ਚੰਡੀਗੜ੍ਹ/ਬਿਊਰੋ ਨਿਊਜ਼ : ਸੋਮਵਾਰ ਸ਼ਾਮ ਤੋਂ ਲੈ ਕੇ ਬੁੱਧਵਾਰ ਤੱਕ ਪੰਜਾਬ ਵਿਧਾਨ ਸਭਾ ਅੰਦਰ ਧਰਨਾ ਲਾ ਕੇ ਬੈਠੇ ਕਾਂਗਰਸੀ ਵਿਧਾਇਕਾਂ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਨਹੀਂ ਮਨਾ ਸਕੇ। ਮੰਗਲਵਾਰ ਨੂੰ ਛੁੱਟੀ ਵਾਲੇ ਦਿਨ ਵੀ ਵਿਧਾਨ ਸਭਾ ਵਿਚ ਧਰਨਾ ਲਾ ਕੇ ਬੈਠੇ ਵਿਰੋਧੀ ਦਲ ਦੇ ਕਾਂਗਰਸੀ ਵਿਧਾਇਕਾਂ ਨੂੰ ਮਨਾਉਣ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਥੇ ਪਹੁੰਚੇ। ਪਰ ਉਹਨਾਂ ਵਲੋਂ ਕੀਤੀ ਗਈ ਹੱਥ ਜੋੜ ਕੇ ਅਪੀਲ ਦਾ ਜਵਾਬ ਵੀ ਕਾਂਗਰਸੀ ਵਿਧਾਇਕਾਂ ਨੇ ਹੱਥ ਜੋੜ ਕੇ ਦਿੰਦਿਆਂ ਕਿਹਾ ਕਿ ਬਾਦਲ ਸਾਹਿਬ, ਸਾਡੇ ਮੂਹਰੇ ਹੱਥ ਜੋੜਨ ਦੀ ਲੋੜ ਨਹੀਂ, ਲੋਕਾਂ ਨੂੰ ਜਵਾਬ ਦਿਓ ਕਿ ਤੁਸੀਂ ਵਿਧਾਨ ਸਭਾ ਵਿਚ ਮੁੱਦਿਆਂ ‘ਤੇ ਬਹਿਸ ਕਰਵਾਉਣ ਤੋਂ ਕਿਉਂ ਭੱਜ ਰਹੇ ਹੋ। ਬਾਦਲ ਨੇ ਆਪਣਾ ਤੀਰ ਛੱਡਦਿਆਂ ਕਿਹਾ, ਤੁਸੀਂ ਇੱਥੇ ਮੁਸ਼ਕਲ ਵਿਚ ਰਾਤਾਂ ਕੱਟ ਰਹੇ ਹੋ, ਮੈਨੂੰ ਦੁੱਖ ਹੋ ਰਿਹਾ ਹੈ। ਸੁਨੀਲ ਜਾਖੜ ਨੇ ਜਵਾਬ ਦਿੱਤਾ, ਸਾਰਾ ਪੰਜਾਬ ਮੁਸ਼ਕਲ ਵਿਚ ਹੈ, ਉਨ੍ਹਾਂ ਦਾ ਦੁੱਖ ਕਿਉਂ ਨਹੀਂ ਸੁਣਦੇ। ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕ ਕਿਸਾਨੀ, ਨਸ਼ੇ ਤੇ ਬੇਰੁਜ਼ਗਾਰੀ ਸਮੇਤ ਪੰਜਾਬ ਦੇ ਪ੍ਰਮੁੱਖ 11 ਮਸਲਿਆਂ ‘ਤੇ ਬਹਿਸ ਕਰਵਾਉਣ ਲਈ ਅੜੇ ਹੋਏ ਹਨ। ਜ਼ਿਕਰਯੋਗ ਹੈ ਕਿ ਸੋਮਵਾਰ ਦੀ ਰਾਤ ਅਤੇ ਮੰਗਲਵਾਰ ਦੀ ਰਾਤ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਹੀ ਕੱਟੀ, 27 ਦੇ ਕਰੀਬ ਕਾਂਗਰਸੀ ਵਿਧਾਇਕ ਸਦਨ ਵਿਚ ਹੀ ਡਟੇ ਰਹੇ। ਹਾਂ, ਪਹਿਲੀ ਰਾਤ, ਅੱਧੀ ਰਾਤ ਤੱਕ ਏਸੀ ਤੇ ਲਾਈਟ ਨਾ ਹੋਣ ਕਾਰਨ ਅਸ਼ਵਨੀ ਸੇਖੜੀ ਦੀ ਸਿਹਤ ਖਰਾਬ ਹੋ ਗਈ। ਦੂਜੇ ਦਿਨ ਤੜਕੇ ਬਰੱਸ਼ ਅਤੇ ਸਾਬਣ ਤੋਂ ਵੀ ਮੁਹਤਾਜ ਹੋਏ ਕਾਂਗਰਸੀ ਵਿਧਾਇਕਾਂ ਨੂੰ ਪੁਲਿਸ ਅਤੇ ਅਧਿਕਾਰੀਆਂ ਨਾਲ ਵੀ ਦੋ-ਚਾਰ ਹੋਣਾ ਪਿਆ। ਚੰਨੀ ਅਤੇ ਜਾਖੜ ਦੀ ਅਗਵਾਈ ਵਿਚ ਧਰਨਾ ਦੇ ਰਹੇ ਵਿਧਾਇਕਾਂ ਨੂੰ ਕੈਪਟਨ ਨੇ ਵੀ ਥਾਪੜਾ ਦਿੱਤਾ ਤੇ ਬਾਹਰ ਰਹਿ ਗਏ ਕਾਂਗਰਸੀ ਵਿਧਾਇਕਾਂ ਨੇ ਬਾਦਲ ਸਰਕਾਰ ਖਿਲਾਫ ਬੀਬੀ ਭੱਠਲ ਤੇ ਲਾਲ ਸਿੰਘ ਦੀ ਅਗਵਾਈ ਹੇਠ ਹਾਈਕੋਰਟ ਵਾਲੇ ਚੌਕ ‘ਤੇ ਹੀ ਧਰਨਾ ਲਾ ਦਿੱਤਾ।
Home / ਹਫ਼ਤਾਵਾਰੀ ਫੇਰੀ / ਇਤਿਹਾਸ ‘ਚ ਪਹਿਲੀ ਵਾਰ : ਅਸੈਂਬਲੀ ਦੇ ਅੰਦਰ ਧਰਨਾ ਦੇ ਰਹੇ ਕਾਂਗਰਸੀਆਂ ਨੇ ਦੋ ਰਾਤਾਂ ਅੰਦਰ ਹੀ ਕੱਟੀਆਂ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …