ਚੰਡੀਗੜ੍ਹ : ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ 2024 ਤੱਕ ਹੈ ਅਤੇ ਦੇਸ਼ ਦੀਆਂ ਕਈ ਖੇਤਰੀ ਪਾਰਟੀਆਂ ਨੇ ਹੁਣ ਤੋਂ ਹੀ ਭਾਜਪਾ ਨੂੰ ਹਰਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਦੌਰਾਨ ਭਾਜਪਾ ਨਾਲੋਂ ਸਬੰਧ ਤੋੜਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਵੀ ਖੇਤਰੀ ਪਾਰਟੀਆਂ ਨੂੰ ਇਕਜੁੱਟ ਕਰਨ ‘ਤੇ ਕੰਮ ਕਰੇਗਾ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਸਬੰਧੀ ਪਿਛਲੇ ਦਿਨੀਂ ਸੰਕੇਤ ਵੀ ਦੇ ਦਿੱਤੇ ਸਨ। ਇਸ ਤੋਂ ਪਹਿਲਾਂ ਪਾਰਟੀ ਨੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਨਰੇਸ਼ ਗੁਜਰਾਲ ਨੂੰ ਦੇਸ਼ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕ ਮੰਚ ‘ਤੇ ਲਿਆਉਣ ਦੇ ਕੰਮ ਦੀ ਜ਼ਿੰਮੇਵਾਰੀ ਦਿੱਤੀ ਹੈ। ਅਕਾਲੀ ਆਗੂਆਂ ਨੇ ਹੁਣ ਤੱਕ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ, ਐਨਸੀਪੀ ਦੇ ਸ਼ਰਦ ਪਵਾਰ, ਡੀਐਮਕੇ ਮੁਖੀ ਐਮ ਕੇ ਸਟਾਲਿਨ, ਟੀਡੀਪੀ ਦੇ ਚੰਦਰਬਾਬੂ ਨਾਇਡੂ ਅਤੇ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਨਾਲ ਮੁਲਾਕਾਤ ਵੀ ਕਰ ਲਈ ਹੈ। ਇਹ ਆਗੂ ਹਰਿਆਣਾ ਵਿੱਚ ਓਮ ਪ੍ਰਕਾਸ਼ ਚੌਟਾਲਾ ਨਾਲ ਵੀ ਸੰਪਰਕ ਕਰਨਗੇ। ਧਿਆਨ ਰਹੇ ਕਿ ਭਾਜਪਾ ਨਾਲ ਸੰਬੰਧ ਤੋੜਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਨੇ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਨਾਲ ਚੋਣ ਗੱਠਜੋੜ ਕੀਤਾ ਹੈ। ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਕਾਂਗਰਸ ਹੁਣ ਭਾਜਪਾ ਨਾਲ ਮੁਕਾਬਲਾ ਨਹੀਂ ਕਰ ਸਕਦੀ, ਇਸ ਲਈ ਖੇਤਰੀ ਪਾਰਟੀਆਂ ਦਾ ਫਰੰਟ ਆਪਣੀ ਜਗ੍ਹਾ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਹੌਲੀ ਹੌਲੀ ਸੂਬਿਆਂ ਦੇ ਅਧਿਕਾਰ ਖੋਹ ਰਹੀ ਹੈ। ਇਸ ਲਈ ਅਸੀਂ ਯਤਨ ਕਰ ਰਹੇ ਹਾਂ ਕਿ ਸਾਰੀਆਂ ਖੇਤਰੀ ਪਾਰਟੀਆਂ ਮਿਲ ਕੇ ਇਕ ਵੱਡਾ ਮੋਰਚਾ ਬਣਾਉਣ, ਤਾਂ ਜੋ 2024 ਵਿਚ ਭਾਜਪਾ ਨੂੰ ਟੱਕਰ ਦਿੱਤੀ ਜਾ ਸਕੇ।
Check Also
ਅਦਾਰਾ ਪਰਵਾਸੀ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ
ਅਦਾਰਾ ‘ਪਰਵਾਸੀ’ ਦੇ ਸਹਿਯੋਗੀਆਂ, ਸਨੇਹੀਆਂ, ਨਜ਼ਦੀਕੀਆਂ ਤੇ ਪਾਠਕਾਂ ਨੂੰ ਮਿਠਾਸ ਭਰੇ, ਮਹਿਕਾਂ ਭਰੇ, ਰੋਸ਼ਨੀਆਂ ਵੰਡਦੇ, …