ਦਿਨ ਵਾਅਦਿਆਂ ਦੇ ਆਏ
ਲਿਬਰਲ, ਕੰਸਰਵੇਟਿਵ, ਐਨਡੀਪੀ ਤੇ ਗਰੀਨ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਕਰਨ ਲੱਗੀ ਚੋਣ ਵਾਅਦੇ
ਬਜ਼ੁਰਗਾਂ ਦੀ ਪੈਨਸ਼ਨ ‘ਚ ਕਰਾਂਗੇ 10 ਫੀਸਦੀ ਦਾ ਵਾਧਾ : ਜਸਟਿਨ ਟਰੂਡੋ
ਇਸ ਚੋਣ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਕੈਨੇਡੀਅਨਾਂ ਨਾਲ ਵਾਅਦੇ ਕਰਦਿਆਂ ਕਿਹਾ ਕਿ ਜੇਕਰ ਸਾਡੀ ਸਰਕਾਰ ਦੁਬਾਰਾ ਆਉਂਦੀ ਹੈ ਤਾਂ 75 ਸਾਲ ਤੋਂ ਵੱਧ ਉਮਰ ਦੇ ਬੁਜ਼ਰਗਾਂ ਦੀ ਪੈਨਸ਼ਨ ‘ਚ 10 ਫੀਸਦੀ ਵਾਧਾ ਕੀਤਾ ਜਾਵੇਗਾ ਅਤੇ ਜਿਹੜੇ ਬੁਜ਼ਰਗਾਂ ਦੇ ਜੀਵਨ-ਸਾਥੀ ਦੀ ਮੌਤ ਹੋ ਚੁੱਕੀ ਹੈ, ਉਹਨਾਂ ਬੁਜ਼ਰਗਾਂ ਦੀ ਸਾਲਾਨਾ 2000 ਡਾਲਰ ਪੈਨਸ਼ਨ ‘ਚ ਵਾਧਾ ਕੀਤਾ ਜਾਵੇਗਾ। ਬੱਚਿਆਂ ਲਈ ਹੈੱਲਥ ਕੇਅਰ ਸਸਤੀ ਕਰ ਦੇਣਗੇ ਅਤੇ ਬੱਚਿਆਂ ਦੇ ਖੇਡਣ ਦੇ ਲਈ ਹਜ਼ਾਰਾਂ ਹੋਰ ਨਵੇਂ ਬੁਨਿਆਦੀ ਢਾਂਚੇ ਤਿਆਰ ਕਰਨਗੇ। ਲਿਬਰਲ ਵਲੋਂ ਕਈ ਵਾਅਦੇ ਕੀਤੇ ਜਾ ਰਹੇ ਹਨ।
ਉਦਯੋਗਾਂ ਤੋਂ ਸਬਸਿਡੀ ਹਟਾ ਲੋਕਾਂ ਦੀ ਜੇਬ ‘ਚ ਪਾਵਾਂਗੇ ਡਾਲਰ : ਐਂਡ੍ਰਿਊ ਸ਼ਿਅਰ
ਕੰਸਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਐਂਡ੍ਰਿਊ ਸ਼ਿਅਰ ਵਲੋਂ ਕਿਹਾ ਗਿਆ ਕਿ ਉਹਨਾਂ ਦੀ ਸਰਕਾਰ ਆਉਣ ‘ਤੇ 1.5 ਬਿਲੀਅਨ ਡਾਲਰ ਦੀ ਵੱਡੇ ਉਦਯੋਗਾਂ ਤੋਂ ਸਬਸਿਡੀ ਹਟਾਈ ਜਾਵੇਗੀ ਅਤੇ ਉਹ ਡਾਲਰ ਆਮ ਕੈਨੇਡੀਅਨ ਦੀ ਜੇਬ ‘ਚ ਪਾਇਆ ਜਾਵੇਗਾ। ਬੱਚਿਆਂ ਦੇ ਫਿੱਟਨੈੱਸ ਟੈਸਟ ਦਾ ਪ੍ਰੋਗਰਾਮ ਸ਼ੁਰੂ ਕਰਾਂਗਾ ਜਿਸ ਨਾਲ 1000 ਡਾਲਰ ਦਾ ਕਰੈਡਿਟ ਬੱਚਿਆਂ ਦੇ ਮਾਪਿਆਂ ਨੂੰ ਮਿਲੇਗਾ। ਐਂਡ੍ਰਿਊ ਸ਼ਿਅਰ ਨੇ ਕਿਹਾ ਕਿ ਲਿਬਰਲ ਸਰਕਾਰ ਨੇ ਮੱਧ ਵਰਗੀ ਅਤੇ ਆਮ ਕੈਨੇਡੀਅਨਾਂ ਦੀ ਜ਼ਿੰਦਗੀ ਵਿੱਤੀ ਰੂਪ ‘ਚ ਬਹੁਤ ਔਖੀ ਕਰ ਦਿੱਤੀ ਹੈ। ਇਸ ਸਮੇਂ ਲੋੜ ਹੈ ਟੈਕਸ ਦਰਾਂ ਨੂੰ ਘੱਟ ਕੇ ਆਮ ਲੋਕਾਂ ਦੀ ਜੇਬ ‘ਚ ਕੁਛ ਡਾਲਰ ਪਾਏ ਜਾਣ ਅਤੇ ਕਾਰਬਨ ਟੈਕਸ ਨੂੰ ਬੰਦ ਕੀਤਾ ਜਾਵੇ।
5 ਲੱਖ ਸਸਤੇ ਘਰ ਬਣਾ ਕੇ ਦੇਵਾਂਗੇ , ਤੁਸੀਂ ਸਾਡੀ ਸਰਕਾਰ ਬਣਾਓ : ਜਗਮੀਤ ਸਿੰਘ
ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਜਗਮੀਤ ਸਿੰਘ ਵਲੋਂ ਇਹ ਵਾਅਦਾ ਕੀਤਾ ਗਿਆ ਕਿ ਅਸੀਂ 70000 ਡਾਲਰ ਤੋਂ ਘੱਟ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਫ੍ਰੀ ਡੈਂਟਲ ਕੇਅਰ ਮੁਹੱਈਆ ਕਰਾਵਾਂਗੇ। ਐਨਡੀਪੀ ਮੁਖੀ ਨੇ ਕਿਹਾ ਕਿ ਆਉਣ ਵਾਲੇ 10 ਸਾਲਾਂ ਵਿਚ ਕੈਨੇਡਾ ਭਰ ਵਿਚ 5 ਲੱਖ ਸਸਤੇ ਘਰਾਂ ਦਾ ਨਿਰਮਾਣ ਕਰਵਾਵਾਂਗੇ ਇਹ ਸਾਡੀ ਪਾਰਟੀ ਦੀ ਸਰਕਾਰ ਆਉਣ ‘ਤੇ ਹੀ ਸੰਭਵ ਹੈ। ਜਗਮੀਤ ਸਿੰਘ ਨੇ ਕਿਹਾ ਕਿ ਇਸਦਾ ਫਾਇਦਾ ਆਮ ਲੋਕਾਂ ਨੂੰ ਜ਼ਿਆਦਾ ਹੋਵੇਗਾ। ਜਗਮੀਤ ਸਿੰਘ ਨੇ ਕਿਹਾ ਅਸੀਂ ਯੂਥ ਨੂੰ ਆਪਣੇ ਭਵਿੱਖ ਪ੍ਰਤੀ ਹੋ ਰਹੀ ਚਿੰਤਾ ਨੂੰ ਦੂਰ ਰੱਖਣ ਲਈ ਅਰਥ ਵਿਵਸਥਾ ਨੂੰ ਹੋਰ ਮਜ਼ਬੂਤ ਕਰਾਂਗੇ ।
ਜੰਗਲਾਂ ਨੂੰ ਬਚਾਉਣ ਲਈ ਸਾਡੀ ਪਾਰਟੀ ਕਰੇਗੀ ਕੰਮ : ਐਲਿਜ਼ਾਬੈਥ ਮੇਅ
ਗਰੀਨ ਪਾਰਟੀ ਆਗੂ ਐਲਿਜ਼ਾਬੈਥ ਮੇਅ ਨੇ ਕਿਹਾ ਕਿ ਵਾਤਾਵਰਨ ਇਕ ਅਹਿਮ ਮੁੱਦਾ ਹੈ ਸਾਡੀ ਸਰਕਾਰ ਆਉਣ ‘ਤੇ ਅਸੀਂ ਮੌਸਮ ‘ਚ ਆ ਰਹੀਆਂ ਗੈਰ ਕੁਦਰਤੀ ਤਬਦੀਲੀਆਂ ‘ਤੇ ਕੰਮ ਕਰਾਂਗੇ। ਕੈਨੇਡਾ ‘ਚ ਜੰਗਲੀ ਇਲਾਕਿਆਂ ਨੂੰ ਸੁਰੱਖਿਅਤ ਰੱਖਿਆ ਜਾਵੇਗਾ ਅਤੇ ਇਨ੍ਹਾਂ ਇਲਾਕਿਆਂ ਨਾਲ ਕੋਈ ਛੇੜ ਛਾੜ ਨਹੀਂ ਕਰਨ ਦਿੱਤੀ ਜਾਵੇਗੀ। ਮੇਅ ਨੇ ਕਿਹਾ ਕਿ ਮਾਈਨਿੰਗ ਨੂੰ ਵਾਤਾਵਰਨ ਦੇ ਹਿਸਾਬ ਨਾਲ ਸੋਧਿਆ ਜਾਵੇਗਾ ਅਤੇ ਕਿਸੇ ਵੀ ਕਿਸਮ ਦੀ ਪਾਈਪ ਲਾਈਨ ਨੂੰ ਧਰਤੀ ਦੀ ਸਤ੍ਹਾ ਨੂੰ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ। ਖਪਤਕਾਰਾਂ ਦੇ ਹੋ ਰਹੇ ਸੋਸ਼ਣ ਲਈ ਵੀ ਇੱਕ ਬਿੱਲ ਪਾਸ ਕੀਤਾ ਜਾਵੇਗਾ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …