ਟੋਰਾਂਟੋ/ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਟਸਫੋਰਡ ‘ਚ ਇਕ ਸੜਕ ਦੇ ਹਿੱਸੇ ਦਾ ਨਾਮ ਬਦਲ ਕੇ ਉਨ੍ਹਾਂ 376 ਭਾਰਤੀਆਂ ਦੀ ਯਾਦ ਵਿਚ ‘ਕਾਮਾਗਾਟਾ ਮਾਰੂ ਵੇਅ’ ਰੱਖਿਆ ਜਾਵੇਗਾ, ਜੋ 1914 ‘ਚ ਭਾਰਤ ਤੋਂ ਕੈਨੇਡਾ ਲਈ ਰਵਾਨਾ ਹੋਏ ਸਨ ਪਰ ਉਨ੍ਹਾਂ ਨੂੰ ਪ੍ਰਚਲਿਤ ਨਸਲਵਾਦੀ ਨੀਤੀਆਂ ਕਾਰਨ ਕੈਨੇਡਾ ‘ਚ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਕਾਮਾਗਾਟਾਮਾਰੂ ਘਟਨਾ 1914 ‘ਚ ਨਸਲਵਾਦੀ ਅਤੇ ਬੇਦਖਲੀ ਇਮੀਗ੍ਰੇਸ਼ਨ ਕਾਨੂੰਨਾਂ ਦੀ ਵਰਤੋਂ ਦੀ ਇਕ ਮਹੱਤਵਪੂਰਨ ਘਟਨਾ ਸੀ। ਇਕ ਰਿਪੋਰਟ ਅਨੁਸਾਰ ਐਬਟਸਫੋਰਡ ਸਿਟੀ ਕੌਂਸਲ ਨੇ ਸਾਊਥ ਫਰੇਜ਼ਰ ਵੇਅ ਦੇ ਇਕ ਹਿੱਸੇ ਦਾ ਨਾਮ ਬਦਲ ਕੇ ‘ਕਾਮਾਗਾਟਾ ਮਾਰੂ ਵੇਅ’ ਰੱਖਣ ਲਈ ਪਿਛਲੇ ਹਫਤੇ ਸਰਬਸੰਮਤੀ ਨਾਲ ਵੋਟ ਦਿੱਤੀ ਸੀ। ਕਾਮਾਗਾਟਾਮਾਰੂ ਕਾਂਡ ‘ਚ ਜਾਪਾਨੀ ਭਾਫ ਜਹਾਜ਼ ‘ਕਾਮਾਗਾਟਾ ਮਾਰੂ’ ਸ਼ਾਮਿਲ ਸੀ, ਜਿਸ ‘ਚ 376 ਭਾਰਤੀ ਯਾਤਰੀ, ਜਿਨ੍ਹਾਂ ‘ਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਵਾਰ ਸਨ, 4 ਅਪ੍ਰੈਲ, 1914 ਨੂੰ ਹਾਂਗਕਾਂਗ ਤੋਂ ਬ੍ਰਿਟਿਸ਼ ਕੋਲੰਬੀਆ ਦੇ ਤੱਟ ਵੱਲ ਰਵਾਨਾ ਹੋਇਆ ਸੀ। ਇਹ ਯਾਤਰੀ ਨਵੇਂ ਘਰ ਅਤੇ ਆਰਥਿਕ ਸੁਰੱਖਿਆ ਦੀ ਭਾਲ ‘ਚ ਸਨ।
ਜਹਾਜ਼ ਦੇ ਪਹੁੰਚਣ ‘ਤੇ ਪਰਵਾਸੀਆਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਕੋਲਕਾਤਾ ਦੇ ਬੱਜ ਵਾਪਸ ਜਾਣ ਲਈ ਮਜ਼ਬੂਰ ਕੀਤਾ ਗਿਆ। ਜਦੋਂ ਉਹ ਕੋਲਕਾਤਾ ਪਹੁੰਚੇ ਤਾਂ ਭਾਰਤੀ ਇੰਪੀਰੀਅਲ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦਾ ਯਾਤਰੀਆਂ ਵਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਪੁਲਿਸ ਦੀ ਗੋਲੀਬਾਰੀ ‘ਚ 22 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਕੌਂਸਲਰ ਡੇਵ ਸਿੱਧੂ ਨੇ ਦੱਸਿਆ ਕਿ ਇਹ ਕਦਮ 1914 ‘ਚ ਕਾਮਾਗਾਟਾ ਮਾਰੂ ‘ਤੇ ਸਵਾਰ ਯਾਤਰੀਆਂ ਦੇ ਵੰਸ਼ਜਾਂ ਦੀ ਬੇਨਤੀ ‘ਤੇ ਉਠਾਇਆ ਗਿਆ ਹੈ, ਜਿਨ੍ਹਾਂ ਨੇ ਪਿਛਲੀ ਕੌਂਸਲ ਨੂੰ ਉਕਤ ਘਟਨਾ ਦੀ ਸਦੀਵੀ ਯਾਦ ਸਥਾਪਿਤ ਕਰਨ ਲਈ ਕਿਹਾ ਸੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਮਜ਼ਬੂਤ ਸੰਦੇਸ਼ ਇਹ ਯਕੀਨੀ ਬਣਾਉਣ ਲਈ ਦਿੱਤਾ ਜਾਵੇ ਕਿ ਕਿਵੇਂ ਸਾਡੇ ਕੋਲ ਹਰੇਕ ਲਈ ਇਕ ਨਿਆਂਪੂਰਨ ਸਮਾਜ ਹੋਵੇ।