Breaking News
Home / ਭਾਰਤ / ਰਾਹੁਲ ਹੱਥ ‘ਕਮਾਨ’ ਆਉਣ ਕਾਰਨ ਵੱਡੇ ਸਿਆਸੀ ਮੁਕਾਮ ਦੀ ਆਸ ‘ਚ ਹਨ ਯੂਥ ਆਗੂ

ਰਾਹੁਲ ਹੱਥ ‘ਕਮਾਨ’ ਆਉਣ ਕਾਰਨ ਵੱਡੇ ਸਿਆਸੀ ਮੁਕਾਮ ਦੀ ਆਸ ‘ਚ ਹਨ ਯੂਥ ਆਗੂ

ਦੇਸ਼ ਭਰ ‘ਚ ਕਈ ਨੌਜਵਾਨ ਚਿਹਰਿਆਂ ਨੂੰ ਚਮਕਾ ਚੁੱਕਾ ਹੈ ਰਾਹੁਲ ਗਾਂਧੀ ਦਾ ‘ਪਾਇਲਟ ਪ੍ਰਾਜੈਕਟ’
ਗੁਰਦਾਸਪੁਰ/ਬਿਊਰੋ ਨਿਊਜ਼ : ਰਾਹੁਲ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਦਾ ਪ੍ਰਧਾਨ ਐਲਾਨ ਦਿੱਤੇ ਜਾਣ ਕਾਰਨ ਪੰਜਾਬ ਸਮੇਤ ਸਮੁੱਚੇ ਦੇਸ਼ ਅੰਦਰ ਨੌਜਵਾਨ ਵਰਗ ਨੂੰ ਆਪਣੇ ਸਿਆਸੀ ਸਫ਼ਰ ਦੌਰਾਨ ਵੱਡੇ ਮੁਕਾਮ ਫ਼ਤਿਹ ਕਰਨ ਦੀ ਉਮੀਦ ਦਿਖਾਈ ਦੇਣ ਲੱਗੀ ਹੈ। ਖ਼ਾਸ ਤੌਰ ‘ਤੇ ਗੈਰ-ਸਿਆਸੀ ਪਰਿਵਾਰਾਂ ਨਾਲ ਸਬੰਧਿਤ ਆਮ ਤੇ ਮੱਧ ਵਰਗ ਦੇ ਨੌਜਵਾਨ ਰਾਹੁਲ ਗਾਂਧੀ ਨੂੰ ਪਾਰਟੀ ਦੀ ਵਾਗਡੋਰ ਮਿਲਣ ਕਾਰਨ ਸਭ ਤੋਂ ਜ਼ਿਆਦਾ ਉਤਸ਼ਾਹਿਤ ਨਜ਼ਰ ਆ ਰਹੇ ਹਨ।ઠਆਮ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਰਾਹੁਲ ਨੇ ਕੀਤੀ ਸੀ ਪਹਿਲਕਦਮੀ : ਜਦੋਂ ਰਾਹੁਲ ਗਾਂਧੀ ਨੇ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੰਭਾਲੀ ਤਾਂ 2008 ਵਿਚ ਉਨ੍ਹਾਂ ਨੇ ਆਮ ਪਰਿਵਾਰਾਂ ਦੇ ਮਿਹਨਤੀ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਸਭ ਤੋਂ ਪਹਿਲਾਂ ਵੱਖ-ਵੱਖ ਅਹੁਦਿਆਂ ‘ਤੇ ਨੌਜਵਾਨਾਂ ਨੂੰ ਸੀਨੀਅਰ ਸਿਆਸੀ ਆਗੂਆਂ ਦੀਆਂ ਸਿਫ਼ਾਰਸ਼ਾਂ ‘ਤੇ ਨਾਮਜ਼ਦ ਕਰਨ ਦੀ ਬਜਾਏ ਵੋਟਾਂ ਪਵਾ ਕੇ ਚੁਣਨ ਦਾ ਫ਼ੈਸਲਾ ਕੀਤਾ। ਇਸ ਤਹਿਤ ਉਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਵਿਚ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕਰਵਾਈ, ਜਿਸ ਦੇ ਬਾਅਦ ਪੰਜਾਬ ਦੇ ਹੋਰ ਸੂਬਿਆਂ ਵਿਚ ਵੀ ਇਸ ਪ੍ਰਾਜੈਕਟ ਨੂੰ ਲਾਗੂ ਕੀਤਾ ਗਿਆ।
ਅਨੇਕਾਂ ਗੈਰ-ਸਿਆਸੀ ਪਿਛੋਕੜ ਵਾਲੇ ਨੌਜਵਾਨ ਸਿਆਸੀ ‘ਸਟਾਰ’ ਬਣੇ
ਰਾਹੁਲ ਦੇ ਇਸ ਪ੍ਰਾਜੈਕਟ ਕਾਰਨ ਪੰਜਾਬ ਦੇ ਕਈ ਨੌਜਵਾਨ ਚਿਹਰੇ ਸਮੁੱਚੇ ਦੇਸ਼ ਦੀ ਸਿਆਸਤ ਵਿਚ ਚਮਕ ਰਹੇ ਹਨ। ਸਭ ਤੋਂ ਪਹਿਲਾਂ ਚੋਣ ਜਿੱਤ ਕੇ 2008 ਵਿਚ ਯੂਥ ਕਾਂਗਰਸ ਦੇ ਪ੍ਰਧਾਨ ਬਣੇ ਰਵਨੀਤ ਸਿੰਘ ਬਿੱਟੂ ਦਾ ਪਰਿਵਾਰਕ ਪਿਛੋਕੜ ਭਾਵੇਂ ਸਿਆਸੀ ਹੈ। ਪਰ ਲਗਾਤਾਰ ਦੋ ਵਾਰ ਲੋਕ ਸਭਾ ਮੈਂਬਰ ਬਣ ਚੁੱਕੇ ਰਵਨੀਤ ਬਿੱਟੂ ਨੂੰ ਜ਼ਿਆਦਾ ਪਛਾਣ ਅਤੇ ਪਿਆਰ ਰਾਹੁਲ ਦੇ ਇਸ ਪ੍ਰਾਜੈਕਟ ਵਿਚ ਕੰਮ ਕਰਕੇ ਮਿਲਿਆ ਹੈ, ਜਿਨ੍ਹਾਂ ਨੇ ਸਿਰਫ਼ 45 ਦਿਨਾਂ ਵਿਚ ਪੰਜਾਬ ਅੰਦਰ ਕਰੀਬ 1500 ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ ਸੀ। ਇਸੇ ਤਰ੍ਹਾਂ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾ ਰਹੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਿਛੋਕੜ ਸਧਾਰਨ ਪਰਿਵਾਰ ਨਾਲ ਸਬੰਧਿਤ ਹੈ ਜੋ ਦੋ ਵਾਰ ਵਿਧਾਇਕ ਬਣ ਚੁੱਕੇ ਹਨ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਦਾ ਪਰਿਵਾਰਕ ਪਿਛੋਕੜ ਵੀ ਗੈਰ-ਸਿਆਸੀ ਹੈ। ਰਾਹੁਲ ਨੇ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਨੌਜਵਾਨ ਚਿਹਰਿਆਂ ਨੂੰ ਅੱਗੇ ਲਿਆਉਣ ਲਈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਅਨੰਦਪੁਰ ਸਾਹਿਬ, ਫ਼ਰੀਦਕੋਟ ਅਤੇ ਸੰਗਰੂਰ ਤੋਂ ਕ੍ਰਮਵਾਰ ਰਵਨੀਤ ਸਿੰਘ ਬਿੱਟੂ, ਸੁਖਵਿੰਦਰ ਡੈਨੀ ਅਤੇ ਵਿਜੈਇੰਦਰ ਸਿੰਗਲਾ ਨੂੰ ਚੋਣ ਲੜਾਈ ਸੀ। ઠਇਸ ਦੇ ਬਾਅਦ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਬਲਾਚੌਰ ਤੋਂ ਰਾਜਵਿੰਦਰ ਸਿੰਘ ਲੱਕੀ, ਪਾਇਲ ਤੋਂ ਲਖਵੀਰ ਸਿੰਘ ਲੱਖਾ, ਫ਼ਿਰੋਜ਼ਪੁਰ ਦਿਹਾਤੀ ਤੋਂ ਸਤਿਕਾਰ ਕੌਰ, ਮਜੀਠਾ ਤੋਂ ਸ਼ੈਲਿੰਦਰਜੀਤ ਸਿੰਘ ਸ਼ੈਲੀ, ਫ਼ਤਿਹਗੜ੍ਹ ਸਾਹਿਬ ਤੋਂ ਕੁਲਜੀਤ ਸਿੰਘ ਨਾਗਰਾ ਆਦਿ ਨੌਜਵਾਨ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਨ੍ਹਾਂ ਵਿਚੋਂ ਉਸ ਮੌਕੇ ਰਾਜਾ ਵੜਿੰਗ ਅਤੇ ਕੁਲਜੀਤ ਸਿੰਘ ਨਾਗਰਾ ਹੀ ਜੇਤੂ ਰਹੇ ਸਨ। ਪਰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੜ ਕਈ ਸਖ਼ਤ ਮੁਕਾਬਲੇ ਵਾਲੀਆਂ ਸੀਟਾਂ ‘ਤੇ ਰਾਹੁਲ ਨੇ ਨੌਜਵਾਨ ਚਿਹਰਿਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ, ਜਿਸ ਤਹਿਤ ਰਾਜਾ ਵੜਿੰਗ ਦੇ ਇਲਾਵਾ ਗੁਰਦਾਸਪੁਰ ਤੋਂ ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ (ਜ਼ੀਰਾ), ਸੁਖਪਾਲ ਸਿੰਘ ਭੁੱਲਰ (ਖੇਮਕਰਨ), ਦਲਬੀਰ ਸਿੰਘ ਗੋਲਡੀ (ਧੂਰੀ), ਲਖਬੀਰ ਸਿੰਘ ਲੱਖਾ (ਪਾਇਲ), ਸਤਿਕਾਰ ਕੌਰ ਗਹਿਰੀ (ਫ਼ਿਰੋਜ਼ਪੁਰ), ਅੰਗਦ ਸੈਣੀ (ਨਵਾਂਸ਼ਹਿਰ), ਕੁਲਜੀਤ ਸਿੰਘ ਨਾਗਰਾ (ਫਤਿਹਗੜ੍ਹ ਸਾਹਿਬ), ਦਾਮਨ ਬਾਜਵਾ (ਸੁਨਾਮ), ਖੁਸ਼ਬਾਜ ਜਟਾਣਾ (ਤਲਵੰਡੀ ਸਾਬੋ) ਆਦਿ ਸਮੇਤ ਕਈ ਨੌਜਵਾਨ ਚਿਹਰੇ ਸ਼ਾਮਿਲ ਹਨ। ਇਨ੍ਹਾਂ ਵਿਚੋਂ ਕੁਝ ਨੂੰ ਛੱਡ ਕੇ ਬਾਕੀ ਨੌਜਵਾਨ ਗੈਰ-ਸਿਆਸੀ ਪਿਛੋਕੜ ਵਾਲੇ ਸਨ ਅਤੇ ਉਹ ਵਿਧਾਇਕ ਵੀ ਚੁਣੇ ਗਏ।
ਇਸੇ ਤਰ੍ਹਾਂ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਿਤ ਯੂਥ ਕਾਂਗਰਸ ਦੇ ਜਨਰਲ ਸਕੱਤਰ ਗੁਰਭੇਜ ਸਿੰਘ ਟਿੱਬੀ ਨੂੰ ਗੁਜਰਾਤ ਚੋਣਾਂ ਵਿਚ ਮੁੱਖ ਮੰਤਰੀ ਨਾਲ ਸਬੰਧਿਤ ਅਹਿਮ ਸੀਟ ‘ਤੇ ਕੋਆਰਡੀਨੇਟਰ ਲਾਉਣ ਦੇ ਇਲਾਵਾ ਰਾਹੁਲ ਟੀਮ ਨੇ ਅਜਿਹੇ ਹੋਰ ਵੀ ਕਈ ਨੌਜਵਾਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਹਨ।
ਵੱਖਰਾ ‘ਇਲੈਕਸ਼ਨ ਕਮਿਸ਼ਨ’ ਹੈ ਰਾਹੁਲ ਗਾਂਧੀ ਕੋਲ
ਯੂਥ ਕਾਂਗਰਸ ਦੀਆਂ ਚੋਣਾਂ ਕਰਵਾਉਣ ਲਈ ਰਾਹੁਲ ਨੇ ਆਪਣਾ ਵੱਖਰਾ ਇਲੈਕਸ਼ਨ ਕਮਿਸ਼ਨ ਬਣਾਇਆ ਹੋਇਆ ਹੈ, ਜਿਸ ਕੋਲ ਬਕਾਇਦਾ ਇਲੈਕਸ਼ਨ ਕਮਿਸ਼ਨਰ, ਅਬਜ਼ਰਵਰਾਂ ਤੋਂ ਇਲਾਵਾ ਹਰ ਅਧਿਕਾਰੀ ਤੇ ਚੋਣ ਨਿਯਮ ਵੀ ਹਨ। ਇਹ ਚੋਣ ਅਮਲਾ ਹਰੇਕ ਤਿੰਨ ਸਾਲਾਂ ਬਾਅਦ ਦੇਸ਼ ਦੀਆਂ ਆਮ ਚੋਣਾਂ ਦੀ ਤਰਜ਼ ‘ਤੇ ਚੋਣਾਂ ਕਰਵਾਉਂਦਾ ਹੈ।
ਇਸ ਪ੍ਰਕਿਰਿਆ ਤਹਿਤ ਵੱਖ-ਵੱਖ ਅਹੁਦਿਆਂ ‘ਤੇ ਚੋਣ ਲੜਨ ਲਈ ਮਹਿਲਾਵਾਂ ਤੇ ਪੁਰਸ਼ਾਂ ਦੇ ਇਲਾਵਾ ਵੱਖ-ਵੱਖ ਵਰਗਾਂ ਲਈ ਰਾਖਵੇਂਕਰਨ ਦੀ ਨੀਤੀ ਨੂੰ ਵੀ ਲਾਗੂ ਕੀਤਾ ਗਿਆ ਹੈ, ਜਿਸ ਕਾਰਨ ਮਹਿਲਾਵਾਂ ਨੂੰ ਵੀ ਅੱਗੇ ਵਧਣ ਲਈ ਬਰਾਬਰ ਦਾ ਮੌਕਾ ਮਿਲ ਰਿਹਾ ਹੈ।ઠ

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …