ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਧੁਆਂਖੀ ਧੁੰਦ ਦੀ ਸਮੱਸਿਆ ਨਾਲ ਨਜਿੱਠਣ ਲਈ ਮਦਦ ਮੰਗੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਬਾਅਦ ਹੁਣ ਸ਼ਾਹਬਾਜ਼ ਸ਼ਰੀਫ਼ ਨੇ ਵੀ ਕੈਪਟਨ ਨੂੰ ਇਸ ਸਮੱਸਿਆ ਨੂੰ ਸੁਲਝਾਉਣ ਲਈ ਸਾਂਝਾ ਪ੍ਰੋਗਰਾਮ ਬਣਾਉਣ ਦੀ ਅਪੀਲ ਕੀਤੀ ਹੈ।
ਪਾਕਿਸਤਾਨੀ ਪੰਜਾਬ ਦੀ ਸਰਕਾਰ ਦੇ ਅਧਿਕਾਰਕ ਟਵਿੱਟਰ ਅਕਾਉਂਟ ‘ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਦੀ ਕਾਪੀ ਜਾਰੀ ਕੀਤੀ ਗਈ ਹੈ। ਇਸ ਪੋਸਟ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟੈਗ ਵੀ ਕੀਤਾ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਭੇਜੇ ਪੱਤਰ ਵਿਚ ਸ਼ਾਹਬਾਜ਼ ਨੇ ਲਿਖਿਆ ਹੈ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਸਾਲਾਂ ਤੋਂ ਦੋਵੇਂ ਹੀ ਪੰਜਾਬ ਦੇ ਲੋਕ ਅਕਤੂਬਰ ਤੇ ਨਵੰਬਰ ਦੇ ਮਹੀਨੇ ਵਿਚ ਪਰਾਲੀ ਸਾੜਨ ਕਾਰਨ ਧੁਆਂਖੀ ਧੁੰਦ ਦੀ ਸਮੱਸਿਆ ਦਾ ਸਾਹਮਣਾ ਕਰਦੇ ਹਨ ਪਰ ਇਸ ਸਾਲ ਇਹ ਸਮੱਸਿਆ ਜ਼ਿਆਦਾ ਵਧੀ ਹੈ। ਇਸ ਸਮੱਸਿਆ ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ‘ਤੇ ਮਾੜਾ ਅਸਰ ਪੈ ਰਿਹਾ ਹੈ ਤੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਦਾ ਇਲਾਕਾ ਇਸ ਦੀ ਲਪੇਟ ਵਿਚ ਹੈ।
ਸ਼ਾਹਬਾਜ਼ ਨੇ ਆਪਣੇ ਪੱਤਰ ਵਿਚ ਕੈਪਟਨ ਨੂੰ ਸੰਬੋਧਿਤ ਕਰਦੇ ਹੋਏ ਲਿਖਿਆ ਹੈ ਕਿ ਤੁਸੀਂ ਮੇਰੇ ਇਸ ਵਿਚਾਰ ਨਾਲ ਸਹਿਮਤ ਹੋਵੋਗੇ ਕਿ ਇਸ ਸਮੱਸਿਆ ਨੂੰ ਸਿਰਫ਼ ਵਿਗਿਆਨਿਕ ਤੇ ਆਰਥਿਕ ਤਰੀਕਿਆਂ ਨਾਲ ਹੀ ਸੁਲਝਾਇਆ ਜਾ ਸਕਦਾ ਹੈ। ਸ਼ਾਹਬਾਜ਼ ਨੇ ਪੱਤਰ ਵਿਚ ਲਿਖਿਆ ਕਿ ਅਜਿਹੇ ਹੱਲ ਲੱਭੇ ਜਾਣ ਜਿਸ ਨਾਲ ਪਰਾਲੀ ਸਾੜਨ ਦੀ ਸਮੱਸਿਆ ਤੋਂ ਨਿਜਾਤ ਮਿਲ ਸਕੇ।
ਬ੍ਰਿਸਬੇਨ ‘ਚ ਭਾਰਤੀ ਜੰਗੀ ਸ਼ਹੀਦਾਂ ਦੀ ਸਮਾਰਕ ਸਥਾਪਿਤ
ਬ੍ਰਿਸਬੇਨ : ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਸੰਨ੍ਹੀ ਬੈਂਕ ਆਰ.ਐੱਸ.ਐੱਲ. ਦੀ ਸਬ-ਬ੍ਰਾਂਚ ਦੇ ਬਗੀਚੇ ਵਿਚ ਭਾਰਤੀ ਮੂਲ ਦੇ ਆਸਟ੍ਰੇਲੀਅਨ ਫੌਜੀਆਂ ਦੀ ਪਹਿਲੇ ਤੇ ਦੂਜੇ ਸੰਸਾਰ ਯੁੱਧ ਵਿਚ ਕੀਤੀਆਂ ਕੁਰਬਾਨੀਆਂ ਨੂੰ ਸਮਰਪਿਤ ਯਾਦਗਾਰ ਸਥਾਪਿਤ ਕੀਤੀ ਗਈ। ਇਸ ਸਮਾਰਕ ਤੋਂ ਮੁੱਖ ਮਹਿਮਾਨ ਮੇਜਰ ਜਨਰਲ ਪੌਲ ਮੈਕ ਲੈਚਹਲਨ ਏ.ਐੱਮ., ਪ੍ਰਧਾਨ ਹੂਗ ਪੌਲਸਨ, ਚੇਅਰਮੈਨ ਸੁਰਿੰਦਰ ਪ੍ਰਸਾਦ, ਹਾਈ ਕਮਿਸ਼ਨਰ ਭਾਰਤ ਡਾ: ਏ.ਐੱਮ. ਗੌਨਡੇਨ ਅਤੇ ਫਿਜੀ ਦੇ ਹਾਈ ਕਮਿਸ਼ਨਰ ਯੂਗੇਸ਼ ਪੂੰਜਾ ਨੇ ਪਰਦਾ ਹਟਾ ਕੇ ਲੋਕਾਂ ਨੂੰ ਅਰਪਿਤ ਕੀਤਾ।
ਇਸ ਮੌਕੇ ਕਮੇਟੀ ਮੈਂਬਰ ਤੇ ਖਜ਼ਾਨਚੀ ਪ੍ਰਣਾਮ ਸਿੰਘ ਹੇਅਰ, ਰਛਪਾਲ ਸਿੰਘ, ਗ੍ਰੇਮ ਪੀਰਟ ਮੈਂਬਰ ਪਾਰਲੀਮੈਂਟ, ਰੋਸ ਵਿਸਟਾ ਫੈਡਰਲ ਮੈਂਬਰ ਸਮੇਤ ਵੱਡੀ ਗਿਣਤੀ ‘ਚ ਭਾਈਚਾਰੇ ਦੇ ਲੋਕ ਇਕੱਠੇ ਹੋਏ। ਇਸ ਸਮੇਂ ਬੈਂਡ ਨੇ ਭਾਰਤੀ, ਫਿਜੀ ਅਤੇ ਆਸਟ੍ਰੇਲੀਅਨ ਰਾਸ਼ਟਰੀ ਗੀਤਾਂ ਦੀਆਂ ਧੁੰਨਾਂ ਵਜਾਈਆਂ। ਆਸਟ੍ਰੇਲੀਅਨ ਨੇਵੀ ਤੋਂ ਰਿਟਾਇਰ ਹੋਏ ਸੰਨ੍ਹੀ ਸਿੰਘ ਦੁਸਾਂਝ ਨੇ ਉਨ੍ਹਾਂ ਫੌਜੀ ਸ਼ਹੀਦਾਂ ਦੇ ਨਾਂਅ ਲੈ ਕੇ ਦੱਸਿਆ ਜਿਨ੍ਹਾਂ ਪੰਜਾਬੀ, ਸਿੱਖਾਂ, ਭਾਰਤੀਆਂ ਨੇ ਆਸਟ੍ਰੇਲੀਆ ਲਈ ਵਿਸ਼ਵ ਯੁੱਧਾਂ ‘ਚ ਸ਼ਹਾਦਤ ਅਤੇ ਸੇਵਾ ਕੀਤੀ। ਭਾਰਤੀ ਮੂਲ ਦੇ ਲੋਕ ਹੁਣ 100 ਸਾਲ ਪੁਰਾਣੇ ਰਿਕਾਰਡ ਨੂੰ ਚੈੱਕ ਕਰ ਰਹੇ ਤਾਂ ਕਿ ਉਨ੍ਹਾਂ ਫੌਜੀਆਂ ਦੇ ਨਾਂਅ ਸੰਸਾਰ ਸਾਹਮਣੇ ਲਿਆਂਦੇ ਜਾਣ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਆਸਟ੍ਰੇਲੀਆਈ ਭਾਈਚਾਰੇ ਸਾਹਮਣੇ ਲਿਆਂਦਾ ਜਾਵੇ।