ਓਨਟਾਰੀਓ ਦੇ ਲਿਬਰਲ ਆਗੂ ਵੱਲੋਂ ਇਹ ਤਹੱਈਆ ਪ੍ਰਗਟਾਇਆ ਗਿਆ ਹੈ ਕਿ ਜੇ ਜੂਨ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਉਹ ਪ੍ਰੀਮੀਅਰ ਬਣਦੇ ਹਨ ਤਾਂ ਉਹ ਹੈਂਡਗੰਨਜ਼ ਉੱਤੇ ਪਾਬੰਦੀ ਲਾਉਣਗੇ।
ਸਟੀਵਨ ਡੈਲ ਡੂਕਾ ਨੇ ਆਖਿਆ ਕਿ ਸੱਤਾ ਸਾਂਭਣ ਤੋਂ ਇੱਕ ਸਾਲ ਦੇ ਅੰਦਰ ਹੀ ਉਹ ਹੈਂਡਗੰਨਜ਼ ਉੱਤੇ ਪਾਬੰਦੀ ਲਾ ਦੇਣਗੇ।
ਲਿਬਰਲ ਆਗੂ ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਉਹ ਹੈਂਡਗੰਨਜ਼ ਦੀ ਵਿੱਕਰੀ, ਇਨ੍ਹਾਂ ਨੂੰ ਕੋਲ ਰੱਖਣ, ਇਨ੍ਹਾਂ ਦੀ ਟਰਾਂਸਪੋਰਟੇਸ਼ਨ ਤੇ ਹੈਂਡਗੰਨਜ਼ ਦੀ ਸਟੋਰੇਜ ਉੱਤੇ ਰੋਕ ਲਾਉਣਗੇ। ਉਨ੍ਹਾਂ ਆਖਿਆ ਕਿ ਕਈ ਲੋਕਾਂ ਦੀ ਇਨ੍ਹਾਂ ਗੰਨਜ਼ ਕਾਰਨ ਮੌਤ ਹੋ ਚੁੱਕੀ ਹੈ ਤੇ ਕਈਆਂ ਦੇ ਆਪਣੇ ਜਾਨ ਤੋਂ ਹੱਥ ਧੁਆ ਚੁੱਕੇ ਹਨ ਤੇ ਅਸੀਂ ਇਸ ਸਿਲਸਿਲੇ ਉੱਤੇ ਰੋਕ ਲਾਉਣੀ ਚਾਹੁੰਦੇ ਹਾਂ।
ਓਨਟਾਰੀਓ ਦੇ ਲਿਬਰਲਾਂ ਵੱਲੋਂ ਇਹ ਵੀ ਆਖਿਆ ਗਿਆ ਕਿ ਜੇ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਫੈਡਰਲ ਸਰਕਾਰ ਦੇ ਬਾਇ ਬੈਕ ਪ੍ਰੋਗਰਾਮ ਨੂੰ ਫੰਡ ਕਰਨ ਦੀ ਪੇਸ਼ਕਸ਼ ਨੂੰ ਸਵੀਕਾਰ ਕਰਨਗੇ ਤੇ ਅਮਰੀਕਾ ਨਾਲ ਲੱਗਦੀ ਓਨਟਾਰੀਓ ਦੀ ਕੌਮਾਂਤਰੀ ਹੱਦ ਤੋਂ ਹੋਣ ਵਾਲੀ ਗੰਨ ਦੀ ਸਮਗਲਿੰਗ ਰੋਕਣ ਵਿੱਚ ਵੀ ਭਾਈਵਾਲੀ ਕਰਨਗੇ। ਲਿਬਰਲਾਂ ਨੇ ਹੈਂਡਗੰਨਜ਼ ਉੱਤੇ ਕੌਮੀ ਪੱਧਰ ਉੱਤੇ ਵੀ ਪਾਬੰਦੀ ਲਾਉਣ ਦੀ ਪੈਰਵੀ ਕੀਤੀ ਤੇ ਆਖਿਆ ਕਿ ਅਜਿਹਾ ਕਰਨ ਨਾਲ ਪ੍ਰੋਵਿੰਸ਼ੀਅਲ ਸਰਹੱਦਾਂ ਰਾਹੀਂ ਗੰਨਜ਼ ਕੈਨੇਡਾ ਵਿੱਚ ਦਾਖਲ ਨਹੀਂ ਹੋ ਸਕਣਗੀਆਂ।
ਇਸ ਦੌਰਾਨ ਫੋਰਡ ਸਰਕਾਰ ਨੇ ਆਖਿਆ ਕਿ ਪ੍ਰੋਵਿੰਸ ਵਿੱਚ ਗੰਨ ਹਿੰਸਾ ਡੈਲ ਡੂਕਾ ਦੇ ਵਾਅਦੇ ਨਾਲ ਨਹੀਂ ਹਟਣ ਵਾਲੀ। ਸਾਲੀਸਿਟਰ ਜਨਰਲ ਦੇ ਆਫਿਸ ਨੇ ਆਖਿਆ ਕਿ ਪ੍ਰੋਵਿੰਸ ਵਿੱਚ 80 ਫੀ ਸਦੀ ਗੰਨ ਵਾਇਲੰਸ ਨੂੰ ਗੈਰਕਾਨੂੰਨੀ ਗੰਨਜ਼ ਨਾਲ ਹੀ ਅੰਜਾਮ ਦਿੱਤਾ ਜਾਂਦਾ ਹੈ। ਗੰਨ ਵਾਇਲੰਸ ਨਾਲ ਹੋਣ ਵਾਲੀਆਂ ਅੱਧੀ ਤੋਂ ਵੱਧ ਮੌਤਾਂ ਗੈਂਗ ਨਾਲ ਸਬੰਧਤ ਹਨ।