ਟੋਰਾਂਟੋ/ਬਿਊਰੋ ਨਿਊਜ਼ : ਜੀ-7 ਆਗੂਆਂ ਦੀ ਹੋ ਰਹੀ ਸਿਖਰ ਵਾਰਤਾ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਿਰੋਸਿਮਾ, ਜਾਪਾਨ ਪਹੁੰਚ ਚੁੱਕੇ ਹਨ। ਇੱਥੇ ਉਨ੍ਹਾਂ ਵੱਲੋਂ ਜੀਓਪੁਲੀਟੀਕਲ ਅਸਥਿਰਤਾ ਖਿਲਾਫ ਕੌਮਾਂਤਰੀ ਸਹਿਯੋਗ ਵਧਾਉਣ ਦੇ ਆਰਥਿਕ ਸਕਿਊਰਿਟੀ ਵਿੱਚ ਵਾਧਾ ਕਰਨ ਲਈ ਆਪਣੇ ਹਮਰੁਤਬਾ ਅਧਿਕਾਰੀਆਂ ਉੱਤੇ ਦਬਾਅ ਪਾਇਆ ਜਾਵੇਗਾ। ਇਸ ਦੇ ਨਾਲ ਹੀ ਟਰੂਡੋ ਕਲਾਈਮੇਟ ਚੇਂਜ ਦੇ ਮੁੱਦੇ ਉੱਤੇ ਵੀ ਕੌਮਾਂਤਰੀ ਸਹਿਯੋਗ ਦੀ ਆਸ ਰੱਖਦੇ ਹਨ। ਇਸ ਤੋਂ ਇਲਾਵਾ ਸਾਰੀ ਦੁਨੀਆਂ ਦੀਆਂ ਨਜਰਾਂ ਇਸ ਗੱਲ ਉੱਤੇ ਲੱਗੀਆਂ ਹੋਈਆਂ ਹਨ ਕਿ ਜੀ-7 ਦੇਸ਼ ਚੀਨ ਤੋਂ ਸੰਭਾਵੀ ਖਤਰੇ ਨਾਲ ਕਿਸ ਤਰ੍ਹਾਂ ਨਜਿੱਠਦੇ ਹਨ। ਜੀ-7 ਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ, ਬ੍ਰਿਟੇਨ, ਜਰਮਨੀ, ਫਰਾਂਸ, ਇਟਲੀ ਤੇ ਜਾਪਾਨ, ਸਾਂਝੇ ਟੀਚਿਆਂ ਦੀ ਪ੍ਰਾਪਤੀ ਬਾਰੇ ਸਾਲਾਨਾ ਤੌਰ ਉੱਤੇ ਮੁਲਾਕਾਤ ਕਰਦੇ ਹਨ। ਇਸ ਵਾਰੀ ਦੇ ਏਜੰਡੇ ਵਿੱਚ ਸੱਤ ਮੁੱਖ ਮੁੱਦਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਜੀਓਪੁਲਿਟੀਕਲ ਤੇ ਗਲੋਬਲ ਸਕਿਊਰਿਟੀ ਦੇ ਮੁੱਦੇ, ਆਰਥਿਕ ਮਾਮਲੇ ਤੇ ਕਲਾਈਮੇਟ ਚੇਂਜ ਦੇ ਨਾਲ ਨਾਲ ਐਨਰਜੀ ਦਾ ਮਾਮਲਾ ਵੀ ਸਾਮਲ ਹੈ।
ਇਸ ਸਿਖਰ ਵਾਰਤਾ ਤੋਂ ਪਹਿਲਾਂ ਟਰੂਡੋ ਵੀਰਵਾਰ ਨੂੰ ਆਪਣੇ ਪਹਿਲੇ ਦੱਖਣੀ ਕੋਰੀਆਈ ਦੌਰੇ ਉੱਤੇ ਗਏ ਸਨ। ਇਸ ਮੌਕੇ ਦੋਵਾਂ ਮੁਲਕਾਂ ਵੱਲੋਂ ਅਹਿਮ ਮਿਨਰਲਜ ਦੀ ਸਪਲਾਈ ਚੇਨ ਨੂੰ ਬਰਕਰਾਰ ਰੱਖਣ ਤੇ ਯੂਥ ਮੋਬਿਲਿਟੀ ਬਾਰੇ ਸਮਝੌਤੇ ਕੀਤੇ ਗਏ। ਜਿਕਰਯੋਗ ਹੈ ਕਿ ਕੈਨੇਡਾ ਆਪਣੇ ਰਵਾਇਤੀ ਪੱਛਮੀ ਭਾਈਵਾਲਾਂ ਤੋਂ ਇਲਾਵਾ ਇਸ ਵਾਰੀ ਦੱਖਣੀ ਕੋਰੀਆ ਤੇ ਜਾਪਾਨ ਨਾਲ ਵੀ ਸਾਂਝ ਵਧਾਉਣੀ ਚਾਹੁੰਦਾ ਹੈ।