ਮੁੱਖ ਮੰਤਰੀ ਭਗਵੰਤ ਮਾਨ ਨੇ ਸਬ ਇੰਸਪੈਕਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ
ਰਾਜਾ ਵੜਿੰਗ ਅਤੇ ਬਿਕਰਮ ਮਜੀਠੀਆ ਨੂੰ ਪੰਜਾਬੀ ਦਾ ਪੇਪਰ ਦੇਣ ਦੀ ਦਿੱਤੀ ਚੁਣੌਤੀ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਨੀਵਾਰ ਨੂੰ ਜਲੰਧਰ ’ਚ ਪੰਜਾਬ ਪੁਲਿਸ ਦੇ 560 ਨਵਨਿਯੁਕਤ ਸਬ ਇੰਸਪੈਕਟਰਾਂ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ, ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਮੌਜੂਦ ਸਨ। ਇਸ ਮੌਕੇ ਮੁੱਖ ਮੰਤਰੀ ਨੇ ਆਪਣੇ ਸੰਬੋਧਨ ’ਚ ਅੱਜ ਦੇ ਦਿਨ ਨੂੰ ਬੇਹੱਦ ਖਾਸ ਦੱਸਿਆ ਕਿਉਂਕਿ ਅੱਜ 560 ਐਸ ਆਈ ਪੰਜਾਬ ਸਰਕਾਰ ਦੇ ਪਰਿਵਾਰ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਬ ਇੰਸਪੈਕਟਰਾਂ ਨੂੰ ਭਰਤੀ ਲਈ ਕੋਈ ਸਿਫ਼ਾਰਸ਼ ਨਹੀਂ ਕਰਨੀ ਪਈ ਬਲਕਿ ਇਹ ਮੈਰਿਟ ਦੇ ਆਧਾਰ ’ਤੇ ਭਰਤੀ ਹੋਏ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ 1700 ਤੋਂ ਵੱਧ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਪਿਛਲੀਆਂ ਸਰਕਾਰਾਂ ’ਤੇ ਤੰਜ ਕਸਦੇ ਹੋਏ ਕਿਹਾ ਕਿ ਪਹਿਲਾਂ ਮੈਰਿਟ ਵਿਚ ਆਉਣ ਤੋਂ ਬਾਅਦ ਵੀ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲਦੀ ਸੀ ਕਿਉਂਕਿ ਪਹਿਲਾਂ ਨੌਕਰੀ ਸਿਰਫ਼ ਸਿਫਾਰਸ਼ ਦੇ ਅਧਾਰ ’ਤੇ ਹੀ ਮਿਲਦੀ ਸੀ। ਇਸ ਮੌਕੇ ਉਨ੍ਹਾਂ ਵਿਰੋਧੀਆਂ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੈਨੂੰ ਕਿਸੇ ਐਰੇ-ਗੈਰੇ ਨੱਥੂ ਖੈਰੇ ਤੋਂ ਐਨ ਓ ਸੀ ਲੈਣ ਦੀ ਜ਼ਰੂਰਤ ਨਹੀਂ। ਉਨ੍ਹਾਂ ਕਿਹਾ ਕਿ ਮੇਰੇ ਸੁਫਨਿਆਂ ’ਚ ਅਤੇ ਜਾਗਦੇ ਹੋਏ ਪੰਜਾਬ ਹੀ ਆਉਂਦਾ ਹੈ ਅਤੇ ਮੈਂ ਪੰਜਾਬ ਨੂੰ ਨੰਬਰ ਵੰਨ ਬਣਾਉਣਾ ਹੈ। ਇਸ ਮੌਕੇ ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬੀ ਦਾ ਪੇਪਰ 45 ਫੀਸਦੀ ਨੰਬਰਾਂ ਦੇ ਨਾਲ ਪਾਸ ਕਰਕੇ ਦਿਖਾਉਣ ਦੀ ਚੁਣੌਤੀ ਦਿੱਤੀ ਅਤੇ ਦੋਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਮਹੀਨੇ ਦਾ ਸਮਾਂ ਦਿੱਤਾ। ਰਾਜਾ ਵੜਿੰਗ ਅਤੇ ਮਜੀਠੀਆ ਨੇ ਮੁੱਖ ਮੰਤਰੀ ’ਤੇ ਪੰਜਾਬ ਨਾਲ ਧੋਖਾ ਕਰਨ ਦਾ ਆਰੋਪ ਲਗਾਉਂਦਿਆਂ ਕਿਹਾ ਕਿ ਸੀ ਪੰਜਾਬ ’ਚ ਭਰਤੀ ਹੋਣ ਵਾਲੇ ਨੌਜਵਾਨਾਂ ਵਿਚ ਹਰਿਆਣਾ ਅਤੇ ਰਾਜਸਥਾਨ ਨਾਲ ਸਬੰਧਤ ਨੌਜਵਾਨ ਵੀ ਹਨ। ਜਿਸ ਦੇ ਜਵਾਬ ’ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਰਤੀ ਹੋਣ ਵਾਲਿਆਂ ਵਿਚ 95 ਫੀਸਦੀ ਪੰਜਾਬੀ ਹਨ ਜਦਕਿ 5 ਫੀਸਦੀ ਹੀ ਹਰਿਆਣਾ ਅਤੇ ਰਾਜਸਥਾਨ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੇ ਵੀ 10ਵੀਂ ਦੀ ਪ੍ਰੀਖਿਆ ਪੰਜਾਬੀ ਨਾਲ ਪਾਸ ਕੀਤੀ ਹੈ ਅਤੇ ਹੁਣ ਉਹ ਪੰਜਾਬ ਦੇ ਵਸਨੀਕ ਹਨ ਜਦਕਿ ਉਨ੍ਹਾਂ ਪਿਛੋਕੜ ਰਾਜਸਥਾਨ ਅਤੇ ਹਰਿਆਣਾ ਨਾਲ ਹੋ ਸਕਦਾ ਹੈ।