Breaking News
Home / Special Story / ਕਿਸਾਨ ਅਤੇ ਖੇਤ ਮਜ਼ਦੂਰਾਂ ਨਾਲ ਕੀਤੇ ਗਏ ਸਨ ਹਾਲਤ ਸੁਧਾਰਨ ਦੇ ਵਾਅਦੇ

ਕਿਸਾਨ ਅਤੇ ਖੇਤ ਮਜ਼ਦੂਰਾਂ ਨਾਲ ਕੀਤੇ ਗਏ ਸਨ ਹਾਲਤ ਸੁਧਾਰਨ ਦੇ ਵਾਅਦੇ

ਕੈਪਟਨ ਸਰਕਾਰ ਦੇ ਇਕ ਸਾਲ ਦੇ ਕਾਰਜਕਾਲ ਦੌਰਾਨ ਕਿਸਾਨ ਖੁਦਕੁਸ਼ੀਆਂ ਦਾ ਰੁਝਾਨ ਵਧਿਆ
ਚੰਡੀਗੜ੍ਹ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਹਾਲਤ ਸੁਧਾਰਨ ਅਤੇ ਖ਼ੁਦਕੁਸ਼ੀਆਂ ਰੋਕਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਖ਼ੁਦਕੁਸ਼ੀਆਂ ਦੇ ઠਰੁਝਾਨ ਵਿੱਚ ਤੇਜ਼ੀ ਆਈ ਹੈ। ਮਾਲਵਾ ઠਖੇਤਰ ਤੱਕ ਸੀਮਿਤ ਜਾਪਦਾ ਖ਼ੁਦਕੁਸ਼ੀਆਂ ਦਾ ਰੁਝਾਨ ਮਾਝਾ ਖੇਤਰ ਵਿੱਚ ਵੀ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ। ਦੋਆਬੇ ਦੇ ਜ਼ਿਲ੍ਹਿਆਂ ਵਿੱਚ ਹੋਣ ਵਾਲੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਵੀ ਚਿੰਤਾਜਨਕ ਤਸਵੀਰ ਪੇਸ਼ ਕਰ ਰਹੀਆਂ ਹਨ।
ਸਾਲ 2000 ਤੋਂ 2010 ਤੱਕ ਪੰਜਾਬ ਦੀਆਂ ਯੂਨੀਵਰਸਿਟੀਆਂ ਵੱਲੋਂ ਕੀਤੇ ਸਰਵੇਖਣ ਅਨੁਸਾਰ ਪੰਜਾਬ ਵਿੱਚ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕਰ ਗਏ ਕਿਸਾਨਾਂ-ਮਜ਼ਦੂਰਾਂ ਦੀ ਗਿਣਤੀ 6900 ਤੋਂ ਜ਼ਿਆਦਾ ਸੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਰਥ ਸ਼ਾਸਤਰੀ ਅਤੇ ਮਾਝਾ ਦੇ ਚਾਰ ਤੇ ਦੋਆਬਾ ਦੇ ਤਿੰਨ ਜ਼ਿਲ੍ਹਿਆਂ ਵਿੱਚ ਕੀਤੇ ਸਰਵੇਖਣ ਸਬੰਧੀ ਪ੍ਰੋਜੈਕਟ ਦੇ ਮੁਖੀ ਪ੍ਰੋਫੈਸਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਬੇਸ਼ੱਕ ਮਾਲਵਾ ਖੇਤਰ ਵਿੱਚ ਖ਼ੁਦਕੁਸ਼ੀਆਂ ਦੀ ਗਿਣਤੀ ਜ਼ਿਆਦਾ ਹੈ, ਪਰ ਰੁਝਾਨ ਮਾਝਾ ਵਿੱਚ ਵੀ ਵਧ ਰਿਹਾ ਹੈ। ਦੋਆਬੇ ਵਿੱਚੋਂ ਪਰਵਾਸ ਕਾਰਨ ਖ਼ੁਦਕੁਸ਼ੀਆਂ ਦਾ ਰੁਝਾਨ ਇੱਕ ਤਰ੍ਹਾਂ ઠਸਥਿਰ ਹੀ ਹੈ।
ਖ਼ੁਦਕੁਸ਼ੀ ਪੀੜਤ ਪਰਿਵਾਰ ਰਾਹਤ ਨੀਤੀ ਨੂੰ ਬਣਿਆਂ ਵੀ ਲਗਪਗ ਪੰਜ ਸਾਲ ਹੋ ਚੁੱਕੇ ਹਨ, ਪਰ ਇਹ ਠੀਕ ਤਰੀਕੇ ਨਾਲ ਲਾਗੂ ਨਾ ਹੋਣ ਕਰਕੇ ਸਾਲਾਂਬੱਧੀ ਪੀੜਤ ਪਰਿਵਾਰਾਂ ਨੂੰ ਰਾਹਤ ਨਹੀਂ ਮਿਲ ਰਹੀ ਹੈ। ਮਾਝੇ ਦੇ ਵੀ ਜ਼ਿਆਦਾਤਰ ਕੇਸਾਂ ਵਿੱਚ ਸਰਕਾਰ ਵੱਲੋਂ ਪਹਿਲੀ ਐਲਾਨੀ ਤਿੰਨ ਲੱਖ ਰੁਪਏ ਦੀ ਰਾਹਤ ਰਾਸ਼ੀ ਨਹੀਂ ਮਿਲੀ ਹੈ। ਕੈਪਟਨ ਸਰਕਾਰ ਨੇ ਤਾਂ ਇਹ ਰਾਸ਼ੀ ਵਧਾ ਕੇ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਸੀ, ਪਰ ਐਲਾਨ ‘ਤੇ ਅਮਲ ਨਹੀਂ ਹੋ ਸਕਿਆ। ਨੀਤੀ ਦੇ ਮੁਤਾਬਿਕ ਤਾਂ ਪੀੜਤ ਪਰਿਵਾਰ ਨੇ ਤਿੰਨ ਮਹੀਨਿਆਂ ਅੰਦਰ ਅਰਜ਼ੀ ਦੇਣੀ ਹੁੰਦੀ ਹੈ ਅਤੇ ਸਬੰਧਿਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ ਇੱਕ ਮਹੀਨੇ ਅੰਦਰ ਇਸ ਬਾਰੇ ਫ਼ੈਸਲਾ ਕਰਨਾ ਹੁੰਦਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 2015-16 ਅਤੇ ਗੁਰਦਾਸਪੁਰ ਜ਼ਿਲ੍ਹੇ ઠਦੇ 2017 ਤੱਕ ਦੇ ਸਰਵੇਖਣ ਦੌਰਾਨ ਸਾਹਮਣੇ ਆਇਆ ਕਿ ਗੁਰਦਾਸਪੁਰ ਵਿੱਚ ਖ਼ੁਦਕੁਸ਼ੀਆਂ ਦੀ ਦਰ ਮਾਝੇ ਦੇ ਬਾਕੀ ਜ਼ਿਲ੍ਹਿਆਂ ਨਾਲੋਂ ਜ਼ਿਆਦਾ ਹੈ। ਤਰਨਤਾਰਨ ਵਿੱਚ ਵੀ ਖ਼ੁਦਕੁਸ਼ੀ ਦੇ ਕੇਸ ਵਧੇ ਹਨ। ਪਠਾਨਕੋਟ ਖ਼ੁਦਕੁਸ਼ੀ ਮੁਕਤ ਜ਼ਿਲ੍ਹਾ ਕਿਹਾ ਜਾ ਸਕਦਾ ਹੈ, ਕਿਉਂਕਿ ਯੂਨੀਵਰਸਿਟੀ ਦੇ ਸਰਵੇ ਵਿੱਚ ਜ਼ਿਲ੍ਹੇ ਵਿੱਚੋਂ ਇੱਕ ਵੀ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ। ઠਡਾ. ਢਿੱਲੋਂ ਅਨੁਸਾਰ ਜੇਕਰ ਦੇਖਿਆ ਜਾਵੇ ਤਾਂ ਜਿਨ੍ਹਾਂ ਵੀ ਪਰਿਵਾਰਾਂ ਨੂੰ ਖੇਤੀ ਤੋਂ ਇਲਾਵਾ ਕੋਈ ਸਹਾਇਕ ਆਮਦਨ ਨਹੀਂ ਹੈ, ਉਹ ਕਰਜ਼ੇ ਕਾਰਨ ਤਣਾਅ ਵਿੱਚੋਂ ਗੁਜ਼ਰ ਰਹੇ ਹਨ। ਕੇਂਦਰ ਜਾਂ ઠਰਾਜ ਸਰਕਾਰਾਂ ਦੀ ਅਜੇ ਤੱਕ ਅਜਿਹੇ ਕਿਸਾਨਾਂ ਨੂੰ ઠਵਿੱਤੀ ਸੰਕਟ ਵਿੱਚੋਂ ਕੱਢਣ ਲਈ ਕੋਈ ਠੋਸ ਖੇਤੀ ਨੀਤੀ ਵੀ ਨਹੀਂ ਹੈ। ਪੰਜਾਬ ਵਿੱਚ ਅਸਲ ਮੁੱਦਾ ਸਿਰਫ਼ ਫ਼ਸਲੀ ਵੰਨ-ਸੁਵੰਨਤਾ ਨਹੀਂ, ਬਲਕਿ ਖੇਤੀ ਨਾਲ ਜੁੜੀਆਂ ਗਤੀਵਿਧੀਆਂ ਦੀ ਵਿਭਿੰਨਤਾ ਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪੂਰੇ ਪੰਜਾਬ ਦੇ ਕੀਤੇ ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਦੇ ਸਰਵੇਖਣ ਮੁਤਾਬਿਕ 2015-16 ਤੱਕ 16,606 ਕਿਸਾਨਾਂ ਅਤੇ ਮਜ਼ਦੂਰਾਂ ਨੇ ਕਰਜ਼ੇ ਦੇ ਬੋਝ ਕਾਰਨ ਖ਼ੁਦਕੁਸ਼ੀ ਕੀਤੀ ਹੈ। ਇਸ ਵਿੱਚ 14 ਹਜ਼ਾਰ ਤੋਂ ਵੱਧ ਖ਼ੁਦਕੁਸ਼ੀਆਂ ਮਾਲਵਾ ਖੇਤਰ ਦੇ ਸੱਤ ਜ਼ਿਲ੍ਹਿਆਂ ਦੀਆਂ ਹਨ। ઠ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦੇ ਕਰਜ਼ੇ ਦੇ ਸੰਕਟ ਨੂੰ ਹੱਲ ਕਰ ਦਿੱਤਾ ਜਾਵੇਗਾ। ਪਿਛਲੇ ਸਾਲ ਜੂਨ ਵਿੱਚ ਹੋਏ ਬਜਟ ਇਜਲਾਸ ਦੌਰਾਨ ਮੁੱਖ ਮੰਤਰੀ ਨੇ ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਇਸ ਦਿਸ਼ਾ ਵਿੱਚ ਅਜੇ ਤੱਕ ਕੋਈ ਕੰਮ ਨਹੀਂ ਹੋਇਆ ਹੈ। ਇਨ੍ਹਾਂ ਪਰਿਵਾਰਾਂ ਦੀ ਸਹਾਇਤਾ ਅਤੇ ਸਮੁੱਚੀ ਵਿੱਤੀ ਹਾਲਤ ਸੁਧਾਰਨ ਲਈ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ਵਿੱਚ ਪੰਜ ਵਿਧਾਇਕਾਂ ਦੀ ਕਮੇਟੀ ਵੀ ਬਣਾਈ ਸੀ।
ਕਮੇਟੀ ਨੇ ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਹੈ। ਕਮੇਟੀ ਦੇ ਮੈਂਬਰ ਵਿਧਾਇਕ ਨੇ ਕਿਹਾ ਕਿ ਕਮੇਟੀ ਆਪਣੀਆਂ ਸਿਫ਼ਾਰਸ਼ਾਂ ਤਿਆਰ ਕਰ ਰਹੀ ਹੈ ਤੇ ਰਿਪੋਰਟ ਇਸੇ ਮਹੀਨੇ ਅੱਗੇ ਸੌਂਪਣ ਦੀ ਸੰਭਾਵਨਾ ਹੈ। ਪੰਜਾਬ ਖੇਤੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਖਪਾਲ ਸਿੰਘ ਨੇ ਕਿਹਾ ਕਿ ਖ਼ੁਦਕੁਸ਼ੀ ਕਰਨ ਵਾਲੇ ਪਰਿਵਾਰ ਸਭ ਤੋਂ ਨਾਜ਼ੁਕ ਸਥਿਤੀ ਵਿੱਚੋਂ ਲੰਘ ਰਹੇ ਹਨ। ਵੱਡੀ ਗਿਣਤੀ ਬੇਜ਼ਮੀਨੇ ਕਿਸਾਨ, ਪੰਜ ਏਕੜ ਤੋਂ ਘੱਟ ਵਾਲੇ ਸੀਮਾਂਤ ਤੇ ਛੋਟੇ ਕਿਸਾਨ ਅਤੇ ਖੇਤ ਮਜ਼ਦੂਰ ਖ਼ੁਦਕੁਸ਼ੀ ਕਰ ਰਹੇ ਹਨ। ਇਨ੍ਹਾਂ ਪਰਿਵਾਰਾਂ ਨੂੰ ਤੁਰੰਤ ਰਾਹਤ ਦੇਣ ਤੋਂ ਇਲਾਵਾ ਇਨ੍ਹਾਂ ਦੀ ਆਮਦਨ ਵਧਾਉਣ ਦੀ ਗਾਰੰਟੀ ਜ਼ਰੂਰੀ ਹੈ। ਫਿਲਹਾਲ, ਸਰਕਾਰ ઠਸੀਮਾਂਤ ਕਿਸਾਨਾਂ ਦੇ ਸਹਿਕਾਰੀ ਫ਼ਸਲੀ ਕਰਜ਼ੇ ਦੀ ਰਾਹਤ ਵੀ ਕਿਸ਼ਤਾਂ ਵਿੱਚ ਐਲਾਨ ਰਹੀ ਹੈ। ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਕਾਰਨ ਨਕੋਦਰ ਦੀ ਅਨਾਜ ਮੰਡੀ ਵਿੱਚ ਰੱਖੀ ਰੈਲੀ ਵਿੱਚ ਕੈਪਟਨ ਲਗਪਗ 35 ਹਜ਼ਾਰ ਕਿਸਾਨਾਂ ਲਈ ਰਾਹਤ ਦਾ ਐਲਾਨ ਕਰਨਗੇ। ਬਾਕੀਆਂ ਨੂੰ ਕਿੰਨੀ ਦੇਰ ਉਡੀਕ ਕਰਨੀ ਪਵੇਗੀ, ਅਜੇ ਪਤਾ ਨਹੀਂ?
ਪੰਜਾਬ ਦੀ ਕਿਸਾਨੀ ਆਰਥਿਕ ਤੌਰ ‘ਤੇ ਹੋਈ ਖੋਖਲੀ
ਤਰਨਤਾਰਨ : ਇਲਾਕੇ ਦੇ ਪਿੰਡ ਛਾਪੜੀ ਸਾਹਿਬ ਦੇ 72 ਸਾਲਾ ਕਿਸਾਨ ਹਰਦਿਆਲ ਸਿੰਘ ਵੱਲੋਂ ਕੋਈ ਤਿੰਨ ਹਫ਼ਤੇ ਪਹਿਲਾਂ ઠਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ ઠਕਿਸਾਨੀ ਕਰਜ਼ਿਆਂ ઠਦੇ ਵਿਕਰਾਲ ਰੂਪ ਦੀ ਦਾਸਤਾਨ ਬਿਆਨਦੀ ਹੈ। ਵਰਤਮਾਨ ਵਿੱਚ ਇਲਾਕੇ ਅੰਦਰ ਇਹ ਆਖਿਆ ਜਾ ਰਿਹਾ ਹੈ ਕਿ ਜੇਕਰ ਹਰਦਿਆਲ ਸਿੰਘ ਵਰਗਾ ਕਿਸਾਨ ਕਰਜ਼ੇ ਕਰ ਕੇ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋ ਸਕਦਾ ਹੈ ਤਾਂ ਆਸਾਨੀ ਨਾਲ ਹੀ ਇਹ ਸਮਝਿਆ ਜਾ ਸਕਦਾ ਹੈ ਕਿ ਸੂਬੇ ਦੀ ਕਿਸਾਨੀ ਸਹੀ ਅਰਥਾਂ ਵਿੱਚ ਆਰਥਿਕ ਤੌਰ ‘ਤੇ ਖੋਖਲੀ ਹੋ ਚੁੱਕੀ ਹੈ।
ਇਕ ਵੇਲੇ ਹਵਾਈ ਫ਼ੌਜ ਵਿੱਚ ਨੌਕਰੀ ਕਰਦੇ ਕਿਸਾਨ ਹਰਦਿਆਲ ਸਿੰਘ ਨੂੰ ਕੋਈ 40 ਸਾਲ ਦੇ ਕਰੀਬ ਪਹਿਲਾਂ ਇਸ ਪਿੰਡ ਵਿੱਚ ਆਪਣੇ ਨਾਨਕੇ ਪਰਿਵਾਰ ਵਿੱਚ ਉਸ ਦੀ ਮਾਤਾ ਦੇ ਇਲਾਵਾ ਹੋਰ ਕੋਈ ਸੰਤਾਨ ਹੋਣ ਕਰ ਕੇ ਉਸ ਪਰਿਵਾਰ ਦੀ ਇੱਥੇ ਸਥਿਤ 10 ਏਕੜ ਜ਼ਮੀਨ ਦਾ ਕੰਮਕਾਜ ਵੀ ਸੰਭਾਲਣਾ ਪਿਆ। ਇਸ ਕਰਕੇ ਉਸ ‘ਤੇ ਆਪਣੇ ਪਰਿਵਾਰ ਤੋਂ ਇਲਾਵਾ ਆਪਣੇ ਨਾਨਕੇ ਘਰ ਦੀ ਵੀ ਜ਼ਿੰਮੇਵਾਰੀ ਆ ਗਈ। ਇਸੇ ਜ਼ਿੰਮੇਵਾਰੀ ਕਰਕੇ ਉਸ ਨੂੰ ਨੌਕਰੀ ਛੱਡ ਕੇ ਖੇਤੀਬਾੜੀ ਦਾ ਕੰਮ ਸੰਭਾਲਣ ਲਈ ਘਰ ਵਾਪਸ ਆਉਣਾ ਪਿਆ। ઠਉਸ ਨੇ ਆਪਣੇ ਜੱਦੀ ਪਿੰਡ ਮੁੰਡਾਪਿੰਡ ਵਿੱਚ ਆਪਣੇ ਹਿੱਸੇ ਦੀ ਜ਼ਮੀਨ ਵੇਚ ਕੇ ਇੱਥੇ ਛਾਪੜੀ ਸਾਹਿਬ ਹੀ ਟਿਕਾਣਾ ਬਣਾ ਲਿਆ। ઠਹਰਦਿਆਲ ਸਿੰਘ ਦੇ ਦੋ ਲੜਕੇ ਅਤੇ ਦੋ ਹੀ ਲੜਕੀਆਂ ਹਨ, ਜਿਹੜੇ ਸਾਰੇ ਵਿਆਹੇ ਹੋਏ ਹਨ। ઠਛੋਟਾ ਲੜਕਾ ਅਤੇ ਇਕ ਲੜਕੀ ਵਿਦੇਸ਼ਾਂ ਵਿੱਚ ਪਰਿਵਾਰਾਂ ਸਮੇਤ ਰਹਿ ਰਹੇ ਹਨ। ਇਸ ਕਰ ਕੇ ਹਰਦਿਆਲ ਸਿੰਘ ਦੇ ਘਰ ਸਾਰੀਆਂ ਸੰਭਵ ਸਹੂਲਤਾਂ ਉਪਲੱਬਧ ਹਨ। ઠਉਸ ਦੇ ਘਰ ਖੇਤੀ ਕਰਨ ਲਈ ਟਰੈਕਟਰ ਸਮੇਤ ਹੋਰ ਆਧੁਨਿਕ ਸਾਧਨ ਹਨ। ਹਰਦਿਆਲ ਸਿੰਘ ਇਕ ਵਾਰ ਪਿੰਡ ਦਾ ਸਰਪੰਚ ਵੀ ਰਿਹਾ ਹੈ। ઠਉਸ ਦਾ ਮੇਲਜੋਲ ਵੀ ਚੰਗੇ ਪਰਿਵਾਰਾਂ ਨਾਲ ਰਿਹਾ।
ਹਰਦਿਆਲ ਸਿੰਘ ਦੀ ਵਿਧਵਾ ਜਸਵੀਰ ਕੌਰ ਨੇ ਦੱਸਿਆ ਉਨ੍ਹਾਂ ਦੇ ਘਰ ਸਭ ਸਹੂਲਤਾਂ ਹੋਣ ਦੇ ਬਾਵਜੂਦ ਵੀ ਪਿਛਲੇ ਕੋਈ 9 ਸਾਲਾਂ ਤੋਂ ਉਹ ਕਰਜ਼ੇ ਦੇ ਬੋਝ ਹੇਠਾਂ ਦੱਬਦੇ ਚਲੇ ਆਏ ਹਨ। ઠਇਹ ਕਰਜ਼ਾ ਹੌਲੀ-ਹੌਲੀ ਕਰ ਕੇ 20 ਲੱਖ ਰੁਪਏ ਤੱਕ ਚਲਾ ਗਿਆ ਸੀ, ઠਜਿਸ ਦੇ ਵਿਆਜ ਦੀ ਵੀ ਕਿਸ਼ਤ ਦਾ ਭੁਗਤਾਨ ਕਰਨ ਦੇ ਉਹ ਯੋਗ ਨਹੀਂ ਰਹੇ ਸਨ। ઠਇਹ ਕਰਜ਼ੇ ਦੀ ਪੰਡ ਆਏ ਦਿਨ ਭਾਰੀ ਤੋਂ ਭਾਰੀ ਹੋਈ ਜਾ ਰਹੀ ਸੀ। ਉਧਰ, ਆੜ੍ਹਤੀ ਨੇ ਵੀ ਉਨ੍ਹਾਂ ਨੂੰ ਜਿਣਸ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵਿਧਵਾ ਜਸਵੀਰ ਕੌਰ ਨੇ ਦੱਸਿਆ ਕਿ ਪਰਿਵਾਰ ਘਰ ਅਤੇ ਖੇਤੀਬਾੜੀ ਦੇ ਖ਼ਰਚੇ ਚਲਾਉਣ ਵਿੱਚ ਮੁਸ਼ਕਿਲ ਵਿੱਚੋਂ ਦੀ ਲੰਘ ਰਿਹਾ ਸੀ। ઠਇਸ ਹਾਲਾਤ ਦੇ ਚੱਲਦਿਆਂ ਕਿਸਾਨ ਹਰਦਿਆਲ ਸਿੰਘ ਮਾਨਸਿਕ ਬੋਝ ਹੇਠ ਰਹਿ ਰਿਹਾ ਸੀ ਅਤੇ ਉਸ ਦੀਆਂ ਰਾਤਾਂ ਦੀ ਨੀਂਦ ਵੀ ਉੱਡ ਗਈ ਸੀ ਅਤੇ ਇਸੇ ਕਰਕੇ ਹਰਦਿਆਲ ਸਿੰਘ ਨੇ ਖ਼ੁਦ ਨੂੰ ਆਪਣੇ ਪਿਸਤੌਲ ਨਾਲ ਗੋਲੀ ਮਾਰ ਲਈ ਸੀ।
ਪਨਸਪ ਵੱਲੋਂ ਪੰਜ ਜ਼ਿਲ੍ਹਿਆਂ ‘ਚੋਂ ਕਣਕ ਦੀ ਖਰੀਦ ਨਾ ਕਰਨ ਦਾ ਫ਼ੈਸਲਾ
ਮੋਗਾ : ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ ਲਿਮਿਟਡ (ਪਨਸਪ) ਨੇ ਇਸ ਰਬੀ ਸੀਜ਼ਨ 2018-19 ਦੌਰਾਨ ਮਾਲਵਾ ਦੇ ਫ਼ਰੀਦਕੋਟ, ਮੁਕਤਸਰ, ઠਮੋਗਾ, ઠਮਾਨਸਾ ਤੇ ਮਾਝਾ ਦੇ ਤਰਨਤਾਰਨ ਜ਼ਿਲ੍ਹੇ ઠਵਿਚੋਂ ਕਣਕ ਦੀ ਖ਼ਰੀਦ ਨਾ ਕਰਨ ਤੇ ਬਾਕੀ ਜ਼ਿਲ੍ਹਿਆਂ ਵਿਚੋਂ ਸਿਰਫ਼ 350 ਕੇਂਦਰਾਂ ਉੱਤੇ ਖ਼ਰੀਦ ਕਰਨ ਦਾ ਫ਼ੈਸਲਾ ਕੀਤਾ ਹੈ।
ਪਨਸਪ ਨੇ ਸਟਾਫ਼ ਤੇ ਸਟੋਰੇਜ ਦੀ ਸਮੱਸਿਆ ਕਾਰਨ ਅਸਮਰੱਥਾ ਪ੍ਰਗਟਾਉਂਦੇ ਹੋਏ ਰਾਜ ਖ਼ੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਅਤੇ ਖ਼ਪਤਕਾਰ ਮਾਮਲੇ ਵਿਭਾਗ ਨੂੰ ਆਪਣੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਪੰਜਾਬ ਵਿਚ ਆਗਾਮੀ 1 ਅਪਰੈਲ ਤੋਂ ਕਣਕ ਦੀ ਪ੍ਰਸਤਾਵਿਤ ਸਰਕਾਰੀ ਖ਼ਰੀਦ ਹੋਣ ਦੀ ਉਮੀਦ ઠਹੈ ਪਰ ਰਾਜ ਦੀ ਮੁੱਖ ਖ਼ਰੀਦ ਏਜੰਸੀ ਪਨਸਪ ਦੇ ਪੰਜ ਜ਼ਿਲ੍ਹਿਆਂ ਵਿਚੋਂ ਕਣਕ ਨਾ ਖ਼ਰੀਦ ਕਰਨ ਦੇ ਫ਼ੈਸਲੇ ਕਾਰਨ ਰਾਜ ਦੀਆਂ ਦੂਜੀਆਂ ਖ਼ਰੀਦ ਏਜੰਸੀਆਂ ਭੰਬਲਭੂਸੇ ਵਿਚ ਹਨ। ਜ਼ਿਲ੍ਹਾ ਖ਼ੁਰਾਕ ਤੇ ਸਿਵਲ ਸਪਲਾਈਜ਼ ਕੰਟਰੋਲਰ (ਡੀਐੱਫ਼ਐੱਸਸੀ) ਰਜਨੀਸ਼ ਕੁਮਾਰੀ ਨੇ ਪਨਸਪ ਦੇ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ ਹੈ। ਰਾਜ ਖ਼ੁਰਾਕ ਤੇ ਸਿਵਲ ਸਪਲਾਈਜ਼ ਤੇ ਖ਼ਪਤਕਾਰ ਮਾਮਲੇ ਵਿਭਾਗ ਵੱਲੋਂ 7 ਮਾਰਚ ਨੂੰ ਵਿਭਾਗ ਦੇ ਸਮੂਹ ਡਿਪਟੀ ਡਾਇਰੈਕਟਰਜ਼ (ਫ਼) ਅਤੇ ਜ਼ਿਲ੍ਹਾ ਕੰਟਰੋਲਰਜ਼ ਨੂੰ ਪਨਸਪ ਦੇ ਉਕਤ ਫ਼ੈਸਲੇ ਬਾਰੇ ઠਜਾਣੂ ਕਰਵਾਉਂਦੇ ਹੋਏ ਉਕਤ ਜ਼ਿਲ੍ਹਿਆਂ ਵਿਚੋਂ ਪਨਸਪ ਖ਼ਰੀਦ ਏਜੰਸੀ ਹਿੱਸੇ ਦਾ ਸ਼ੇਅਰ ਦੂਜੀਆਂ ਖ਼ਰੀਦ ਏਜੰਸੀਆਂ ਵਿਚ ਵੰਡਣ ਤੇ ਬਾਕੀ ਜ਼ਿਲ੍ਹਿਆਂ ਵਿਚ ਪਨਸਪ ਦੀ ਖ਼ਰੀਦ ਦਾ ਸ਼ੇਅਰ ਵਧਾਉਣ ਦੀ ਤਜਵੀਜ਼ ਮੁੱਖ ਦਫ਼ਤਰ ਨੂੰ ਭੇਜਣ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਪਨਸਪ ਨੇ ਭਾਵੇਂ ਸਟਾਫ਼ ਤੇ ਸਟੋਰੇਜ਼ ਦੀ ਸਮੱਸਿਆ ਦੀ ਅਸਮਰੱਥਾ ઠਪ੍ਰਗਟਾਉਂਦੇ ਰਬੀ ਸੀਜ਼ਨ 2018-19 ਦੌਰਾਨ ਪੰਜ ਜ਼ਿਲ੍ਹਿਆਂ ਵਿਚੋਂ ਕੇਂਦਰੀ ਪੂਲ ਲਈ ਕਣਕ ਖ਼ਰੀਦ ਨਾ ਕਰਨ ਦੀ ਗੱਲ ਆਖੀ ਹੈ। ਪਰ ਸਚਾਈ ਇਹ ਦੱਸੀ ਜਾਂਦੀ ਹੈ ਕਿ ਖੁੱਲ੍ਹੇ ਅਸਮਾਨ ਹੇਠਾਂ ਪਈ ਕਰੋੜਾਂ ਦੀ ਕਣਕ ਖ਼ਰਾਬ ਹੋਣ ਕਾਰਨ ਮੈਨੇਜਿੰਗ ਡਾਇਰੈਕਟਰ ਨੇ ਇਹ ਸਖ਼ਤ ਫ਼ੈਸਲਾ ਲਿਆ ਹੈ। ਪੰਜਾਬ ਵਿਚ 2009 ਤੋਂ 2017 ਤੱਕ ਵੱਖ-ਵੱਖ ਏਜੰਸੀਆਂ ਦੀ 5,67,835 ਟਨ ਖ਼ਰਾਬ ਹੋਈ ਕਣਕ ਨੂੰ ਏਜੰਸੀਆਂ ਟੈਂਡਰਾਂ ਰਾਹੀਂ ਘਾਟੇ ‘ਤੇ ਚੁੱਕਵਾ ਰਹੀਆਂ ਹਨ। ਇਥੇ ਭਾਰਤੀ ਖ਼ੁਰਾਕ ਨਿਗਮ (ਐਫਸੀਆਈ) ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਮੋਗਾ, ਨਿਹਾਲ ਸਿੰਘ ਵਾਲਾ, ਧਰਮਕੋਟ ਬਾਘਾਪੁਰਾਣਾ, ਕੋਟ ਈਸੇ ਖਾਂ, ਬੱਧਨੀ ਕਲਾਂ ਵਿੱਚ 21 ਵੱਖ-ਵੱਖ ਓਪਨ ਪਲੈਂਥਾ ਵਿਚ ਵਿੱਤੀ ਸਾਲ 2014-15 ਤੋਂ 30 ਸਤੰਬਰ 2017 ਤੱਕ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ (ਪੀਏਐਫਸੀ) ਦੀ 14022 ਮੀਟਰਕ ਟਨ, ઠਪੰਜਾਬ ਸਟੇਟ ਕੋਆਪਰੇਟਿਵ ਸਪਲਾਈ ਮਾਰਕੀਟਿੰਗ ਫੈਡਰੇਸ਼ਨ ਲਿਮ (ਮਾਰਕਫੈੱਡ) ਦੀ 6176 ਮੀਟਰਕ ਟਨ, ਪੰਜਾਬ ਸਟੇਟ ਸਿਵਲ ਸਪਲਾਈਜ਼ ਕਾਰਪੋਰੇਸ਼ਨ (ਪਨਸਪ) ਦੀ 4303 ਮੀਟਰਕ ਟਨ ਤੇ ਪੰਜਾਬ ਰਾਜ ਗੁਦਾਮ ਨਿਗਮ (ਪੀਐੱਸਡਬਲਯੂਸੀ) ਦੀ 3209 ਮੀਟਰਕ ਟਨ ਕੁੱਲ 27710 ਮੀਟਰਕ ਟਨ ਕਣਕ ਖੁੱਲ੍ਹੇ ਅਸਮਾਨ ਹੇਠ ਪਈ ਖ਼ਰਾਬ ਹੋ ਗਈ, ਜਿਸ ਦੀ ਬਾਜ਼ਾਰੀ ਕੀਮਤ ਤਕਰੀਬਨ 40 ਕਰੋੜ ਰੁਪਏ ਬਣਦੀ ਹੈ।

‘ਹਰਦਾਸਾ’ ਬਣਿਆ ਨਸ਼ਿਆਂ ਦਾ ਅੱਡਾ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਪਿੰਡ ਵਾਸੀਆਂ ਨੇ ਨਸ਼ਿਆਂ ਨੂੰ ਰੋਕਣ ਦਾ ਲਿਆ ਅਹਿਦ
ਚੰਡੀਗੜ੍ਹ : ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹਰਦਾਸਾ ਅਜਿਹਾ ਪਿੰਡ ਹੈ, ਜਿੱਥੇ ਲੋਕਾਂ ਨੂੰ ਨਸ਼ਾ ਤਸਕਰਾਂ ਵਿਰੁੱਧ ਆਪ ਸਿਰ ਚੁੱਕਣਾ ਪਿਆ। ਪਿੰਡ ਵਾਸੀ ਅਜਿਹਾ ਕਰਨ ਵਾਸਤੇ ਉਦੋਂ ਮਜਬੂਰ ਹੋਏ, ਜਦੋਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਨਸ਼ਿਆਂ ਦਾ ਦਰਿਆ ਠੱਲ੍ਹਣ ਵਾਸਤੇ ਕੋਈ ਕਾਰਵਾਈ ਨਹੀਂ ਕੀਤੀ। ਵਿਧਾਨ ਸਭਾ ਹਲਕਾ ਜ਼ੀਰਾ ਵਿੱਚ ਪੈਂਦੇ ਇਸ ਪਿੰਡ ਵਿੱਚ ਸ਼ਰੇਆਮ ਨਸ਼ਿਆਂ ਦੀ ਦੁਕਾਨਦਾਰੀ ਚੱਲਦੀ ਹੈ। ਪਿੰਡ ਵਾਸੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਹਾੜੇ ਕੱਢ-ਕੱਢ ਥੱਕ ਗਏ, ਪਰ ਕਿਸੇ ਨੇ ਵੀ ਪਿੰਡ ਵਾਸੀਆਂ ਅਤੇ ਆਸ-ਪਾਸ ਦੇ ਲੋਕਾਂ ਨੂੰ ਨਰਕ ਵਿਚੋਂ ਕੱਢਣ ਵਾਸਤੇ ਕਾਰਵਾਈ ਨਹੀਂ ਕੀਤੀ। ਇਸ ਕਾਰਨ ਬੇਵੱਸ ਪਿੰਡ ਵਾਸੀਆਂ ਨੇ ਖ਼ੁਦ ਮੋਰਚਾ ਸੰਭਾਲਣ ਦੀ ਠਾਣੀ। ਇਸ ਵਾਸਤੇ ਪਿੰਡ ਵਾਸੀਆਂ ਨੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਨਸ਼ਿਆਂ ਨੂੰ ਖ਼ੁਦ ਰੋਕਣ ਦਾ ਅਹਿਦ ਲਿਆ। ਮਗਰੋਂ ਹਰਦਾਸੇ ਦੇ ਵਸਨੀਕਾਂ ਨੇ ਆਸ-ਪਾਸ ਦੇ ਸਾਰੇ ਪਿੰਡਾਂ ਵਿੱਚ ਜਾ ਕੇ ਅਨਾਊਂਸਮੈਂਟ ਕਰਵਾਈ ਕਿ ਜੇ ਕੋਈ ਵਿਅਕਤੀ ਉਨ੍ਹਾਂ ਦੇ ਪਿੰਡੋਂ ਨਸ਼ਾ ਖ਼ਰੀਦਣ ਆਇਆ ਤਾਂ ਉਹ ਆਪਣੇ ਨੁਕਸਾਨ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ਿਆਂ ਦੀ ਦੁਕਾਨਦਾਰੀ ਚਲਾਉਣ ਵਾਲਿਆਂ ਨੂੰ ਰਸੂਖ਼ਵਾਨਾਂ ਦੀ ਸਰਪ੍ਰਸਤੀ ਮਿਲੀ ਹੋਣ ਕਰਕੇ ਉਹ ਉਨ੍ਹਾਂ ਨੂੰ ਰੋਕਣ ਤੋਂ ਅਸਮੱਰਥ ਸਨ। ਇਸ ਲਈ ਉਨ੍ਹਾਂ ਨੇ ਨਸ਼ੇੜੀਆਂ ਨੂੰ ਪਿੰਡ ਵਿੱਚ ਵੜ੍ਹਨ ਤੋਂ ਰੋਕਣ ਦੀ ਪਹਿਲ ਕੀਤੀ। ਉਨ੍ਹਾਂ ਨੇ ਨੇੜਲੇ ਪਿੰਡ ਬੂਈਆਂ ਵਾਲਾ, ਧੰਨਾ ਸ਼ਹੀਦ, ਪੀਹੇ ਵਾਲਾ, ਮੱਲੇ ਸ਼ਾਹ, ਵਕੀਲਾਂ ਵਾਲਾ, ਨੀਲੇ ਵਾਲਾ, ਕੱਸੋਆਣਾ, ਮਰਖਾਈ, ਮਣਕਿਆਂ ਵਾਲੀ, ਹੋਲਾਂ ਵਾਲੀ ਤੇ ਵਾੜਾ ਜਵਾਹਰ ਸਿੰਘ ਵਾਲਾ ਆਦਿ ਵਿੱਚ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਨਸ਼ਾ ਖ਼ਰੀਦਦੇ ਹੋਏ ਕਿਸੇ ਵਿਅਕਤੀ ਨੂੰ ਫੜ ਲਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਪਰ ਤਰਾਸਦੀ ਇਹ ਹੈ ਕਿ ਪਿੰਡ ਵਾਸੀਆਂ ਨੂੰ ਕਾਮਯਾਬੀ ਨਹੀਂ ਮਿਲੀ। ਅੱਜ ਵੀ ਪਿੰਡ ਵਿੱਚ ਨਸ਼ਿਆਂ ਦੀ ਦੁਕਾਨ ਚੱਲ ਰਹੀ ਹੈ। ਜ਼ਮੀਨੀ ਹਕੀਕਤ ਜਾਣਨ ਵਾਸਤੇ ਇਕ ਪੱਤਰਕਾਰ ਨੂੰ ਖ਼ਾਸ ਜਗ੍ਹਾ ‘ਤੇ ਲਿਜਾਇਆ ਗਿਆ। ਇਸ ਖ਼ਾਸ ਜਗ੍ਹਾ ‘ਤੇ ਕੁਝ ਮਿੰਟਾਂ ਦੇ ਫਰਕ ਤੋਂ ਬਾਅਦ ਹੀ ਨੌਜਵਾਨ ਇੱਥੇ ਆਉਂਦੇ ਅਤੇ ਵੱਧ ਤੋਂ ਵੱਧ ਇੱਕ ਮਿੰਟ ਇੱਥੇ ਰੁਕ ਕੇ ਕੋਈ ਵਸਤੂ (ਪਿੰਡ ਵਾਸੀਆਂ ਮੁਤਾਬਕ ਚਿੱਟਾ) ਲੈ ਕੇ ਤੁਰਦੇ ਬਣਦੇ।
ਪਿੰਡ ਵਾਸੀ ਤਰੁਣਦੀਪ ਸਿੰਘ (ਬਦਲਿਆ ਹੋਇਆ ਨਾਮ) ਨੇ ਦੱਸਿਆ ਕਿ ਰੋਜ਼ਾਨਾ ਸੈਂਕੜੇ ਨੌਜਵਾਨ ਇੱਥੋਂ ਇਸੇ ਤਰ੍ਹਾਂ ਨਸ਼ਾ ਖ਼ਰੀਦਦੇ ਹਨ। ਇਨ੍ਹਾਂ ਨੌਜਵਾਨਾਂ ਵਿੱਚ ਸਕੂਲੀ ਵਿਦਿਆਰਥੀ ਵੀ ਸ਼ਾਮਲ ਹਨ। ਤਰੁਣਦੀਪ ਨੇ ਕਿਹਾ ਕਿ ਹਰਦਾਸੇ ਅਤੇ ਆਸ-ਪਾਸ ਦੇ ਪਿੰਡਾਂ ਦੇ ਕਈ ਵਿਅਕਤੀਆਂ ਨੇ ਨਸ਼ਿਆਂ ਨੂੰ ਰੋਕਣ ਵਾਸਤੇ ਟਰਾਲੀਆਂ ਭਰ ਕੇ ਵੱਡਾ ਇਕੱਠ ਕੀਤਾ ਅਤੇ ਕਥਿਤ ਨਸ਼ਾ ਤਸਕਰ ਦੇ ਘਰ ਨੂੰ ਘੇਰਾ ਪਾ ਲਿਆ ਸੀ। ਇਸ ਦੌਰਾਨ ਪੁਲਿਸ ਵੀ ਬੁਲਾਈ ਗਈ। ਪੁਲਿਸ ਕਥਿਤ ਨਸ਼ਾ ਤਸਕਰ ਦੇ ਘਰ ਦਾਖ਼ਲ ਹੋਣ ਤੋਂ ਟਾਲਾ ਵੱਟ ਰਹੀ ਸੀ। ਫਿਰ ਭੀੜ ਨੇ ਖ਼ੁਦ ਹੰਭਲਾ ਮਾਰ ਕੇ ਕਥਿਤ ਨਸ਼ਾ ਤਸਕਰਾਂ ਨੂੰ ਪੁਲਿਸ ਕੋਲੋਂ ਗ੍ਰਿਫ਼ਤਾਰ ਕਰਵਾਇਆ। ਤਰੁਣਦੀਪ ਨੇ ਕਿਹਾ ਕਿ ਇਸ ਦੌਰਾਨ ਪਿੰਡ ਵਾਸੀਆਂ ਨੇ ਚਾਰ-ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਵਾਇਆ ਸੀ। ਮਗਰੋਂ ਪਿੰਡ ਵਾਸੀ ਟਰਾਲੀਆਂ ਭਰ ਕੇ ਮੁਲਜ਼ਮਾਂ ਨੂੰ ਜ਼ੀਰਾ ਥਾਣੇ ਵਿਚ ਛੱਡਣ ਵਾਸਤੇ ਨਾਲ ਗਏ ਸਨ। ਇਸ ਦੌਰਾਨ ਟਰਾਲੀਆਂ ਅਤੇ ਹੋਰ ਵਾਹਨਾਂ ਦੀ ਗਿਣਤੀ 10 ਤੋਂ ਵੱਧ ਸੀ। ਪਿੰਡ ਵਾਸੀਆਂ ਵੱਲੋਂ ਕੀਤੇ ਇਕੱਠ ਦੀਆਂ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਸਨ। ਤਰੁਣਦੀਪ ਨੇ ਦੱਸਿਆ ਕਿ ਨਸ਼ੇ ਰੋਕਣ ਵਾਸਤੇ ਪਿੰਡ ਵਾਸੀਆਂ ਵੱਲੋਂ ਚੁੱਕੇ ਸਾਰੇ ਕਦਮ ਸਿਸਟਮ ਅੱਗੇ ਫੇਲ੍ਹ ਹੋ ਗਏ। ਕਥਿਤ ਮੁਲਜ਼ਮ ਕੁਝ ਦਿਨਾਂ ਾਅਦ ਹੀ ਪਿੰਡ ਵਾਪਸ ਆ ਗਏ ਤੇ ਫਿਰ ਨਸ਼ੇ ਦੀ ਦੁਕਾਨਦਾਰੀ ਸ਼ੁਰੂ ਹੋ ਗਈ ਹੈ।
ਪਿੰਡ ਵਿੱਚ ਨਸ਼ਿਆਂ ਦੀ ਸ਼ਰੇਆਮ ਦੁਕਾਨਦਾਰੀ ਚੱਲਦੀ ਹੋਣ ਕਰਕੇ ਇੱਥੇ ਹੋਰ ਅਪਰਾਧ ਵੀ ਵਧੇ ਹਨ। ਪਿੰਡ ਵਿੱਚ ਅਤੇ ਆਸ-ਪਾਸ ਦੇ ਖੇਤਰਾਂ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਆਮ ਵਰਤਾਰਾ ਹਨ। ਤਰੁਣਦੀਪ ਨੇ ਕਿਹਾ ਕਿ ਨਸ਼ਾ ਰੋਕਣ ਵਾਸਤੇ ਚੁੱਕੇ ਕਦਮਾਂ ਵਿੱਚ ਪੁਲਿਸ ਵੱਲੋਂ ਦਿਖਾਈ ਅਣਗਹਿਲੀ ਕਾਰਨ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਠ ਗਿਆ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਜ਼ਮੀਨ ਵਿੱਚ ਅਣਪਛਾਤੇ ਵਿਅਕਤੀ 10,000 ਰੁਪਏ ਦੇ ਮੁੱਲ ਦੀ ਕੇਬਲ ਤਾਰ ਚੋਰੀ ਕਰਕੇ ਲੈ ਗਏ। ਉਸ ਦੇ ਖੇਤਾਂ ਵਿੱਚ ਕੇਬਲ ਚੋਰੀ ਹੋਣ ਦੀ ਘਟਨਾ ਕੁਝ ਦਿਨਾਂ ਦੇ ਫਰਕ ਬਾਅਦ ਹੀ ਦੂਜੀ ਵਾਰ ਵਾਪਰੀ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਨਸ਼ਿਆਂ ਦਾ ਕਾਰੋਬਾਰ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਰੋਕਣ ਵਾਸਤੇ ਪਿੰਡ ਵਿੱਚ ਇੱਕ ਪੁਲਿਸ ਚੌਕੀ ਬਣਾਈ ਜਾਵੇ। ਇਸ ਚੌਕੀ ਵਿੱਚ ਇਲਾਕੇ ਤੋਂ ਬਾਹਰ ਦੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ।
ਫਿਰੋਜ਼ਪੁਰ ਜ਼ਿਲ੍ਹੇ ਦੇ ਐੱਸਐੱਸਪੀ ਪ੍ਰੀਤਮ ਸਿੰਘ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਪਿੰਡ ਵਾਸੀਆਂ ਵੱਲੋਂ ਆਸ-ਪਾਸ ਦੇ ਪਿੰਡਾਂ ਵਿੱਚ ਦਿੱਤੀਆਂ ਚਿਤਾਵਨੀਆਂ ਬਾਰੇ ਐੱਸਐੱਸਪੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ।ઠ

Check Also

ਭਾਰਤ ‘ਚ ਲੋਕ ਸਭਾ ਚੋਣਾਂ ਸੱਤ ਗੇੜਾਂ ‘ਚ 19 ਅਪ੍ਰੈਲ ਤੋਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ

ਪੰਜਾਬ ‘ਚ 1 ਜੂਨ ਨੂੰ ਪੈਣਗੀਆਂ ਵੋਟਾਂ, ਚੋਣ ਜ਼ਾਬਤਾ ਲਾਗੂ ਨਵੀਂ ਦਿੱਲੀ : ਭਾਰਤ ਵਿਚ …