21.2 C
Toronto
Saturday, June 6, 2026
spot_img
Homeਹਫ਼ਤਾਵਾਰੀ ਫੇਰੀਪੰਜਾਬ ਦੀ ਧੀ ਦਾ ਕੈਨੇਡਾ 'ਚ ਕਮਾਲ: 35 ਸਾਲ ਪੁਰਾਣੀ ਮੈਡੀਕਲ ਖ਼ਾਮੀ...

ਪੰਜਾਬ ਦੀ ਧੀ ਦਾ ਕੈਨੇਡਾ ‘ਚ ਕਮਾਲ: 35 ਸਾਲ ਪੁਰਾਣੀ ਮੈਡੀਕਲ ਖ਼ਾਮੀ ਕੀਤੀ ਦੂਰ

ਕੈਨੇਡਾ-ਵਿਆਪੀ ਸਾਇੰਸ ਮੇਲੇ ਵਿੱਚ ਜਿੱਤਿਆ ‘ਇਨੋਵੇਸ਼ਨ ਐਵਾਰਡ’; ਪਲਸ ਆਕਸੀਮੀਟਰਾਂ ਦੀ ਨਸਲੀ ਖ਼ਾਮੀ ਕੀਤੀ ਦੂਰ
ਵਿਨੀਪੈਗ : ਕੈਨੇਡਾ ਦੇ ਉਨਟਾਰੀਓ ਸੂਬੇ ਦੇ ਕਿਚਨਰ ਸ਼ਹਿਰ ਦੀ 17 ਸਾਲਾ ਪੰਜਾਬੀ ਮੂਲ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਆਪਣੀ ਵਿਲੱਖਣ ਖੋਜ ਨਾਲ ਕੌਮੀ ਪੱਧਰ ‘ਤੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਗੁਰਨੂਰ ਨੂੰ ਐਡਮਿੰਟਨ ਵਿੱਚ ਹੋਏ ‘ਕੈਨੇਡਾ-ਵਿਆਪੀ ਸਾਇੰਸ ਫੇਅਰ’ ਵਿੱਚ ‘ਬੈੱਸਟ ਪ੍ਰੋਜੈਕਟ ਫ਼ਾਰ ਇਨੋਵੇਸ਼ਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਕੈਮਰਨ ਹਾਈਟਸ ਕਾਲਜੀਏਟ ਇੰਸਟੀਚਿਊਟ ਦੀ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਗੁਰਨੂਰ ਕੌਰ ਦਾ ਇਹ ਪ੍ਰੋਜੈਕਟ ਸਿਹਤ ਖੇਤਰ ਵਿੱਚ ਇੱਕ ਅਹਿਮ ਸਮੱਸਿਆ ਦੇ ਹੱਲ ਨਾਲ ਜੁੜਿਆ ਹੋਇਆ ਹੈ। ਗੁਰਨੂਰ ਦੀ ਖੋਜ ਦਾ ਮੁੱਖ ਕੇਂਦਰ ਪਲਸ ਆਕਸੀਮੀਟਰਾਂ ਵਿੱਚ ਮੌਜੂਦ ਉਸ ਤਕਨੀਕੀ ਕਮੀ ਨੂੰ ਦੂਰ ਕਰਨਾ ਹੈ, ਜਿਸ ਕਾਰਨ ਗੂੜ੍ਹੇ ਜਾਂ ਸਾਂਵਲੇ ਰੰਗ ਦੀ ਚਮੜੀ ਵਾਲੇ ਲੋਕਾਂ ਵਿੱਚ ਖ਼ੂਨ ਦੇ ਆਕਸੀਜਨ ਪੱਧਰ ਦੀ ਮਾਪ ਸਹੀ ਨਹੀਂ ਆਉਂਦੀ ਸੀ। ਵਿਗਿਆਨੀਆਂ ਅਤੇ ਮੇਲੇ ਦੇ ਜੱਜਾਂ ਮੁਤਾਬਕ ਖ਼ੂਨ ਵਿੱਚ ਆਕਸੀਜਨ ਦੀ ਮਾਤਰਾ ਮਾਪਣ ਵਾਲੇ ਸੈਂਸਰ ਨਾਲ ਜੁੜੀ ਇਹ ਸਮੱਸਿਆ ਪਿਛਲੇ ਸਾਢੇ ਤਿੰਨ ਦਹਾਕਿਆਂ (35 ਸਾਲਾਂ) ਤੋਂ ਮੌਜੂਦ ਸੀ, ਜਿਸ ਨਾਲ ਮਰੀਜ਼ਾਂ ਦੇ ਇਲਾਜ ਅਤੇ ਨਤੀਜਿਆਂ ‘ਤੇ ਮਾਰੂ ਅਸਰ ਪੈਂਦਾ ਆ ਰਿਹਾ ਸੀ। ਗੁਰਨੂਰ ਦੀ ਖੋਜ ਨੇ ਹੁਣ ਇਸ ਖ਼ਾਮੀ ਨੂੰ ਜੜ੍ਹੋਂ ਖ਼ਤਮ ਕਰਨ ਦਾ ਰਾਹ ਦਿਖਾਇਆ ਹੈ।
ਗੁਰਨੂਰ ਨੇ ਦੱਸਿਆ ਕਿ ਆਮ ਤੌਰ ‘ਤੇ ਇਹ ਮੰਨਿਆ ਜਾਂਦਾ ਸੀ ਕਿ ਇਹ ਸਮੱਸਿਆ ਸਿਰਫ਼ ਗੂੜ੍ਹੇ ਰੰਗ ਦੇ ਲੋਕਾਂ ਦੇ ਡਾਟਾ ਦੀ ਘਾਟ ਕਾਰਨ ਪੈਦਾ ਹੁੰਦੀ ਹੈ। ਪਰ ਖੋਜ ਦੌਰਾਨ ਉਸ ਨੇ ਪਾਇਆ ਕਿ ਮੌਜੂਦਾ ਕਾਰਡਿਅਕ ਮਾਡਲਾਂ ਵਿੱਚ ਇੱਕ ਗਣਿਤਕ ਖ਼ਾਮੀ ਵੀ ਮੌਜੂਦ ਹੈ, ਜੋ ਇਸ ਗ਼ਲਤੀ ਦਾ ਇੱਕ ਵੱਡਾ ਕਾਰਨ ਬਣਦੀ ਹੈ। ਉਸ ਨੇ ਇਸ ਮਾਡਲ ਵਿੱਚ ਲੋੜੀਂਦੇ ਸੁਧਾਰ ਕਰਕੇ ਇੱਕ ਅਜਿਹਾ ਵਿਗਿਆਨਕ ਹੱਲ ਪੇਸ਼ ਕੀਤਾ, ਜਿਸ ਨਾਲ ਵੱਖ-ਵੱਖ ਨਸਲਾਂ ਅਤੇ ਵਰਗਾਂ ਦੇ ਮਰੀਜ਼ਾਂ ਲਈ ਆਕਸੀਜਨ ਮਾਪਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਸਹੀ ਅਤੇ ਨਿਰਪੱਖ ਬਣ ਸਕਦੀ ਹੈ।
ਪਹਿਲਾਂ ਵੀ ਬਣਾਇਆ ਹੈ ਏਆਈ-ਅਧਾਰਿਤ ਸਿਸਟਮ
ਇਸ ਤੋਂ ਪਹਿਲਾਂ ਵੀ ਗੁਰਨੂਰ ਨੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਹੋਣ ਵਾਲੇ ਡਿਲੀਰੀਅਮ (ਦਿਮਾਗੀ ਉਲਝਣ) ਦੀ ਪਛਾਣ ਕਰਨ ਲਈ ਇੱਕ ਏਆਈ-ਅਧਾਰਿਤ ਸਿਸਟਮ ਤਿਆਰ ਕੀਤਾ ਸੀ। ਇਹ ਸਿਸਟਮ ਕੈਮਰਿਆਂ ਅਤੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਿਨਾਂ ਕਿਸੇ ਸਰੀਰਕ ਸੰਪਰਕ ਦੇ ਮਰੀਜ਼ਾਂ ਦੀਆਂ ਭਾਵਨਾਵਾਂ, ਚਿਹਰੇ ਦੇ ਸੂਖਮ ਹਾਵ-ਭਾਵਾਂ, ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਗਤੀ ਦੀ ਨਿਗਰਾਨੀ ਕਰ ਸਕਦਾ ਹੈ। ਇਸ ਨਾਲ ਹਸਪਤਾਲਾਂ ਵਿੱਚ ਭਾਰੀ-ਭਰਕਮ ਸੈਂਸਰਾਂ ਦੀ ਲੋੜ ਘੱਟ ਜਾਂਦੀ ਹੈ। ਇਸ ਡਿਵਾਈਸ ਵਿੱਚ ਇੱਕ ਚੈਟਬੋਟ ਵੀ ਸ਼ਾਮਲ ਹੈ ਜੋ ਮਰੀਜ਼ਾਂ ਨੂੰ ਮਾਨਸਿਕ ਤੌਰ ‘ਤੇ ਸੁਚੇਤ ਰੱਖਦਾ ਹੈ, ਜਿਸ ਨਾਲ ਡਿਲੀਰੀਅਮ ਦਾ ਖ਼ਤਰਾ 50 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ।
ਗੁਰਨੂਰ ਨੇ ਦੱਸਿਆ ਕਿ ਪਲਸ ਆਕਸੀਮੀਟਰ ‘ਤੇ ਕੀਤੀ ਗਈ ਉਸ ਦੀ ਮੌਜੂਦਾ ਖੋਜ ਵੀ ਇਸੇ ਪ੍ਰੋਜੈਕਟ ਦਾ ਹਿੱਸਾ ਹੈ, ਕਿਉਂਕਿ ਉਸ ਨੇ ਮਰੀਜ਼ਾਂ ਦੀ ਸਰੀਰਕ ਨਿਗਰਾਨੀ ਵਾਲੀਆਂ ਪ੍ਰਣਾਲੀਆਂ ਵਿੱਚ ਚਮੜੀ ਦੇ ਰੰਗ ਦੇ ਆਧਾਰ ‘ਤੇ ਹੁੰਦਾ ਪੱਖਪਾਤ ਦੇਖਿਆ ਸੀ, ਜਿੱਥੇ ਹਲਕੇ ਰੰਗ ਦੀ ਚਮੜੀ ਵਾਲਿਆਂ ਦੇ ਮੁਕਾਬਲੇ ਗੂੜ੍ਹੇ ਰੰਗ ਦੀ ਚਮੜੀ ਵਾਲੇ ਮਰੀਜ਼ਾਂ ਲਈ ਗ਼ਲਤੀ ਦੀ ਦਰ ਕਾਫ਼ੀ ਵੱਧ ਹੁੰਦੀ ਸੀ।
ਗੁਰਨੂਰ ਕੌਰ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਮੈਡੀਸਨ ਅਤੇ ਕੰਪਿਊਟੇਸ਼ਨਲ ਬਾਇਓਫਿਜ਼ਿਕਸ ਦੇ ਖੇਤਰ ਵਿੱਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੀ ਹੈ।

RELATED ARTICLES
POPULAR POSTS