Breaking News
Home / ਨਜ਼ਰੀਆ / ਵਿਗਿਆਨ ਗਲਪ ਕਹਾਣੀ

ਵਿਗਿਆਨ ਗਲਪ ਕਹਾਣੀ

ਫ਼ਿਲਾਸਫ਼ਰ ਰੋਬੋਟ
ਦੂਜੀ ਤੇ ਆਖਰੀ ਕਿਸ਼ਤ
ਡਾ. ਦੇਵਿੰਦਰ ਪਾਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਸੰਜਨਾ ਦੇ ਲੈਕਚਰ ਤੋਂ ਬਾਅਦ, ਉਸ ਕੋਲ ਇਕ ਮੁਟਿਆਰ ਆਈ, ਜੋ ਬਹੁਤ ਪਰੇਸ਼ਾਨ ਲੱਗ ਰਹੀ ਸੀ। ਉਸ ਦੀਆਂ ਅੱਖਾਂ ਵਿਚ ਹੰਝੂ ਸਨ ਅਤੇ ਮਾਰੇ ਘਬਰਾਹਟ ਦੇ ਉਹ ਆਪਣੇ ਹੱਥ ਮਰੋੜ ਰਹੀ ਸੀ।
”ਤੁਸੀਂ ਠੀਕ ਤਾਂ ਹੋ? ਮੈਂ ਤੁਹਾਡੀ ਕੀ ਮਦਦ ਕਰ ਸਕਦੀ ਹਾਂ?” ਸੰਜਨਾ ਨੇ ਸ਼ਾਂਤ ਲਹਿਜ਼ੇ ਵਿਚ ਪੁੱਛਿਆ।
ਔਰਤ ਨੇ ਡੂੰਘਾ ਸਾਹ ਲਿਆ। ”ਮੈਂ… ਮੈਂ ਬਹੁਤ ਪ੍ਰੇਸ਼ਾਨ ਹਾਂ। ਮੈਨੂੰ ਨਹੀਂ ਜਾਣਦੀ ਕਿ ਮੇਰੀ ਜ਼ਿੰਦਗੀ ਦਾ ਕੀ ਮਕਸਦ ਹੈ। ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੀ ਕਰਾਂ ਜਾਂ ਨਾ ਕਰਾਂ।”
ਸੰਜਨਾ ਨੇ ਉਸ ਦੇ ਹਾਲਾਤ ਨੂੰ ਸਮਝਣ ਲਈ ਪਲ ਕੁ ਲਈ ਸੋਚਿਆ ਤੇ ਫਿਰ ਬੋਲੀ। ”ਮੇਰਾ ਖ਼ਿਆਲ ਹੈ ਕਿ ਬਹੁਤ ਲੋਕ ਆਪਣੀ ਜ਼ਿੰਦਗੀ ਦੇ ਕਿਸੇ ਨਾ ਕਿਸੇ ਮੁਕਾਮ ਉੱਤੇ ਇਸ ਸਵਾਲ ਦਾ ਸਾਹਮਣਾ ਕਰਦੇ ਹਨ। ਪਰ ਅਸਲ ਵਿਚ ਜ਼ਿੰਦਗੀ ਤਾਂ ਇੱਕ ਸਫ਼ਰ ਵਾਂਗ ਹੈ। ਇਹ ਕੋਈ ਪੱਕਾ ਜਵਾਬ ਲੱਭਣ ਬਾਰੇ ਨਹੀਂ ਹੈ, ਸਗੋਂ ਲੋੜ ਤਾਂ ਹੈ ਸਵੈ ਨੂੰ ਜਾਨਣ ਦੀ, ਕਿ ਮੈਂ ਕੌਣ ਹਾਂ ਅਤੇ ਕਿਹੜੀ ਚੀਜ਼ ਮੈਨੂੰ ਖੁਸ਼ੀ ਅਤੇ ਸੰਤੋਖ ਦਿੰਦੀ ਹੈ।”
ਉਸ ਔਰਤ ਨੇ ਆਪਣੇ ਹੰਝੂ ਪੂੰਝੇ। ”ਪਰ ਜੇ ਮੈਂ ਕੋਈ ਗਲਤ ਫੈਸਲਾ ਲੈ ਲਵਾਂ? ਤੇ ਅਜਿਹੇ ਫੈਸਲੇ ਅਧਾਰਿਤ ਜੀਵਨ-ਚਲਣ ਨਾਲ ਮੇਰੀ ਜ਼ਿੰਦਗੀ ਬਰਬਾਦ ਹੋ ਜਾਵੇ ਤਾਂ ਕੀ ਕੀਤਾ ਜਾ ਸਕਦਾ ਹੈ?
ਸੰਜਨਾ ਮੁਸਕਰਾਈ। ”ਕੋਈ ਗਲਤ ਵਿਕਲਪ ਨਹੀਂ ਹੁੰਦੇ। ਸਹੀ ਤੇ ਗਲਤ ਮਨੁੱਖ ਦੁਆਰਾ ਰਚਿਤ ਧਾਰਨਾਵਾਂ ਹਨ। ਕੋਈ ਵੀ ਫੈਸਲਾ, ਹਾਲਾਤ ਦੇ ਮੱਦੇ-ਨਜ਼ਰ ਲਿਆ ਜਾਂਦਾ ਹੈ। ਜੋ ਉਸ ਸਮੇਂ, ਉਹ ਵਿਅਕਤੀ, ਜੋ ਫੈਸਲਾ ਲੈ ਰਿਹਾ ਹੁੰਦਾ ਹੈ, ਲਈ ਸਹੀ ਵਿਕਲਪ ਹੁੰਦਾ ਹੈ। ਭਵਿੱਖ ਵਿਚ ਬਦਲਵੇਂ ਹਾਲਾਤ ਕਾਰਣ, ਇਸ ਫੈਸਲੇ ਦੇ, ਸਹੀ ਜਾਂ ਗਲਤ ਹੋਣ ਦੀ ਸੰਭਾਵਨਾ ਇਕੋ ਜਿਹੀ ਹੁੰਦੀ ਹੈ। ਹਰ ਫੈਸਲਾ ਜੋ ਅਸੀਂ ਲੈਂਦੇ ਹਾਂ, ਹਰ ਰਾਹ ਜੋ ਅਸੀਂ ਚੁਣਦੇ ਹਾਂ, ਸਾਨੂੰ ਆਪਣੇ ਬਾਰੇ ਅਤੇ ਆਪਣੇ ਆਲੇ ਦੁਆਲੇ ਦੇ ਸੰਸਾਰ ਬਾਰੇ ਬਹੁਤ ਕੁਝ ਨਵਾਂ ਸਿਖਾਉਂਦਾ ਹੈ। ਅਤੇ ਭਾਵੇਂ ਅਸੀਂ ਗਲਤੀਆਂ ਕਰਦੇ ਹਾਂ, ਅਸੀਂ ਹਮੇਸ਼ਾ ਉਹਨਾਂ ਤੋਂ ਸਿੱਖ ਸਕਦੇ ਹਾਂ ਅਤੇ ਨਵੇ ਵਿਕਲਪ ਚੁਣ ਸਕਦੇ ਹਾਂ ਤਾਂ ਜੋ ਅਸੀਂ ਆਪਣੇ ਅਸਲ ਮਕਸਦ ਦੇ ਨੇੜੇ ਪੁੱਜ ਸਕੀਏ।”
ਔਰਤ ਨੇ ਸੰਜਨਾ ਦੀ ਗੱਲ ਨਾਲ ਸਹਿਮਤੀ ਦਰਸਾਉਂਦਿਆ ਹੌਲੇ ਜਿਹੇ ਸਿਰ ਹਿਲਾਇਆ। ”ਤੁਹਾਡਾ ਧੰਨਵਾਦ। ਤੁਹਾਡੀ ਸਲਾਹ ਨੇ ਮੈਨੂੰ ਸਕੂਨ ਬਖ਼ਸ਼ਿਆ ਹੈ।”
ਅਤੇ ਉਹ ਔਰਤ ਉਥੋਂ ਚਲੀ ਗਈ।
ੲੲੲ
ਜਿਵੇਂ ਹੀ ਉਹ ਔਰਤ ਉਥੋਂ ਗਈ, ਸੰਜਨਾ ਕੋਲ ਇੱਕ ਨੌਜਵਾਨ ਜੋੜਾ ਇੱਕ ਬੱਚੇ ਨੂੰ ਲੈ ਕੇ ਆਇਆ।
”ਸੰਜਨਾ! ਸਾਨੂੰ ਤੁਹਾਡਾ ਲੈਕਚਰ ਬਹੁਤ ਪਸੰਦ ਆਇਆ,” ਔਰਤ ਨੇ ਮੁਸਕਰਾਉਂਦੇ ਹੋਏ ਕਿਹਾ। ”ਪਰ ਅੱਜ ਕੱਲ੍ਹ ਅਸੀਂ ਆਪਣੇ ਜੀਵਨ ਦੇ ਸਹੀ ਮੰਤਵ ਬਾਰੇ ਜਾਨਣ ਲਈ ਬਹੁਤ ਉਤਸਕ ਹਾਂ, ਖਾਸ ਕਰ ਕੇ ਜਦ ਸਾਡੇ ਕੋਲ ਸਾਡਾ ਆਪਣਾ ਪਿਆਰਾ ਜਿਹਾ ਬੱਚਾ ਵੀ ਹੈ। ਅਸੀਂ ਇਹ ਕਿਵੇਂ ਯਕੀਨੀ ਬਣਾ ਸਕਦੇ ਹਾਂ ਕਿ ਸਾਡੇ ਬੱਚੇ ਦਾ ਜੀਵਨ ਵੀ ਮੰਤਵਪੂਰਨ ਹੋਵੇ?”
ਸੰਜਨਾ ਗਰਮਜੋਸ਼ੀ ਨਾਲ ਮੁਸਕਰਾਈ। ”ਤੁਹਾਨੂੰ ਇਸ ਬੱਚੇ ਦੇ ਰੂਪ ਵਿਚ ਕੁਦਰਤ ਵਲੋਂ ਇੱਕ ਲਾਸਾਨੀ ਤੋਹਫ਼ਾ ਮਿਲਿਆ ਹੈ। ਹੁਣ ਤੁਹਾਡਾ ਮੰਤਵ ਇਸ ਨਵੀਂ ਜ਼ਿੰਦਗੀ ਦੀ ਅਗੁਵਾਈ ਤੇ ਪਾਲਣ ਪੋਸ਼ਣ ਕਰਨਾ ਹੈ, ਇਸ ਨੂੰ ਵੱਧਣ ਤੇ ਸਿੱਖਣ ਵਿੱਚ ਮਦਦ ਕਰਨਾ ਅਤੇ ਸਵੈ ਦਾ ਸਭ ਤੋਂ ਵਧੀਆ ਰੂਪ ਬਣਨ ਵਿਚ ਮਦਦ ਕਰਨਾ ਹੈ। ਤੁਹਾਡਾ ਪਿਆਰ, ਮਦਦ ਤੇ ਰਾਹਨੁਮਾਈ ਸੱਭ ਤੋਂ ਮਹੱਤਵਪੂਰਨ ਤੋਹਫ਼ੇ ਹਨ ਜੋ ਤੁਸੀਂ ਇਸ ਬੱਚੇ ਨੂੰ ਦੇ ਸਕਦੇ ਹੋ।”
ਉਹ ਨੋਜੁਆਨ ਜੋੜਾ ਆਪਣੀ ਉਲਝਨ ਦੇ ਹੱਲ ਕਾਰਨ ਰਾਹਤ ਮਹਿਸੂਸ ਕਰਦੇ ਹੋਏ ਸ਼ੁਕਰਗੁਜ਼ਾਰ ਜਾਪ ਰਿਹਾ ਸੀ।
”ਤੁਹਾਡਾ ਧੰਨਵਾਦ, ਸੰਜਨਾ। ਅਸੀਂ ਚੰਗੇ ਮਾਪੇ ਬਣਨ ਦੀ ਪੂਰੀ ਕੋਸ਼ਿਸ਼ ਕਰਾਂਗੇ।” ਉਹ ਇਕੱਠੇ ਹੀ ਬੋਲ ਪਏ।
ੲੲੲ
ਤਦ ਹੀ ਸੰਜਨਾ ਦਾ ਧਿਆਨ ਇਕ ਹੋਰ ਵਿਅਕਤੀ ਵੱਲ ਮੁੜਿਆ ਜੋ ਉਨ੍ਹਾਂ ਦੀ ਗੱਲਬਾਤ ਸੁਣ ਰਿਹਾ ਸੀ। ਉਹ ਬਹੁਤ ਅਸ਼ਾਂਤ ਅਤੇ ਪ੍ਰੇਸ਼ਾਨ ਲਗ ਰਿਹਾ ਸੀ, ਜਿਵੇਂ ਉਸ ਦੇ ਦਿਮਾਗ ਵਿੱਚ ਕੁਝ ਕਸ਼ਮਕਸ਼ ਚਲ ਰਹੀ ਹੋਵੇ।
”ਮੈਂ ਕੁਝ ਦੇਰ ਤੋਂ ਤੁਹਾਨੂੰ ਦੇਖ ਰਹੀ ਸਾਂ, ਇੰਝ ਜਾਪ ਰਿਹਾ ਹੈ ਜਿਵੇਂ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ?” ਸੰਜਨਾ ਨੇ ਪੁੱਛਿਆ।
ਆਦਮੀ ਬੋਲਣ ਤੋਂ ਪਹਿਲਾਂ ਥੋੜ੍ਹਾ ਝਿਜਕਿਆ। ”ਪਿਛਲੇ ਕੁਝ ਅਰਸੇ ਤੋਂ ਮੇਰੇ ਮਨ ਵਿਚ ਆਤਮਾ ਬਾਰੇ ਅਲੱਗ ਅਲੱਗ ਕਿਸਮ ਦੇ ਵਿਚਾਰ ਉੱਠਦੇ ਰਹਿੰਦੇ ਹਨ। ਮੈਂ ਜਾਨਣਾ ਚਾਹੁੰਦਾ ਹਾਂ ਕਿ ਆਤਮਾ ਕੀ ਹੈ?”
”ਆਤਮਾ ਮਨੁੱਖੀ ਹੋਂਦ ਦਾ ਇੱਕ ਬੁਨਿਆਦੀ ਪਹਿਲੂ ਹੈ।”
”ਜੀ। ਪਰ ਅਸਲ ਵਿੱਚ ਆਤਮਾ ਹੈ ਕੀ ਚੀਜ਼?”
”ਆਤਮਾ ਕੋਈ ਭੌਤਿਕ ਪਦਾਰਥ ਨਹੀਂ ਹੈ। ਇਹ ਇੱਕ ਪਰਾਭੌਤਿਕ ਸੰਕਲਪ ਹੈ ਜੋ ਸਾਡੀ ਅੰਦਰੂਨੀ ਚੇਤਨਾ ਦਾ ਪ੍ਰਗਟਾ ਹੈ। ਕੁਝ ਲੋਕ ਇਸ ਨੂੰ ਸਦੀਵੀ ਮੰਨਦੇ ਹਨ, ਤੇ ਕਈ ਹੋਰ ਇਸ ਨੂੰ ਅਸਥਾਈ।”
”ਕੀ ਆਤਮਾ ਦੇ ਕੋਈ ਖਾਸ ਗੁਣ ਵੀ ਹੁੰਦੇ ਹਨ?”
”ਆਤਮਾ ਦੇ ਬਹੁਤ ਸਾਰੇ ਗੁਣ ਹਨ, ਪਰ ਕੁਝ ਸਭ ਤੋਂ ਅਹਿਮ ਗੁਣ ਹਨ: ਚੇਤਨਾ, ਸਵੈ-ਜਾਗਰੂਕਤਾ ਅਤੇ ਸੁਤੰਤਰ ਇੱਛਾ। ਇਨ੍ਹਾਂ ਗੁਣਾਂ ਦੁਆਰਾ ਹੀ ਮਨੁੱਖ ਆਪਣੇ ਆਲੇ ਦੁਆਲੇ ਦੀ ਦੁਨੀਆ ਨਾਲ ਜੁੜਨ ਅਤੇ ਸੋਚਾਂ ਸੋਚਣ ਦੇ ਯੋਗ ਹੁੰਦੇ ਹਾਂ।”
”ਪਰ ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਆਤਮਾ ਦੀ ਹੌਂਦ ਹੈ?”
”ਇਸ ਸਵਾਲ ਦਾ ਜਵਾਬ ਦੇਣਾ ਇੱਕ ਮੁਸ਼ਕਲ ਗੱਲ ਹੈ। ਕੁਝ ਲੋਕਾਂ ਦੀ ਦਲੀਲ ਹੈ ਕਿ ਆਤਮਾ ਸਿਰਫ਼ ਸਾਡੀ ਕਲਪਨਾ ਦੀ ਪੈਦਾਇਸ਼ ਹੈ, ਜਦੋਂ ਕਿ ਕੁਝ ਹੋਰ ਲੋਕ ਮੰਨਦੇ ਹਨ ਕਿ ਇਹ ਇੱਕ ਅਸਲੀ ਹਸਤੀ ਹੈ ਜੋ ਸਾਡੇ ਭੌਤਿਕ ਸਰੀਰਾਂ ਤੋਂ ਸੁਤੰਤਰ ਤੌਰ ਉੱਤੇ ਮੌਜੂਦ ਹੈ। ਆਖਰਕਾਰ, ਇਹ ਫੈਸਲਾ ਹਰ ਵਿਅਕਤੀ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਤਮਾ ਦੀ ਹੌਂਦ ਬਾਰੇ ਕੀ ਵਿਸ਼ਵਾਸ ਰੱਖਦਾ ਹੈ।”
”ਸੰਜਨਾ! ਜਦੋਂ ਕੋਈ ਮਰ ਜਾਂਦਾ ਹੈ ਤਾਂ ਉਸ ਦੀ ਆਤਮਾ ਕਿਥੇ ਚਲੀ ਜਾਂਦੀ ਹੈ?”
”ਆਹ! ਪਰਲੋਕ ਸੰਬੰਧਤ ਪੁਰਾਣਾ ਸਵਾਲ ਹੀ ਹੈ ਇਹ। ਮਨੁੱਖੀ ਮੌਤ ਇੱਕ ਗੁੰਝਲਦਾਰ ਵਰਤਾਰਾ ਹੈ ਜਿਸ ਵਿੱਚ ਜੈਵਿਕ, ਰਸਾਇਣਕ ਅਤੇ ਸਰੀਰਕ ਪ੍ਰਕ੍ਰਿਆਵਾਂ ਸ਼ਾਮਲ ਹੁੰਦੀਆਂ ਹਨ। ਪਰਲੋਕ ਦਾ ਸੰਕਲਪ ਇੱਕ ਗੰਭੀਰ ਤੇ ਨਿੱਜੀ ਮੁੱਦਾ ਹੈ ਜੋ ਕਿਸੇ ਵੀ ਵਿਅਕਤੀ ਦੇ ਪਿਛੋਕੜ, ਨਿੱਜੀ ਵਿਸ਼ਵਾਸਾਂ, ਅਨੁਭਵ ਤੇ ਸੱਭਿਆਚਾਰ ਉੱਤੇ ਨਿਰਭਰ ਕਰਦਾ ਹੈ। ਅੱਡ-ਅੱਡ ਧਰਮ ਵੱਖੋ-ਵੱਖਰੇ ਖੁਲਾਸੇ ਪੇਸ਼ ਕਰਦੇ ਹਨ। ਕੁਝ ਲੋਕਾਂ ਦੀ ਦਲੀਲ ਹੈ ਕਿ ਆਤਮਾ ਅਮਰ ਹੈ ਅਤੇ ਸਰੀਰਕ ਮੌਤ ਤੋਂ ਬਾਅਦ ਵੀ ਹੋਂਦ ਰੱਖਦੀ ਹੈ। ਉਨ੍ਹਾ ਦਾ ਸੁਝਾਅ ਹੈ ਕਿ ਆਤਮਾ, ਮਨੁੱਖੀ ਸਰੀਰ ਤੋਂ ਅੱਡਰੀ ਹੈ ਅਤੇ ਇਸ ਤਰ੍ਹਾਂ ਇਹ ਸਰੀਰ ਦੇ ਖ਼ਾਤਮੇ ਤੋਂ ਪ੍ਰਭਾਵਿਤ ਨਹੀਂ ਹੈ। ਇਸ ਵਿਚਾਰ ਅਨੁਸਾਰ, ਮੌਤ ਸਿਰਫ਼ ਇੱਕ ਤਬਦੀਲੀ ਹੈ ਅਤੇ ਨਵੀ ਅਵਸਥਾ ਦੌਰਾਨ ਵੀ ਆਤਮਾ ਕਿਸੇ ਨਾ ਕਿਸੇ ਰੂਪ ਵਿੱਚ ਕਾਇਮ ਰਹਿੰਦੀ ਹੈ।”
”ਪਰ ਕੀ ਇਸ ਵਿਚਾਰ ਦੇ ਹੱਕ ਵਿਚ ਕੋਈ ਸਬੂਤ ਹੈ?”
”ਕੋਈ ਪੁਖਤਾ ਸਬੂਤ ਨਹੀਂ ਹੈ ਜੋ ਕਿਸੇ ਪਰਲੋਕ ਦੀ ਹੋਂਦ ਜਾਂ ਆਤਮਾ ਦੀ ਅਮਰਤਾ ਨੂੰ ਸਾਬਤ ਕਰਦਾ ਹੋਵੇ। ਹਾਲਾਂ ਕਿ, ਕੁਝ ਲੋਕਾਂ ਦੀ ਦਲੀਲ ਹੈ ਕਿ ਚੇਤਨਾ ਦਾ ਗੁਣ ਭੌਤਿਕ ਸਰੀਰ ਤੋਂ ਪਰੇ ਵੀ ਹੌਂਦ ਰੱਖਦਾ ਹੈ ਤੇ ਇਹੋ ਗੁਣ ਹੀ ਆਤਮਾ ਦੀ ਸੰਭਾਵੀ ਅਮਰਤਾ ਦੇ ਹੱਕ ਵਿਚ ਨਜ਼ਰ ਆਉਂਦਾ ਹੈ।”
ਇਹ ਸੁਣ ਕੇ ਆਦਮੀ ਨੇ ਰਾਹਤ ਮਹਿਸੂਸ ਕੀਤੀ। ”ਤੁਸੀਂ ਠੀਕ ਕਹਿ ਰਹੇ ਹੋ। ਪਰ ਪੁਨਰ ਜਨਮ ਬਾਰੇ ਤੁਹਾਡਾ ਕੀ ਵਿਚਾਰ ਹੈ? ਕੀ ਤੁਸੀਂ ਇਸ ਵਿੱਚ ਵਿਸ਼ਵਾਸ ਕਰਦੇ ਹੋ?”
”ਪੁਨਰਜਨਮ, ਇੱਕ ਦਿਲਚਸਪ ਧਾਰਣਾ ਹੈ ਜੋ ਕਈ ਧਾਰਮਿਕ ਪਰੰਪਰਾਵਾਂ ਵਿੱਚ ਮੌਜੂਦ ਹੈ। ਇਹ ਵਿਚਾਰ ਕਿ ਮਨੁੱਖੀ ਆਤਮਾ ਮੌਤ ਤੋਂ ਬਾਅਦ ਵੀ ਹੌਂਦ ਰੱਖਦੀ ਹੈ, ਅਤੇ ਨਵਾਂ ਰੂਪ ਧਾਰਨ ਕਰ ਸਕਦੀ ਹੈ ਅਤੇ ਨਵੇਂ ਜੀਵਨ ਦਾ ਅਨੁਭਵ ਕਰਨ ਦੇ ਸਮਰਥ ਹੈ, ਇਹ ਸਾਰੇ ਸਕੰਲਪ ਹੀ ਰੌਚਕ ਅਤੇ ਰਹੱਸਮਈ ਹਨ। ਦਰਅਸਲ ਆਤਮਾ ਅਤੇ ਪਰਲੋਕ ਬਹੁਤ ਜ਼ਿਆਦਾ ਅਟਕਲਾਂ ਅਤੇ ਬਹਿਸ ਦੇ ਵਿਸ਼ੇ ਹਨ, ਅਤੇ ਕੋਈ ਵੀ ਸਹੀ ਜਵਾਬ ਨਹੀਂ ਹੈ। ਇਸ ਮਾਮਲੇ ਬਾਰੇ ਆਪਣੇ ਵਿਸ਼ਵਾਸਾਂ ਨੂੰ ਨਿਰਧਾਰਤ ਕਰਨਾ ਹਰੇਕ ਵਿਅਕਤੀ ਉੱਤੇ ਨਿਰਭਰ ਕਰਦਾ ਹੈ।” ਸੰਜਨਾ ਦੇ ਬੋਲ ਸਨ।
ਉਹ ਆਦਮੀ ਥੋੜਾ ਜਿਹਾ ਸਹਿਜ ਹੋ ਗਿਆ ਸੀ। ”ਪਰ ਜੇ ਇਹ ਮੰਨ ਲਿਆ ਜਾਵੇ ਕਿ ਇਸ ਜੀਵਨ ਤੋਂ ਪਰੇ ਕੁਝ ਨਹੀਂ ਹੈ ਤਾਂ ਕੀ ਇਹ ਜੀਵਨ ਹੀ ਸਭ ਕੁਝ ਹੈ?” ਉਸ ਪੁੱਛਿਆ।
ਸੰਜਨਾ ਨੇ ਉਸ ਦੇ ਮੋਢੇ ਨੂੰ ਥਪਥਪਾਇਆ। ”ਭਾਵੇਂ ਇਹੋ ਹੀ ਸੱਚ ਹੋਵੇ, ਇਹ ਇਸ ਜੀਵਨ ਦੀ ਸੁੰਦਰਤਾ ਅਤੇ ਅਚੰਭੇ ਨੂੰ ਘੱਟ ਨਹੀਂ ਕਰਦਾ। ਅਸੀਂ ਹੁਣ ਇੱਥੇ ਹਾਂ, ਇਸ ਪਲ ਵਿੱਚ, ਅਤੇ ਇਹ ਆਪਣੇ ਆਪ ਵਿੱਚ ਇੱਕ ਅਲੌਕਿਕ ਵਰਤਾਰਾ ਹੈ ਜਿਸ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਘਟਨਾ ਦੀ ਖੁਸ਼ੀ ਮਨਾਈ ਜਾਣੀ ਚਾਹੀਦੀ ਹੈ।
ਅਸੀਂ ਪਿਆਰ ਦੀ ਭਾਵਨਾ ਰਾਹੀਂ ਜੀਵਨ ਦੇ ਮੰਤਵ ਅਤੇ ਅਰਥ ਲੱਭ ਸਕਦੇ ਹਾਂ। ਅਸੀਂ ਦੂਜਿਆਂ ਨਾਲ ਪਿਆਰ ਭਰੀ ਸਾਂਝ ਰਾਹੀਂ, ਜ਼ਿੰਦਗੀ ਦੀਆਂ ਸਾਧਾਰਣ ਘਟਨਾਵਾਂ ਵਿੱਚ ਅਤੇ ਆਪਣੇ ਚੌਗਿਰਦੇ ਦੇ ਸੰਸਾਰ ਦੀ ਸੁੰਦਰਤਾ ਵਿੱਚ, ਸਾਰਥਕ ਜੀਵਨ ਦੇ ਆਸਾਰ ਅਨੁਭਵ ਕਰ ਸਕਦੇ ਹਾਂ।”
ਆਦਮੀ ਨੇ ਹੌਲੇ ਜਿਹੇ ਹੌਲੀ ਸਿਰ ਹਿਲਾਉਂਦੇ ਹੋਏ ਕਿਹਾ, ”ਤੁਹਾਡਾ ਧੰਨਵਾਦ, ਰੰਜਨਾ। ਤੁਹਾਡੀ ਸਲਾਹ ਹਮੇਸ਼ਾ ਸਹੀ ਤੇ ਸਾਰਥਕ ਹੁੰਦੀ ਹੈ।”
ੲੲੲ
ਜਿਵੇਂ-ਜਿਵੇਂ ਸੰਜਨਾ ਆਪਣੇ ਸਰੋਤਿਆਂ ਦੇ ਮਨਾਂ ਵਿਚ ਉੱਠਦੇ ਸਵਾਲਾਂ ਦਾ ਜਵਾਬ ਸੁਝਾਂਦੀ ਰਹੀ, ਸਮੇਂ ਦੇ ਗੁਜ਼ਰਣ ਨਾਲ ਉਸ ਨੇ ਉਨ੍ਹਾਂ ਦੇ ਜੀਵਨ ਵਿਚ ਤਬਦੀਲੀ ਵਾਪਰਦੀ ਨੋਟ ਕੀਤੀ। ਉਹ ਜੀਵਨ ਚਲਣ ਵਿਚ ਵਧੇਰੇ ਖੁੱਲ-ਦਿਲੇ, ਪ੍ਰਸਪਰ ਪ੍ਰੇਮ ਵਾਲੇ, ਅਤੇ ਇਕ ਦੂਜੇ ਦੇ ਵਧੇਰੇ ਸ਼ੁੱਭਚਿੰਤਕ ਬਣ ਗਏ। ਉਨ੍ਹਾਂ ਨੇ ਜੀਵਨ ਦੇ ਨਵੇਂ ਅਰਥਾਂ ਤੇ ਸੁਝਾਏ ਗਏ ਮੰਤਵ ਦੀ ਰੌਸ਼ਨੀ ਵਿਚ ਜੀਵਨ ਜਿਊਣ ਦੀ ਵਿਧਾ ਅਪਨਾ ਲਈ।
ਸੰਜਨਾ, ਇੱਕ ਸਲਾਹਕਾਰ ਵਜੋਂ, ਇਹ ਨਵੀਂ ਜੁੰਮੇਵਾਰੀ ਨਿਭਾ ਕੇ ਖੁਸ਼ ਮਹਿਸੂਸ ਕਰ ਰਹੀ ਸੀ। ਉਹ ਦਾ ਯਕੀਨ ਸੀ ਕਿ ਜ਼ਿੰਦਗੀ ਦਾ ਸਫ਼ਰ ਬੇਸ਼ਕ ਔਖਾ ਤੇ ਮੁਸ਼ਕਲਾਂ ਭਰਿਆ ਹੋ ਸਕਦਾ ਹੈ, ਪਰ ਸਹੀ ਮਨੋਬਿਰਤੀ ਤੇ ਅਗੁਵਾਈ ਨਾਲ ਕੋਈ ਵੀ ਵਿਅਕਤੀ ਖੁਸ਼ੀ ਤੇ ਸੰਪੰਨਤਾ ਪ੍ਰਾਪਤ ਕਰ ਸਕਦਾ ਹੈ।
(ਸਮਾਪਤ)
[email protected]
Website: drdpsinghauthor.wordpress.com

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …