ਮਨਿੰਦਰ ਸਿੱਧੂ ਦੀ ਅਗਵਾਈ ਹੇਠ 170 ਤੋਂ ਵੱਧ ਕੰਪਨੀਆਂ ਦੀ ਸ਼ਮੂਲੀਅਤ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਆਪਣੀ ਆਰਥਿਕ ਮੌਜੂਦਗੀ ਹੋਰ ਮਜ਼ਬੂਤ ਕਰਨ ਅਤੇ ਰਵਾਇਤੀ ਬਾਜ਼ਾਰਾਂ ਉੱਤੇ ਨਿਰਭਰਤਾ ਘਟਾਉਣ ਦੀ ਰਣਨੀਤੀ ਤਹਿਤ ਜਾਪਾਨ ਵਿੱਚ ਇੱਕ ਮਹੱਤਵਪੂਰਨ ‘ਟੀਮ ਕੈਨੇਡਾ’ ਵਪਾਰ ਮਿਸ਼ਨ ਪੂਰਾ ਕੀਤਾ।
ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਹੋਏ ਇਸ ਪੰਜ ਦਿਨਾ ਦੌਰੇ ਦੌਰਾਨ ਕੈਨੇਡਾ ਅਤੇ ਜਾਪਾਨ ਵਿਚਾਲੇ ਵਪਾਰ, ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਅਹਿਮ ਮੀਟਿੰਗਾਂ ਅਤੇ ਕਾਰੋਬਾਰੀ ਵਿਚਾਰ-ਵਟਾਂਦਰੇ ਹੋਏ। ਇਸ ਵਪਾਰ ਮਿਸ਼ਨ ਵਿੱਚ ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੋਂ 170 ਤੋਂ ਵੱਧ ਕੰਪਨੀਆਂ ਅਤੇ ਸੰਸਥਾਵਾਂ ਦੇ ਕਰੀਬ 320 ਕਾਰੋਬਾਰੀ ਨੁਮਾਇੰਦਿਆਂ ਨੇ ਭਾਗ ਲਿਆ। ਪ੍ਰਤੀਨਿਧ ਮੰਡਲ ਵਿੱਚ ਛੋਟੇ ਅਤੇ ਦਰਮਿਆਨੇ ਉਦਯੋਗਾਂ (ਐੱਸਐੱਮਈਜ਼), ਸਟਾਰਟਅੱਪ, ਨਿਰਯਾਤ ਕਾਰਾਂ, ਨਿਵੇਸ਼ਕਾਂ, ਸੂਬਾਈ ਵਪਾਰ ਏਜੰਸੀਆਂ ਅਤੇ ਉਦਯੋਗਿਕ ਸੰਗਠਨਾਂ ਦੇ ਨੁਮਾਇੰਦੇ ਸ਼ਾਮਲ ਸਨ।
ਦੌਰੇ ਦੌਰਾਨ ਸੈਂਕੜੇ ਬਿਜ਼ਨਸ-ਟੂ-ਬਿਜ਼ਨਸ (2) ਮੀਟਿੰਗਾਂ ਰਾਹੀਂ ਕੈਨੇਡੀਅਨ ਕੰਪਨੀਆਂ ਨੂੰ ਜਾਪਾਨੀ ਭਾਈਵਾਲਾਂ ਨਾਲ ਸਿੱਧੇ ਸੰਪਰਕ ਦਾ ਮੌਕਾ ਮਿਲਿਆ। ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕਿ ਅੱਜ ਦੇ ਬਦਲਦੇ ਵਿਸ਼ਵ ਆਰਥਿਕ ਅਤੇ ਭੂ-ਰਾਜਨੀਤਿਕ ਹਾਲਾਤ ਵਿੱਚ ਕੈਨੇਡਾ ਲਈ ਆਪਣੇ ਨਿਰਯਾਤ ਬਾਜ਼ਾਰਾਂ ਵਿੱਚ ਵਿਭਿੰਨਤਾ ਲਿਆਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜਾਪਾਨ ਕੈਨੇਡਾ ਦਾ ਇੰਡੋ-ਪੈਸੀਫਿਕ ਖੇਤਰ ਵਿੱਚ ਸਭ ਤੋਂ ਭਰੋਸੇਯੋਗ ਅਤੇ ਰਣਨੀਤਕ ਭਾਈਵਾਲਾਂ ਵਿੱਚੋਂ ਇੱਕ ਹੈ ਅਤੇ ਦੋਵੇਂ ਦੇਸ਼ ਨਵੀਨਤਾ, ਸਾਫ਼ ਊਰਜਾ, ਉੱਚ ਤਕਨਾਲੋਜੀ ਅਤੇ ਟਿਕਾਊ ਵਿਕਾਸ ਦੇ ਖੇਤਰਾਂ ਵਿੱਚ ਮਿਲ ਕੇ ਕੰਮ ਕਰ ਸਕਦੇ ਹਨ।

