਹ ਫਿਲਮ ਦਰਸ਼ਕਾਂ ਨੂੰ ਵੀ ਖੂਬ ਪਸੰਦ ਆਈ। ਫਿਲਮਾਂ ਦੀ ਸਕ੍ਰਿਪਟ ਮਸ਼ਹੂਰ ਲੇਖਕ ਤੇ ਸ਼ਾਇਰ ਜਨਾਬ ਬੇਕਲ ਅੰਮ੍ਰਿਤਸਰੀ ਨੇ ਲਿਖੀ ਸੀ। ਇਸਦਾ ਨਿਰਮਾਣ ਪੰਨਾ ਲਾਲ ਮਹੇਸ਼ਵਰੀ ਅਤੇ ਨਿਰਦੇਸ਼ਨ ਰਾਮ ਮਹੇਸ਼ਵਰੀ ਨੇ ਕੀਤਾ। ਇਸ ਵਿਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰਿਥਵੀ ਰਾਜ ਕਪੂਰ, ਆਈ ਐਸ ਜੌਹਰ, ਨਿਸ਼ੀ, ਵਿੰਮੀ, ਸੋਮ ਦੱਤ, ਸੁਰੇਸ਼, ਜਗਦੀਸ਼ ਰਾਜ ਵਰਗੇ ਬਿਹਤਰੀਨ ਅਦਾਕਾਰਾਂ ਨੇ ਮੁੱਖ ਕਿਰਦਾਰ ਨਿਭਾਏ। ਸੰਗੀਤਕਾਰ ਐਸ ਮੋਹਿੰਦਰ ਦੀਆਂ ਸਦਾ ਬਹਾਰ ਧੁਨਾ ਨਾਲ ਸ਼ਿੰਗਾਰੀ ਇਸ ਫਿਲਮ ਵਿਚ 2 ਗੀਤ ਅਤੇ 11 ਸ਼ਬਦ ਸ਼ਾਮਲ ਕੀਤੇ ਗਏ। ਇਨ੍ਹਾਂ ਗੀਤਾਂ ਤੇ ਸ਼ਬਦਾਂ ਨੂੰ ਭਾਈ ਸਮੁੰਦ ਸਿੰਘ ਰਾਗੀ ਜਥਾ, ਆਸ਼ਾ ਭੌਂਸਲੇ, ਮੁਹੰਮਦ ਰਫੀ, ਮੰਨਾ ਡੇ, ਸ਼ਮਸ਼ਾਦ ਬੇਗਮ, ਮਹਿੰਦਰ ਕਪੂਰ, ਐਸ ਮੋਹਿੰਦਰ ਅਤੇ ਭੂਸ਼ਣ ਮਹਿਤਾ ਨੇ ਅਵਾਜ਼ ਦਿੱਤੀ।
ਫਿਲਮ ਦੀ ਕਹਾਣੀ ਦੋ ਪੱਗ ਭਰਾਵਾਂ ਗੁਰਮੁੱਖ ਸਿੰਘ (ਪ੍ਰਿਥਵੀ ਰਾਜ ਕਪੂਰ) ਅਤੇ ਪ੍ਰੇਮ ਸਿੰਘ (ਸੁਰੇਸ਼) ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਵਿਖਾਈ ਗਈ। ਦੋਵਾਂ ਭਰਾਵਾਂ ਦੀ ਜ਼ਿੰਦਗੀ ਵਿਚ ਤਬਦੀਲੀ ਉਦੋਂ ਆਉਂਦੀ ਹੈ, ਜਦੋਂ ਪ੍ਰੇਮ ਸਿੰਘ ਦੀ ਘਰ ਵਾਲੀ ਰਤਨ ਕੌਰ (ਨਿਸ਼ੀ) ਆਪਣੇ ਭਰਾ ਸ਼ੂਕੇ (ਆਈ.ਐਸ. ਜੌਹਰ) ਦੇ ਕਹਿਣ ‘ਤੇ ਆਪਣੇ ਘਰ ਵਾਲੇ ਪ੍ਰੇਮ ਸਿੰਘ ਨੂੰ ਗੁਰਮੁਖ ਸਿੰਘ ਤੋਂ ਅੱਡ ਹੋਣ ਲਈ ਕਹਿੰਦੀ ਹੈ। ਪਰਮਾਤਮਾ ਵਿਚ ਅਥਾਹ ਸ਼ਰਧਾ ਰੱਖਣ ਵਾਲਾ ਗੁਰਮੁੱਖ ਸਿੰਘ ਇਸ ਸਭ ਤੋਂ ਬੇਹੱਦ ਦੁਖੀ ਹੁੰਦਾ ਹੈ। ਗੁਰਮੁੱਖ ਸਿੰਘ ਦੇ ਪੁੱਤਰ ਗੁਰਮੀਤ ਸਿੰਘ (ਸੋਮ ਦੱਤ) ਦੀ ਕੁੜਮਾਈ ਚੰਨੀ (ਵਿੰਮੀ) ਨਾਲ ਹੋਈ ਹੁੰਦੀ ਹੈ। ਇਕ ਦਿਨ ਰਤਨ ਕੌਰ ਦੇ ਹੱਥੋਂ ਗੁਰਮੀਤ ਦੀਆਂ ਅੱਖਾਂ ਦੀ ਜੋਤ ਚਲੀ ਜਾਂਦੀ ਹੈ। ਪਰਮਾਤਮਾ ਦੇ ਭਾਣੇ ਨੂੰ ਖੜੇ ਮੱਥੇ ਮੰਨਣ ਵਾਲੇ ਗੁਰਮੁੱਖ ਸਿੰਘ ਵਲੋਂ ਆਪਣੇ ਪਰਿਵਾਰ ਸਮੇਤ ਗੁਰੂਧਾਮਾਂ ਦੀ ਯਾਤਰਾ ਦੌਰਾਨ ਕੀਤੀ ਸੇਵਾ ਤੇ ਭਾਵਨਾ ਨਾਲ ਅਖੀਰ ਗੁਰਮੀਤ ਦੀਆਂ ਅੱਖਾਂ ਦੀ ਜੋਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਸ ਆ ਜਾਂਦੀ ਹੈ। ਸਾਰਾ ਪਰਿਵਾਰ ਮੁੜ ਖੁਸ਼ੀ ਖੁਸ਼ੀ ਰਹਿਣ ਲੱਗਦਾ ਹੈ। ਨਿਰਾਸ਼ਾਵਾਦੀ ਨੂੰ ਆਸ਼ਾਵਾਦੀ ਬਣਾਉਣ ਵਿਚ ਇਸ ਫਿਲਮ ਦੀ ਭੂਮਿਕਾ ਸਲਾਹੁਣਯੋਗ ਸੀ। ਇਹ ਫਿਲਮ ਦਰਸ਼ਕਾਂ ਨੂੰ ਵਾਹਿਗੁਰੂ ਦਾ ਸਿਮਰਨ ਕਰਨ ਦਾ ਸੰਦੇਸ਼ ਦਿੰਦੀ ਹੈ ਅਤੇ ਬੁਰੇ ਕੰਮਾਂ ਨੂੰ ਛੱਡ ਕੇ ਕਿਰਤ ਕਰਨ ਦਾ ਹੋਕਾ ਦਿੰਦੀ ਹੈ। ਇਸ ਫਿਲਮ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਹੈ। ਦਿਲ ਨੂੰ ਛੂਹ ਲੈਣ ਵਾਲੇ ਸੰਗੀਤ ਨੂੰ ਸੁਣ ਕੇ ਦਿਲ ਸ਼ਰਸ਼ਾਰ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਫਿਲਮ ਨੇ ਪਰਦੇ ‘ਤੇ ਸਿਲਵਰ ਜੁਬਲੀ ਤੇ ਗੋਲਡਨ ਜੁਬਲੀ ਵੀ ਮਨਾਈ। ਇਸ ਫਿਲਮ ਨੂੰ ‘ਨੈਸ਼ਨਲ ਐਵਾਰਡ’ ਵੀ ਮਿਲਿਆ। 2015 ਵਿਚ ‘ਸ਼ੂਮਾਰੂ’ ਕੰਪਨੀ ਦੁਆਰਾ ਇਸ ਫਿਲਮ ਨੂੰ ਡਿਜ਼ੀਟਲ ਤਰੀਕੇ ਨਾਲ ਮੁੜ ਤਿਆਰ ਕਰਕੇ ਦੁਬਾਰਾ ਰਿਲੀਜ਼ ਕੀਤਾ ਗਿਆ ਹੈ।
ਨਾਨਕ ਦੁਖੀਆ ਸਭੁ ਸੰਸਾਰ : ਦਾਰਾ ਪਿਕਚਰ ਬੰਬੇ ਦੇ ਬੈਨਰ ਹੇਠ ਬਣੀ ਤੇ 2 ਜੁਲਾਈ 1971 ਨੂੰ ਰਿਲੀਜ਼ ਹੋਈ ਇਸ ਫਿਲਮ ਦੇ ਨਿਰਮਾਤਾ ਤੇ ਨਿਰਦੇਸ਼ਕ ਦਾਰਾ ਸਿੰਘ ਸਨ। ਪਟਕਥਾ ਤੇ ਸੰਵਾਦ ਮਰਹੂਮ ਨਾਵਲਕਾਰ ਨਾਨਕ ਸਿੰਘ ਵਲੋਂ ਲਿਖੇ ਗਏ ਸਨ। ਪ੍ਰੇਮ ਧਵਨ ਦੇ ਲਿਖੇ ਗੀਤਾਂ ਦਾ ਸੰਗੀਤ ਵੀ ਦਾਰਾ ਸਿੰਘ ਨੇ ਪ੍ਰੇਮ ਤੋਂ ਹੀ ਤਿਆਰ ਕਰਵਾਇਆ ਸੀ। ਫਿਲਮ ਵਿਚ 3 ਸ਼ਬਦ ਤੇ 6 ਗੀਤ ਸ਼ਾਮਲ ਕੀਤੇ ਗਏ, ਜਿਨ੍ਹਾਂ ਨੂੰ ਮੁਕੇਸ਼, ਮੁਹੰਮਦ ਰਫੀ, ਮਹਿੰਦਰ ਕਪੂਰ, ਆਸ਼ਾ ਭੌਂਸਲੇ, ਸ਼ਮਿੰਦਰ ਚਹਿਲ, ਰਾਗੀ ਭਾਈ ਅਵਤਾਰ ਸਿੰਘ ਤੇ ਭਾਈ ਅਮਰ ਸਿੰਘ ਨੇ ਆਪਣੀ ਅਵਾਜ਼ ਦਿੱਤੀ। ਫਿਲਮ ਦੀ ਕਹਾਣੀ 1947 ਦੀ ਦੇਸ਼ ਵੰਡ ਸਮੇਂ ਲਹਿੰਦੇ ਪੰਜਾਬ ਤੋਂ ਆਪਣਾ ਘਰ ਬਾਰ ਗੁਆ ਕੇ ਆਏ ਲੋਕਾਂ ਦੀ ਜ਼ਿੰਦਗੀ ਨੂੰ ਪੇਸ਼ ਕਰਦੀ ਹੈ। ਇਸ ਫਿਲਮ ਵਿਚ ਬਾਲੀਵੁੱਡ ਦੇ ਨਾਮੀ ਅਦਾਕਾਰਾਂ ਨੇ ਕੰਮ ਕੀਤਾ ਹੈ। ਇਸ ਪੰਜਾਬੀ ਫਿਲਮ ਵਿਚ ਪ੍ਰਿਥਵੀਰਾਜ ਕਪੂਰ ਨੇ ਇਕ ਵਾਰ ਫਿਰ ਗੁਰੁਦਆਰੇ ਦੇ ‘ਭਾਈ ਸਾਹਿਬ’ ਦਾ ਯਾਦਗਾਰੀ ਰੋਲ ਅਦਾ ਕੀਤਾ। ਦਾਰਾ ਸਿੰਘ ਨੇ ਫਿਲਮ ਵਿਚ ਕਰਤਾਰ ਸਿੰਘ ਦਾ ਕਿਰਦਾਰ ਨਿਭਾਇਆ ਤੇ ਉਸਦੇ ਭਰਾ ਰਾਮ ਦਾ ਕਿਰਦਾਰ ਸ਼ਮਿੰਦਰ ਚਹਿਲ ਨੇ ਨਿਭਾਇਆ। ਇਨ੍ਹਾਂ ਦੋਵਾਂ ਦੀ ਮਾਂ ਦੀ ਭੂਮਿਕਾ ਨੂੰ ਅਚਲਾ ਸਚਦੇਵ ਨੇ ਅੰਜ਼ਾਮ ਦਿੱਤਾ। ਬਲਰਾਜ ਸਾਹਨੀ ਨੇ ਵੀ ਸੂਬੇਦਾਰ ਵਰਿਆਮ ਸਿੰਘ ਦਾ ਯਾਦਗਾਰੀ ਕਿਰਦਾਰ ਨਿਭਾਇਆ। ਇਨ੍ਹਾਂ ਤੋਂ ਇਲਾਵਾ ਅਦਾਕਾਰਾ ਮੀਨਾ ਰਾਏ ਨੇ ਵਰਿਆਮ ਸਿੰਘ ਦੀ ਧੀ ਜੀਤਾ ਦਾ ਰੋਲ, ਬੇਗਮ ਮੁਮਤਾਜ ਨੇ ਜੀਤਾ ਦੀ ਭੂਆ ਦਾ ਰੋਲ, ਰਾਮ ਮੋਹਣ ਨੇ ਪੀਟਰ ਦਾ ਰੋਲ ਤੇ ਪ੍ਰਾਣ ਇਸ ਵਿਚ ਮਹਿਮਾਨ ਰੋਲ ਵਿਚ ਨਜ਼ਰ ਆਇਆ। ਫਿਲਮ ਵਿਚ ਵਿਖਾਇਆ ਗਿਆ ਹੈ ਕਿ ਭਾਵੇਂ ਸਾਡੇ ‘ਤੇ ਲੱਖ ਮੁਸੀਬਤਾਂ ਆਉਣ ਪਰ ਗੁਰੂ ਨਾਨਕ ਦੇਵ ਜੀ ਵਲੋਂ ਵਿਖਾਏ ਮਾਰਗ ਤੋਂ ਕਦੀ ਭਟਕਣਾ ਨਹੀਂ ਚਾਹੀਦਾ। ਜੋ ਵੀ ਸਖਸ਼ ਉਨ੍ਹਾਂ ਦੇ ਵਿਖਾਏ ਮਾਰਗ ‘ਤੇ ਬੋਲਦਾ ਹੈ, ਉਸ ਨਾਲ ਉਹ ਖੁਦ ਸਹਾਈ ਹੁੰਦੇ ਹਨ। ਭਾਵੇਂ ਸੱਚਾਈ ਦੇ ਰਸਤੇ ‘ਤੇ ਚੱਲਣ ਵਿਚ ਕਈ ਔਕੜਾਂ ਆਉਂਦੀਆਂ ਹਨ ਪਰ ਅਖੀਰ ਵਿਚ ਵਾਹਿਗੁਰੂ ਸਭ ਭਲੀ ਕਰਦਾ ਹੈ। ਇਹੀ ਇਸ ਫਿਲਮ ਜ਼ਰੀਏ ਦਰਸ਼ਕਾਂ ਤੱਕ ਸੁਨੇਹਾ ਪਹੁੰਚਾਉਣ ਦਾ ਮੁੱਖ ਮਕਸਦ ਸੀ, ਜੋ ਸਫਲ ਵੀ ਰਿਹਾ।
ਮਨਿ ਜੀਤੈ ਜਗੁ ਜੀਤੁ : 1973 ਵਿਚ ਰਿਲੀਜ਼ ਹੋਈ ਇਹ ਫਿਲਮ ਵੀ ਧਾਰਮਿਕ ਫਿਲਮਾਂ ਦੀ ਲੜੀ ਵਿਚ ਅਲੱਗ ਥਾਂ ਰੱਖਦੀ ਹੈ। ਇਸ ਤੋਂ ਪਹਿਲਾਂ ਫਿਲਮਾਂ ‘ਨਾਨਕ ਨਾਮ ਜਹਾਜ਼ ਹੈ’, ‘ਨਾਨਕ ਦੁਖੀਆ ਸਭ ਸੰਸਾਰ’ ਅਤੇ ‘ਦੁੱਖ ਭੰਜਨ ਤੇਰਾ ਨਾਮ ਜੀ’ ਬਣ ਚੁੱਕੀਆਂ ਸਨ। ਇਹ ਫਿਲਮ ਉਦੋਂ ਬਣੀ ਸੀ, ਜਦੋਂ ਬਾਲੀਵੁੱਡ ਦੇ ਨਾਮੀ ਅਦਾਕਾਰ ਪੰਜਾਬੀ ਫਿਲਮਾਂ ਵਿਚ ਕੰਮ ਕਰਨ ਲਈ ਉਤਸ਼ਾਹਿਤ ਰਹਿੰਦੇ ਸਨ। ਇਸੇ ਲਈ ਫਿਲਮ ਵਿਚ ਬਾਲੀਵੁੱਡ ਸੁਪਰ ਸਟਾਰ ਸੁਨੀਲ ਦੱਤ ਨੇ ਮੁੱਖ ਹੀਰੋ ਦਾ ਰੋਲ ਨਿਭਾਇਆ ਸੀ। ਇਸ ਦਾ ਨਿਰਮਾਣ ਕੰਵਰ ਮਹਿੰਦਰ ਸਿੰਘ ਬੇਦੀ ਨੇ ਕੀਤਾ ਸੀ। ਜਦਕਿ ਨਿਰਦੇਸ਼ਨ ਸੁਲਝੇ ਹੋਏ ਨਿਰਦੇਸ਼ਕ ਬੀ ਐਸ ਥਾਪਾ ਨੇ ਕੀਤਾ। ਫਿਲਮ ਦੀ ਕਹਾਣੀ ਤੇ ਸੰਗੀਤ ਐਸ. ਮੋਹਿੰਦਰ ਦਾ ਸੀ। ਇਸ ਦੇ ਗੀਤ ਇੰਦਰਜੀਤ ਹਸਨਪੁਰੀ ਦੇ ਲਿਖੇ ਸਨ। ਸੁਨੀਲ ਦੱਤ ਦਾ ਮੁੱਖ ਭੂਮਿਕਾ ਵਿਚ ਅਭਿਨੇਤਰੀ ਰਾਧਾ ਸਲੂਜਾ ਨੇ ਬਾਖੂਬੀ ਸਾਥ ਦਿੱਤਾ। ਇਨ੍ਹਾਂ ਦੋਵਾਂ ਤੋਂ ਇਲਾਵਾ ਰਣਜੀਤ, ਗੁਰਸ਼ਰਨ ਸਿੰਘ, ਸ਼ਾਮ ਲਾਲ, ਖਰੈਤੀ, ਗੋਪਾਲ ਸਹਿਗਲ, ਹਰਭਜਨ ਜੱਬਲ, ਕੁੰਵਰ ਮਹਿੰਦਰ ਸਿੰਘ ਬੇਦੀ ਨੇ ਵੀ ਅਹਿਮ ਕਿਰਦਾਰ ਨਿਭਾਏ। ਓਮ ਪ੍ਰਕਾਸ਼, ਮੁਕਰੀ ਅਤੇ ਮਧੂਮਤੀ ਨੇ ਇਸ ਫਿਲਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਹਿਮਾਨ ਕਿਰਦਾਰ ਨਿਭਾਏ।
‘ਮਨਿ ਜੀਤੈ ਜਗੁ ਜੀਤੁ’ ਅਜਿਹੀ ਫਿਲਮ ਹੈ, ਜਿਸਦੀ ਕਹਾਣੀ ਅਜੋਕੇ ਸਮੇਂ ਵਿਚ ਵੀ ਓਨੀ ਹੀ ਪ੍ਰਸੰਗਿਕ ਹੈ, ਜਿੰਨੀ ਅੱਜ ਤੋਂ ਪੰਜ ਦਹਾਕੇ ਪਹਿਲਾਂ ਸੀ। ਮਨੁੱਖੀ ਲਾਲਸਾਵਾਂ ਇਨਸਾਨ ਨੂੰ ਹੈਵਾਨ ਬਣਾ ਦਿੰਦੀਆਂ ਹਨ ਤੇ ਫਿਰ ਇਸ ਹੈਵਾਨੀਅਤ ਵਿਚ ਇਨਸਾਨ ਪਾਪਾਂ ਦੀ ਦਲਦਲ ਵਿਚ ਧੱਸਦਾ ਚੱਲਿਆ ਜਾਂਦਾ ਹੈ। ਮਨ ਵਿਚ ਉਠਦੀਆਂ ਇਨ੍ਹਾਂ ਲਾਲਸਾਵਾਂ ਤੇ ਇਛਾਵਾਂ ਤੋਂ ਛੁਟਕਾਰੇ ਦਾ ਰਾਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਸਾਨੂੰ ਵਿਖਾਇਆ ਹੈ। ਇਹੀ ਗੱਲ ਇਸ ਫਿਲਮ ਜ਼ਰੀਏ ਦਰਸ਼ਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਫਿਲਮ ਦੀ ਕਹਾਣੀ ਬਘੇਲ ਸਿੰਘ ਉਰਫ ਬੱਗਾ ਡਾਕੂ (ਸੁਨੀਲ ਦੱਤ) ਤੇ ਸਕੂਲ ਟੀਚਰ ਗੁਰਮੀਤ ਕੌਰ (ਰਾਧੂ ਸਲੂਜਾ) ਦੇ ਆਲੇ ਦੁਆਲੇ ਘੁੰਮਦੀ ਹੈ। ਗੁਰਮੀਤ ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਦੀ ਧੀ ਹੁੰਦੀ ਹੈ, ਜੋ ਪਿੰਡ ਦੇ ਹੀ ਸਕੂਲ ਵਿਚ ਬੱਚਿਆਂ ਨੂੰ ਪੜ੍ਹਾਉਂਦੀ ਹੈ। ਫਿਰੌਤੀ ਲਈ ਤੇ ਆਪਣੇ ਗਿਰੋਹ ਖਿਲਾਫ ਪਿੰਡ ਵਾਲਿਆਂ ਨੂੰ ਭੜਕਾਉਣ ਦਾ ਬਦਲਾ ਲੈਣ ਲਈ ਬੱਗਾ ਡਾਕੂ, ਗੁਰਮੀਤ ਨੂੰ ਅਗਵਾ ਕਰ ਲੈਂਦਾ ਹੈ। ਇਸ ਤੋਂ ਬਾਅਦ ਗੁਰਮੀਤ ਕਿਵੇਂ ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਬੱਗੇ ਡਾਕੂ ਨੂੰ ਸਿੱਧੇ ਰਾਹ ਪਾਉਂਦੀ ਹੈ। ਇਹ ਸਭ ਇਸ ਫਿਲਮ ਵਿਚ ਵਿਖਾਇਆ ਗਿਆ ਹੈ। ‘ਮਨਿ ਜੀਤੈ ਜਗੁ ਜੀਤ’ ਜਪੁਜੀ ਸਾਹਿਬ ਦੀ 28ਵੀਂ ਪਾਉੜੀ ਦੀ ਇਕ ਤੁਕ ਹੈ। ਇਸ ਤੁਕ ਦਾ ਅਰਥ ਹੈ ਆਪਣੇ ਮਨ ਨੂੰ ਜਿੱਤਣ ਨਾਲ ਮਨੁੱਖ ਸਾਰੀ ਦੁਨੀਆ ‘ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਇਹੀ ਸਿੱਖਿਆ ਇਸ ਫਿਲਮ ਵਿਚ ਦਿੱਤੀ ਗਈ ਹੈ। ਫਿਲਮ ਦਾ ਸੰਗੀਤ ਬਹੁਤ ਮਧੁਰ ਹੈ। ਇਹ ਫਿਲਮ ਸਾਨੂੰ ਅੱਜ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਵਿਖਾਉਣੀ ਚਾਹੀਦੀ ਹੈ।
ਗੁਰੂ ਮਾਨਿਓ ਗ੍ਰੰਥ : 1977 ਵਿਚ ਰਿਲੀਜ਼ ਹੋਈ ਇਸ ਫਿਲਮ ਦਾ ਨਿਰਮਾਣ ਅਸ਼ੋਕ ਕਪੂਰ ਨੇ ਕੀਤਾ ਸੀ, ਜਦਕਿ ਨਿਰਦੇਸ਼ਨ ਦੀ ਜ਼ਿੰਮੇਵਾਰੀ ਐਸ ਆਰ ਕਪੂਰ ਨੇ ਨਿਭਾਈ। ਇਸ ਫਿਲਮ ਦਾ ਸੰਗੀਤ ਪ੍ਰੇਮ ਧਵਨ ਦਾ ਸੀ ਅਤੇ ਗੀਤ ਪ੍ਰੇਮ ਧਵਨ ਅਤੇ ਚਰਨ ਸਿੰਘ ਸਿੰਧਰਾ ਨੇ ਲਿਖੇ ਸਨ। ਇਨ੍ਹਾਂ ਗੀਤਾਂ ਨੂੰ ਆਪਣੀ ਮਧੁਰ ਆਵਾਜ਼ ਮੁਹੰਮਦ ਰਫੀ, ਮਹਿੰਦਰ ਕਪੂਰ, ਮੀਨੂੰ ਪੁਰਸ਼ੋਤਮ, ਦਿਲਰਾਜ ਕੌਰ ਅਤੇ ਵਿਜੈ ਬਹਿਲ ਵਰਗੇ ਗਾਇਕਾਂ ਨੇ ਦਿੱਤੀ। ਇਸ ਵਿਚ ਮਨਮੋਹਨ ਕ੍ਰਿਸ਼ਨ ਸਪਰੂ, ਪਿੰਚੂ ਕਪੂਰ, ਜਸਵੰਤ ਦਮਨ, ਸਰਿਤਾ, ਰਾਮ ਮੋਹਨ, ਆਨੰਦ ਸੋਈ ਆਦਿ ਸਿਤਾਰੇ ਨਜ਼ਰ ਆਏ। ਫਿਲਮ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿਚ ਸੱਚੀ ਸ਼ਰਧਾ ਰੱਖਣ ਵਾਲੇ ਇਕ ਗੁਰਸਿੱਖ ਪਰਿਵਾਰ ਦੀ ਕਹਾਣੀ ਨੂੰ ਬਿਹਤਰੀਨ ਢੰਗ ਨਾਲ ਪੇਸ਼ ਕੀਤਾ ਹੈ। ਫਿਲਮ ਦੀ ਕਹਾਣੀ ਗੁਰਮੀਤ ਸਿੰਘ (ਮਨਮੋਹਣ ਕ੍ਰਿਸ਼ਨ) ਤੇ ਚੰਦੂ ਸੇਠ (ਸਪਰੂ) ਦੀ ਜ਼ਿੰਦਗੀ ਦੇ ਦੁਆਲੇ ਘੁੰਮਦੀ ਹੈ। ਇਸ ਵਿਚ ਵਿਖਾਇਆ ਗਿਆ ਹੈ ਕਿ ਕਿਵੇਂ ਭੁੱਲੇ-ਭਟਕੇ ਚੰਦੂ ਸੇਠ ਦਾ ਗੁਰਬਾਣੀ ਸਹੀ ਮਾਰਗ ਦਰਸ਼ਨ ਕਰਦੀ ਹੈ। ਚੰਗੀ ਕਹਾਣੀ, ਉਮਦਾ ਅਦਾਕਾਰੀ ਤੇ ਰੂਹ ਨੂੰ ਸਕੂਨ ਦੇਣ ਵਾਲੇ ਸੰਗੀਤ ਨਾਲ ਸ਼ਿੰਗਾਰੀ ਇਹ ਇਕ ਯਾਦਗਾਰ ਫਿਲਮ ਬਣ ਗਈ। ਇਹ ਫਿਲਮ ਵੀ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਲਈ ਸਹੀ ਮਾਰਗ ਦਰਸ਼ਨ ਕਰਦੀ ਹੈ। ਇਹ ਫਿਲਮ ਵੀ ਸਾਨੂੰ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ।
ਉਚਾ ਦਰ ਬਾਬੇ ਨਾਨਕ ਦਾ : ਇਹ ਫਿਲਮ ਉਸ ਦੌਰ ਵਿਚ ਬਣੀ ਜਦੋਂ ਪੰਜਾਬੀ ਸਿਨੇਮਾ ਵਿਚ ਧਾਰਮਿਕ ਫਿਲਮਾਂ ਦਾ ਦੌਰ ਘੱਟ ਤੇ ਐਕਸ਼ਨ ਫਿਲਮਾਂ ਜ਼ਿਆਦਾ ਬਣਦੀਆਂ ਸਨ। ਇਸ ਫਿਲਮ ਜ਼ਰੀਏ ਵੀ ਫਿਲਮਸਾਜ਼ਾਂ ਨੇ ਬਾਬੇ ਨਾਨਕ ਦੇ ਦਰ ਨਾਲ ਜੁੜੇ ਇਕ ਪਰਿਵਾਰ ਦੀ ਕਹਾਣੀ ਜ਼ਰੀਏ ਦਰਸ਼ਕਾਂ ਨੂੰ ਚੰਗੀ ਸੇਧ ਦੇਣ ਦਾ ਯਤਨ ਕੀਤਾ ਹੈ। ਇਸ ਵਿਚ ਵਿਖਾਇਆ ਗਿਆ ਕਿ ਕਿਵੇਂ ਵਾਹਿਗੁਰੂ ਦੇ ਦਰ ਤੋਂ ਮੰਗਣ ਗਏ ਇਨਸਾਨ ਨੂੰ ਸਭ ਕੁਝ ਮਿਲਦਾ ਹੈ, ਜੇ ਉਸ ਇਨਸਾਨ ਦੀ ਭਗਤੀ ਸੱਚੀ ਹੈ ਤੇ ਉਸ ਵਿਚ ਸੇਵਾ ਦੀ ਭਾਵਨਾ ਹੈ। ਗੁਰੂ ਦੀ ਵਡਿਆਈ ਕਰਨ ਵਾਲੇ ਹਰ ਵਿਅਕਤੀ ਨੂੰ ਸਭ ਕੁਝ ਮਿਲਦਾ ਹੈ, ਜਿਸ ਦੀ ਉਹ ਖਾਹਿਸ਼ ਰੱਖਦਾ ਹੈ।ਫਿਰ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਦੇ ਘਰ ਇਕ ਹੋਰ ਪੁੱਤਰ ਦਾ ਜਨਮ ਹੁੰਦਾ ਹੈ। ਇਸ ਤਰ੍ਹਾਂ ਕਹਾਣੀ ਅੱਗੇ ਵਧਦੀ ਹੈ ਤੇ ਜਦੋਂ ਇਹ ਦੋਵੇਂ ਪੁੱਤਰ ਜਵਾਨ ਹੋ ਜਾਂਦੇ ਹਨ ਤਾਂ ਵੱਡੇ ਪੁੱਤਰ ਗੁਰਦਿੱਤ (ਗੁਰਦਾਸ ਮਾਨ) ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਇਹ ਉਸਦੇ ਅਸਲੀ ਮਾਤਾ ਪਿਤਾ ਨਹੀਂ ਹਨ। ਇਸੇ ਦੌਰਾਨ ਉਸ ਨਾਲ ਇਕ ਹਾਦਸਾ ਵਾਪਰਦਾ ਹੈ, ਜਿਸ ਵਿਚ ਉਸਦੀ ਅਵਾਜ਼ ਵੀ ਚਲੀ ਜਾਂਦੀ ਹੈ। ਫਿਰ ਗੁਰਦਿੱਤ ਤੇ ਚੰਨੀ (ਪ੍ਰੀਤੀ ਸਪਰੂ) ਘਰ ਛੱਡ ਕੇ ਚਲੇ ਜਾਂਦੇ ਹਨ। ਇਸੇ ਦੌਰਾਨ ਉਹ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਜਾਂਦੇ ਹਨ। ਅਖੀਰ ਗੁਰਦੁਆਰੇ ਵਿਚ ਸੇਵਾ ਕਰਦਿਆਂ ਗੁਰਦਿੱਤ ਦੀ ਅਵਾਜ਼ ਵਾਪਸ ਆ ਜਾਂਦੀ ਹੈ। ਫਿਰ ਜਲਦ ਹੀ ਉਸ ਨੂੰ ਆਪਣੀ ਅਸਲੀ ਮਾਂ ਵੀ ਲੱਭ ਜਾਂਦੀ ਹੈ। ਇਸ ਤਰ੍ਹਾਂ ਫਿਲਮ ਦਾ ਸ਼ਾਨਦਾਰ ਢੰਗ ਨਾਲ ਕਲਾਈਮਕਸ ਹੁੰਦਾ ਵਿਖਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਫਿਲਮ ਵਿਚ ਕਈ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕਰਵਾਏ ਗਏ ਹਨ। ਫਿਲਮ ਦੀ ਕਹਾਣੀ ਦਾ ਮੁੱਖ ਵਿਸ਼ਾ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ‘ਦੇ ਚੱਲਣ ਦਾ ਸੁਨੇਹਾ ਦੇਣਾ ਹੈ। ਫਿਲਮ ਦਾ ਟਾਈਟਲ ਗੀਤ ‘ਮੈਂ ਸ਼ੋਭਾ ਸੁਣ ਕੇ ਆਇਆ ੳਚਾ ਦਰ ਬਾਬੇ ਨਾਨਕ ਦਾ’ ਅੱਜ ਵੀ ਗੁਰਦਾਸ ਮਾਨ ਦੀ ਅਵਾਜ਼ ਵਿਚ ਉਨਾ ਹੀ ਮਸਹੂਰ ਹੈ, ਜਿੰਨਾ ਫਿਲਮ ਰਿਲੀਜ਼ ਸਮੇਂ ਹੋਇਆ ਸੀ।

Check Also

ਜਮਾਤੀ ਤੇ ਜਾਤੀ ਦਰਾੜਾਂ ਬਨਾਮ ਪੇਂਡੂ ‘ਸਾਂਝ’

ਜਤਿੰਦਰ ਸਿੰਘ ਪਿਛਲੇ ਦਿਨੀਂ ਪਿੰਡਾਂ ਵਿਚਲੀ ਕਿਸਾਨ-ਮਜ਼ਦੂਰ ‘ਸਾਂਝ’ ਬਾਰੇ ਫਿਰ ਚਰਚਾ ਛਿੜੀ ਹੈ। ਕਾਰਨ ਝੋਨੇ …