Breaking News
Home / ਹਫ਼ਤਾਵਾਰੀ ਫੇਰੀ / ਉਨਟਾਰੀਓ ਦੇ ਸਕੂਲਾਂ ਵਿਚ ਮੋਬਾਈਲ ਫੋਨ ਦੀ ਵਰਤੋਂ ‘ਤੇ ਪਾਬੰਦੀ ਲਗਾਈ

ਉਨਟਾਰੀਓ ਦੇ ਸਕੂਲਾਂ ਵਿਚ ਮੋਬਾਈਲ ਫੋਨ ਦੀ ਵਰਤੋਂ ‘ਤੇ ਪਾਬੰਦੀ ਲਗਾਈ

ਸਤੰਬਰ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਵਿਦਿਅਕ ਵਰ੍ਹੇ ਤੋਂ ਹੋਵੇਗੀ ਲਾਗੂ
ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀ ਉਨਟਾਰੀਓ ਸਰਕਾਰ ਵਲੋਂ ਸਕੂਲਾਂ ਵਿਚ ਵਿਦਿਆਰਥੀਆਂ ਉੱਤੇ ਸਕੂਲ ਸਮੇਂ ਮੋਬਾਈਲ ਫੋਨ ਵਰਤਣ ‘ਤੇ ਪਾਬੰਦੀ ਲਾ ਦਿੱਤੀ ਹੈ, ਜੋ 3 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਵਿਦਿਅਕ ਵਰ੍ਹੇ ਤੋਂ ਲਾਗੂ ਹੋਵੇਗੀ। ਸੂਬਾਈ ਸਿੱਖਿਆ ਮੰਤਰੀ ਸਟੀਫਨ ਲੈਸੀ ਨੇ ਐਲਾਨ ਕਰਦਿਆਂ ਕਿਹਾ ਕਿ ਐਲੀਮੈਂਟਰੀ ਸਕੂਲਾਂ ਵਿਚ ਸਾਰਾ ਦਿਨ ਅਤੇ ਮਿਡਲ ਤੇ ਹਾਈ ਸਕੂਲਾਂ ਵਿਚ ਪੜ੍ਹਾਈ ਦੇ ਸਮੇਂ ਦੌਰਾਨ ਕੋਈ ਵਿਦਿਆਰਥੀ ਨਾ ਤਾਂ ਫੋਨ ਨੂੰ ਹੱਥ ਵਿਚ ਲੈ ਸਕੇਗਾ ਤੇ ਨਾ ਹੀ ਕਿਸੇ ਨਸ਼ੀਲੇ ਪਦਾਰਥ ਦੀ ਵਰਤੋਂ ਕਰ ਸਕੇਗਾ। ਉਨ੍ਹਾਂ ਦੱਸਿਆ ਕਿ ਪੜ੍ਹਾਈ ਸਮੇਂ ਬੱਚਿਆਂ ਦਾ ਧਿਆਨ ਫੋਨ ਵੱਲ ਰਹਿਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਅਤੇ ਸਕੂਲ ਟਰੱਸਟੀਆਂ ਦੇ ਸੁਝਾਵਾਂ ਉੱਤੇ ਗੌਰ ਕਰਕੇ ਇਹ ਫੈਸਲਾ ਲਿਆ ਗਿਆ ਹੈ।
ਮੰਤਰੀ ਨੇ ਕਿਹਾ ਕਿ ਐਲੀਮੈਂਟਰੀ ਸਕੂਲਾਂ ਦੇ ਵਿਦਿਆਰਥੀ ਫੋਨ ਸਕੂਲ ਦੇ ਅੰਦਰ ਨਹੀਂ ਲਿਜਾ ਸਕਣਗੇ, ਪਰ ਮਿਡਲ ਅਤੇ ਹਾਈ ਸਕੂਲਾਂ ਵਿਚ ਪਾਬੰਦੀ ਨੂੰ ਥੋੜ੍ਹਾ ਨਰਮ ਕਰਕੇ ਪੜ੍ਹਾਈ ਸਮੇਂ ਤੱਕ ਸੀਮਤ ਕੀਤਾ ਗਿਆ ਹੈ। ਸਰਕਾਰੀ ਫੈਸਲੇ ‘ਤੇ ਤਸੱਲੀ ਪ੍ਰਗਟ ਕਰਦੇ ਹੋਏ ਸਕੂਲ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਉਹ ਇਸ ਸਮੱਸਿਆ ਬਾਰੇ ਪਿਛਲੇ ਸਾਲ ਤੋਂ ਸਰਕਾਰ ਨੂੰ ਚੌਕਸ ਕਰ ਰਹੇ ਸੀ, ਜਿਸ ਨੂੰ ਮਨ ਕੇ ਸਰਕਾਰ ਨੇ ਵਿਦਿਅਕ ਪੱਧਰ ਵਿਚ ਗਿਰਾਵਟ ਨੂੰ ਰੋਕ ਲਿਆ ਹੈ। ਕੈਨੇਡਾ ‘ਚ ਵਿਦਿਅਕ ਸਾਲ ਸਤੰਬਰ ਤੋਂ ਸ਼ੁਰੂ ਹੁੰਦਾ ਹੈ ਤੇ ਜੂਨ ਵਿਚ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕੇ ਦੋ ਮਹੀਨੇ ਛੁੱਟੀਆਂ ਹੋ ਜਾਂਦੀਆਂ ਹਨ।

 

Check Also

ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …