Breaking News
Home / ਹਫ਼ਤਾਵਾਰੀ ਫੇਰੀ / ਸੁਖਪਾਲ ਖਹਿਰਾ ਨੇ ਭਗਵੰਤ ਮਾਨ ‘ਤੇ ਬੇਨਾਮੀ ਜ਼ਮੀਨ ਲੈਣ ਦੇ ਲਾਏ ਆਰੋਪ

ਸੁਖਪਾਲ ਖਹਿਰਾ ਨੇ ਭਗਵੰਤ ਮਾਨ ‘ਤੇ ਬੇਨਾਮੀ ਜ਼ਮੀਨ ਲੈਣ ਦੇ ਲਾਏ ਆਰੋਪ

ਕਿਹਾ : ਸੀਐਮ ਮਾਨ ਨੇ ਬੇਨਾਮੀ ਸੰਪਤੀ ਆਪਣੀ ਮਾਤਾ ਦੇ ਨਾਂ ਕਰਵਾਈ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਬੇਨਾਮੀ ਜਾਇਦਾਦ ਦੇ ਆਰੋਪ ਲਾਏ ਹਨ। ਖਹਿਰਾ ਨੇ ਜਲੰਧਰ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਰਨਾਲਾ-ਮਾਨਸਾ ਮੇਨ ਰੋਡ ‘ਤੇ ਸਥਿਤ ਕਰੀਬ ਸਾਢੇ ਚਾਰ ਏਕੜ ਜ਼ਮੀਨ ਮੁੱਖ ਮੰਤਰੀ ਦੀ ਭੂਆ ਨੇ ਉਨ੍ਹਾਂ ਦੀ ਮਾਤਾ ਹਰਪਾਲ ਕੌਰ ਨੂੰ ਤੋਹਫੇ ਵਜੋਂ ਦਿੱਤੀ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਇਹ ਬੇਨਾਮੀ ਜ਼ਮੀਨ ਹੈ। ਉਨ੍ਹਾਂ ਨੇ ਰਾਜਪਾਲ ਨੂੰ ਇਸ ਦੀ ਸ਼ਿਕਾਇਤ ਭੇਜ ਕੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਿਸੇ ਵੀ ਕੇਂਦਰੀ ਏਜੰਸੀ ਤੋਂ ਕਰਵਾਈ ਜਾਵੇ।
ਸੁਖਪਾਲ ਖਹਿਰਾ ਨੇ ਕਿਹਾ ਕਿ ਭਰਜਾਈ ਤੇ ਨਣਦ ਦਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੁੰਦਾ। ਮਾਨ ਦੀ ਭੂਆ ਸਾਢੇ ਚਾਰ ਏਕੜ ਜ਼ਮੀਨ ਕਿਵੇਂ ਤੋਹਫੇ ਵਿੱਚ ਦੇ ਸਕਦੀ ਹੈ। ਖਹਿਰਾ ਨੇ ਇਸ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਭੂਆ ਮੂਲ ਰੂਪ ਤੋਂ ਸੰਗਰੂਰ ਦੀ ਰਹਿਣ ਵਾਲੀ ਹੈ। ਜਿਹੜੀ ਜ਼ਮੀਨ ਤੋਹਫ਼ੇ ਵਿੱਚ ਦਿੱਤੀ ਗਈ ਹੈ ਉਹ ਭੀਖੀ ਤਹਿਸੀਲ ਅਧੀਨ ਆਉਂਦੀ ਹੈ। ਉਨ੍ਹਾਂ ਕਿਹਾ ਕਿ ਤੋਹਫੇ ਵਿੱਚ ਦਿੱਤੀ ਗਈ ਜ਼ਮੀਨ ਦਾ ਸਰਕਾਰੀ ਮੁੱਲ 67 ਲੱਖ 78 ਹਜ਼ਾਰ ਦੱਸਿਆ ਗਿਆ ਹੈ।
ਬੀਬੀ ਜਸਮੇਲ ਕੌਰ ਜਿਹੜੀ ਭਗਵੰਤ ਸਿੰਘ ਮਾਨ ਦੀ ਸਕੀ ਭੂਆ ਹੈ ਉਸ ਨੇ 20 ਮਾਰਚ 2023 ਨੂੰ ਆਪਣੀ ਭਾਬੀ ਹਰਪਾਲ ਕੌਰ (ਭਗਵੰਤ ਮਾਨ ਦੀ ਮਾਤਾ) ਨੂੰ ਤੋਹਫ਼ੇ ਵਿੱਚ ਜ਼ਮੀਨ ਦਿੱਤੀ ਹੈ। ਖਹਿਰਾ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਇਹ ਜ਼ਮੀਨ ਕਿਸ ਕੰਮ ਬਦਲੇ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਬੇਨਾਮੀ ਜ਼ਮੀਨ ਹੈ। ਇਸ ਦੀ ਮਾਰਕੀਟ ਕੀਮਤ ਤਿੰਨ ਕਰੋੜ ਦੇ ਕਰੀਬ ਬਣਦੀ ਹੈ। ਉਨ੍ਹਾਂ ਦੱਸਿਆ ਕਿ ਇਸ ਰਜਿਸਟਰੀ ‘ਤੇ ਅਸ਼ਟਾਮ ਡਿਊਟੀ 2 ਲੱਖ 3 ਹਜ਼ਾਰ ਰੁਪਏ ਲਾਈ ਗਈ ਹੈ। ਭਗਵੰਤ ਮਾਨ ਦੀ ਭੂਆ ਦੇ ਮੁੰਡੇ ਗੁਰਜੀਤ ਸਿੰਘ ਨੇ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿੱਚ 38 ਕਨਾਲ 5 ਮਰਲੇ ਜ਼ਮੀਨ ਖਰੀਦੀ ਹੈ। ਇਹ ਜ਼ਮੀਨ ਵੀ 2023 ਵਿੱਚ ਹੀ ਖਰੀਦੀ ਗਈ ਸੀ। ਇਸ ਜ਼ਮੀਨ ਦਾ ਠੇਕਾ ਭਗਵੰਤ ਮਾਨ ਦੀ ਮਾਤਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਉਨ੍ਹਾਂ ਦੀ ਮਾਤਾ ਤੇ ਭੈਣ 11 ਵਾਰ ਆਸਟਰੇਲੀਆ ਕਿਸ ਮਕਸਦ ਨਾਲ ਗਈਆਂ ਸਨ। ਉਥੇ ਉਹ ਰੀਅਲ ਅਸਟੇਟ ਦੇ ਕਾਰੋਬਾਰੀ ਨੂੰ ਮਿਲਦੇ ਸਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਇਸ ਬਾਰੇ ਹੋਰ ਖੁਲਾਸੇ ਵੀ ਕਰਨਗੇ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਅਜੇ ਤੱਕ ਪੰਜਾਬ ਸਰਕਾਰ ਦੀ ਜਾਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਕਿਸੇ ਵੀ ਪਰਿਵਾਰਕ ਮੈਂਬਰ ਦੀ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

 

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …