Breaking News
Home / ਹਫ਼ਤਾਵਾਰੀ ਫੇਰੀ / PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

PM ਜਸਟਿਨ ਟਰੂਡੋ ਨੇ ਜਿੱਤਿਆ ਭਰੋਸੇ ਦਾ ਵੋਟ

ਸਦਨ ਵਿਚ ਫੇਲ੍ਹ ਹੋਇਆ ਵਿਰੋਧੀ ਧਿਰ ਕੰਸਰਵੇਟਿਵ ਦਾ ਮਤਾ
ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਲਿਆਂਦੇ ਗਏ ਬੇਭਰੋਸਗੀ ਦੇ ਮਤੇ ‘ਤੇ ਸੰਸਦ ਵਿਚ ਤਿੱਖੀ ਬਹਿਸ ਹੋਈ, ਜਿਸ ਵਿਚ ਸੱਤਾਧਾਰੀ ਪੱਖ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਕ ਦੂਜੇ ‘ਤੇ ਆਰੋਪ ਲਗਾਏ। ਲੰਬੇ ਚੱਲੇ ਹੰਗਾਮੇ ਤੋਂ ਬਾਅਦ ਕੰਸਰਵੇਟਿਵ ਮੋਸ਼ਨ ਨੂੰ 211 ਵੋਟਾਂ ਦੇ ਮੁਕਾਬਲੇ 120 ਵੋਟਾਂ ਨਾਲ ਖਾਰਜ ਕਰ ਦਿੱਤਾ ਗਿਆ। ਕੈਨੈਡਾ ਵਿਚ ਕੰਸਰਵੇਟਿਵ ਪਾਰਟੀ ਵਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਲਿਆਂਦਾ ਗਿਆ ਮਤਾ ਫੇਲ੍ਹ ਹੋ ਗਿਆ ਹੈ ਅਤੇ ਪੀਐਮ ਟਰੂਡੋ ਨੇ ਸੰਸਦ ਵਿਚ ਭਰੋਸੇ ਦਾ ਵੋਟ ਜਿੱਤ ਲਿਆ ਹੈ। ਇਸਦੇ ਚੱਲਦਿਆਂ ਟਰੂਡੋ ਨੇ ਆਪਣੀ ਸਰਕਾਰ ਨੂੰ ਡਿੱਗਣ ਤੋਂ ਬਚਾ ਲਿਆ। ਹਾਲਾਂਕਿ ਅਜੇ ਵੀ ਉਨ੍ਹਾਂ ਦੀ ਸੱਤਾ ‘ਤੇ ਪਕੜ ਕਮਜ਼ੋਰ ਹੀ ਹੈ ਅਤੇ ਵਿਰੋਧੀ ਧਿਰ ਕੰਸਰਵੇਟਿਵ ਪਾਰਟੀ ਨੇ ਅਗਲੇ ਹਫਤੇ ਫਿਰ ਤੋਂ ਸਰਕਾਰ ਦੇ ਖਿਲਾਫ ਬੇਭਰੋਸਗੀ ਦਾ ਮਤਾ ਲਿਆਉਣ ਦੀ ਤਿਆਰੀ ਕਰ ਲਈ ਹੈ।
ਕੈਨੇਡਾ ‘ਚ ਮੁੱਖ ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਲੀਏਵਰ ਚੋਣਾਂ ਤੋਂ ਪਹਿਲਾਂ ਹੀ ਟਰੂਡੋ ਨੂੰ ਸੱਤਾ ਤੋਂ ਲਾਂਭੇ ਕਰਨ ਵਿਚ ਲੱਗੇ ਹੋਏ ਹਨ। ਇਸੇ ਤਰ੍ਹਾਂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੀ ਸਹਿਯੋਗੀ ਐਨ.ਡੀ.ਪੀ. ਨੇ ਵੀ ਉਸ ਤੋਂ ਕਿਨਾਰਾ ਕਰ ਲਿਆ ਹੈ, ਹਾਲਾਂਕਿ ਇਸ ਮੋਸ਼ਨ ਵਿਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਨੇ ਲਿਬਰਲ ਦੇ ਲਈ ਵੋਟ ਦਿੱਤਾ ਹੈ।
ਕੈਨੇਡੀਅਨ ਪਾਰਲੀਮੈਂਟ ਦਾ ਸਮੀਕਰਨ ਕੀ ਹੈ?
ਜਸਟਿਨ ਟਰੂਡੋ ਨੂੰ ਸੱਤਾ ‘ਚ ਬਣੇ ਰਹਿਣ ਲਈ ਸਦਨ ‘ਚ ਭਰੋਸਾ ਬਣਾਈ ਰੱਖਣਾ ਜ਼ਰੂਰੀ ਹੈ। ਇਸ ਸਮੇਂ ਲਿਬਰਲ ਪਾਰਟੀ ਕੋਲ 153 ਸੰਸਦ ਮੈਂਬਰ ਹਨ, ਜਦੋਂ ਕਿ ਮੁੱਖ ਵਿਰੋਧੀ ਕੰਸਰਵੇਟਿਵ ਪਾਰਟੀ ਕੋਲ 119 ਸੀਟਾਂ, ਬਲਾਕ ਕਿਊਬਿਕ ਕੋਲ 33 ਅਤੇ ਐਨਡੀਪੀ ਕੋਲ 25 ਸੀਟਾਂ ਹਨ। ਟਰੂਡੋ ਦੀ ਕਮਜ਼ੋਰ ਹੋ ਰਹੀ ਸਰਕਾਰ ਨੂੰ ਲਗਾਤਾਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਨੂੰ ਘੱਟ ਗਿਣਤੀ ਸਰਕਾਰ ਨੂੰ ਸੱਤਾ ਵਿੱਚ ਰੱਖਣ ਲਈ ਹੋਰ ਪਾਰਟੀਆਂ ਦੇ ਸਮਰਥਨ ਦੀ ਲੋੜ ਹੈ। ਜੇਕਰ ਉਹ ਇਨ੍ਹਾਂ ਪਾਰਟੀਆਂ ਦੀਆਂ ਮੰਗਾਂ ਨੂੰ ਪਹਿਲ ਨਹੀਂ ਦਿੰਦੇ ਤਾਂ ਉਸ ਵਿਰੁੱਧ ਵਿਰੋਧੀ ਪਾਰਟੀਆਂ ਦੀ ਸਥਿਤੀ ਹੋਰ ਮਜ਼ਬੂਤ ਹੋ ਸਕਦੀ ਹੈ।
ਕੰਸਰਵੇਟਿਵ ਦੇ ਰਹੇ ਹਨ ਲਗਾਤਾਰ ਚੁਣੌਤੀ
ਕੰਸਰਵੇਟਿਵ ਆਗੂ ਪੀਅਰੇ ਪੋਲੀਏਵਰ ਨੇ ਦੇਸ਼ ਦੇ ਮਾੜੇ ਹਾਲਾਤ ਲਈ ਜਸਟਿਨ ਟਰੂਡੋ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੈਨੇਡਾ ਵਿੱਚ ਮਹਿੰਗਾਈ, ਮਕਾਨਾਂ ਦਾ ਕਿਰਾਇਆ, ਬੇਰੁਜ਼ਗਾਰੀ ਅਤੇ ਟੈਕਸ ਵਿੱਚ ਵਾਧੇ ਤੋਂ ਬਾਅਦ ਟਰੂਡੋ ‘ਤੇ ਅਸਫਲ ਲੀਡਰਸ਼ਿਪ ਦੇ ਆਰੋਪ ਲੱਗੇ ਹਨ। ਦੇਸ਼ ਵਿਚ ਉਸ ਦੇ ਖਿਲਾਫ ਵਿਰੋਧ ਵਧਦਾ ਜਾ ਰਿਹਾ ਹੈ। ਪੀਅਰੇ ਪੋਲੀਏਵਰ ਨੇ ਕਿਹਾ ਕਿ ਨੌਂ ਸਾਲਾਂ ਦੀ ਲਿਬਰਲ ਸਰਕਾਰ ਤੋਂ ਬਾਅਦ, ਕੈਨੇਡਾ ਦੀ ਹਾਲਤ ਖਰਾਬ ਹੋਈ ਹੈ। ਲਿਬਰਲ ਪਾਰਟੀ ਦੀ ਭਾਈਵਾਲ ਐਨ.ਡੀ.ਪੀ. ਦੇ ਪਿੱਛੇ ਹਟਣ ਕਾਰਨ ਟਰੂਡੋ ਸਰਕਾਰ ਹੋਰ ਕਮਜ਼ੋਰ ਹੋ ਗਈ ਹੈ। ਹਾਲ ਹੀ ਵਿੱਚ ਹੋਏ ਐਂਗਸ ਰੀਡ ਪੋਲ ਮੁਤਾਬਕ ਕੰਸਰਵੇਟਿਵ ਪਾਰਟੀ ਨੂੰ ਲਿਬਰਲਾਂ ਨਾਲੋਂ ਬਹੁਤ ਅੱਗੇ ਦਿਖਾਇਆ ਗਿਆ ਹੈ, ਜਿਸ ਵਿੱਚ ਕੰਸਰਵੇਟਿਵਜ਼ ਦੇ ਨਾਲ 43 ਫੀਸਦੀ ਵੋਟਿੰਗ ਹੋਈ ਹੈ, ਜਦੋਂ ਕਿ ਸਿਰਫ 21 ਫੀਸਦੀ ਨੇ ਸੱਤਾਧਾਰੀ ਪਾਰਟੀ ਨੂੰ ਵੋਟ ਦਿੱਤੀ ਹੈ। ਐਨਡੀਪੀ ਨੂੰ 19 ਫੀਸਦੀ ਸਮਰਥਨ ਮਿਲਿਆ ਹੈ, ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੰਸਦ ਵਿੱਚ ਹਰ ਬਿੱਲ ਦਾ ਮੁਲਾਂਕਣ ਕਰੇਗੀ, ਫਿਰ ਹੀ ਫੈਸਲਾ ਕਰੇਗੀ ਕਿ ਵੋਟ ਕਿਵੇਂ ਪਾਉਣੀ ਹੈ।

Check Also

ਕੈਨੇਡਾ ਵਿੱਚ ਕੱਚੇ ਨਾਗਰਿਕਾਂ ‘ਤੇ ਸਖਤੀ ਵਧਣ ਲੱਗੀ

ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ ਸੱਤਾਧਾਰੀ ਲਿਬਰਲ ਸਰਕਾਰ ਹੁਣ ਉਨ੍ਹਾਂ ਨਾਕਾਮੀਆਂ ਨੂੰ ਪੁੱਠਾ ਗੇੜ ਦੇਣ …