ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਲਈ ਨਵੀਂ ਮਿਲਟਰੀ, ਆਰਥਿਕ ਤੇ ਸੱਭਿਆਚਾਰਕ ਮਦਦ ਦਾ ਐਲਾਨ ਕੀਤਾ ਗਿਆ। ਇਹ ਐਲਾਨ ਟਰੂਡੋ ਨੇ ਟੋਰਾਂਟੋ ਵਿੱਚ ਯੂਕਰੇਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਸਮੇਂ ਕੀਤਾ।
ਕੈਨੇਡਾ ਵੱਲੋਂ ਐਲਾਨੀ ਗਈ ਮਦਦ ਤਹਿਤ ਹਜ਼ਾਰਾਂ ਦੀ ਗਿਣਤੀ ਵਿੱਚ ਰਾਈਫਲਾਂ, ਦਰਜਨਾਂ ਮਸ਼ੀਨ ਗੰਨਜ਼ ਤੇ ਵੱਡੀ ਗਿਣਤੀ ਵਿੱਚ ਗੋਲੀ ਸਿੱਕਾ ਯੂਕਰੇਨ ਨੂੰ ਮੁਹੱਈਆ ਕਰਵਾਇਆ ਜਾਵੇਗਾ।
ਟਰੂਡੋ ਤੇ ਯੂਕਰੇਨ ਦੇ ਪ੍ਰਧਾਨ ਮੰਤਰੀ ਡੈਨਿਸ ਸਮਹੈਲ ਵੱਲੋਂ ਇੱਕ ਨਵੇਂ ਸਮਝੌਤੇ ਉੱਤੇ ਵੀ ਦਸਤਖਤ ਕੀਤੇ ਗਏ ਹਨ ਜਿਸ ਤਹਿਤ ਯੂਕਰੇਨੀਅਨ ਤੇ ਕੈਨੇਡੀਅਨ ਨੌਜਵਾਨਾਂ ਨੂੰ ਕੰਮਕਾਜ ਵਿੱਚ ਤੇ ਦੋਵਾਂ ਦੇਸ਼ਾਂ ਵਿੱਚ ਟਰੈਵਲ ਦੌਰਾਨ ਮਦਦ ਮਿਲੇਗੀ। ਇਸ ਦੇ ਨਾਲ ਹੀ ਮੌਜੂਦਾ ਕੈਨੇਡਾ-ਯੂਕਰੇਨ ਫਰੀ ਟਰੇਡ ਡੀਲ ਨੂੰ ਵੀ ਅਪਡੇਟ ਕੀਤਾ ਗਿਆ ਹੈ।
ਇਸ ਮੌਕੇ ਟਰੂਡੋ ਨੇ ਆਖਿਆ ਕਿ ਕੈਨੇਡਾ ਵੱਲੋਂ 14 ਰੂਸੀ ਵਿਅਕਤੀਆਂ, 34 ਰੂਸੀ ਵਸਤਾਂ ਅਤੇ ਬੇਲਾਰੂਸ ਵਿੱਚ ਵਿੱਤੀ ਸੈਕਟਰ ਨਾਲ ਜੁੜੀਆਂ ਨੌਂ ਆਰਗੇਨਾਈਜੇਸਨਜ਼ ਉੱਤੇ ਵੀ ਨਵੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਅਜਿਹਾ ਇਨ੍ਹਾਂ ਵੱਲੋਂ ਰੂਸ ਦੇ ਯੂਕਰੇਨ ਉੱਤੇ ਕੀਤੇ ਹਮਲੇ ਨੂੰ ਸਮਰਥਨ ਦੇਣ ਬਦਲੇ ਕੀਤਾ ਜਾ ਰਿਹਾ ਹੈ। ਇਸੇ ਦੋਰਾਨ ਜਸਟਿਨ ਟਰੂਡੋ ਨੇ ਆਖਿਆ ਕਿ ਯੂਕਰੇਨ ਦਾ ਹੌਸਲਾ ਲਾਸਾਨੀ ਹੈ। ਉਨ੍ਹਾਂ ਆਖਿਆ ਕਿ ਪੁਤਿਨ ਦੇ ਜਾਲਮਾਨਾਂ ਫੈਸਲੇ ਤੇ ਕੀਤੀ ਗਈ ਚੜ੍ਹਾਈ ਖਿਲਾਫ ਯੂਕਰੇਨ ਨੇ ਖੁਦ ਦੀ ਹਿਫਾਜਤ ਲਈ ਡਟਣ ਦਾ ਜਿਹੜਾ ਜਿਗਰਾ ਕੀਤਾ ਹੈ ਉਸ ਦੀ ਕੈਨੇਡਾ ਸਲਾਘਾ ਕਰਦਾ ਹੈ ਤੇ ਇਸ ਲਈ ਅਸੀਂ ਯੂਕਰੇਨ ਦੀ ਹਰ ਸੰਭਵ ਮਦਦ ਕਰਦੇ ਰਹਾਂਗੇ।
ਇਸ ਦੌਰਾਨ ਯੂਕਰੇਨ ਦੇ ਪ੍ਰਧਾਨ ਮੰਤਰੀ ਵੱਲੋਂ ਹਰ ਤਰ੍ਹਾਂ ਦੇ ਦਿੱਤੇ ਜਾ ਰਹੇ ਸਮਰਥਨ ਲਈ ਕੈਨੇਡਾ ਦਾ ਸੁਕਰੀਆ ਵੀ ਅਦਾ ਕੀਤਾ ਗਿਆ। ਉਨ੍ਹਾਂ ਪੂਰਬੀ ਯੂਕਰੇਨ ਵਿੱਚ ਡਿਫੈਂਸ ਨੂੰ ਹੋਰ ਮਜਬੂਤ ਕਰਨ ਲਈ ਵਾਧੂ ਮਿਲਟਰੀ ਸਹਿਯੋਗ ਦੀ ਵੀ ਕੈਨੇਡਾ ਤੋਂ ਮੰਗ ਕੀਤੀ।