ਅਟਾਰੀ/ਬਿਊਰੋ ਨਿਊਜ਼
ਪਾਕਿਸਤਾਨ ਦੀ ਪੰਜਾਬ ਅਸੈਂਬਲੀ ਦੇ ਇਜਲਾਸ ਵਿਚ ਇਕਲੌਤੇ ਸਿੱਖ ਐੱਮਪੀਏ ਰਮੇਸ਼ ਸਿੰਘ ਅਰੋੜਾ ਦੀ ਰਹਿਨੁਮਾਈ ਤੇ ਉਚੇਚੇ ਯਤਨਾਂ ਸਦਕਾ ਪਾਕਿਸਤਾਨ ਅੰਦਰ ਸਿੱਖ ਮੈਰਿਜ ਐਕਟ ਪਾਸ ਕਰਕੇ ਲਾਗੂ ਕਰ ਦਿੱਤਾ ਗਿਆ। ਅਕਤੂਬਰ 2017 ਵਿਚ ਲਹਿੰਦੇ ਪੰਜਾਬ ਦੀ ਲਾਹੌਰ ਅਸੈਂਬਲੀ ਵਿਚ ਪਾਕਿਸਤਾਨ ਦੀਆਂ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਵੱਲੋਂ ਸਹਿਮਤੀ ਪ੍ਰਗਟ ਕਰਦਿਆਂ ਇਸ ਬਿੱਲ ਨੂੰ ਜਲਦ ਦੇਸ਼ ਅੰਦਰ ਲਾਗੂ ਕਰਨ ਲਈ ਲਹਿੰਦੇ ਪੰਜਾਬ ਦੀ ਸਰਕਾਰ ਨੇ ਪਾਕਿਸਤਾਨ ਸਰਕਾਰ ਕੋਲ ਭੇਜਿਆ ਸੀ ਜਿਸ ‘ਤੇ ਸਰਕਾਰ ਨੇ ਆਖਰੀ ਮੋਹਰ ਲਾਉਂਦਿਆਂ ਇਹ ਐਕਟ ਦੇਸ਼ ਅੰਦਰ ਲਾਗੂ ਕਰਨ ਲਈ ਲਹਿੰਦੇ ਪੰਜਾਬ ਦੀ ਸਰਕਾਰ ਦੇ ਸਪੀਕਰ ਰਾਣਾ ਇਕਬਾਲ ਨੂੰ ਭੇਜਿਆ। ਬੁੱਧਵਾਰ ਨੂੰ ਸਿੱਖ ਮੈਰਿਜ ਐਕਟ ਪਾਸ ਕਰਕੇ ਲਾਗੂ ਕਰ ਦਿੱਤਾ ਗਿਆ ਹੈ।
ਲਹਿੰਦੇ ਪੰਜਾਬ ਦੇ ਅਸੈਂਬਲੀ ਮੈਂਬਰ ਅਤੇ ਪੰਜਾਬ ਪਾਕਿਸਤਾਨ ਵਿਕਾਸ ਬੋਰਡ ਦੇ ਚੇਅਰਮੈਨ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਪਾਕਿਸਤਾਨ ਅੰਦਰ ਸਿੱਖ ਮੈਰਿਜ ਐਕਟ ਲਾਗੂ ਹੋਣ ਨਾਲ ਪਾਕਿਸਤਾਨ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਥੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਸਰਕਾਰ ਵੱਲੋਂ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਹੈ। ਸਿੱਖ ਮੈਰਿਜ ਐਕਟ 2018 ਵਿਚ 13 ਸ਼ਰਤਾਂ ਰੱਖੀਆਂ ਹਨ ਜਿਨ੍ਹਾਂ ਵਿਚ ਵਿਆਹ ਲਈ ਮੁੰਡਾ-ਕੁੜੀ ਪੂਰਨ ਗੁਰਸਿੱਖ ਹੋਣ, ਵਿਆਹ ਲਈ ਦੋਵੇਂ ਧਿਰਾਂ ਦੀ ਸਹਿਮਤੀ, 18 ਸਾਲ ਤੋਂ ਵਧੇਰੇ ਉਮਰ, ਲੜਾਈ ਝਗੜੇ ਕਰਕੇ ਤਲਾਕ ਹੋਣ ਦੀ ਸੂਰਤ ਵਿਚ ਬੱਚਿਆਂ ਦੀ ਸਾਂਭ-ਸੰਭਾਲ ਤੇ ਵੱਡੇ ਹੋਣ ਤੱਕ ਖ਼ਰਚ ਦੀ ਵੀ ਵਿਵਸਥਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਮੇਸ਼ ਸਿੰਘ ਅਰੋੜਾ ਵੱਲੋਂ ਪਾਕਿਸਤਾਨੀ ਪੰਜਾਬ ਅੰਦਰ ਲਾਹੌਰ-ਨਨਕਾਣਾ ਸਾਹਿਬ ਮਾਰਗ ‘ਤੇ ਪੰਜਾਬੀ ਵਿਚ ਸਾਈਨ ਬੋਰਡ, ਕਿਲੋਮੀਟਰ ਬੋਰਡ ਲਗਾਉਣ ਦੇ ਨਾਲ-ਨਾਲ ਪਿਛਲੇ ਕਈ ਦਹਾਕਿਆਂ ਤੋਂ ਟੁੱਟੀ ਹੋਈ ਲਾਹੌਰ-ਸ੍ਰੀ ਕਰਤਾਰਪੁਰ ਸਾਹਿਬ ਨਾਰੋਵਾਲ ਮੁੱਖ ਮਾਰਗ ਨੂੰ ਚੌੜਾ ਕਰਕੇ ਪਾਕਿਸਤਾਨੀ ਅਵਾਮ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਰਾਹਤ ਦਿਵਾਈ ਹੈ। ਅਰੋੜਾ ਵੱਲੋਂ ਪਾਕਿ ਰਹਿੰਦੇ ਸਿੱਖ ਬੱਚਿਆਂ ਨੂੰ ਮੁਫ਼ਤ ਲੈਪਟਾਪ ਵੀ ਵੰਡੇ ਜਾ ਚੁੱਕੇ ਹਨ। ਪਾਕਿ ਅਸੈਂਬਲੀ ਵਿਚ ਜੈਕਾਰਿਆਂ ਦੀ ਗੂੰਜ ਵਿਚ ਸਿੱਖ ਮੈਰਿਜ ਐਕਟ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਪਾਕਿ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ, ਮੈਂਬਰ ਮਨਿੰਦਰ ਸਿੰਘ ਨਨਕਾਣਾ ਸਾਹਿਬ, ਗੁਰਵਿੰਦਰ ਸਿੰਘ ਦੀਪਕ ਨਨਕਾਣਾ ਸਾਹਿਬ, ਮਹਿੰਦਰ ਸਿੰਘ, ਇੰਦਰਜੀਤ ਸਿੰਘ ਕਰਤਾਰਪੁਰ ਸਾਹਿਬ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿੱਖ ਹਾਜ਼ਰ ਸਨ।
Check Also
ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਲਈ ਗੰਭੀਰ : ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਨੂੰ ਸਾਲਾਨਾ 200 ਅਰਬ ਡਾਲਰ ਦੇ ਭੁਗਤਾਨ ‘ਤੇ ਚੁੱਕੇ ਸਵਾਲ ਵਾਸ਼ਿੰਗਟਨ/ਬਿਊਰੋ …