25 ਮੈਂਬਰੀ ਵਜ਼ਾਰਤ ‘ਚ ਭਾਰਤੀ ਮੂਲ ਦੀ ਲਿਜ਼ਾ ਨੰਦੀ ਸਣੇ ਰਿਕਾਰਡ 11 ਮਹਿਲਾਵਾਂ ਸ਼ਾਮਲ
ਲੰਡਨ : ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਨਵੀਂ ਕੈਬਨਿਟ ਦਾ ਗਠਨ ਕੀਤਾ ਹੈ, ਜਿਸ ‘ਚ ਐਂਜਲਾ ਰੇਨਰ ਨੂੰ ਉਪ ਪ੍ਰਧਾਨ ਮੰਤਰੀ ਅਤੇ ਰਿਚੇਲ ਰੀਵਜ਼ ਨੂੰ ਖਜ਼ਾਨਾ ਮੰਤਰੀ ਨਿਯੁਕਤ ਕੀਤਾ ਗਿਆ।
ਸਟਾਰਮਰ ਦੀ 25 ਮੈਂਬਰੀ ਕੈਬਨਿਟ ‘ਚ ਭਾਰਤੀ ਮੂਲ ਦੀ ਲਿਜ਼ਾ ਨੰਦੀ ਸਣੇ ਰਿਕਾਰਡ 11 ਔਰਤਾਂ ਸ਼ਾਮਲ ਹਨ। ਉੱਤਰ ਪੱਛਮੀ ਇੰਗਲੈਂਡ ਦੇ ਵਿਗਨ ਸੰਸਦੀ ਹਲਕੇ ਤੋਂ ਜੇਤੂ ਰਹੀ ਲਿਜ਼ਾ ਨੰਦੀ (44) ਨੂੰ ਸੱਭਿਆਚਾਰ, ਮੀਡੀਆ ਤੇ ਖੇਡ ਮੰਤਰੀ ਬਣਾਇਆ ਗਿਆ ਹੈ। ਰਿਚੇਲ ਰੀਵਜ਼ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹਨ ਜਦਕਿ ਜਦਕਿ ਰੇਨਰ ਉਪ ਪ੍ਰਧਾਨ ਮੰਤਰੀ ਬਣਨ ਵਾਲੀ ਦੂਜੀ ਮਹਿਲਾ ਹਨ।
ਇਸ ਦੌਰਾਨ ਯੁਵੈਟੇ ਕੂਪਰ ਨੂੰ ਗ੍ਰਹਿ ਮੰਤਰੀ, ਡੇਵਿਡ ਲੈਮੀ ਨੂੰ ਵਿਦੇਸ਼ ਮੰਤਰੀ ਅਤੇ ਜੌਹਨ ਹੀਲੀ ਨੂੰ ਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ ਹੈ। ਹੋਰ ਨਿਯੁਕਤੀਆਂ ਤਹਿਤ ਸ਼ਬਾਨਾ ਮਹਿਮੂਦ ਨੂੰ ਨਿਆਂ ਮੰਤਰੀ, ਵੈਸ ਸਟਰੀਟਿੰਗ ਨੂੰ ਸਿਹਤ ਮੰਤਰੀ, ਬ੍ਰਿਗੇਟ ਫਿਲਪਸਨ ਨੂੰ ਸਿੱਖਿਆ ਮੰਤਰੀ ਅਤੇ ਐਡ ਮਿਲੀਬੈਂਡ ਨੂੰ ਊਰਜਾ ਮੰਤਰੀ ਬਣਾਇਆ ਗਿਆ ਹੈ।
ਇਸੇ ਦੌਰਾਨ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੀ ਪਹਿਲੀ ਕੈਬਨਿਟ ਮੀਟਿੰਗ ਕੀਤੀ ਕਿਉਂਕਿ ਉਨ੍ਹਾਂ ਦੀ ਨਵੀਂ ਸਰਕਾਰ ਕਈ ਗੰਭੀਰ ਘਰੇਲੂ ਸਮੱਸਿਆਵਾਂ ਦੂਰ ਕਰਨ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਸਟਾਰਮਰ ਨੇ 10 ਡਾਊਨਿੰਗ ਸਟਰੀਟ ‘ਚ ਨਵੇਂ ਮੰਤਰੀਆਂ ਦਾ ਸਵਾਗਤ ਕੀਤਾ। ਉਨ੍ਹਾਂ ਆਖਿਆ, ”ਸਾਡੇ ਕੋਲ ਕਰਨ ਲਈ ਬਹੁਤ ਸਾਰਾ ਕੰਮ ਹੈ, ਇਸ ਲਈ ਹੁਣ ਅਸੀਂ ਆਪਣਾ ਕੰਮ ਸ਼ੁਰੂ ਕਰਨਾ ਹੈ।” ਉਨ੍ਹਾਂ ਸਾਹਮਣੇ ਮੰਦੇ ਅਰਥਚਾਰੇ ਨੂੰ ਹੁਲਾਰਾ ਦੇਣਾ, ਸਿਹਤ ਸੰਭਾਲ ਪ੍ਰਣਾਲੀ ‘ਚ ਸੁਧਾਰ ਅਤੇ ਸਰਕਾਰ ਦਾ ਭਰੋਸਾ ਬਹਾਲ ਕਰਨਾ ਆਦਿ ਸਮੱਸਿਆਵਾਂ ਹਨ। ਲੰਘੇ ਦਿਨ ਡਾਊਨਿੰਗ ਸਟਰੀਟ ਤੋਂ ਪ੍ਰਧਾਨ ਮੰਤਰੀ ਵਜੋਂ ਆਪਣੇ ਪਹਿਲੇ ਭਾਸ਼ਨ ‘ਚ ਕੀਰ ਸਟਾਰਮਰ ਨੇ ਬਰਤਾਨੀਆ ਦੀਆਂ ਸਰਹੱਦਾਂ ਸੁਰੱਖਿਅਤ ਬਣਾਉਣ ਅਤੇ ਦੇਸ਼ ਦੇ ਸਿਹਤ ਢਾਂਚੇ ਨੂੰ ਮੁੜ ਲੀਹ ‘ਤੇ ਲਿਆਉਣ ਦਾ ਅਹਿਦ ਕੀਤਾ ਸੀ। ਹਾਲਾਂਕਿ ਸਟਾਰਮਰ ਨੇ 10 ਡਾਊਨਿੰਗ ਸਟਰੀਟ ‘ਚ ਆਪਣੀ ਨਵੀਂ ਅਧਿਕਾਰਤ ਰਿਹਾਇਸ਼ ਦੇ ਬਾਹਰ ਸਮਰਥਕਾਂ ਦੀ ਹਾਜ਼ਰੀ ‘ਚ ਕਿਹਾ, ”ਕਿਸੇ ਦੇਸ਼ ਨੂੰ ਬਦਲਣਾ ਕੋਈ ‘ਸਵਿੱਚ ਦਬਾਉਣ’ ਵਾਂਗ ਨਹੀਂ ਹੈ। ਇਸ ਵਿੱਚ ਕੁਝ ਸਮਾਂ ਲੱਗੇਗਾ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਦਲਾਅ ਦਾ ਕੰਮ ਸ਼ੁਰੂ ਹੋ ਗਿਆ ਹੈ।” ਇਸ ਦੌਰਾਨ ਵਿਦੇਸ਼ ਮੰਤਰੀ ਡੇਵਿਡ ਲੈਮੀ ਨੇ ਵੀ ਆਪਣਾ ਕੰਮਕਾਜ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਸਿਹਤ ਮੰਤਰੀ ਵੈਸ ਸਟਰੀਟਿੰਗ ਨੇ ਕਿਹਾ ਕਿ ਉਹ ਹੜਤਾਲ ‘ਤੇ ਚੱਲ ਰਹੇ ਐੱਨਐੱਚਐੱਸ ਡਾਕਟਰਾਂ ਨਾਲ ਨਵੇਂ ਸਿਰਿਓਂ ਗੱਲਬਾਤ ਸ਼ੁਰੂ ਕਰਨਗੇ।
ਭਾਰਤੀ ਮੂਲ ਦੇ ਆਲੋਕ ਸ਼ਰਮਾ ਸੰਸਦ ਦੇ ਉਪਰਲੇ ਸਦਨ ਦੇ ਮੈਂਬਰ ਬਣੇ
ਲੰਡਨ: ਬਰਤਾਨੀਆ ‘ਚ ਆਮ ਚੋਣਾਂ ਨਾ ਲੜਨ ਵਾਲੇ ਕੰਸਰਵੇਟਿਵ ਪਾਰਟੀ ਦੇ ਭਾਰਤੀ ਮੂਲ ਦੇ ਸਾਬਕਾ ਸੰਸਦ ਮੈਂਬਰ ਅਲੋਕ ਸ਼ਰਮਾ ਨੂੰ ਸੰਸਦ ਦੇ ਉਪਰਲੇ ਸਦਨ ‘ਹਾਊਸ ਆਫ ਲਾਰਡਸ’ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਸ਼ਰਮਾ ਦੀ ਨਾਮਜ਼ਦਗੀ ‘ਤੇ ਬਰਤਾਨੀਆ ਦੇ ਰਾਜਾ ਚਾਰਲਸ ਵੱਲੋਂ ਮੋਹਰ ਲਾਉਣ ਮਗਰੋਂ ਉਹ ਹਾਊਸ ਆਫ ਲਾਰਡਸ ਦੇ ਮੈਂਬਰ ਬਣ ਗਏ ਹਨ। ਬਰਤਾਨੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅਲੋਕ ਸ਼ਰਮਾ ਸਣੇ 7 ਵਿਅਕਤੀਆਂ ਨੂੰ ਉਪਰਲੇ ਸਦਨ ਲਈ ਨਾਮਜ਼ਦ ਕੀਤਾ ਸੀ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਥੈਰੀਸਾ ਮੇਅ ਵੀ ਸ਼ਾਮਲ ਸਨ।
ਬਰਤਾਨਵੀ ਸੰਸਦੀ ਚੋਣਾਂ ‘ਚ ਪੰਜਾਬੀਆਂ ਦਾ ਜਿੱਤਣਾ ਮਾਣ ਵਾਲੀ ਗੱਲ : ਹਰਜਿੰਦਰ ਸਿੰਘ ਧਾਮੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਬਰਤਾਨੀਆ ਵਿੱਚ ਹੋਈਆਂ ਸੰਸਦੀ ਚੋਣਾਂ ‘ਚ ਜਿੱਤ ਹਾਸਲ ਕਰਨ ਵਾਲੇ ਸਿੱਖ ਅਤੇ ਪੰਜਾਬੀ ਸੰਸਦ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਧਾਈ ਦਿੰਦਿਆਂ ਕਿਹਾ ਕਿ ਇਹ ਪੰਜਾਬੀਆਂ ਅਤੇ ਖ਼ਾਸ ਕਰਕੇ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਨੇ ਆਪਣੀ ਮਿਹਨਤ ਨਾਲ ਪੂਰੀ ਦੁਨੀਆਂ ਵਿੱਚ ਨਾਮਣਾ ਖੱਟਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਨਵੇਂ ਚੁਣੇ ਸੰਸਦ ਮੈਂਬਰ ਜ਼ਰੂਰ ਚਾਰਾਜੋਈ ਕਰਨਗੇ। ਇਸ ਤਰ੍ਹਾਂ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਵੀ ਜੇਤੂ ਮੈਂਬਰਾਂ ਨੂੰ ਵਧਾਈ ਦਿੱਤੀ ਹੈ।
ਚਾਰ ਦਸਤਾਰਧਾਰੀ ਸਿੱਖਾਂ ਦਾ ਸੰਸਦ ਮੈਂਬਰ ਬਣਨਾ ਮਾਣਮੱਤੀ ਪ੍ਰਾਪਤੀ : ਗਿਆਨੀ ਰਘਬੀਰ ਸਿੰਘ
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਬਰਤਾਨੀਆ ਦੀਆਂ ਸੰਸਦੀ ਚੋਣਾਂ ਵਿੱਚ ਪਹਿਲੀ ਵਾਰ ਚਾਰ ਦਸਤਾਰਧਾਰੀ ਸਿੱਖਾਂ ਅਤੇ ਸਿੱਖ ਪਰਿਵਾਰਾਂ ਨਾਲ ਸਬੰਧਤ ਪੰਜ ਬੀਬੀਆਂ ਦੇ ਸੰਸਦ ਮੈਂਬਰ ਬਣਨ ਨੂੰ ਸਿੱਖ ਕੌਮ ਲਈ ਮਾਣਮੱਤੀ ਪ੍ਰਾਪਤੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਰਤਾਨੀਆ ਵਿੱਚ ਪਹਿਲਾਂ ਵੀ ਸਿੱਖ ਸਿਵਲ, ਪ੍ਰਸ਼ਾਸਨਿਕ ਤੇ ਰਾਜਨੀਤਕ ਖੇਤਰ ਵਿੱਚ ਚੰਗਾ ਪ੍ਰਭਾਵ ਬਣਾ ਚੁੱਕੇ ਹਨ।