
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਦੀ ਅਰਥ ਵਿਵਸਥਾ ਇਸ ਵੇਲੇ ਤਕਨੀਕੀ ਤੌਰ ’ਤੇ ਮੰਦੀ ਵਿਚ ਨਹੀਂ ਹੈ, ਪਰ ਆਰਥਿਕ ਵਿਕਾਸ ਦੀ ਰਫਤਾਰ ਬੇਹੱਦ ਕਮਜ਼ੋਰ ਹੋ ਰਹੀ ਹੈ। ਜੂਨ 2026 ਦੀ ਤਿਮਾਹੀ ਵਿਚ ਜੀਡੀਪੀ ਸਿਰਫ 0.4 ਫੀਸਦੀ ਵਧੀ, ਜਦੋਂ ਕਿ ਸਲਾਨਾ ਵਿਕਾਸ ਦਰ 1.8 ਫੀਸਦੀ ਤੱਕ ਹੌਲੀ ਹੋ ਗਈ। ਮੰਦੀ ਦਾ ਸਭ ਤੋਂ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਖਰੀਦ ਸ਼ਕਤੀ ਹੈ। ਮਹਿੰਗਾਈ, ਉਚੇ ਮਕਾਨੀ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ-ਜ਼ਰੂਰੀ ਖਰੀਦਦਾਰੀ ਘਟਾਉਣ ਲਈ ਮਜਬੂਰ ਕੀਤਾ ਹੈ। ਇਸ ਨਾਲ ਦੁਕਾਨਦਾਰੀ, ਰੈਸਟੋਰੈਂਟ, ਮਨੋਰੰਜਨ ਅਤੇ ਛੋਟੇ ਕਾਰੋਬਾਰਾਂ ’ਤੇ ਸਿੱਧਾ ਅਸਰ ਪਿਆ ਹੈ। ਇਸੇ ਦੌਰਾਨ, ਵਿਆਜ਼ ਦਰਾਂ ਵਧਣ ਨਾਲ ਘਰਾਂ ਅਤੇ ਕਾਰੋਬਾਰਾਂ ਲਈ ਕਰਜ਼ਾ ਮਹਿੰਗਾ ਹੋਇਆ ਹੈ। ਆਸਟਰੇਲੀਆ ਦੇ ਅਰਥ ਸ਼ਾਸਤਰੀ ਗਰੇਗ ਜੈਰੀਕੋ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਅਰਥ ਵਿਵਸਥਾ ਪਹਿਲਾਂ ਹੀ ‘ਅੱਧੀ ਰਫਤਾਰ’ ਨਾਲ ਚੱਲ ਰਹੀ ਹੈ ਅਤੇ ਵਿਆਜ ਵਾਧਾ ਵਿਕਾਸ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਆਸਟਰੇਲੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਨੂੰੂ ਕਾਬੂ ਕਰਦੇ ਹੋਏ ਅਰਥ ਵਿਵਸਥਾ ਨੂੰ ਮੰਦੀ ਵਿਚ ਜਾਣ ਤੋਂ ਬਚਾਉਣਾ ਹੈ।

