Breaking News
Home / ਜੀ.ਟੀ.ਏ. ਨਿਊਜ਼ / ਵਿੰਨ ਨੇ ਸਮਰਥਕਾਂ ‘ਚ ਭਰਿਆ ਜੋਸ਼

ਵਿੰਨ ਨੇ ਸਮਰਥਕਾਂ ‘ਚ ਭਰਿਆ ਜੋਸ਼

ਕਿਹਾ, ਵਿਰੋਧੀਆਂ ‘ਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ
ਟੋਰਾਂਟੋ/ਬਿਊਰੋ ਨਿਊਜ਼
ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਓਨਟਾਰੀਓ ਦੀ ਲਿਬਰਲ ਪਾਰਟੀ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਕੈਥਲੀਨ ਵਿੰਨ ਨੇ ਆਪਣੇ ਸਮਰਥਕਾਂ ਵਿੱਚ ਜੋਸ਼ ਭਰ ਦਿੱਤਾ। ਵਿੰਨ ਨੇ ਆਪਣੇ ਸਮਰਥਕਾਂ ਨੂੰ ਆਖਿਆ ਕਿ ਪਹਿਲਾਂ ਤੋਂ ਹੀ ਕੱਚੇ ਘੜੇ ਉੱਤੇ ਤਰ ਰਹੇ ਆਪਣੇ ਵਿਰੋਧੀਆਂ ਉੱਤੇ ਬਹੁਤਾ ਧਿਆਨ ਦੇਣ ਦੀ ਕੋਈ ਲੋੜ ਨਹੀਂ ਹੈ ਸਗੋਂ ਜਿਹੜੇ ਸਿਧਾਂਤਾਂ ਲਈ ਉਹ ਲੜੇ ਰਹੇ ਹਨ ਸਾਨੂੰ ਉਨ੍ਹਾਂ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।
ਵਿੰਨ ਨੇ ਆਪਣੇ ਵਿਰੋਧੀ ਪ੍ਰੋਗਰੈਸਿਵ ਕੰਸਰਵੇਟਿਵਾਂ ਉੱਤੇ ਨਿਸ਼ਾਨਾ ਸਾਧਦਿਆਂ ਆਖਿਆ ਕਿ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਮਗਰੋਂ ਉਨ੍ਹਾਂ ਦੇ ਸਾਬਕਾ ਆਗੂ ਪੈਟਰਿਕ ਬ੍ਰਾਊਨ ਵੱਲੋਂ ਅਸਤੀਫਾ ਦਿੱਤੇ ਜਾਣ ਕਾਰਨ ਉਨ੍ਹਾਂ ਦੇ ਪੈਰ ਤਾਂ ਪਹਿਲਾਂ ਹੀ ਉਖੜ ਚੁੱਕੇ ਹਨ। ਵਿੰਨ ਨੇ ਆਖਿਆ ਕਿ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿ ਟੋਰੀਜ਼ ਕਿਸ ਨੂੰ ਆਪਣਾ ਆਗੂ ਚੁਣਦੇ ਹਨ, ਲਿਬਰਲ ਸਰਕਾਰ ਦੇ ਟੀਚੇ ਪਹਿਲਾਂ ਵਰਗੇ ਹੀ ਰਹਿਣਗੇ।
ਉਨ੍ਹਾਂ ਆਖਿਆ ਕਿ ਹਮੇਸ਼ਾ ਇਹੋ ਜਿਹੇ ਲੋਕ ਆਪਣੇ ਆਲੇ ਦੁਆਲੇ ਰਹਿੰਦੇ ਹਨ ਜਿਹੜੇ ਮੁੱਦਿਆਂ ਨੂੰ ਵੱਖਰੇ ਨਜ਼ਰੀਏ ਨਾਲ ਵੇਖਦੇ ਹਨ। ਜਿਹੜੇ ਸਾਡੀਆਂ ਯੋਜਨਾਵਾਂ ਦੀ ਆਲੋਚਨਾ ਕਰਦੇ ਹਨ। ਕੁੱਝ ਲੋਕ ਅਖਬਾਰਾਂ ਵਿੱਚ ਅਜਿਹਾ ਕਰਦੇ ਹਨ, ਕੁੱਝ ਟਵਿੱਟਰ ਉੱਤੇ ਤੇ ਕੁੱਝ ਲੁਕ ਕੇ ਅਜਿਹਾ ਕਰਦੇ ਹਨ। ਉਨ੍ਹਾਂ ਆਖਿਆ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਸਾਹਮਣੇ ਸਾਨੂੰ ਟੱਕਰ ਦੇਣ ਲਈ ਕੌਣ ਖੜ੍ਹਾ ਹੈ, ਮਸਲਾ ਤਾਂ ਇਹ ਹੈ ਕਿ ਅਸੀਂ ਕਿਸ ਲਈ ਲੜ ਰਹੇ ਹਾਂ।
ਵਿੰਨ ਨੇ ਕੈਨੇਡਾ ਦੀ ਸਿਆਸਤ ਵਿੱਚ ਜਿਨਸੀ ਸ਼ੋਸ਼ਣ ਦੇ ਲੱਗ ਰਹੇ ਦੋਸ਼ਾਂ ਦੇ ਮਾਮਲਿਆਂ ਵਿੱਚ ਹੋਏ ਵਾਧੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਬ੍ਰਾਊਨ ਦੇ ਅਸਤੀਫੇ ਦਾ ਉਚੇਚੇ ਤੌਰ ਉੱਤੇ ਨਾਂ ਨਹੀਂ ਲਿਆ ਸਗੋਂ ਵੱਡੇ ਪੱਧਰ ਉੱਤੇ ਚੱਲ ਰਹੇ ਇਸ ਵਿਵਾਦ ਦੀ ਗੱਲ ਕੀਤੀ। ਉਨ੍ਹਾਂ ਆਖਿਆ ਕਿ ਬੜੀ ਨਮੋਸ਼ੀ ਵਾਲੀ ਗੱਲ ਹੈ ਕਿ 2018 ਵਿੱਚ ਵੀ ਸਾਨੂੰ ਅਜੇ ਇਹੋ ਜਿਹੇ ਵਿਵਹਾਰ ਨਾਲ ਸਿੱਝਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਤੁਸੀਂ ਸੱਭ ਜਾਣਦੇ ਹੋਂ ਕਿ ਪਾਰਟੀ ਵਜੋਂ ਅਸੀਂ ਜਿਨਸੀ ਛੇੜਛਾੜ ਦੇ ਮਾਮਲੇ ਵਿੱਚ ਪਹਿਲਾਂ ਹੀ ਨਵਾਂ ਕੋਡ ਆਫ ਕੰਡਕਟ ਲਿਆ ਚੁੱਕੇ ਹਾਂ। ਅਸੀਂ ਸੁਰੱਖਿਅਤ ਕੰਮ ਵਾਲੀਆਂ ਥਾਂ ਦੇ ਹੱਕ ਵਿੱਚ ਹਾਂ। ਉਨ੍ਹਾਂ ਆਪਣੀ ਪਾਰਟੀ, ਪੀਸੀ ਪਾਰਟੀ ਤੇ ਐਨਡੀਪੀ ਵਿਚਲੇ ਵਿਰੋਧ ਦੀ ਗੱਲ ਵੀ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਤੁਹਾਡੇ ਲਈ ਲੜ ਰਹੇ ਹਾਂ ਤੇ ਲੜਦੇ ਰਹਾਂਗੇ। ਅਸੀਂ ਕਦੇ ਵੀ ਤੁਹਾਡੇ ਲਈ ਲੜਨਾ ਬੰਦ ਨਹੀਂ ਕਰਾਂਗੇ।
ਆਪਣੇ ਭਾਸ਼ਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੰਨ ਨੇ ਆਖਿਆ ਕਿ ਉਨ੍ਹਾਂ ਦੀ ਨਜ਼ਰ ਵਿੱਚ ਉਨ੍ਹਾਂ ਦਾ ਕੋਈ ਵੀ ਅਜਿਹਾ ਉਮੀਦਵਾਰ ਮੈਦਾਨ ਵਿੱਚ ਨਹੀਂ ਜਿਸ ਉੱਤੇ ਅਤੀਤ ਵਿੱਚ ਵੀ ਕੋਈ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਿਆ ਹੋਵੇ। ਪਰ ਜੇ ਫਿਰ ਵੀ ਕਿਸੇ ਖਿਲਾਫ ਕੋਈ ਸ਼ਿਕਾਇਤ ਹੋਵੇ ਤਾਂ ਉਹ ਹਮੇਸ਼ਾ ਸਾਰਿਆਂ ਦੀ ਗੱਲ ਸੁਣਨ ਲਈ ਉਪਲਬਧ ਹਨ। ਜ਼ਿਕਰਯੋਗ ਹੈ ਕਿ ਓਨਟਾਰੀਓ ਦੀਆਂ ਜਨਰਲ ਚੋਣਾਂ 7 ਜੂਨ ਨੂੰ ਹੋਣਗੀਆਂ।

Check Also

ਐਨ.ਡੀ.ਪੀ. ਦੇ ਸਮਰਥਨ ਨਾਲ ਟਰੂਡੋ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਟੋਰਾਂਟੋ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਫੈਡਰਲ ਸਰਕਾਰ ਇਕ ਵਾਰ …