ਕਿਹਾ : ਨੌਜਵਾਨ ਕੈਨੇਡੀਅਨਜ਼ ਲਈ ਕੰਮ ਲੱਭਣਾ ਹੋਇਆ ਔਖਾ
ਓਟਵਾ : ਕੰਸਰਵੇਟਿਵ ਲੀਡਰ ਪੀਅਰ ਪੌਲੀਏਵਰ ਚਾਹੁੰਦੇ ਹਨ ਕਿ ਫ਼ੈਡਰਲ ਸਰਕਾਰ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਬੰਦ ਕਰ ਦੇਵੇ। ਉਨ੍ਹਾਂ ਦੀ ਦਲੀਲ ਹੈ ਕਿ ਇਸ ਪ੍ਰੋਗਰਾਮ ਨੇ ਸਸਤੀ ਲੇਬਰ ਦਾ ਹੜ੍ਹ ਲਿਆਂਦਾ ਹੈ ਅਤੇ ਨੌਜਵਾਨ ਕੈਨੇਡੀਅਨਜ਼ ਲਈ ਕੰਮ ਲੱਭਣਾ ਔਖਾ ਹੋ ਗਿਆ ਹੈ।
ਪੀਅਰ ਪੌਲੀਏਵਰ ਨੇ ਮਿਸੀਸਾਗਾ ਵਿੱਚ ਕਿਹਾ, ਲਿਬਰਲਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਉਹ ਸਾਡੇ ਆਪਣੇ ਨੌਜਵਾਨਾਂ ਨੂੰ ਨੌਕਰੀਆਂ ਤੋਂ ਕਿਉਂ ਵਾਂਝਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਥਾਂ ਘੱਟ ਤਨਖ਼ਾਹਾਂ ‘ਤੇ ਕੰਮ ਕਰਦੇ, ਗਰੀਬ ਦੇਸ਼ਾਂ ਤੋਂ ਆਏ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕਿਉਂ ਰੱਖਿਆ ਜਾ ਰਿਹਾ ਹੈ, ਜੋ ਆਖਰਕਾਰ ਸ਼ੋਸ਼ਣ ਦਾ ਸ਼ਿਕਾਰ ਬਣ ਰਹੇ ਹਨ। ਕੰਸਰਵੇਟਿਵਜ਼ ਦਾ ਕਹਿਣਾ ਹੈ ਕਿ ਉਹ ਚਾਹੁੰਦੇ ਹਨ ਕਿ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਜਾਵੇ, ਪਰ ਉਹ ਖੇਤੀਬਾੜੀ, ਜਿੱਥੇ ਸੱਚਮੁੱਚ ਕਾਮਿਆਂ ਦੀ ਲੋੜ ਹੁੰਦੀ ਹੈ, ੳਨ੍ਹਾਂ ਲਈ ਇੱਕ ਵੱਖਰਾ ਅਤੇ ਖਾਸ ਪ੍ਰੋਗਰਾਮ ਸ਼ੁਰੂ ਕਰਨਗੇ।
ਕੰਸਰਵੇਟਿਵ ਐੱਮਪੀ ਮਿਸ਼ੇਲ ਰੈਂਪਲ ਗਾਰਨਰ ਨੇ ਇੱਕ ਬਿਆਨ ਵਿੱਚ ਕਿਹਾ, ਕੁਝ ਸਮਾਂ ਪਹਿਲਾਂ ਤੱਕ, ਕੈਨੇਡੀਅਨ ਨੌਜਵਾਨ ਐਂਟਰੀ-ਲੈਵਲ ਨੌਕਰੀਆਂ ਰਾਹੀਂ ਅਹਿਮ ਹੁਨਰ ਹਾਸਿਲ ਕਰ ਸਕਦੇ ਸਨ, ਆਪਣੀ ਪੜ੍ਹਾਈ ਲਈ ਪੈਸਾ ਜੋੜ ਸਕਦੇ ਸਨ ਅਤੇ ਆਪਣਾ ਭਵਿੱਖ ਬਣਾਉਂਦੇ ਸਨ। ਬਦਲੇ ਵਿੱਚ, ਨੌਕਰੀਦਾਤਾ ਇਕ ਹੁਨਰਮੰਦ ਘਰੇਲੂ ਕਾਰਜਬਲ ਨੂੰ ਸ਼ਾਮਲ ਕਰਦੇ ਸਨ। ਪਰ ਲਿਬਰਲਾਂ ਨੇ ਇਹ ਸਾਰਾ ਸਿਸਟਮ ਤੋੜ ਦਿੱਤਾ।
ਪੌਲੀਏਵਰ ਦਾ ਕਹਿਣਾ ਹੈ ਕਿ ਦੋਸ਼ ਅਸਥਾਈ ਵਿਦੇਸ਼ੀ ਵਰਕਰਾਂ ਦਾ ਨਹੀਂ, ਸਗੋਂ ਲਿਬਰਲ ਸਰਕਾਰ ਅਤੇ ਲਿਬਰਲ ਕਾਰਪੋਰੇਟ ਦਾ ਹੈ, ਜੋ ਇਨ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕਰਕੇ ਆਪਣੀ ਜੇਬ ਭਰ ਰਹੇ ਹਨ। ਪੌਲੀਏਵਰ ਨੇ ਕਿਹਾ ਕਿ ਲਿਬਰਲ ਸਰਕਾਰ ਨੇ 2025 ਵਿੱਚ 82,000 ਅਸਥਾਈ ਵਿਦੇਸ਼ੀ ਕਾਮਿਆਂ ਦੀ ਸੀਮਾ ਦਾ ਵਾਅਦਾ ਕੀਤਾ ਸੀ, ਪਰ ਹੁਣ ਤਕ ਫ਼ੈਡਰਲ ਸਰਕਾਰ ਪਹਿਲਾਂ ਹੀ 1,05,000 ਪਰਮਿਟ ਜਾਰੀ ਕਰ ਚੁੱਕੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਲਿਬਰਲ ਸਰਕਾਰ ਅਗਲੇ ਛੇ ਮਹੀਨਿਆਂ ਵਿੱਚ ਵੀ ਇੰਨੇ ਹੀ ਪਰਮਿਟ ਜਾਰੀ ਕਰਦੀ ਰਹੀ, ਤਾਂ ਇਹ ਗਿਣਤੀ ਫਿਰ ਰਿਕਾਰਡ ਤੋੜ ਦਵੇਗੀ।
ਪੌਲੀਏਵਰ ਨੇ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਖ਼ਤਮ ਕਰਨ ਦੀ ਕੀਤੀ ਮੰਗ
RELATED ARTICLES

