ਵਿਰੋਧੀ ਧਿਰਾਂ ਦੇ ਲੀਡਰਾਂ ਨਾਲ ਮਮਤਾ ਨੇ ਕੀਤੀਆਂ ਮੁਲਾਕਾਤਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਵੱਲ ਪੁਲਾਂਘ ਪੁੱਟਦੀ ਨਜ਼ਰ ਆ ਰਹੀ ਹੈ ਅਤੇ ਮਮਤਾ ਨੇ ਵਿਰੋਧੀ ਧਿਰਾਂ ਦੇ ਕਈ ਆਗੂਆਂ ਨਾਲ ਮੀਟਿੰਗਾਂ ਵੀ ਕਰ ਲਈਆਂ ਹਨ। ਇਸੇ ਦੌਰਾਨ ਮਮਤਾ ਬੈਨਰਜੀ ਨੇ ਵਿਰੋਧੀ ਧਿਰ ਦਾ ਚਿਹਰਾ ਬਣਨ ਬਾਰੇ ਰਲੀ-ਮਿਲੀ ਪ੍ਰਤੀਕਿਰਿਆ ਹੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੌਕੇ ਦੀ ਸਥਿਤੀ ਉਤੇ ਨਿਰਭਰ ਕਰੇਗਾ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਧਿਰ ਦਾ ਚਿਹਰਾ ਕੌਣ ਬਣਦਾ ਹੈ। ਅਗਵਾਈ ਦੇ ਮੁੱਦੇ ਉਤੇ ਮਮਤਾ ਨੇ ਕਿਹਾ ਕਿ ‘ਬਿੱਲੀ ਦੇ ਗਲ਼ ਟੱਲੀ ਬੰਨਣ ਲਈ ਮੈਂ ਸਿਰਫ਼ ਵਿਰੋਧੀ ਪਾਰਟੀਆਂ ਦੀ ਮਦਦ ਕਰਨਾ ਚਾਹੁੰਦੀ ਹਾਂ। ਮੈਂ ਆਗੂ ਨਹੀਂ ਬਣਨਾ ਚਾਹੁੰਦੀ, ਪਰ ਸਾਧਾਰਨ ਕੇਡਰ ਵਜੋਂ ਭੂਮਿਕਾ ਅਦਾ ਕਰਨਾ ਚਾਹੁੰਦੀ ਹਾਂ।’ ਹਾਲ ਹੀ ਵਿਚ ਚੋਣਾਂ ਜਿੱਤ ਕੇ ਮੁੱਖ ਮੰਤਰੀ ਬਣੀ ਮਮਤਾ ਬੈਨਰਜੀ ਨੇ ਕਿਹਾ ਕਿ ਜੇ ਕੋਈ ਹੋਰ ਅਗਵਾਈ ਕਰਦਾ ਹੈ ਤਾਂ ਉਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਹੈ। ਜਦੋਂ ਇਸ ਮੁੱਦੇ ਉਤੇ ਚਰਚਾ ਹੋਵੇਗੀ ਤਾਂ ਫ਼ੈਸਲਾ ਲਿਆ ਜਾਵੇਗਾ। ਮਮਤਾ ਨੇ ਮੀਡੀਆ ਨਾਲ ਗੱਲਬਾਤ ਵਿਚ ਕਿਹਾ ‘ਮੈਂ ਹੁਣ ਸੱਚੇ ਦਿਨ ਦੇਖਣਾ ਚਾਹੁੰਦੀ ਹਾਂ, ਅੱਛੇ ਦਿਨ ਬਹੁਤ ਦੇਖ ਲਏ। ਹੁਣ ਖੇਲਾ ਪੂਰੇ ਦੇਸ਼ ਵਿਚ ਹੋਵੇਗਾ।’
ਪੈਗਾਸਸ ਮਾਮਲੇ ‘ਤੇ ਬੈਨਰਜੀ ਨੇ ਕਿਹਾ ਕਿ ਸਥਿਤੀ ਐਮਰਜੈਂਸੀ ਨਾਲੋਂ ਵੀ ਬਦਤਰ ਹੈ। ਇਸ ਮਾਮਲੇ ‘ਤੇ ਜਵਾਬ ਨਾ ਦੇਣ ਲਈ ਉਨ੍ਹਾਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸੇਧਿਆ। ਮਮਤਾ ਨੇ ਕਿਹਾ ਕਿ ਹਰ ਥਾਂ ‘ਉਹ ਈਡੀ, ਆਈਟੀ ਨੂੰ ਛਾਪਿਆਂ ਲਈ ਭੇਜ ਰਹੇ ਹਨ, ਕੋਈ ਜਵਾਬ ਨਹੀਂ ਦੇ ਰਿਹਾ, ਲੋਕਤੰਤਰ ਵਿਚ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਹੈ।’ ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਕਿਹਾ ਕਿ ਜੇ ਪੈਗਾਸਸ ਮੁੱਦੇ ‘ਤੇ ਲੋਕ ਸਭਾ ਤੇ ਰਾਜ ਸਭਾ ਵਿਚ ਚਰਚਾ ਨਹੀਂ ਹੋਵੇਗੀ ਤਾਂ ਹੋਰ ਇਹ ਮੁੱਦਾ ਕਿੱਥੇ ਵਿਚਾਰਿਆ ਜਾਵੇਗਾ? ਮਮਤਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਦੋਵਾਂ ਆਗੂਆਂ ਨੇ ਇਸ ਮੌਕੇ ਮੁਲਕ ਦੀ ਮੌਜੂਦਾ ਸਿਆਸੀ ਸਥਿਤੀ ਤੇ ਪੈਗਾਸਸ ਜਾਸੂਸੀ ਮਾਮਲੇ ‘ਤੇ ਚਰਚਾ ਕੀਤੀ। ਇਸ ਬੈਠਕ ਵਿਚ ਰਾਹੁਲ ਗਾਂਧੀ ਵੀ ਮੌਜੂਦ ਸਨ। ਬੈਠਕ ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ‘ਤੇ ਹੋਈ। ਬੈਠਕ ਤੋਂ ਬਾਅਦ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਨੇ ਚਾਹ ‘ਤੇ ਸੱਦਿਆ ਸੀ ਤੇ ਰਾਹੁਲ ਵੀ ਉੱਥੇ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਮੌਕੇ ਵਿਰੋਧੀ ਧਿਰ ਨੂੰ ਇਕ ਕਰਨ ਬਾਰੇ ਵੀ ਗੱਲਬਾਤ ਹੋਈ, ਕੋਵਿਡ ਦੀ ਸਥਿਤੀ ਉਤੇ ਵੀ ਚਰਚਾ ਕੀਤੀ ਗਈ। ਵਿਰੋਧੀ ਧਿਰਾਂ ਦੇ ਏਕੇ ਬਾਰੇ ਗੱਲਬਾਤ ਕਰਦਿਆਂ ਟੀਐਮਸੀ ਸੁਪਰੀਮੋ ਨੇ ਕਿਹਾ ‘ਸਾਰੇ ਭਾਜਪਾ ਨੂੰ ਹਰਾਉਣ ਲਈ ਇਕੱਠੇ ਹੋ ਕੇ ਅੱਗੇ ਆਏ ਹਨ। ਇਕੱਲੇ ਅਸੀਂ ਕੁਝ ਵੀ ਨਹੀਂ ਹਾਂ। ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ।’
Check Also
ਭਾਰਤੀ ਮੂਲ ਦੀ ਅਨੀਤਾ ਅਨੰਦ ਅਤੇ ਕਮਲ ਖਹਿਰਾ ਨੂੰ ਮਾਰਕ ਕਾਰਨੀ ਵਜ਼ਾਰਤ ‘ਚ ਬਣਾਇਆ ਗਿਆ ਮੰਤਰੀ
ਓਟਾਵਾ : ਕੈਨੇਡਾ ‘ਚ ਲਿਬਰਲ ਪਾਰਟੀ ਦੇ ਨੇਤਾ ਮਾਰਕ ਕਾਰਨੀ ਨੇ ਪਿਛਲੇ ਦਿਨੀਂ ਦੇਸ਼ ਦੇ …