ਵੀਜ਼ਾ ਫੀਸਾਂ ਵਿਚ ਵਾਧਾ ਲਾਗੂ-ਇਮੀਗਰੇਸ਼ਨ ਦੀ ‘ਸੈਲਫ ਇੰਪਲਾਇਡ’ ਸ਼੍ਰੇਣੀ ‘ਤੇ 2026 ਤੱਕ ਰੋਕ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਭਾਰਤੀਆਂ ਸਣੇ ਕੌਮਾਂਤਰੀ ਵਿਦਿਆਰਥੀ ਸਤੰਬਰ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਹਫਤੇ ਵਿਚ ਸਿਰਫ 24 ਘੰਟੇ ਹੀ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ। ਨਵੇਂ ਨਿਯਮ ਮੰਗਲਵਾਰ ਤੋਂ ਲਾਗੂ ਹੋ ਗਏ ਹਨ। ਇਸ ਸਬੰਧੀ ਇਮੀਗਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਮਾਰਕ ਮਿਲਰ ਨੇ ਇਕ ਪ੍ਰੈਸ ਬਿਆਨ ‘ਚ ਕਿਹਾ ਕਿ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਹਫਤੇ ‘ਚ 20 ਘੰਟੇ ਤੋਂ ਵੱਧ ਕੰਮ ਕਰਨ ਦੀ ਆਗਿਆ ਦੇਣ ਵਾਲੀ ਅਸਥਾਈ ਨੀਤੀ 30 ਅਪ੍ਰੈਲ 2024 ਨੂੰ ਖਤਮ ਹੋ ਜਾਵੇਗੀ ਤੇ ਇਸ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਕੈਂਪਸ ਤੋਂ ਬਾਹਰ ਕੰਮ ਕਰਨ ਦੇ ਘੰਟਿਆਂ ਦੀ ਗਿਣਤੀ ਨੂੰ ਹਰ ਹਫਤੇ 24 ਘੰਟੇ ‘ਚ ਬਦਲਣ ਜਾ ਰਹੇ ਹਾਂ। ਉਧਰ ਕੈਨੇਡਾ ਵਿਚ ਘਰਾਂ ਦੀ ਘਾਟ ਤੇ ਵਧੀ ਹੋਈ ਮਹਿੰਗਾਈ ਕਾਰਨ ਲੋਕਾਂ ਵਿਚ ਬੇਚੈਨੀ ਦੇ ਚੱਲਦਿਆਂ ਪੱਕੀ ਇਮੀਗਰੇਸ਼ਨ, ਸਟੱਡੀ ਪਰਮਿਟ, ਵਿਜ਼ਟਰ ਵੀਜ਼ਾ ਤੇ ਵਰਕ ਪਰਮਿਟ ਦੇ ਸਿਲਸਿਲੇ ‘ਚ ਬੀਤੇ ਮਹੀਨਿਆਂ ਤੋਂ ਲਗਾਤਾਰ ਹਲਚਲ ਜਾਰੀ ਹੈ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਆਖਿਆ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਪੜ੍ਹਾਈ ਕਰਨ ਵਾਸਤੇ ਦਿੱਤਾ ਜਾਂਦਾ ਹੈ ਤੇ ਕੰਮ ਕਰਨਾ ਮੁੱਖ ਮਕਸਦ ਨਹੀਂ ਹੁੰਦਾ, ਜਿਸ ਕਰਕੇ ਬੀਤੇ ਕੁਝ ਸਾਲਾਂ (ਕੋਵਿਡ ਸਮੇਂ) ਤੋਂ ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਕੰਮ ਕਰਨ ਦੀ ਦਿੱਤੀ ਗਈ ਪੂਰੀ ਖੁੱਲ੍ਹ (ਹਫਤੇ ‘ਚ 40 ਘੰਟੇ) ਦੀ ਦਿੱਤੀ ਗਈ ਖੁੱਲ੍ਹ 30 ਅਪ੍ਰੈਲ ਤੋਂ ਬੰਦ ਕਰ ਦਿੱਤੀ ਗਈ ਹੈ। ਮੰਤਰੀ ਮਿੱਲਰ ਨੇ ਕਿਹਾ ਕਿ ਸਿਸਟਮ ਦੀ ਸਾਰਥਿਕਤਾ ਬਣਾਈ ਰੱਖਣ ਲਈ ਵਿਦਿਆਰਥੀਆਂ ਵਾਸਤੇ ਕੰਮ ਕਰਨ ਦੀ ਖੁੱਲ੍ਹ ਨੂੰ ਜਾਰੀ ਨਹੀਂ ਰੱਖਿਆ ਜਾ ਸਕਦਾ।
ਹੁਣ ਕੈਨੇਡਾ ‘ਚ 1 ਮਈ ਤੋਂ ਵਿਦੇਸ਼ੀ ਵਿਦਿਆਰਥੀ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਵਿਦਿਅਕ ਅਦਾਰੇ ਤੋਂ ਬਾਹਰ ਹਰੇਕ ਹਫਤੇ ‘ਚ 20 ਘੰਟੇ ਤੱਕ ਕੰਮ ਕਰ ਸਕਦੇ ਹਨ, ਪਰ ਛੁੱਟੀਆਂ ਦੌਰਾਨ ਉਨ੍ਹਾਂ ਕੋਲ ਪੂਰਾ ਸਮਾਂ ਕੰਮ ਕਰਨ ਦੀ ਖੁੱਲ੍ਹ ਹੋਵੇਗੀ।
ਮੰਤਰੀ ਮਿੱਲਰ ਨੇ ਕਿਹਾ ਕਿ ਗਰਮੀਆਂ ਦੀ ਰੁੱਤ ਖਤਮ ਹੋਣ ਤੋਂ ਬਾਅਦ ਪੱਤਝੜ (ਭਾਵ ਅਕਤੂਬਰ 2024 ਤੋਂ) ਸਟੱਡੀ ਪਰਮਿਟ ਧਾਰਕਾਂ ਲਈ ਆਪਣੇ ਕੋਰਸ ਦੀ ਪੜ੍ਹਾਈ ਕਰਦੇ ਸਮੇਂ ਕੰਮ ਕਰਨ ਲਈ ਇਕ ਹਫਤੇ ਵਿਚ ਕੁੱਲ 20 ਤੋਂ ਵਧਾ ਕੇ 24 ਘੰਟੇ ਕਰਨ ਉਪਰ ਵਿਚਾਰ ਕੀਤਾ ਜਾ ਰਿਹਾ ਹੈ।
ਇਸੇ ਦੌਰਾਨ ਪਤਾ ਲੱਗਾ ਹੈ ਕਿ ਕੈਨੇਡਾ ਸਰਕਾਰ ਦੇ ਇਮੀਗਰੇਸ਼ਨ ਮੰਤਰਾਲੇ ਵਲੋਂ ਪੱਕੀ ਇਮੀਗਰੇਸ਼ਨ ਵਾਸਤੇ 30 ਅਪ੍ਰੈਲ 2024 ਤੋਂ ਸੈਲਫ-ਇੰਪਲਾਇਡ ਕੈਟੇਗਰੀ ਵਿਚ ਨਵੀਆਂ ਅਰਜ਼ੀਆਂ ਲੈਣ (2026 ਤੱਕ) ਰੋਕਣ ਦਾ ਫੈਸਲਾ ਕੀਤਾ ਹੈ ਤਾਂ ਕਿ ਹੁਣ ਤੱਕ ਪ੍ਰਾਪਤ ਹੋ ਚੁੱਕੀਆਂ ਅਰਜ਼ੀਆਂ ਦਾ ਨਿਪਟਾਰਾ ਸਮਾਂਬੱਧ ਤਰੀਕੇ ਨਾਲ ਕੀਤਾ ਜਾ ਸਕੇ।
ਇਸ ਕੈਟੇਗਰੀ ‘ਚ ਖਾਸ ਤੌਰ ‘ਤੇ ਕਲਾਕਾਰਾਂ, ਚੋਟੀ ਦੇ ਖਿਡਾਰੀਆਂ ਤੇ ਸਭਿਆਚਾਰ ‘ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਕੈਨੇਡਾ ਦੀ ਪੱਕੀ ਇਮੀਗਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਜਿਸ ਵਿਚ ਇਸ ਸਮੇਂ ਅਪਲਾਈ ਕਰਨ ਮਗਰੋਂ ਵੀਜ਼ਾ ਅਫਸਰ ਦੇ ਫੈਸਲੇ ਦਾ ਇੰਤਜ਼ਾਰ ਕਰਨ ਲਈ 5 ਤੋਂ 7 ਸਾਲਾਂ ਤੱਕ ਸਮਾਂ ਲੱਗ ਰਿਹਾ ਹੈ।
ਇਕ ਵੱਖਰੀ ਖਬਰ ਅਨੁਸਾਰ 30 ਅਪ੍ਰੈਲ 2024 ਤੋਂ ਕੈਨੇਡਾ ਦੀ ਇਮੀਗਰੇਸ਼ਨ ਦੀਆਂ ਫੀਸਾਂ ਵਿਚ ਵਾਧਾ ਕਰ ਦਿੱਤਾ ਗਿਆ ਹੈ।
ਹੁਣ ਲੈਂਡਿੰਗ ਫੀਸ 515 ਡਾਲਰ ਤੋਂ ਵਧਾ ਕੇ 575 ਡਾਲਰ ਕਰ ਦਿੱਤੀ ਗਈ ਹੈ, ਜਦੋਂ ਕਿ ਸਕਿੱਲਡ ਵਰਕਰ ਦੀ ਅਰਜ਼ੀ ਲਈ ਪ੍ਰੋਸੈਸਿੰਗ ਫੀਸ 850 ਡਾਲਰ ਵੱਖਰੀ ਹੈ।
ਪ੍ਰੋਵਿੰਸ਼ੀਅਲ ਨਾਮੀਨੀ ਪ੍ਰੋਗਰਾਮ ਦੀ ਫੀਸ 850 ਤੋਂ ਵਧਾ ਕੇ 950 ਡਾਲਰ ਕੀਤੀ ਗਈ। ਲਿਵਇਨ ਕੇਅਰ ਵਾਸਤੇ ਅਰਜ਼ੀ ਦੀ ਫੀਸ 570 ਤੋਂ ਵਧਾ ਕੇ 635 ਡਾਲਰ, ਬਿਜਨਸ ਕੈਟੇਗਰੀ ‘ਚ ਅਰਜ਼ੀ ਦੀ ਫੀਸ 1625 ਡਾਲਰ ਤੋਂ ਵਧਾ ਕੇ 1810 ਡਾਲਰ ਕਰ ਦਿੱਤੀ ਗਈ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਭਾਰਤ ਸਰਕਾਰ ਵਲੋਂ ਵੀ ਓਵਰਸੀਜ਼ ਸਿਟੀਜਨ ਆਫ ਇੰਡੀਆ (ਓਸੀਆਈ) ਸਮੇਤ ਕੁਝ ਵੀਜ਼ਾ ਫੀਸਾਂ ‘ਚ ਬੀਤੇ ਮਹੀਨੇ ਵਾਧਾ ਕੀਤਾ ਗਿਆ ਸੀ।
ਕੈਨੇਡਾ ਦੇ ਨਾਗਰਿਕਾਂ ਵਾਸਤੇ ਓਸੀਆਈ ਕਾਰਡ ਦੀ ਸੋਧੀ ਹੋਈ ਫੀਸ 376 ਡਾਲਰ ਕਰ ਦਿੱਤੀ ਗਈ ਹੈ।
ਭਾਰਤ ਦੇ 1 ਤੋਂ 5 ਸਾਲ ਤੱਕ ਦੀ ਮਿਆਦ ਵਾਲੇ ਐਂਟਰੀ/ਟੂਰਿਸਟ ਵੀਜ਼ਾ ਦੀ ਫੀਸ 275 ਡਾਲਰ ਹੈ, ਜਦਕਿ ਪੱਤਰਕਾਰਾਂ ਦੇ ਵੀਜ਼ਾ ਲਈ ਭਾਰਤ ਸਰਕਾਰ ਵਲੋਂ ਫੀਸ 113 ਡਾਲਰ ਰੱਖੀ ਗਈ ਹੈ।