16.4 C
Toronto
Friday, September 19, 2025
spot_img
Homeਹਫ਼ਤਾਵਾਰੀ ਫੇਰੀਸ੍ਰੀ ਨਨਕਾਣਾ ਸਾਹਿਬ ਨੂੰ ਆਧੁਨਿਕ ਸ਼ਹਿਰ ਬਣਾਉਣ ਦਾ ਫੈਸਲਾ

ਸ੍ਰੀ ਨਨਕਾਣਾ ਸਾਹਿਬ ਨੂੰ ਆਧੁਨਿਕ ਸ਼ਹਿਰ ਬਣਾਉਣ ਦਾ ਫੈਸਲਾ

ਮਰੀਅਮ ਦੇ ਨਿਰਦੇਸ਼ਾਂ ‘ਤੇ ਬਣਾਏ ਜਾਣਗੇ ਸ਼ਹਿਰ ਦੇ ਨਵੇਂ ਪ੍ਰਵੇਸ਼ ਦੁਆਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਦੇ ਨਿਰਦੇਸ਼ਾਂ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਸ੍ਰੀ ਨਨਕਾਣਾ ਸਾਹਿਬ ਨੂੰ ਆਧੁਨਿਕ ਸ਼ਹਿਰ ਬਣਾਉਣ ਸਬੰਧੀ ਇਕ ਅਹਿਮ ਮੀਟਿੰਗ ਡਿਪਟੀ ਕਮਿਸ਼ਨਰ ਸ੍ਰੀ ਨਨਕਾਣਾ ਸਾਹਿਬ ਚੌਧਰੀ ਮੁਹੰਮਦ ਅਰਸ਼ਦ ਅਤੇ ਮੈਂਬਰ ਸੂਬਾਈ ਅਸੈਂਬਲੀ ਮਿਹਰ ਕਾਸ਼ਿਫ ਪਧਿਆਰ ਦੀ ਪ੍ਰਧਾਨਗੀ ਹੇਠ ਹੋਈ। ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਡਿਪਟੀ ਕਮਿਸ਼ਨਰ ਚੌਧਰੀ ਮੁਹੰਮਦ ਅਰਸ਼ਦ ਨੇ ਦੱਸਿਆ ਕਿ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਨਿਰਦੇਸ਼ਾਂ ‘ਤੇ 7 ਅਰਬ ਰੁਪਏ ਦੀ ਲਾਗਤ ਨਾਲ ਸ੍ਰੀ ਨਨਕਾਣਾ ਸਾਹਿਬ ਦੇ ਸੀਵਰੇਜ ਸਿਸਟਮ ਦਾ ਪੁਨਰ ਨਿਰਮਾਣ ਕੀਤਾ ਗਿਆ।
ਇਸਦੇ ਇਲਾਵਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ ਤੇ ਗਲੀਆਂ ਨੂੰ ਟਫ਼ ਟਾਈਲਾਂ ਨਾਲ ਪੱਕਾ ਕੀਤਾ ਜਾਵੇਗਾ। ਸ੍ਰੀ ਨਨਕਾਣਾ ਸਾਹਿਬ ਦੀ ਸੁੰਦਰਤਾ ‘ਚ ਵਾਧਾ ਕਰਨ ਲਈ ਪ੍ਰਵੇਸ਼ ਰਸਤਿਆਂ ‘ਤੇ ਨਵੇਂ ਆਲੀਸ਼ਾਨ ਗੇਟ ਉਸਾਰੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ 35 ਨਵੇਂ ਵਾਟਰ ਫਿਲਟਰੇਸ਼ਨ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ। ਯਾਤਰੂਆਂ ਦੀ ਸਹੂਲਤ ਲਈ ਸ੍ਰੀ ਨਨਕਾਣਾ ਸਾਹਿਬ ਤੋਂ ਬੁਚੇਕੀ, ਸ੍ਰੀ ਨਨਕਾਣਾ ਸਾਹਿਬ ਤੋਂ ਮੋਟਰਵੇਅ ਇੰਟਰਚੇਂਜ, ਸ਼ਹਿਰ ਦੀ ਰੇਲਵੇ ਰੋਡ ਤੋਂ ਵਾਰਬਰਟਨ ਬਾਈਪਾਸ ਅਤੇ ਹੋਰ ਹਾਈਵੇਅ ਨੂੰ ਦੁਬਾਰਾ ਬਣਾਇਆ ਜਾਵੇਗਾ।
ਮਈ 2005 ‘ਚ ਮਿਲਿਆ ਸ੍ਰੀ ਨਨਕਾਣਾ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ
ਮਈ 2005 ਵਿਚ ਤਤਕਾਲੀ ਪ੍ਰਧਾਨ ਮੰਤਰੀ ਸ਼ੌਕਤ ਅਜ਼ੀਜ਼ ਦੇ ਕਾਰਜਕਾਲ ਦੌਰਾਨ ਸ੍ਰੀ ਨਨਕਾਣਾ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਇਹ ਜ਼ਿਲ੍ਹਾ ਸ਼ੇਖੂਪੁਰਾ ਦੀ ਇਕ ਤਹਿਸੀਲ ਸੀ। ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਾਰਜਕਾਲ ਦੌਰਾਨ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਦਿਲਖਿੱਚਵਾਂ ਰੂਪ ਦਿੰਦਿਆਂ ਆਧੁਨਿਕ ਢੰਗ ਨਾਲ ਉਸਾਰਿਆ ਗਿਆ। ਸ੍ਰੀ ਨਨਕਾਣਾ ਸਾਹਿਬ ‘ਚ ਦੇਸ਼-ਵਿਦੇਸ਼ ਤੋਂ ਜਾਣ ਵਾਲੇ ਯਾਤਰੂਆਂ ਲਈ ਆਲੀਸ਼ਾਨ ਸਰਾਂ ਦੀ ਉਸਾਰੀ ਕਰਵਾਈ ਗਈ। ਇਮਰਾਨ ਖਾਨ ਵਲੋਂ ਹੀ ਮਹਿਕਮਾ ਓਕਾਫ਼ ਦੀ 110 ਏਕੜ ਜ਼ਮੀਨ ਭੂਮੀ ਮਾਫੀਆ ਤੋਂ ਕਬਜ਼ਾਮੁਕਤ ਕਰਵਾ ਕੇ 28 ਅਕਤੂਬਰ 2019 ਨੂੰ ਉਥੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਸ਼ੁਰੂ ਕਰਵਾਈ ਗਈ ਤੇ ਸ੍ਰੀ ਨਨਕਾਣਾ ਸਾਹਿਬ ਦੇ ਚੌਕਾਂ ਅਤੇ ਪ੍ਰਮੁੱਖ ਰਸਤਿਆਂ ਨੂੰ ਦਿਲਖਿੱਚਵਾਂ ਰੂਪ ਦਿੱਤਾ ਗਿਆ।

RELATED ARTICLES
POPULAR POSTS