700 ਅਮਰੀਕੀ ਉਤਪਾਦਾਂ ‘ਤੇ ਲੱਗੇਗੀ ਡਿਊਟੀ
ਓਟਵਾ/ਪਰਵਾਸੀ ਨਿਊਜ਼ : ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਅਮਰੀਕਾ ਵੱਲੋਂ ਕੈਨੇਡੀਅਨ ਸਮਾਨ ‘ਤੇ ਲਗਾਏ ਗਏ ਨਵੇਂ ਟੈਰਿਫ਼ਾਂ ਦੇ ਜਵਾਬ ਵਿੱਚ ਕਰੀਬ 27.6 ਬਿਲੀਅਨ ਕੈਨੇਡੀਅਨ ਡਾਲਰ ਮੁੱਲ ਦੇ ਅਮਰੀਕੀ ਉਤਪਾਦਾਂ ‘ਤੇ ਜਵਾਬੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਹ ਨਵੇਂ ਟੈਰਿਫ਼ 8 ਸਤੰਬਰ 2026 ਤੋਂ ਲਾਗੂ ਹੋਣਗੇ। ਸਰਕਾਰ ਮੁਤਾਬਕ ਕਰੀਬ 700 ਅਮਰੀਕੀ ਉਤਪਾਦਾਂ ਨੂੰ 15, 25 ਅਤੇ 50 ਫੀਸਦੀ ਦੀਆਂ ਵੱਖ-ਵੱਖ ਦਰਾਂ ਅਧੀਨ ਲਿਆਂਦਾ ਗਿਆ ਹੈ।
ਇਨ੍ਹਾਂ ਵਿੱਚ ਮੇਕਅਪ ਅਤੇ ਪਰਫਿਊਮ, ਸਮਾਰਟਫੋਨ, ਦੁੱਧ ਉਤਪਾਦ, ਰਸੋਈ ਦਾ ਸਮਾਨ, ਪਲਾਈਵੁੱਡ, ਕਾਗਜ਼ੀ ਉਤਪਾਦ, ਕਟਲਰੀ, ਦਰਵਾਜ਼ੇ ਅਤੇ ਖਿੜਕੀਆਂ ਵਰਗੀਆਂ ਚੀਜ਼ਾਂ ਸ਼ਾਮਲ ਹਨ। ਸਟੀਲ ਅਤੇ ਐਲੂਮੀਨੀਅਮ ਸਮੇਤ ਕੁਝ ਉਤਪਾਦਾਂ ‘ਤੇ ਟੈਰਿਫ਼ 25 ਤੋਂ ਵਧਾ ਕੇ 50 ਫੀਸਦੀ ਕੀਤਾ ਜਾਵੇਗਾ। ਵੱਡੇ ਕਿਚਨ ਉਪਕਰਨਾਂ, ਕੁਝ ਸਮੁੰਦਰੀ ਖਾਣੇ ਅਤੇ ਟੈਕਸਟਾਈਲ ਉਤਪਾਦਾਂ ‘ਤੇ 25 ਫੀਸਦੀ, ਜਦਕਿ ਏਅਰ ਕੰਡੀਸ਼ਨਿੰਗ ਮਸ਼ੀਨਾਂ ਵਰਗੀਆਂ ਕੁਝ ਵਸਤਾਂ ‘ਤੇ 15 ਫੀਸਦੀ ਟੈਰਿਫ ਲੱਗੇਗਾ। ਊਰਜਾ ਨਾਲ ਸਬੰਧਤ ਉਤਪਾਦ ਇਸ ਸੂਚੀ ਵਿੱਚ ਸ਼ਾਮਲ ਨਹੀਂ ਹਨ। ਕੈਨੇਡਾ ਸਰਕਾਰ ਨੇ ਇਸਦੇ ਨਾਲ ਟੈਰਿਫ਼ਾਂ ਤੋਂ ਪ੍ਰਭਾਵਿਤ ਕਾਮਿਆਂ ਅਤੇ ਕਾਰੋਬਾਰਾਂ ਲਈ 7.5 ਬਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਵੀ ਐਲਾਨਿਆ ਹੈ। ਇਸ ਵਿੱਚ ਰੋਜ਼ਗਾਰ ਬੀਮਾ (ਈਆਈ) ਦੇ ਨਿਯਮਾਂ ਵਿੱਚ ਅਸਥਾਈ ਤਬਦੀਲੀਆਂ, ਕਾਰੋਬਾਰਾਂ ਲਈ ਵਾਧੂ ਕਰਜ਼ਾ ਅਤੇ ਹੋਰ ਸਹਾਇਤਾ ਅਤੇ ਖੇਤਰੀ ਆਰਥਿਕ ਵਿਕਾਸ ਲਈ ਨਵੀਂ ਫੰਡਿੰਗ ਸ਼ਾਮਲ ਹੈ। ਸਰਕਾਰ ਕੁਝ ਯੋਗ ਕਾਮਿਆਂ ਲਈ ਈਆਈ ਦੀ ਇੱਕ ਹਫ਼ਤੇ ਦੀ ਉਡੀਕ ਮਿਆਦ ਖ਼ਤਮ ਕਰਨ ਅਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਕਾਮਿਆਂ ਨੂੰ 20 ਹਫ਼ਤਿਆਂ ਤੱਕ ਵਾਧੂ ਲਾਭ ਦੇਣ ਵਰਗੇ ਕਦਮ ਵੀ ਚੁੱਕ ਰਹੀ ਹੈ। ਇਹ ਕਦਮ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਧ ਰਹੇ ਵਪਾਰਕ ਤਣਾਅ ਦਰਮਿਆਨ ਆਇਆ ਹੈ। ਦੋਵਾਂ ਦੇਸ਼ਾਂ ਵਿਚਕਾਰ ਹਾਲੀਆ ਗੱਲਬਾਤ ਵਿੱਚ ਕੋਈ ਸਮਝੌਤਾ ਨਾ ਹੋਣ ਤੋਂ ਬਾਅਦ ਕੈਨੇਡਾ ਨੇ ਅਮਰੀਕੀ ਟੈਰਿਫ਼ਾਂ ਦਾ ਜਵਾਬ ਦੇਣ ਦਾ ਫੈਸਲਾ ਕੀਤਾ ਹੈ।
ਕੈਨੇਡਾ ਤੇ ਅਮਰੀਕਾ ‘ਚ ਵਪਾਰਕ ਤਣਾਅ ਵਧਿਆ
ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਤਣਾਅ ਵਧਣ ਦੇ ਨਾਲ ਪ੍ਰੇਰੀ ਪ੍ਰੋਵਿੰਸਾਂ ਦੀਆਂ ਸਰਕਾਰਾਂ ਵੱਲੋਂ ਵੱਖ-ਵੱਖ ਰਣਨੀਤੀਆਂ ਸਾਹਮਣੇ ਆ ਰਹੀਆਂ ਹਨ।
ਸਸਕੈਚਵਨ ਦੇ ਪ੍ਰੀਮੀਅਰ ਸਕਾਟ ਮੋਅ ਨੇ ਐਲਾਨ ਕੀਤਾ ਹੈ ਕਿ ਪ੍ਰੋਵਿੰਸ 8 ਸਤੰਬਰ ਤੋਂ ਅਮਰੀਕਾ ਤੋਂ ਆਉਣ ਵਾਲੀ ਸ਼ਰਾਬ ‘ਤੇ 50 ਫੀਸਦੀ ਜਵਾਬੀ ਟੈਕਸ ਲਗਾਏਗਾ। ਸਕਾਟ ਮੋਅ ਨੇ ਕਿਹਾ ਕਿ ਅਮਰੀਕਾ ਵੱਲੋਂ ਕੈਨੇਡੀਅਨ ਅਤੇ ਸਸਕੈਚਵਨ ਦੀਆਂ ਵਸਤਾਂ ‘ਤੇ ਵਧਾਏ ਗਏ ਟੈਰਿਫ਼ਾਂ ਦੇ ਮੱਦੇਨਜ਼ਰ ਪ੍ਰੋਵਿੰਸਾਂ ਨੂੰ ਆਪਣੇ ਹਿੱਤਾਂ ਦੀ ਰੱਖਿਆ ਕਰਨੀ ਪਵੇਗੀ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਅਮਰੀਕੀ ਸ਼ਰਾਬ ਨੂੰ ਦੁਕਾਨਾਂ ਤੋਂ ਹਟਾਇਆ ਨਹੀਂ ਜਾਵੇਗਾ ਅਤੇ ਖਰੀਦਦਾਰੀ ਦਾ ਫੈਸਲਾ ਖਪਤਕਾਰਾਂ ‘ਤੇ ਛੱਡਿਆ ਜਾਵੇਗਾ।
ਦੂਜੇ ਪਾਸੇ, ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਅਮਰੀਕਾ ਨਾਲ ਵਪਾਰਕ ਟਕਰਾਅ ਨੂੰ ਹੋਰ ਵਧਾਉਣ ਦੀ ਬਜਾਏ ਤਣਾਅ ਘਟਾਉਣ ਦੀ ਵਕਾਲਤ ਕੀਤੀ ਹੈ। ਸਮਿਥ ਨੇ ਤੇਲ ਅਤੇ ਗੈਸ ‘ਤੇ ਜਵਾਬੀ ਟੈਰਿਫ਼ ਲਗਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਕਦਮ ਅਲਬਰਟਾ ਅਤੇ ਕੈਨੇਡਾ ਦੋਵਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕੈਨੇਡਾ ਖਿਲਾਫ ਆਪਣਾ ਸਖ਼ਤ ਰੁਖ਼ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕੈਨੇਡਾ ਨੂੰ ਸਬਕ ਸਿਖਾਉਣ ਦਾ ਸਮਾਂ ਆ ਗਿਆ ਹੈ ਅਤੇ ਅਮਰੀਕਾ ਨੂੰ ਕੈਨੇਡਾ ਦੀਆਂ ਵਸਤਾਂ ਦੀ ਲੋੜ ਨਹੀਂ ਹੈ।
ਕੈਨੇਡਾ ਨੇ ਅਮਰੀਕੀ ਸਮਾਨ ‘ਤੇ ਜਵਾਬੀ ਟੈਰਿਫ ਲਗਾਉਣ ਦਾ ਕੀਤਾ ਐਲਾਨ
RELATED ARTICLES

