ਦੋਵੇਂ ਮੁਲਕਾਂ ਵਿਚਾਲੇ ਵਪਾਰਕ ਜੰਗ ਭਖੀ; ਡੇਅਰੀ ਉਤਪਾਦਾਂ ਅਤੇ ਮੋਟਰ ਸਾਈਕਲਾਂ ‘ਤੇ ਲੱਗੇਗੀ ਰੋਕ
ਟੋਰਾਂਟੋ/ਪਰਵਾਸੀ ਨਿਊਜ਼ : ਅਮਰੀਕਾ ਨੇ ਕੈਨੇਡਾ ਤੋਂ ਆਉਣ ਵਾਲੇ ਡੇਅਰੀ ਉਤਪਾਦਾਂ ਅਤੇ ਮੋਟਰ ਸਾਈਕਲਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਦੋਵੇਂ ਮੁਲਕਾਂ ਵਿਚਾਲੇ ਵਪਾਰਕ ਜੰਗ ਵਧਣ ਮਗਰੋਂ ਵ੍ਹਾਈਟ ਹਾਊਸ ਨੇ ਵਸਤਾਂ ‘ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ। ਇਹ ਪਾਬੰਦੀ ਤਿੰਨ ਹਫ਼ਤਿਆਂ ‘ਚ ਲਾਗੂ ਹੋਵੇਗੀ। ਕੈਨੇਡਾ ਵੱਲੋਂ ਅਮਰੀਕੀ ਵਸਤਾਂ ‘ਤੇ 20 ਅਰਬ ਡਾਲਰ ਦੇ ਜਵਾਬੀ ਟੈਰਿਫ ਲਾਏ ਜਾਣ ਮਗਰੋਂ ਵਾਸ਼ਿੰਗਟਨ ਨੇ ਕਾਰਵਾਈ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕੈਨੇਡੀਅਨ ਉਤਪਾਦਾਂ ਨੂੰ ਵੱਡੇ, ਲੰਮੇ ਸਮੇਂ ਦੇ ਅਮਰੀਕੀ ਸਰਕਾਰੀ ਠੇਕਿਆਂ ਤੋਂ ਬਾਹਰ ਰੱਖਣ ਦੀ ਕਾਰਵਾਈ ਕੀਤੀ ਕਿਉਂਕਿ ਕੈਨੇਡਾ ਦੇ ਜਵਾਬੀ ਟੈਰਿਫ ਲਾਗੂ ਹੋ ਗਏ ਸਨ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਮਰੀਕਾ ‘ਤੇ ਮੁਲਕ ਦੀ ਨਿਰਭਰਤਾ ਘਟਾਉਣ ਦਾ ਅਹਿਦ ਲਿਆ ਹੈ। ਟਰੰਪ ਨੇ ਅਮਰੀਕੀ ਜਨਰਲ ਸਰਵਿਸਿਜ਼ ਐਡਮਿਨਿਸਟ੍ਰੇਸ਼ਨ ਨੂੰ ਹੁਕਮ ਦਿੱਤੇ ਕਿ ਉਹ ਕੈਨੇਡੀਅਨ ਉਤਪਾਦਾਂ ਨੂੰ ਉਦੋਂ ਤੱਕ ਇਨ੍ਹਾਂ ਠੇਕਿਆਂ ਲਈ ਅਯੋਗ ਐਲਾਨੇ ਜਦੋਂ ਤੱਕ ਕੈਨੇਡਾ ਅਮਰੀਕੀ ਉਤਪਾਦਾਂ ਲਈ ਪੂਰੀ ਅਤੇ ਨਿਰਪੱਖ ਆਪਸੀ ਸਾਂਝ ਦੀ ਇਜਾਜ਼ਤ ਨਹੀਂ ਦਿੰਦਾ।
ਇਸ ਤੋਂ ਪਹਿਲਾਂ ਕਾਰਨੀ ਨੇ ਕਿਹਾ ਕਿ ਕੈਨੇਡਾ ਦੀ ਰਣਨੀਤੀ ਵਧੇਰੇ ਆਤਮ-ਨਿਰਭਰ ਬਣਨ ਬਾਰੇ ਹੈ। ਉਨ੍ਹਾਂ ਕਿਹਾ, ”ਇਹ ਇਸ ਗੱਲ ਨੂੰ ਯਕੀਨੀ ਬਣਾਉਣ ਬਾਰੇ ਹੈ ਕਿ ਕੋਈ ਵੀ ਮੁਲਕ ਕਿਸੇ ਨੂੰ ਬੰਧਕ ਬਣਾ ਕੇ ਨਾ ਰੱਖ ਸਕੇ ਅਤੇ ਅਸੀਂ ਉਸੇ ਤਰ੍ਹਾਂ ਰਹਿ ਸਕੀਏ ਜਿਵੇਂ ਅਸੀਂ ਰਹਿਣਾ ਚਾਹੁੰਦੇ ਹਾਂ।” ਕੈਨੇਡਾ ਵੱਲੋਂ ਯੂਰੋਪੀਅਨ ਯੂਨੀਅਨ ਨਾਲ ਮੇਲ-ਜੋਲ ਵਧਾਇਆ ਜਾ ਰਿਹਾ ਹੈ ਤਾਂ ਕਿ ਉਸ ਨਾਲ ਕੋਈ ਵਪਾਰਕ ਸਮਝੌਤਾ ਕੀਤਾ ਜਾ ਸਕੇ। ਇੱਕ ਅਧਿਕਾਰੀ ਨੇ ਕਿਹਾ ਕਿ ਕੈਨੇਡਾ ਪਹਿਲਾਂ ਹੀ ਸੂਬਿਆਂ, ਖੇਤਰਾਂ ਅਤੇ ਮਜ਼ਦੂਰ ਗਰੁੱਪਾਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ ਤਾਂ ਕਿ ਯੂਰੋਪੀਅਨ ਯੂਨੀਅਨ ਨਾਲ ਗੂੜ੍ਹੇ ਰਿਸ਼ਤੇ ਕਾਇਮ ਕਰਨ ਦੇ ਰਾਹ ਲੱਭੇ ਜਾ ਸਕਣ। ਉਂਜ ਕਾਰਨੀ ਅਗਲੇ ਹਫ਼ਤੇ ਫਰਾਂਸ ਦੇ ਦੌਰੇ ‘ਤੇ ਜਾਣਗੇ ਜਿੱਥੇ ਉਹ ਯੂਰੋਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਅਨ ਵੱਲੋਂ 16 ਸਤੰਬਰ ਨੂੰ ਦਿੱਤੇ ਜਾਣ ਵਾਲੇ ਭਾਸ਼ਣ ‘ਚ ਸ਼ਾਮਲ ਹੋਣਗੇ ਅਤੇ ਅਗਲੇ ਦਿਨ ਉਹ ਯੂਰੋਪੀਅਨ ਸੰਸਦ ਨੂੰ ਸੰਬੋਧਨ ਕਰਨਗੇ। ਅਮਰੀਕਾ ਅਤੇ ਕੈਨੇਡਾ ਦੇ ਵਪਾਰਕ ਮਤਭੇਦਾਂ ਕਾਰਨ ਦੁਨੀਆ ਦੇ ਸਭ ਤੋਂ ਨਜ਼ਦੀਕੀ ਮੁਲਕਾਂ ‘ਚ ਤਰੇੜ ਪੈ ਗਈ ਹੈ। ਦੋਵੇਂ ਮੁਲਕਾਂ ਦੇ ਅਰਥਚਾਰੇ ਇੱਕ-ਦੂਜੇ ਨਾਲ ਬਹੁਤ ਜੁੜੇ ਹੋਏ ਹਨ।
ਕੈਨੇਡਾ ਵੱਲੋਂ ਅਮਰੀਕੀ ਸਮਾਨ ‘ਤੇ ਲਾਏ ਨਵੇਂ ਟੈਰਿਫਾਂ ਕਰਕੇ ਕਈ ਵਸਤਾਂ ਮਹਿੰਗੀਆਂ ਹੋਣ ਦੀ ਸੰਭਾਵਨਾ
ਓਟਵਾ : ਅਮਰੀਕਾ ਨਾਲ ਜਾਰੀ ਵਪਾਰਕ ਜੰਗ ਦਰਮਿਆਨ ਕੈਨੇਡਾ ਸਰਕਾਰ ਨੇ ਅਮਰੀਕਾ ਤੋਂ ਦਰਾਮਦ ਹੋਣ ਵਾਲੀਆਂ ਕਈ ਵਸਤਾਂ ਉੱਤੇ 25 ਅਤੇ 50 ਫੀਸਦੀ ਦੇ ਨਵੇਂ ਵਾਧੂ ਟੈਰਿਫ ਲਗਾਏ ਹਨ। ਇਸ ਸੂਚੀ ਵਿੱਚ ਰੋਜ਼ਾਨਾ ਵਰਤੋਂ ਦੀਆਂ ਖਾਣ-ਪੀਣ ਦੀਆਂ ਵਸਤਾਂ ਤੋਂ ਲੈ ਕੇ ਘਰੇਲੂ ਸਾਮਾਨ, ਕੱਪੜੇ, ਖੇਡਾਂ ਦਾ ਸਾਮਾਨ ਅਤੇ ਇਮਾਰਤੀ ਸਮੱਗਰੀ ਤੱਕ ਸ਼ਾਮਲ ਹੈ। ਖਾਣ-ਪੀਣ ਦੀਆਂ ਵਸਤਾਂ ਵਿੱਚ ਦੁੱਧ ਦਾ ਪਾਊਡਰ ਅਤੇ ਹੋਰ ਠੋਸ ਰੂਪ ਵਾਲੇ ਦੁੱਧ ਉਤਪਾਦਾਂ ਉੱਤੇ 50 ਫੀਸਦੀ, ਜਦਕਿ ਵੱਖ-ਵੱਖ ਕਿਸਮਾਂ ਦੇ ਪਨੀਰ ਉੱਤੇ 25 ਫੀਸਦੀ ਵਾਧੂ ਟੈਰਿਫ ਲੱਗੇਗਾ। ਕੁਦਰਤੀ ਸ਼ਹਿਦ, ਗੁੜ ਅਤੇ ਮਿੱਠੇ ਪਦਾਰਥਾਂ ਨਾਲ ਸਬੰਧਤ ਕੁਝ ਵਸਤਾਂ ਉੱਤੇ ਵੀ 50 ਫੀਸਦੀ ਟੈਰਿਫ ਲਗਾਇਆ ਗਿਆ ਹੈ। ਘਰੇਲੂ ਵਰਤੋਂ ਦੀਆਂ ਵਸਤਾਂ ਵਿੱਚ ਫਰਿੱਜ, ਭਾਂਡੇ ਧੋਣ ਵਾਲੀਆਂ ਮਸ਼ੀਨਾਂ, ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਚੁੱਲ੍ਹੇ ਅਤੇ ਹੋਰ ਵੱਡੇ ਉਪਕਰਨਾਂ ਉੱਤੇ 25 ਫੀਸਦੀ ਟੈਰਿਫ ਹੋਵੇਗਾ। ਇਸ ਦੇ ਨਾਲ ਹੀ ਮੇਜ਼ਪੋਸ, ਪੇਪਰ ਟਾਵਲ ਅਤੇ ਹੋਰ ਕਾਗਜ਼ੀ ਸਮਾਨ ਉੱਤੇ ਵੀ ਵਾਧੂ ਟੈਰਿਫ ਲਾਗੂ ਕੀਤਾ ਗਿਆ ਹੈ। ਇਲੈਕਟ੍ਰੌਨਿਕ ਵਸਤਾਂ ਵਿੱਚ ਮੋਬਾਈਲ ਫੋਨ, ਟੈਲੀਵਿਜ਼ਨ ਨਾਲ ਸਬੰਧਤ ਉਪਕਰਨ ਅਤੇ ਖੇਡਾਂ ਵਾਲੀਆਂ ਮਸ਼ੀਨਾਂ ਉੱਤੇ 50 ਫੀਸਦੀ ਵਾਧੂ ਟੈਰਿਫ ਲਗਾਇਆ ਗਿਆ ਹੈ।

