ਓਟਵਾ : ਐਨਡੀਪੀ ਵੱਲੋਂ ਫਲਸਤੀਨ ਨੂੰ ਵੱਖਰੇ ਦੇਸ ਵਜੋਂ ਮਾਨਤਾ ਦੇਣ ਲਈ ਲਿਆਂਦੇ ਮਤੇ ਦੇ ਪਾਸ ਹੋਣ ਮਗਰੋਂ ਲਿਬਰਲ ਐਮਪੀ ਐਂਥਨੀ ਹਾਊਸਫਾਦਰ ਨੇ ਖਫਾ ਹੁੰਦਿਆਂ ਆਖਿਆ ਕਿ ਉਹ ਲਿਬਰਲ ਕਾਕਸ ਵਿੱਚ ਆਪਣੀ ਥਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕੰਸਰਵੇਟਿਵ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ। ਇੱਕ ਇੰਟਰਵਿਊ ਵਿੱਚ ਹਾਊਸਫਾਦਰ ਨੇ ਆਖਿਆ ਕਿ ਉਹ ਪਤਾ ਲਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਥਾਂ ਕਿੱਥੇ ਹੈ। ਹਾਊਸਫਾਦਰ ਨੇ ਆਖਿਆ ਕਿ ਉਨ੍ਹਾਂ ਅਜੇ ਕੰਸਰਵੇਟਿਵ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਿੱਧੇ ਤੌਰ ਉੱਤੇ ਕਿਸੇ ਨਾਲ ਗੱਲ ਨਹੀਂ ਕੀਤੀ ਪਰ ਉਨ੍ਹਾਂ ਦੇ ਕਈ ਕੰਸਰਵੇਟਿਵ ਦੋਸਤ ਤੇ ਕੁਲੀਗਜ ਹਨ। ਸੋਮਵਾਰ ਰਾਤ ਨੂੰ ਐਨਡੀਪੀ ਵੱਲੋਂ ਲਿਆਂਦੇ ਤੇ ਲਿਬਰਲਾਂ ਵੱਲੋਂ ਸੋਧੇ ਗਏ ਮਤੇ ਖਿਲਾਫ ਵੋਟ ਪਾਉਣ ਵਾਲੇ ਤਿੰਨ ਲਿਬਰਲ ਐਮਪੀਜ ਵਿੱਚੋਂ ਇੱਕ ਹਾਊਸਫਾਦਰ ਵੀ ਸਨ।
ਹਾਊਸਫਾਦਰ ਨੇ ਆਖਿਆ ਕਿ ਮਤੇ ਵਿੱਚ ਸੋਧ ਹੋਣ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਵੱਲੋਂ ਮਤੇ ਦਾ ਸਮਰਥਨ ਕਰਨ ਕਾਰਨ ਉਹ ਖੁਦ ਨੂੰ ਬਹੁਤ ਅਲੱਗ ਥਲੱਗ ਮਹਿਸੂਸ ਕਰ ਰਹੇ ਹਨ। ਇਸ ਸੱਭ ਕਾਸੇ ਦੇ ਬਾਵਜੂਦ ਹਾਊਸਫਾਦਰ, ਜੋ ਕਿ ਟੀਨੇਜ ਤੋਂ ਹੀ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ, ਨੇ ਆਖਿਆ ਕਿ ਉਹ ਕੋਈ ਵੀ ਫੈਸਲਾ ਤੈਸ਼ ਵਿੱਚ ਆ ਕੇ ਨਹੀਂ ਲੈਣਗੇ ਤੇ ਇਸੇ ਲਈ ਉਹ ਆਪਣਾ ਪੂਰਾ ਸਮਾਂ ਸੋਚ ਵਿਚਾਰ ਕਰਨ ਉੱਤੇ ਲਗਾ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਕੀ ਕਰਨਾ ਚਾਹੁੰਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …