ਓਟਵਾ/ਬਿਊਰੋ ਨਿਊਜ਼ : ਪਹਿਲੀ ਅਪ੍ਰੈਲ ਤੋਂ ਕਾਰਬਨ ਟੈਕਸਾਂ ਵਿੱਚ ਕੀਤੇ ਜਾ ਰਹੇ ਵਾਧੇ ਦੇ ਵਿਰੋਧ ਵਿੱਚ ਕੰਸਰਵੇਟਿਵ ਆਗੂ ਪਇਏਰ ਪੌਲੀਏਵਰ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ।
ਦੂਜੇ ਪਾਸੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਇਸ ਫੈਸਲੇ ਵਿੱਚ ਕੋਈ ਫੇਰਬਦਲ ਨਹੀਂ ਕਰਨਗੇ।
ਕਲਾਈਮੇਟ ਐਕਸ਼ਨ ਗਰੁੱਪਜ਼ ਵੱਲੋਂ ਕੰਸਰਵੇਟਿਵਾਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਕਾਰਬਨ ਟੈਕਸ ਦਾ ਸਹਾਰਾ ਲੈ ਕੇ ਸਿਆਸੀ ਨੰਬਰ ਨਾ ਬਣਾਉਣ ਤੇ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬੁੱਧਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਪੌਲੀਏਵਰ ਵੱਲੋਂ ਦਿੱਤੀ ਇਸ ਚੁਣੌਤੀ ਨੂੰ ਸਵੀਕਾਰ ਕਰ ਲਿਆ। ਇਸ ਉੱਤੇ ਟਿੱਪਣੀ ਕਰਦਿਆਂ ਟਰੂਡੋ ਨੇ ਆਖਿਆ ਕਿ ਪ੍ਰਦੂਸ਼ਣ ਦੇ ਨਾਂ ਉੱਤੇ ਚੋਣਾਂ? ਅਸੀਂ ਪਹਿਲਾਂ ਵੀ ਤਿੰਨ ਵਾਰੀ ਚੋਣ ਲੜ ਕੇ ਜਿੱਤ ਚੁੱਕੇ ਹਾਂ। ਇਸ ਉੱਤੇ ਪੌਲੀਏਵਰ ਨੇ ਆਖਿਆ ਕਿ ਫਿਰ ਚੌਥੀ ਵਾਰੀ ਚੋਣ ਲੜਨ ਵਿੱਚ ਕੋਈ ਦਿੱਕਤ ਲਿਬਰਲਾਂ ਨੂੰ ਨਹੀਂ ਆਉਣੀ ਚਾਹੀਦੀ।
ਬੁੱਧਵਾਰ ਸਵੇਰੇ ਪਾਰਲੀਆਮੈਂਟ ਹਿੱਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੌਲੀਏਵਰ ਨੇ ਆਖਿਆ ਕਿ ਉਹ ਟਰੂਡੋ ਨੂੰ ਫੂਡ, ਗੈਸ ਤੇ ਹੀਟ ਉੱਤੇ ਲਾਏ ਜਾਣ ਵਾਲੇ ਟੈਕਸ ਵਿੱਚ ਵਾਧਾ ਕਰਨ ਤੋਂ ਰੋਕਣ ਲਈ ਆਖਰੀ ਮੌਕਾ ਤੇ ਇੱਕ ਦਿਨ ਹੋਰ ਦੇ ਰਹੇ ਹਨ।
ਇਸ ਤੋਂ ਬਾਅਦ ਜੇ ਉਨ੍ਹਾਂ ਵੱਲੋਂ ਟੈਕਸ ਵਿੱਚ ਵਾਧੇ ਉੱਤੇ ਰੋਕ ਨਾ ਲਾਈ ਗਈ ਤਾਂ ਉਹ ਪ੍ਰਧਾਨ ਮੰਤਰੀ ਖਿਲਾਫ ਬੇਭਰੋਸਗੀ ਮਤਾ ਪੇਸ਼ ਕਰਨਗੇ। ਕੰਜ਼ਰਵੇਟਿਵਾਂ ਵੱਲੋਂ ਪੇਸ਼ ਇਸ ਪ੍ਰਸਤਾਵ ਨੂੰ ਟੀਮ ਟਰੂਡੋ, ਬਲਾਕ, ਐਨਡੀਪੀ ਤੇ ਗ੍ਰੀਨ ਪਾਰਟੀ ਵੱਲੋਂ ਰੱਦ ਕਰ ਦਿੱਤਾ ਗਿਆ। ਹੁਣ ਵੀਰਵਾਰ ਨੂੰ ਇਸ ਮੁੱਦੇ ਉੱਤੇ ਭਖਵੀਂ ਬਹਿਸ ਹੋਣ ਦੀ ਸੰਭਾਵਨਾ ਹੈ।
ਕੰਸੇਰਵੇਟਿਵ ਪਾਰਟੀ ਲਿਬਰਲ ਸਰਕਾਰ ਖਿਲਾਫ਼ ਲਿਆ ਸਕਦੀ ਹੈ ਬੇਭਰੋਸਗੀ ਮਤਾ
RELATED ARTICLES