5.7 C
Toronto
Friday, April 10, 2026
spot_img
Homeਹਫ਼ਤਾਵਾਰੀ ਫੇਰੀਹਾਈਕਮਾਨ ਦਾ ਫੈਸਲਾ ਮੰਨਣਗੇ ਕੈਪਟਨ!

ਹਾਈਕਮਾਨ ਦਾ ਫੈਸਲਾ ਮੰਨਣਗੇ ਕੈਪਟਨ!

ਸਿੱਧੂ ਬਾਰੇ ਗੱਲ ਕਰਨ ਤੋਂ ਕੈਪਟਨ ਨੇ ਵੱਟਿਆ ਪਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਮੁਕਾਉਣ ਦੀ ਕਵਾਇਦ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ ਹੋਏਗਾ। ਇਸ ਮੀਟਿੰਗ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਤਿੰਨ ਮੈਂਬਰੀ ਪੈਨਲ ਦੇ ਮੁਖੀ ਮਲਿਕ ਅਰਜੁਨ ਖੜਗੇ ਵੀ ਮੌਜੂਦ ਸਨ, ਜਦਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਲੋਂ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ ਸੀ। ਸੋਨੀਆ ਗਾਂਧੀ ਦੀ ਸਰਕਾਰੀ ਰਿਹਾਇਸ਼ 10 ਜਨਪਥ ਵਿਖੇ ਤਕਰੀਬਨ 90 ਮਿੰਟ ਚੱਲੀ ਮੁਲਾਕਾਤ ਤੋਂ ਬਾਅਦ ਬਾਹਰ ਮੀਡੀਆ ਨਾਲ ਮਹਿਜ਼ ਕੁਝ ਕੁ ਮਿੰਟ ਲਈ ਰੂਬਰੂ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਵਿਵਾਦ ਬਾਰੇ ਕੁਝ ਵੀ ਕਹਿਣ ਤੋਂ ਪਾਸਾ ਵੱਟਦਿਆਂ ਕਿਹਾ ਕਿ ਉਹ ਪੰਜਾਬ ਦੇ ਅੰਦਰੂਨੀ ਮਾਮਲਿਆਂ ਅਤੇ ਕੰਮਕਾਜ ਬਾਰੇ ਚਰਚਾ ਕਰਨ ਲਈ ਆਏ ਸਨ ਤੇ ਉਹ ਹਾਈਕਮਾਨ ਦੇ ਹਰ ਨਿਰਦੇਸ਼ ਨੂੰ ਸਿਰੇ ਚੜ੍ਹਾਉਣਗੇ।
ਸਿੱਧੂ ਬਾਰੇ ਮਸਲੇ ਦਾ ਹੱਲ ਹੋ ਜਾਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕੈਪਟਨ ਨੇ ਕਿਹਾ ਕਿ ਪੰਜਾਬ ਕਾਂਗਰਸ ‘ਚ ਕੋਈ ਪ੍ਰੇਸ਼ਾਨੀ ਨਹੀਂ ਹੈ ਤੇ ਉਹ ਸਿੱਧੂ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਕੈਪਟਨ ਨੇ ਵਿਧਾਨ ਸਭਾ ਚੋਣਾਂ ਲਈ ਬਿਲਕੁਲ ਤਿਆਰ ਹੋਣ ਦੀ ਗੱਲ ਵੀ ਆਖੀ। ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਜਾਣ ਤੋਂ ਪਹਿਲਾਂ ਦਿੱਲੀ ਦੇ ਕਪੂਰਥਲਾ ਹਾਊਸ ‘ਚ ਰੁਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਅਸ਼ਵਨੀ ਸੇਖੜੀ ਤੇ ਰਾਜ ਕੁਮਾਰ ਵੇਰਕਾ ਨੇ ਵੀ ਗੱਲਬਾਤ ਕੀਤੀ। ਕਪੂਰਥਲਾ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜ ਕੁਮਾਰ ਵੇਰਕਾ ਨੇ ਪੰਜਾਬ ਕੈਬਨਿਟ ‘ਚ ਬਦਲਾਅ ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਕੁੱਝ ਮੰਤਰੀਆਂ ਦੀ ਛੁੱਟੀ ਹੋਏਗੀ ਤੇ ਕੁਝ ਨਵੇਂ ਮੰਤਰੀ ਬਣਾਏ ਜਾਣਗੇ। ਇਸ ਦੌਰਾਨ ਉਨ੍ਹਾਂ ਪ੍ਰਦੇਸ਼ ਪ੍ਰਧਾਨ ਨੂੰ ਬਦਲੇ ਜਾਣ ਦੀ ਸੰਭਾਵਨਾ ਪ੍ਰਗਟਾਈ। ਨਵਜੋਤ ਸਿੰਘ ਸਿੱਧੂ ਬਾਰੇ ਵੇਰਕਾ ਨੇ ਕਿਹਾ ਕਿ ਸਿੱਧੂ ਦੀ ਜ਼ਿੰਮੇਵਾਰੀ ਪਾਰਟੀ ਹਾਈਕਮਾਨ ਨੇ ਤੈਅ ਕਰਨੀ ਹੈ। ਕਪੂਰਥਲਾ ਹਾਊਸ ਵਿਖੇ ਕੈਪਟਨ ਨਾਲ ਮੀਟਿੰਗ ਤੋਂ ਬਾਅਦ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਹੜੇ ਆਗੂ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੋਲ ਰਹੇ ਹਨ, ਉਹ ਸਾਢੇ ਚਾਰ ਸਾਲ ਕਿਉਂ ਚੁੱਪ ਰਹੇ।
ਸਿੱਧੂ ਦਾ ਜ਼ਿਕਰ ਕਰਦਿਆਂ ਬਿੱਟੂ ਨੇ ਕਿਹਾ ਕਿ ਸਿੱਧੂ ਜੇਕਰ ਬਿਜਲੀ ਸਮਝੌਤੇ ਦੀ ਗੱਲ ਕਰਦੇ ਹਨ ਤਾਂ ਸਿੱਧੂ ਨੂੰ ਬਿਜਲੀ ਮਹਿਕਮਾ ਸੰਭਾਲਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਸੀ। ਅਸ਼ਵਨੀ ਸੇਖੜੀ ਨੇ ਪੰਜਾਬ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਹਿੰਦੂ ਜਾਂ ਦਲਿਤ ਚਿਹਰੇ ਨੂੰ ਸੌਂਪਣ ਦੀ ਗੱਲ ਆਖੀ। ਇਹ ਮੀਟਿੰਗ ਮਹੱਤਵਪੂਰਨ ਮੰਨੀ ਗਈ ਹੈ ਕਿਉਂਕਿ ਪਾਰਟੀ ਹਾਈਕਮਾਨ ਕਾਂਗਰਸ ਦੀ ਪੰਜਾਬ ਇਕਾਈ ‘ਚ ਚੱਲ ਰਹੇ ਕਾਟੋ ਕਲੇਸ਼ ਨੂੰ ਸੁਲਝਾਉਣ ਦੀਆਂ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਵਿਚ ਸੁਧਾਰ ਦੀ ਗੱਲ ਚੱਲ ਰਹੀ ਹੈ। ਸੂਬੇ ‘ਚ ਵਿਧਾਨ ਸਭਾ ਚੋਣਾਂ ‘ਚ ਵੀ ਕੁਝ ਮਹੀਨੇ ਰਹਿ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜਦੋਂ ਕਦੇ ਦਿੱਲੀ ਆਉਂਦੇ ਹਨ ਤਾਂ ਕਾਂਗਰਸ ਪ੍ਰਧਾਨ ਨਾਲ ਹਮੇਸ਼ਾ ਮੁਲਾਕਾਤ ਕਰਦੇ ਹਨ ਤੇ ਇਹ ਵੀ ਅਜਿਹੀ ਹੀ ਮੁਲਾਕਾਤ ਸੀ। ਖੜਗੇ ਦੀ ਅਗਵਾਈ ਵਾਲੀ 3 ਮੈਂਬਰੀ ਕਮੇਟੀ ਨਾਲ ਮੀਟਿੰਗ ਕਰਨ ਲਈ ਕੈਪਟਨ ਪਿਛਲੇ ਮਹੀਨੇ ਦੋ ਵਾਰ ਦਿੱਲੀ ਆਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਹੋਈ ਇਸ ਮੀਟਿੰਗ ਤੋਂ ਕੁਝ ਦਿਨ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ ਸੀ।

RELATED ARTICLES
POPULAR POSTS