ਕਹਿੰਦੇ ਨੇ ਰਾਜਨੀਤੀ ਕਲਾਬਾਜ਼ੀਆਂ ਦੀ ਖੇਡ ਵਰਗੀ ਹੈ। ਰਾਜਨੀਤੀ ‘ਚ ਨਾ ਕੋਈ ਪੱਕਾ ਮਿੱਤਰ ਤੇ ਨਾ ਕੋਈ ਪੱਕਾ ਦੁਸ਼ਮਣ ਹੁੰਦਾ। ਸਿਆਸੀ ਲੋਕ ਜਦੋਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜੇ ਮੁੱਦਿਆਂ ਦੀਆਂ ਕਲਾਬਾਜ਼ੀਆਂ ਖੇਡਦੇ ਹਨ ਤਾਂ ਇਹ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਹੁੰਦਾ ਹੈ। ਸ਼ਾਇਦ ਇਸੇ ਤਰ੍ਹਾਂ ਦਾ ਧੋਖਾ ਪੰਜਾਬ ਦੇ ਲੋਕਾਂ ਨੇ ਵੀਰਵਾਰ ਨੂੰ ‘ਆਪ’ ਦੇ ਕੌਮੀ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਬੰਧੀ ਲਗਾਏ ਦੋਸ਼ਾਂ ਲਈ ਬਿਨ੍ਹਾਂ ਸ਼ਰਤ ਮਾਫ਼ੀ ਮੰਗ ਲੈਣ ਤੋਂ ਬਾਅਦ ਮਹਿਸੂਸ ਕੀਤਾ ਹੈ। ਕਿਉਂਕਿ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਪੰਜਾਬ ‘ਚ ਨਸ਼ਾ ਤਸਕਰੀ ਦਾ ਮੁੱਦਾ ਸਭ ਤੋਂ ਅਹਿਮ ਸਿਆਸੀ ਮੁੱਦਾ ਬਣਾਇਆ ਸੀ। ਉਸ ਵੇਲੇ ਉਨ੍ਹਾਂ ਨਸ਼ਾ ਤਸਕਰੀ ਲਈ ਅਕਾਲੀ ਸਰਕਾਰ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ‘ਤੇ ਨਸ਼ਾ ਤਸਕਰੀ ਨੂੰ ਸਰਪ੍ਰਸਤੀ ਦੇ ਦੋਸ਼ ਵੀ ਲਗਾਏ ਸਨ। ਉਸ ਵੇਲੇ ਨਾ ਸਿਰਫ਼ ਕੇਜਰੀਵਾਲ ਵਲੋਂ, ਸਗੋਂ ਪਾਰਟੀ ਮੁਖੀ ਦੇ ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਹਰੇਕ ਵਰਕਰ, ਆਗੂ ਨੇ ਆਪਣਾ ਨਾਮ ਅਤੇ ਫੋਨ ਨੰਬਰ ਤੱਕ ਲਿਖ ਕੇ ਥਾਂ-ਥਾਂ ‘ਤੇ ਮਜੀਠੀਆ ‘ਤੇ ਚਿੱਟੇ ਦੇ ਵਪਾਰੀ ਹੋਣ ਦੇ ਦੋਸ਼ਾਂ ਵਾਲੇ ਬੋਰਡ ਅਤੇ ਬੈਨਰ ਲਗਾਏ ਸਨ।
ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਦੀ ਅਦਾਲਤ ‘ਚ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਕੀਤਾ ਹੋਇਆ ਸੀ, ਜਿਥੇ ਕਿ ਕੇਜਰੀਵਾਲ ਨੇ ਵੀਰਵਾਰ ਨੂੰ ਬਿਨਾਂ ਸ਼ਰਤ ਬਿਕਰਮ ਸਿੰਘ ਮਜੀਠੀਆ ‘ਤੇ ਲਾਏ ਨਸ਼ਾ ਤਸਕਰੀ ਦੇ ਦੋਸ਼ਾਂ ਲਈ ਮਾਫ਼ੀ ਮੰਗ ਲਈ। ਭਾਵੇਂਕਿ ਕੇਜਰੀਵਾਲ ਵਲੋਂ ਮਾਫੀ ਮੰਗਣ ਤੋਂ ਬਾਅਦ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਤੋਂ ਰਾਹਤ ਮਿਲੀ ਹੈ, ਪਰ ਦੂਜੇ ਪਾਸੇ ਵੀਰਵਾਰ ਨੂੰ ਹੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੰਜਾਬ ਸਰਕਾਰ ਦੀ ਨਸ਼ਾ ਰੋਕਣ ਸਬੰਧੀ ‘ਸਪੈਸ਼ਲ ਟਾਸਕ ਫੋਰਸ’ ਨੇ ਦਿੱਤੀ ਆਪਣੀ ਰਿਪੋਰਟ ਵਿਚ ਬਿਕਰਮ ਸਿੰਘ ਮਜੀਠੀਆ ਦੀ ਨਸ਼ਾ ਤਸਕਰੀ ‘ਚ ਭੂਮਿਕਾ ਦੀ ਵਧੇਰੇ ਜਾਂਚ ਦੀ ਲੋੜ ਦਾ ਇੰਕਸ਼ਾਫ਼ ਕੀਤਾ ਹੈ। ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸੀਨੀਅਰ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਬਣਾਈ ਗਈ ਨਸ਼ਾ ਵਿਰੋਧੀ ‘ਸਪੈਸ਼ਲ ਟਾਸਕ ਫੋਰਸ’ ਵਲੋਂ ਹਾਈਕੋਰਟ ਵਿਚ ਕੌਮਾਂਤਰੀ ਨਸ਼ਾ ਤਸਕਰੀ ਸਬੰਧੀ ਕੇਸ ‘ਚ ਆਪਣੀ ਰਿਪੋਰਟ ਹਾਈਕੋਰਟ ਵਿਚ ਸੌਂਪੀ ਹੈ, ਜਿਸ ਵਿਚ ਉਸ ਨੇ ਬਿਕਰਮ ਸਿੰਘ ਮਜੀਠੀਆ ‘ਤੇ ਕੌਮਾਂਤਰੀ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਲੱਗੇ ਦੋਸ਼ਾਂ ਸਬੰਧੀ ਲਿਖਿਆ ਹੈ ਕਿ ਮਜੀਠੀਆ ‘ਤੇ ਲੱਗੇ ਦੋਸ਼ਾਂ ਦੇ ਕਾਫ਼ੀ ਸਬੂਤ ਰਿਕਾਰਡ ‘ਚ ਮੌਜੂਦ ਹਨ, ਜਿਸ ਕਰਕੇ ਬਿਕਰਮ ਮਜੀਠੀਆ ਦੀ ਨਸ਼ਾ ਤਸਕਰੀ ‘ਚ ਕਥਿਤ ਭੂਮਿਕਾ ਦੀ ਅਗਲੇਰੀ ਜਾਂਚ ਦੀ ਲੋੜ ਹੈ।
ਸਾਲ 2013 ‘ਚ ਪੰਜਾਬ ਪੁਲਿਸ ਵਲੋਂ 700 ਕਰੋੜ ਦੇ ਡਰੱਗ ਰੈਕੇਟ ਨਾਲ ਕੌਮਾਂਤਰੀ ਨਸ਼ਾ ਤਸਕਰੀ ਲਈ ਬਦਨਾਮ ਬਰਖ਼ਾਸਤ ਡੀ.ਐਸ.ਪੀ. ਅਤੇ ਅਰਜੁਨ ਐਵਾਰਡੀ ਪਹਿਲਵਾਨ ਜਗਦੀਸ਼ ਭੋਲਾ ਦੀ ਕੀਤੀ ਗ੍ਰਿਫ਼ਤਾਰੀ ਤੋਂ ਬਾਅਦ ਨਸ਼ਿਆਂ ਦੇ ਪ੍ਰਕੋਪ ਸਬੰਧੀ ਅਨੇਕਾਂ ਨਵੇਂ ਅਤੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਹੋਏ ਸਨ। ਭੋਲੇ ਦੇ ਨਸ਼ਾ ਤਸਕਰੀ ਨੈਟਵਰਕ ਵਿਚ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ ਗਏ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਮਨਿੰਦਰ ਸਿੰਘ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਵੱਲ ਨਸ਼ਾ ਤਸਕਰੀ ਦੀਆਂ ਉਂਗਲਾਂ ਉੱਠਣ ਲੱਗੀਆਂ ਸਨ। ਇਨ੍ਹਾਂ ਦੋਵਾਂ ਵਲੋਂ ਹਿਮਾਚਲ ਪ੍ਰਦੇਸ਼ ਵਿਚ ਦਵਾਈਆਂ ਬਣਾਉਣ ਵਾਲੀ ਆਪਣੀ ਫ਼ੈਕਟਰੀ ਵਿਚ ਸਿੰਥੈਟਿਕ ਨਸ਼ੇ ਤਿਆਰ ਕੀਤੇ ਜਾਂਦੇ ਸਨ। ਇਨ੍ਹਾਂ ਨੇ ਪੁਲਿਸ ਦੀ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਸੀ ਕਿ ਉਹ ਪਾਕਿਸਤਾਨ ਤੋਂ ਆਉਂਦੀ ਹੈਰੋਇਨ ਅਤੇ ਸਮੈਕ ਨੂੰ ਸਰਹੱਦ ਤੋਂ ਅਗਲੀ ਮੰਜ਼ਿਲ ‘ਤੇ ਪਹੁੰਚਾਉਣ ਲਈ ਅਕਾਲੀ ਦਲ ਦੀਆਂ ਰੈਲੀਆਂ ‘ਚ ਵਰਤੀਆਂ ਜਾਣ ਵਾਲੀਆਂ ਗੱਡੀਆਂ ਦੀ ਵਰਤੋਂ ਕਰਦੇ ਸਨ ਕਿਉਂਕਿ ਇਨ੍ਹਾਂ ਗੱਡੀਆਂ ‘ਤੇ ਸੱਤਾਧਾਰੀ ਅਕਾਲੀ ਦਲ ਦੇ ਸਟਿੱਕਰ ਹੋਣ ਕਾਰਨ ਪੁਲਿਸ ਇਨ੍ਹਾਂ ਨੂੰ ਰੋਕਦੀ ਨਹੀਂ ਸੀ। ਇਸ ਤੋਂ ਬਾਅਦ ਭੋਲੇ ਵਲੋਂ ਪੰਜਾਬ ‘ਚ ਹੁੰਦੀ ਨਸ਼ਾ ਤਸਕਰੀ ਵਿਚ ਪੰਜਾਬ ਦੇ ਤਿੰਨ ਮੰਤਰੀਆਂ ਦੇ ਸ਼ਾਮਲ ਹੋਣ ਦੇ ਸੰਕੇਤ ਦਿੱਤੇ ਸਨ ਪਰ ਬਾਅਦ ਵਿਚ ਸ਼ਰ੍ਹੇਆਮ ਉਸ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਂਅ ਲੈ ਦਿੱਤਾ ਸੀ। ਬਿਕਰਮ ਮਜੀਠੀਆ ਦਾ ਨਸ਼ਾ ਤਸਕਰੀ ‘ਚ ਗ੍ਰਿਫ਼ਤਾਰ ਭੋਲੇ ਵਲੋਂ ਸ਼ਰ੍ਹੇਆਮ ਨਾਂਅ ਲੈਣ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਭੂਚਾਲ ਆ ਗਿਆ ਸੀ। ਮਗਰੋਂ ਵਿਰੋਧੀ ਸਿਆਸੀ ਪਾਰਟੀਆਂ ਨੇ ਅਕਾਲੀઠ ਆਗੂਆਂ ਨੂੰ ਘੇਰਨ ਲਈ ਨਸ਼ਾ ਤਸਕਰੀ ਦੇ ਦੋਸ਼ਾਂ ਨੂੰ ਸਿਆਸੀઠ ਹਥਿਆਰ ਹੀ ਬਣਾ ਲਿਆ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਨਸ਼ਾ ਤਸਕਰਾਂ ਦਾ ਸਰਗਣਾ ਹੋਣ ਦੇ ਧੂੰਆਂਧਾਰ ਦੋਸ਼ ਲਗਾਏ ਸਨ। ਇਨ੍ਹਾਂ ਦੋਸ਼ਾਂ ਦੇ ਸਬੰਧ ‘ਚ ਹੀ ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਦੇ ਖ਼ਿਲਾਫ਼ ਅੰਮ੍ਰਿਤਸਰ ਦੀ ਅਦਾਲਤ ਵਿਚ ਮਾਣਹਾਨੀ ਦਾ ਮੁਕੱਦਮਾ ਕੀਤਾ ਹੋਇਆ ਸੀ। ਕੇਜਰੀਵਾਲ ਅਦਾਲਤ ਵਿਚ ਮਜੀਠੀਆ ਖ਼ਿਲਾਫ਼ ਲਗਾਏ ਗਏ ਦੋਸ਼ਾਂ ਦੇ ਸਬੂਤ ਪੇਸ਼ ਕਰਨ ਦੀ ਥਾਂ ਵੀਰਵਾਰ ਨੂੰ ਮੁਆਫ਼ੀ ਮੰਗ ਕੇ ਸੁਰਖ਼ਰੂ ਹੋ ਗਏ ਪਰ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਨੇ ਵੀ ਇਸ ‘ਤੇ ਹੈਰਾਨੀ ਜਤਾਈ ਹੈ ਕਿ ਜਦੋਂ ਕੇਜਰੀਵਾਲ ਨੇ ਮਜੀਠੀਆ ‘ਤੇ ਨਸ਼ਾ ਤਸਕਰੀ ਦੇ ਦੋਸ਼ ਲਗਾਏ ਸਨ ਤਾਂ ਉਸ ਵੇਲੇ ਪਾਰਟੀ ਪ੍ਰੋਗਰਾਮ ਅਨੁਸਾਰ ਪੰਜਾਬ ਦਾ ਆਮ ਆਦਮੀ ਪਾਰਟੀ ਦੇ ਹਰ ਵਰਕਰ ਨੇ ਮਜੀਠੀਆ ‘ਤੇ ਨਸ਼ਾ ਤਸਕਰੀ ਦੇ ਦੋਸ਼ਾਂ ਵਾਲੇ ਬੈਨਰ ਜਾਂ ਬੋਰਡ ਆਪੋ-ਆਪਣੇ ਸ਼ਹਿਰ ਵਿਚ ਲਗਾਏ ਸਨ ਪਰ ਹੁਣ ਕੇਜਰੀਵਾਲ ਨੇ ਮਜੀਠੀਆ ਤੋਂ ਮਾਫ਼ੀ ਮੰਗਣ ਲੱਗਿਆਂ ਪੰਜਾਬ ਵਿਚ ਪਾਰਟੀ ਦੇ ਵਰਕਰਾਂ ਦੀ ਰਾਇ ਤੱਕ ਨਹੀਂ ਜਾਣੀ। ਆਮ ਲੋਕਾਂ ‘ਚ ਵੀ ਇਹ ਪ੍ਰਭਾਵ ਗਿਆ ਹੈ ਕਿ ਕੇਜਰੀਵਾਲ ਨੇ ਪੰਜਾਬ ‘ਚ ਨਸ਼ਾ ਤਸਕਰੀ ਦੀ ਗੰਭੀਰਤਾ ਨਾਲ ਜ਼ਮੀਨੀ ਹਕੀਕਤ ਨੂੰ ਸਮਝੇ ਬਗ਼ੈਰ ਹੀ ਸਿਆਸੀ ਲਾਹਾ ਲੈਣ ਲਈ ਮਜੀਠੀਆ ਖ਼ਿਲਾਫ਼ ਦੋਸ਼ ਲਗਾਏ ਸਨ ਅਤੇ ਹੁਣ ਵੀ ਸਿਆਸੀ ਆਸ਼ੇ ਨੂੰ ਸਾਹਮਣੇ ਰੱਖ ਕੇ ਹੀ ਮਜੀਠੀਆ ਕੋਲੋਂ ਮਾਫ਼ੀ ਮੰਗੀ ਹੈ, ਕਿਉਂਕਿ ਪੰਜਾਬ ਸਰਕਾਰ ਦੀ ਨਸ਼ਾ ਰੋਕੂ ਵਿਸ਼ੇਸ਼ ਟਾਸਕ ਫੋਰਸ ਵਲੋਂ ਹਾਈਕੋਰਟ ਵਿਚ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ਸਬੰਧੀ ਕਾਫ਼ੀ ਸਬੂਤਾਂ ਦੇ ਆਧਾਰ ‘ਤੇ ਹੋਰ ਜਾਂਚ ਦੀ ਮੰਗ ਕੀਤੇ ਜਾਣ ਨਾਲ ਇਹ ਸਾਬਤ ਹੋ ਜਾਂਦਾ ਹੈ ਕਿ ਫ਼ਿਲਹਾਲ ਮਜੀਠੀਆ ਵੀ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ਾਂ ਤੋਂ ਅਦਾਲਤਾਂ ‘ਚੋਂ ਦੁੱਧ ਧੋਤੇ ਹੋ ਕੇ ਨਹੀਂ ਨਿਕਲ ਸਕੇ। ઠ
ਇਹ ਤੱਥ ਕਿਸੇ ਤੋਂ ਛੁਪਿਆ ਨਹੀਂ ਹੈ ਕਿ ਨਸ਼ਿਆਂ ਖ਼ਿਲਾਫ਼ ਜੱਦੋ-ਜਹਿਦ, ਸਿਆਸੀ ਇੱਛਾ ਸ਼ਕਤੀ, ਪ੍ਰਸ਼ਾਸਨਿਕ ਸਰਗਰਮੀ, ਸਮਾਜਿਕ ਮਾਹੌਲ ਅਤੇ ਲੋਕਾਂ ਦੀ ਸੁਚੇਤ ਸ਼ਮੂਲੀਅਤ ਤੋਂ ਬਿਨਾਂ ਸੰਭਵ ਨਹੀਂ ਹੈ। ਪਰ ਅਜਿਹਾ ਤਦ ਹੀ ਸੰਭਵ ਹੈ ਜੇਕਰ ਸਿਆਸਤਦਾਨ ਅਜਿਹੇ ਗੰਭੀਰ ਮੁੱਦਿਆਂ ਤੋਂ ਵੀ ਸਿਆਸੀ ਲਾਹਾ ਲੈਣ ਦੇ ਬਜਾਇ ਲੋਕਾਂ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਉਣ।ઠਫ਼ੋਕੀ ਬਿਆਨਬਾਜ਼ੀ ਅਤੇ ਸੌੜੇ ਸਿਆਸੀ ਮੰਤਵ ਛੱਡ ਕੇ ਸੂਬੇ ਦੀ ਬਿਹਤਰੀ ਲਈ ਇਸ ਨੂੰ ਨਸ਼ਾ-ਮੁਕਤ ਬਣਾਉਣ ਲਈ ਦ੍ਰਿੜ੍ਹ ਇੱਛਾ ਸ਼ਕਤੀ ਪੈਦਾ ਕਰਨ ਦੀ ਲੋੜ ਹੈ।
Check Also
ਭਾਰਤ ਵਿਚ ਵਧਦੀ ਫਿਰਕੂ ਹਿੰਸਾ
ਮਨੀਪੁਰ ਭਾਰਤ ਦਾ ਉੱਤਰ-ਪੂਰਬੀ ਰਾਜ ਹੈ, ਜਿਸ ਵਿਚ ਲਗਭਗ ਪਿਛਲੇ ਡੇਢ ਸਾਲ ਤੋਂ ਪੈਦਾ ਹੋਈ …