ਬਰੈਂਪਟਨ/ਪਰਵਾਸੀ ਨਿਊਜ਼ : ਲੇਬਰ ਡੇਅ ਦੇ ਮੌਕੇ ‘ਤੇ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕੈਨੇਡਾ ਭਰ ਦੇ ਮਜ਼ਦੂਰਾਂ, ਕਰਮਚਾਰੀਆਂ, ਲੇਬਰ ਯੂਨੀਅਨਾਂ ਅਤੇ ਕਿਰਤ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਉਨ੍ਹਾਂ ਦੇ ਅਮੁੱਲ ਯੋਗਦਾਨ ਦੀ ਸਰਾਹਨਾ ਕੀਤੀ।
ਸੋਨੀਆ ਸਿੱਧੂ ਨੇ ਕਿਹਾ, ”ਲੇਬਰ ਡੇਅ ਸਾਡੇ ਵਰਕਰਾਂ ਦੀ ਮਿਹਨਤ, ਹੁਨਰ ਅਤੇ ਸਮਰਪਣ ਨੂੰ ਸਨਮਾਨ ਦੇਣ ਦਾ ਦਿਨ ਹੈ। ਸਿਹਤ ਸੰਭਾਲ, ਸਿੱਖਿਆ, ਮੈਨੂਫੈਕਚਰਿੰਗ, ਵਪਾਰ ਅਤੇ ਛੋਟੇ ਕਾਰੋਬਾਰਾਂ ਸਮੇਤ ਹਰ ਖੇਤਰ ਦੇ ਕਰਮਚਾਰੀ ਸਾਡੀਆਂ ਕਮਿਊਨਿਟੀਆਂ ਅਤੇ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।” ਉਨ੍ਹਾਂ ਕਿਹਾ ਕਿ ਲੇਬਰ ਯੂਨੀਅਨਾਂ ਅਤੇ ਕਿਰਤ ਸੰਸਥਾਵਾਂ ਨੇ ਵਰਕਰਾਂ ਦੇ ਅਧਿਕਾਰਾਂ, ਸੁਰੱਖਿਅਤ ਕਾਰਜ-ਸਥਲਾਂ ਅਤੇ ਬਿਹਤਰ ਮੌਕਿਆਂ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਹੈ। ”ਅੱਜ ਅਸੀਂ ਉਨ੍ਹਾਂ ਸਾਰੇ ਮਜ਼ਦੂਰਾਂ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਦੀ ਮਿਹਨਤ ਇੱਕ ਮਜ਼ਬੂਤ, ਖੁਸ਼ਹਾਲ ਅਤੇ ਸਮਾਵੇਸ਼ੀ ਕੈਨੇਡਾ ਦੀ ਨੀਂਹ ਹੈ,” ਉਨ੍ਹਾਂ ਨੇ ਕਿਹਾ।
ਇਸ ਦੌਰਾਨ ਸੋਨੀਆ ਸਿੱਧੂ ਨੇ ਮਜ਼ਦੂਰਾਂ ਦੀਆਂ ਯੂਨੀਅਨਾਂ ਵੱਲੋਂ ਨਿਭਾਈ ਗਈ ਭੂਮਿਕਾ ਦੀ ਭਰਪੂਰ ਸਰਾਹਨਾ ਕੀਤੀ ਗਈ ਜਿਸ ਸਦਕਾ ਵਰਕਰ ਅੱਜ ਵਧੀਆ ਤਨਖ਼ਾਹਾਂ ਲੈ ਕਰ ਰਹੇ ਹਨ, ਉਨ੍ਹਾਂ ਦੇ ਕੰਮ-ਕਾਜ ਦੇ ਸਥਾਨ ਸੁਰੱਖ਼ਿਅਤ ਹਨ, ਉਹ ਪੈੱਨਸ਼ਨਾਂ ਅਤੇ ਹੋਰ ਲਾਭ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਵੱਡੇ ਕੌਮੀ ਬਿਲਡਿੰਗ ਪ੍ਰਾਜੈਕਟਾਂ ਵਿੱਚ ਪੂੰਜੀ ਨਿਵੇਸ਼ ਕਰ ਰਿਹਾ ਹੈ, ਜਿਨ੍ਹਾਂ ਵਿੱਚ ਹਾਊਸਿੰਗ, ਟ੍ਰਾਂਸਪੋਰਟ ਇਨਫ਼ਰਾਸਟਰੱਕਰ, ਐਨੱਰਜੀ ਕਾਰੀਡੋਰਜ਼ ਅਤੇ ਸੂਖ਼ਮ ਖਣਿਜਾਂ ਦਾ ਵਿਕਾਸ, ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਫ਼ੈੱਡਰਲ ਸਰਕਾਰ ਵਰਕਰਾਂ ਦੇ ਸਕਿਲਜ਼ ਵਿੱਚ ਵਾਧਾ ਕਰਨ ਲਈ ਵਚਨਬੱਧ ਹੈ, ਜਿਸ ਦੀ ਉਨ੍ਹਾਂ ਨੂੰ ਇਸ ਸਮੇਂ ਭਾਰੀ ਜ਼ਰੂਰਤ ਹੈ।
‘ਟੀਮ ਕੈਨੇਡਾ ਸਟਰੌਂਗ’ ਦੇ ਉਪਰਾਲੇ ਤਹਿਤ ਸਰਕਾਰ 2031 ਤੱਕ 100,000 ਸਕਿੱਲਡ ਟਰੇਡ ਵਰਕਰ ਭਰਤੀ ਕਰ ਰਹੀ ਹੈ ਅਤੇ ਇਸਦੇ ਨਾਲ ਹੀ ਦੇਸ਼-ਭਰ ਵਿੱਚ ਯੂਨੀਅਨਾਂ ਦੀ ਅਗਵਾਈ ਹੇਠ ਕਈ ਨਵੇਂ ਟ੍ਰੇਨਿੰਗ ਪ੍ਰੋਗਰਾਮ ਚੱਲ ਰਹੇ ਹਨ।
ਸੋਨੀਆ ਸਿੱਧੂ ਨੇ ਕਿਹਾ, ”ਮਜ਼ਦੂਰ-ਦਿਵਸ ਸਾਨੂੰ ਯਾਦ ਕਰਾਉਂਦਾ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਕੰਮ ਕਰਦੇ ਹਾਂ, ਇੱਕ ਦੂਸਰੇ ਦੀ ਮਦਦ ਕਰਦੇ ਹਾਂ ਅਤੇ ਲੋਕਾਂ ਦੀ ਭਲਾਈ ਵਾਲੇ ਕੰਮਾਂ ਵਿੱਚ ਪੂੰਜੀ ਨਿਵੇਸ਼ ਕਰਦੇ ਹਾਂ ਤਾਂ ਕੈਨੇਡਾ-ਵਾਸੀ ਜੋ ਵੀ ਚਾਹੁਣ, ਉਹ ਕਰ ਸਕਦੇ ਹਨ ਅਤੇ ਆਪਣੀਆਂ ਇੱਛਾਵਾਂ ਦੀ ਪੂਰਤੀ ਕਰ ਸਕਦੇ ਹਨ।”
ਐੱਮ.ਪੀ. ਸੋਨੀਆ ਸਿੱਧੂ ਵੱਲੋਂ ਸਮੂਹ ਵਰਕਰਾਂ, ਲੇਬਰ ਆਰਗੇਨਾਈਜ਼ੇਸ਼ਨਾਂ ਅਤੇ ਬਰੈਂਪਟਨ ਸਾਉਥ ਤੇ ਸਮੁੱਚੇ ਕੈਨੇਡਾ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦਾ ਉਨ੍ਹਾਂ ਵੱਲੋਂ ਕੈਨੇਡਾ ਨੂੰ ਹੋਰ ਮਜ਼ਬੂਤ, ਆਤਮ-ਨਿਰਭਰ ਅਤੇ ਖ਼ੁਸ਼ਹਾਲ ਦੇਸ਼ ਬਨਾਉਣ ਲਈ ਉਨ੍ਹਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

