Breaking News
Home / ਨਜ਼ਰੀਆ / ਜੱਲ੍ਹਿਆਂਵਾਲਾ ਬਾਗ਼ ਤੇ ਹਰਿਮੰਦਰ ਸਾਹਿਬ ਦਾ ਸਾਕਾ

ਜੱਲ੍ਹਿਆਂਵਾਲਾ ਬਾਗ਼ ਤੇ ਹਰਿਮੰਦਰ ਸਾਹਿਬ ਦਾ ਸਾਕਾ

ਡਾ. ਮਹੀਪ ਸਿੰਘ
ਵਿਸਾਖੀ 1919 ਵਾਲੇ ਦਿਨ ਅੰਮ੍ਰਿਤਸਰ ਵਿਚ ਹੋਏ ਜਲਿਆਂਵਾਲਾ ਬਾਗ ਦੇ ਦੁਖਾਂਤ ਦੇ ਬੜਾ ਚਿਰ ਪਿੱਛੋਂ ਇਕ ਅੰਗਰੇਜ਼ ਲੇਖਕ ਅਲਫ੍ਰੇਡ ਡ੍ਰੈਪਰ ਨੇ ਇਕ ਪੁਸਤਕ ਲਿਖੀ ਸੀ-‘ਅੰਮ੍ਰਿਤਸਰ : ਉਹ ਕਤਲੇਆਮ ਜਿਸ ਨੇ ‘ਅੰਗਰੇਜ਼ੀ’ ਰਾਜ ਨੂੰ ਖ਼ਤਮ ਕਰ ਦਿੱਤਾ (Amritsar, the massacre ended the raj) ਇਸ ਪੁਸਤਕ ਵਿਚ ਉਸ ਹੱਤਿਆ ਕਾਂਡ ਬਾਰੇ ਬੜਾ ਪ੍ਰਮਾਣਿਕ ਵੇਰਵਾ ਦਿੱਤਾ ਗਿਆ ਹੈ। ਉਸ ਦੁਖਾਂਤ ਬਾਰੇ ਉਸ ਵੇਲੇ ਦੀ ਬ੍ਰਿਟਿਸ਼ ਹਕੂਮਤ ਵੱਲੋਂ ਪੜਤਾਲ ਕਰਨ ਲਈ ਜੱਜ ਲਾਰਡ ਹੰਟਰ ਦੀ ਪ੍ਰਧਾਨਗੀ ਵਿਚ ਇਕ ਕਮਿਸ਼ਨ ਬਿਠਾਇਆ ਗਿਆ ਸੀ। ਹੰਟਰ ਕਮਿਸ਼ਨ ਅੱਗੇ ਬੋਲਦੇ ਹੋਏ ਇਸ ਖੂਨੀ ਸਾਕੇ ਦੇ ਖਲਨਾਇਕ ਬ੍ਰਿਗੇਡੀਅਰ ਜਨਰਲ ਡਾਇਰ ਨੇ ਬੜੇ ਫਖ਼ਰ ਨਾਲ ਇਹ ਕਿਹਾ ਸੀ ਕਿ ਜਲਿਆਂਵਾਲੇ ਬਾਗ ਵਿਚ ਗੋਲੀ ਚਲਾਉਣ ਦਾ ਜਿਹੜਾ ਹੁਕਮ ਮੈਂ ਦਿੱਤਾ ਸੀ, ਉਹ ਠੀਕ ਸੀ ਕਿਉਂਕਿ ਮੈਂ ਹਿੰਦੁਸਤਾਨੀਆਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਕਿਸੇ ਪੂਰੀ ਕੌਮ ਨੂੰ, ਪੂਰੇ ਭਾਈਚਾਰੇ ਨੂੰ ਜਾਂ ਪੂਰੇ ਦੇਸ਼ ਨੂੰ ਸਬਕ ਸਿਖਾਉਣ ਦੀ ਜ਼ਹਿਨੀਅਤ ਜਦੋਂ ਹਕੂਮਤ ਪਾਲ ਲਵੇ ਤਾਂ ਸਮਝੋ ਉਸ ਹਕੂਮਤ ਦੇ ਅਖੀਰਲੇ ਦਿਨ ਆ ਗਏ ਹਨ। ਇਹ ਕਿਹੋ ਜਿਹਾ ਇਤਿਹਾਸਕ ਸੰਜੋਗ ਹੈ ਕਿ ਜਲਿਆਂਵਾਲਾ ਬਾਗ ਦਾ ਸਾਕਾ ਤੇ ਆਪਰੇਸ਼ਨ ਬਲਿਊ ਸਟਾਰ-ਦੋਵੇਂ ਹੀ ਅੰਮ੍ਰਿਤਸਰ ਵਿਚ ਵਾਪਰੇ। ਸਾਕੇ ਵਾਲੇ ਦੋਵੇਂ ਦਿਨ ਵਿਸ਼ੇਸ਼ ਮਹੱਤਤਾ ਵਾਲੇ ਸਨ-ਇਕ ਸਾਕੇ ਵਾਲੇ ਦਿਨ ਵਿਸਾਖੀ ਸੀ ਤੇ ਦੂਜਾ ਸਾਕਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵਾਲੇ ਦਿਨ ਸ਼ੁਰੂ ਕੀਤਾ ਗਿਆ। ਪਹਿਲੇ ਸਾਕੇ ਨਾਲ ਬਰਤਾਨਵੀ ਹਕੂਮਤ ਹਿੰਦੁਸਤਾਨੀਆਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ। ਆਪਰੇਸ਼ਨ ਬਲਿਊ ਸਟਾਰ ਰਾਹੀਂ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦੀ ਸੀ।
ਕਈ ਵਾਰੀ ਇਹ ਸੋਚ ਕੇ ਮੈਨੂੰ ਬੜਾ ਅਚਰਜ ਹੁੰਦਾ ਹੈ ਕਿ ਜਲਿਆਂਵਾਲਾ ਬਾਗ ਦੇ ਸਾਕੇ ਤੇ ਆਪਰੇਸ਼ਨ ਬਲਿਊ ਸਟਾਰ ਵਿਚ ਕਿੰਨੀਆਂ ਸਮਾਨਤਾਵਾਂ ਸਨ। ਜਲਿਆਂਵਾਲੇ ਬਾਗ ਦੇ ਹਾਦਸੇ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਕਾਫੀ ਬਦਅਮਨੀ ਫੈਲੀ ਹੋਈ ਸੀ। ਰੌਲੇਟ ਐਕਟ ਦੇ ਖ਼ਿਲਾਫ 30 ਮਾਰਚ 1919 ਨੂੰ ਅੰਮ੍ਰਿਤਸਰ ਵਿਚ ਪੂਰੀ ਹੜਤਾਲ ਕੀਤੀ ਗਈ ਸੀ। 6 ਅਪ੍ਰੈਲ ਨੂੰ 5,000 ਲੋਕ ਜੱਲਿਆਂਵਾਲਾ ਬਾਗ ਵਿਚ ਇਕੱਤਰ ਹੋਏ ਸਨ ਤੇ ਘੰਟਾਘਰ ‘ਤੇ ਇਕ ਪਰਚਾ ਵੇਖਣ ਵਿਚ ਆਇਆ ਸੀ ਜਿਸ ‘ਤੇ ਲਿਖਿਆ ਹੋਇਆ ਸੀ-‘ਮਰਨ ਮਾਰਨ ਨੂੰ ਤਿਆਰ ਹੋ ਜਾਓ।’ 10 ਅਪ੍ਰੈਲ ਨੂੰ ਉੱਘੇ ਲੀਡਰ ਡਾ: ਸੈਫ਼ੂਦੀਨ ਕਿਚਲੂ ਤੇ ਡਾ: ਸਤਿਪਾਲ ਗ੍ਰਿਫ਼ਤਾਰ ਕੀਤੇ ਗਏ ਅਤੇ ਸਾਰੇ ਸ਼ਹਿਰ ਵਿਚ ਅੰਗਰੇਜ਼ਾਂ ਦੇ ਖਿਲਾਫ਼ ਹਿੰਸਕ ਕਾਰਵਾਈਆਂ ਸ਼ੁਰੂ ਹੋ ਗਈਆਂ ਸਨ। ਲੋਕਾਂ ਨੇ ਉਸ ਹਰ ਬੰਦੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜੋ ਯੂਰਪੀਅਨ ਨਜ਼ਰ ਆਉਂਦਾ ਸੀ। ਰੇਲਵੇ ਸਟੇਸ਼ਨ, ਤਾਰ ਘਰ, ਬੈਂਕਾਂ ‘ਤੇ ਹਮਲੇ ਹੋਏ। ਮਾਰਸੇਲਾ ਸ਼ੇਰਵੁਡ ਨਾਂਅ ਦੀ ਇਕ ਈਸਾਈ ਮਿਸ਼ਨਰੀ ਔਰਤ ਨੂੰ ਲੋਕਾਂ ਨੇ ਘੇਰ ਕੇ ਮਾਰਿਆ ਤੇ ਅਧਮੋਇਆ ਕਰਕੇ ਛੱਡ ਗਏ। ਗੁੱਸੇ ਵਿਚ ਆਏ ਲੋਕਾਂ ਨੇ ਅੰਗਰੇਜ਼ੀ ਸਕੂਲਾਂ ਤੇ ਗਿਰਜਾ ਘਰਾਂ ਨੂੰ ਅੱਗ ਲਾ ਦਿੱਤੀ। ਸੜਕਾਂ ਤੇ ਲੋਕੀਂ ਚੀਕ ਰਹੇ ਸਨ-‘ਗੋਰਿਆਂ ਨੂੰ ਮਾਰ ਮੁਕਾਓ..।’ ਜਨਰਲ ਡਾਇਰ ਨੇ ਇਸ ਬਦਅਮਨੀ ਨੂੰ ਆਪਣੀ ਕਰਤੂਤ ਦਾ ਬਹਾਨਾ ਬਣਾ ਲਿਆ। ਜਦੋਂ ਲਾਰਡ ਹੰਟਰ ਨੇ ਡਾਇਰ ਕੋਲੋਂ ਪੁੱਛਿਆ ਕਿ ਉਸ ਨੇ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਜਲਿਆਂਵਾਲਾ ਬਾਗ ਦੀ ਮੀਟਿੰਗ ਨੂੰ ਭੰਗ ਕਰਨ ਦਾ ਯਤਨ ਕਿਉਂ ਨਹੀਂ ਕੀਤਾ, ਤਾਂ ਜਨਰਲ ਡਾਇਰ ਨੇ ਜਵਾਬ ਦਿੱਤਾ-ਮੈਂ ਕਾਰ ਵਿਚ ਜਾਂਦੇ ਹੋਏ ਇਹ ਨਿਸਚਾ ਕਰ ਲਿਆ ਸੀ ਕਿ ਜੇ ਲੋਕਾਂ ਨੇ ਮੀਟਿੰਗ ਨਾ ਕਰਨ ਦੇ ਹੁਕਮ ਦੀ ਪਾਲਣਾ ਨਾ ਕੀਤੀ ਤਾਂ ਮੈਂ ਉਸੇ ਵੇਲੇ ਗੋਲੀ ਚਲਾਉਣ ਦਾ ਹੁਕਮ ਦੇ ਦਿਆਂਗਾ। ਲੋਕ ਉੱਥੇ ਮੀਟਿੰਗ ਕਰ ਰਹੇ ਸਨ? ਇਸ ਲਈ ਮੈਂ ਕਾਰਵਾਈ ਸ਼ੁਰੂ ਕਰ ਦਿੱਤੀ। 31 ਵਰੇ ਪਹਿਲਾਂ ਹੋਏ ਆਪਰੇਸ਼ਨ ਬਲਿਊ ਸਟਾਰ ਵੇਲੇ ਵੀ ਉਹੋ ਕੁਝ ਵਾਪਰਿਆ। ਪੰਜਾਬ ਵਿਚ ਖਾਸ ਤੌਰ ‘ਤੇ ਅੰਮ੍ਰਿਤਸਰ ਵਿਚ ਮਾਹੌਲ ਹਿੰਸਕ ਕਾਰਗੁਜ਼ਾਰੀਆਂ ਨਾਲ ਗੂੰਜ ਰਿਹਾ ਸੀ। ਇੰਦਰਾ ਗਾਂਧੀ ਦੀ ਸਰਕਾਰ ਲਈ, ਕਿਸੇ ਵੀ ਕਾਰਵਾਈ ਲਈ, ਇਹ ਬਹਾਨਾ ਕਾਫੀ ਸੀ। ਬਿਨਾਂ ਕਿਸੇ ਚਿਤਾਵਨੀ ਦੇ 3 ਜੂਨ ਨੂੰ ਸਾਰੇ ਪੰਜਾਬ ਵਿਚ ਕਰਫ਼ਿਊ ਲਗਾ ਦਿੱਤਾ ਗਿਆ। ਸ਼ਹੀਦੀ ਗੁਰਪੁਰਬ ਮਨਾਉਣ ਆਏ ਹਜ਼ਾਰਾਂ ਯਾਤਰੀ ਦਰਬਾਰ ਸਾਹਿਬ ਖੇਤਰ ਵਿਚ ਫਸ ਗਏ। ਫਿਰ 5 ਜੂਨ ਨੂੰ ਫ਼ੌਜੀ ਕਾਰਵਾਈ ਕਰਨ ਤੋਂ ਪਹਿਲਾਂ ਠੀਕ ਢੰਗ ਨਾਲ ਲੋਕਾਂ ਨੂੰ ਇਸ ਗੱਲ ਲਈ ਸਾਵਧਾਨ ਨਹੀਂ ਕੀਤਾ ਗਿਆ ਕਿ ਜਿਹੜੇ ਲੋਕ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਹਨ, ਉਹ ਚਲੇ ਜਾਣ। ਹੰਟਰ ਕਮਿਸ਼ਨ ਅੱਗੇ ਜਨਰਲ ਡਾਇਰ ਨੇ ਇਹ ਕਿਹਾ ਕਿ ਮੈਂ ਅਸਲ ਵਿਚ ਸ਼ਰਾਰਤੀ ਲੋਕਾਂ ਨੂੰ ਸਜ਼ਾ ਦੇਣੀ ਚਾਹੁੰਦਾ ਸਾਂ, ਇਸ ਲਈ ਜਿਹੜੇ ਸ਼ਰਾਰਤੀ ਨਹੀਂ ਸਨ ਉਹ ਵੀ ਕਲਾਵੇ ਵਿਚ ਆ ਗਏ। ਆਪਰੇਸ਼ਨ ਬਲਿਊ ਸਟਾਰ ਵੇਲੇ ਵੀ ਇਹੋ ਹੋਇਆ। ਸਰਕਾਰ ਕਹਿੰਦੀ ਹੈ ਕਿ ਉਹ ਅੱਤਵਾਦੀਆਂ ਨੂੰ ਸਜ਼ਾ ਦੇਣੀ ਚਾਹੁੰਦੀ ਸੀ, ਪਰ ਇਸ ਅਮਲ ਵਿਚ ਹੋਰ ਹਜ਼ਾਰਾਂ ਲੋਕ ਵੀ ਫ਼ੌਜ ਦੀਆਂ ਗੋਲੀਆਂ ਦੇ ਸ਼ਿਕਾਰ ਹੋ ਗਏ। ਇਹ ਵੇਖ ਕੇ ਕਿਸ ਨੂੰ ਸ਼ਰਮਿੰਦਗੀ ਨਹੀਂ ਹੋਵੇਗੀ ਕਿ 1919 ਵਿਚ ਇਕ ਵਿਦੇਸ਼ੀ ਹਕੂਮਤ ਨੇ ਜਲਿਆਂਵਾਲਾ ਬਾਗ ਕਾਂਡ ਬਾਰੇ ਹੰਟਰ ਕਮਿਸ਼ਨ ਬਣ ਦਿੱਤਾ ਸੀ, ਜਿਸ ਨੇ ਉਸ ਕਾਂਡ ਬਾਰੇ ਅਜਿਹੀ ਰਿਪੋਰਟ ਦਿੱਤੀ ਸੀ, ਜਿਸ ਨਾਲ ਬ੍ਰਿਟਿਸ਼ ਹਕੂਮਤ ਦਾ ਅਕਸ ਸਾਰੀ ਦੁਨੀਆ ਵਿਚ ਮੈਲਾ ਹੁੰਦਾ ਸੀ। ਪਰ ਸਾਡੀ ਸਵਦੇਸ਼ੀ ਸਰਕਾਰ ਆਪਰੇਸ਼ਨ ਬਲਿਊ ਸਟਾਰ ਬਾਰੇ ਸਾਰੇ ਪ੍ਰਚਾਰ ਮਾਧਿਅਮਾਂ ਦੀ ਪੂਰੀ ਦੁਰਵਰਤੋਂ ਕਰਦੀ ਹੋਈ ਝੂਠ ਦੇ ਪੁਲੰਦੇ ਤਿਆਰ ਕਰਦੀ ਰਹੀ, ਕੋਈ ਨਿਰਪੱਖ ਜਾਂਚ ਕਮਿਸ਼ਨ ਬਣਾਉਣ ਦਾ ਉਸ ਨੇ ਹੀਆ ਨਾ ਕੀਤਾ। ਇਸ ਦੁਖਦਾਈ ਘਟਨਾ ਨੇ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਜਿਹੜੇ ਡੂੰਘੇ ਜ਼ਖ਼ਮ ਦਿੱਤੇ ਸਨ ਉਹ ਅੱਜ ਵੀ ਹਰੇ ਹਨ। ਮੈਂ ਸੋਚਦਾ ਹਾਂ ਕਿ ਸਬਕ ਸਿਖਾਉਣ ਦੀ ਇਹ ਰਾਜਨੀਤੀ ਇਸ ਦੇਸ਼ ਨੂੰ ਕਿੱਥੇ ਲਿਜਾਏਗੀ? ਸਬਕ ਸਿਖਾਉਣ ਵਾਲੀਆਂ ਤਾਕਤਾਂ ਇਤਿਹਾਸ ਤੋਂ ਆਪ ਕੋਈ ਸਬਕ ਨਹੀਂ ਸਿੱਖਦੀਆਂ। ਜਨਰਲ ਡਾਇਰ ਨੇ ਸੋਚਿਆ ਸੀ ਕਿ ਉਹ ਹਿੰਦੁਸਤਾਨੀਆਂ ਨੂੰ ਸਬਕ ਸਿਖਾ ਕੇ ਇਸ ਦੇਸ਼ ਵਿਚ ਅੰਗਰੇਜ਼ੀ ਰਾਜ ਦੀਆਂ ਜੜਾਂ ਮਜ਼ਬੂਤ ਕਰ ਰਿਹਾ ਹੈ। ਉਸ ਨੂੰ ਇਹ ਨਹੀਂ ਸੀ ਪਤਾ ਕਿ ਆਪਣੀ ਉਸ ਕਰਤੂਤ ਨਾਲ ਉਸ ਨੇ ਅੰਗਰੇਜ਼ੀ ਰਾਜ ਦੀਆਂ ਜੜਾਂ ਨੂੰ ਆਪ ਹੀ ਹਿਲਾ ਦਿੱਤਾ ਸੀ। ਤਾਹੀਉਂ ਅਲਫ੍ਰੇਡ ਡ੍ਰੈਪਰ ਲਿਖਦਾ ਹੈ ਕਿ ਉਸ ਕਤਲੇਆਮ ਨੇ ਅੰਗਰੇਜ਼ੀ ਰਾਜ ਦਾ ਖ਼ਾਤਮਾ ਕਰ ਦਿੱਤਾ।
ਜਲਿਆਂਵਾਲਾ ਬਾਗ ਦੀ ਗੱਲ ਫਿਰ ਚੇਤੇ ਆਉਂਦੀ ਹੈ। ਜਨਰਲ ਡਾਇਰ ਨੂੰ ਉਸ ਦੀ ਵਹਿਸ਼ੀਆਨਾ ਕਾਰਵਾਈ ਲਈ ਬ੍ਰਿਟਿਸ਼ ਸਰਕਾਰ ਵੱਲੋਂ ਸਜ਼ਾ ਦਿੱਤੀ ਗਈ ਸੀ। ਉਸ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਦੀ ਤਨਖਾਹ ਘਟਾ ਕੇ ਅੱਧੀ ਕਰ ਦਿੱਤੀ ਗਈ ਸੀ। ਬ੍ਰਿਟਿਸ਼ ਪਾਰਲੀਮੈਂਟ ਵਿਚ ਉਸੇ ਵੇਲੇ ਦੀ ਸਰਕਾਰ ਦੇ ਖਿਲਾਫ਼ ਬੇਭਰੋਸਗੀ ਦਾ ਮਤਾ, ਵਿਰੋਧੀ ਪੱਖ ਵੱਲੋਂ ਰੱਖਿਆ ਗਿਆ ਸੀ। ਜਿਸ ਦਿਨ ਇਸ ਮਤੇ ਉੱਤੇ ਬਹਿਸ ਹੋਣੀ ਸੀ ਜਨਰਲ ਡਾਇਰ ਆਪਣੀ ਪਤਨੀ ਅਤੇ ਜਲਿਆਂਵਾਲਾ ਬਾਗ ਕਾਂਡ ਵੇਲੇ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਉਡਵਾਇਰ ਦੇ ਨਾਲ ਪਾਰਲੀਮੈਂਟ ਦੀ ਦਰਸ਼ਕ ਗੈਲਰੀ ਵਿਚ ਬੈਠਿਆ ਹੋਇਆ ਸੀ। ਉਸ ਵੇਲੇ ਸਰਕਾਰ ਵੱਲੋਂ ਬੋਲਦੇ ਹੋਏ ਏਡਵਿਨ ਮਾਂਟੇਗਿਉ ਨੇ ਕਿਹਾ ਸੀ-ਸਦਨ ਦੇ ਸਾਹਮਣੇ ਮਾਮਲਾ ਬੜਾ ਸਿੱਧਾ ਹੈ। ਜਦੋਂ ਇਕ ਅਫਸਰ ਆਪਣੇ ਕਿਸੇ ਕੰਮ ਨੂੰ ਇਹ ਆਖ ਕੇ ਠੀਕ ਦੱਸਦਾ ਹੈ ਕਿ ਜੇ ਮੇਰੇ ਕੋਲ ਹੋਰ ਵਸੀਲੇ ਹੁੰਦੇ ਤਾਂ ਮਰਨ ਵਾਲਿਆਂ ਦੀ ਗਿਣਤੀ ਵੱਧ ਹੁੰਦੀ, ਕਿ ਮੇਰਾ ਮੰਤਵ ਸਾਰੇ ਪੰਜਾਬ ਨੂੰ ਸਬਕ ਸਿਖਾਉਣਾ ਸੀ-ਤਾਂ ਮੇਰਾ ਇਹ ਕਹਿਣਾ ਹੈ ਕਿ ਇਹ ਦਹਿਸ਼ਤਗਰਦੀ ਦਾ ਸਿਧਾਂਤ ਹੈ। ਕੀ ਤੁਸੀਂ ਅੱਤਵਾਦ, ਕੌਮੀ ਵਿਤਕਰੇ ਅਤੇ ਅਪਮਾਨ ਨਾਲ ਡਰਾ-ਧਮਕਾ ਕੇ ਹਿੰਦੁਸਤਾਨੀਆਂ ‘ਤੇ ਹਕੂਮਤ ਕਰਨੀ ਚਾਹੁੰਦੇ ਹੋ ਜਾਂ ਸਦਭਾਵਨਾ ਦੇ ਆਧਾਰ ‘ਤੇ?’
ਜਿਹੜੀਆਂ ਗੱਲਾਂ ਬ੍ਰਿਟਿਸ਼ ਪਾਰਲੀਮੈਂਟ ਵਿਚ ਭਾਰਤੀ ਮਾਮਲਿਆਂ ਦੇ ਮੰਤਰੀ ਮਾਂਟੇਗਿਉ ਨੇ ਕਹੀਆਂ ਸਨ, ਕਾਸ਼! ਅੱਜ ਦੀ ਭਾਰਤੀ ਪਾਰਲੀਮੈਂਟ ਵਿਚ ਵੀ ਅਜਿਹੀ ਗੱਲ ਕਹਿਣ ਦੀ ਕਿਸੇ ਵਿਚ ਹਿੰਮਤ ਹੁੰਦੀ। ਕੀ ਆਪਰੇਸ਼ਨ ਬਲਿਊ ਸਟਾਰ ਵੇਲੇ ਵੀ ਉਹੋ ਸਭ ਕੁਝ ਨਹੀਂ ਵਾਪਰਿਆ ਜੋ ਜਲਿਆਂਵਾਲਾ ਬਾਗ ਵੇਲੇ ਹੋਇਆ ਸੀ। ਇਸ ਵੇਲੇ ਕਿੰਨੇ ਹੀ ਨੌਜਵਾਨਾਂ ਦੇ ਹੱਥ ਪਿੱਛੇ ਬੰਨ ਕੇ ਉਨਾਂ ਨੂੰ ਨੇੜੇ ਤੋਂ ਗੋਲੀ ਨਾਲ ਉਡਾਇਆ ਗਿਆ ਸੀ। ਗੁਰੂ ਰਾਮਦਾਸ ਸਰਾਂ ਵਿਚ ਕਿੰਨੇ ਲੋਕੀਂ ਜੂਨ ਦੀ ਅੰਤਾਂ ਦੀ ਗਰਮੀ ਵਿਚ ਇਕ ਕਮਰੇ ਵਿਚ ਬੰਦ ਤ੍ਰਿਹਾਏ ਮਰ ਗਏ। ਫ਼ੌਜੀਆਂ ਨੇ ਜਿਸ ਢੰਗ ਨਾਲ ਆਮ ਲੋਕਾਂ ਦੀ ਬੇਪਤੀ ਕੀਤੀ, ਉਨਾਂ ਦੇ ਘਰਾਂ ਨੂੰ ਲੁੱਟਿਆ ਅਤੇ ਆਪਰੇਸ਼ਨ ਵਿਚ ਮਾਰੇ ਗਏ ਲੋਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਜਿਸ ਤਰਾਂ ਬੰਨੇ ਲਾਇਆ ਸੀ, ਕੀ ਉਹ ਜਲਿਆਂਵਾਲਾ ਬਾਗ ਦੇ ਸਾਕੇ ਨਾਲੋਂ ਘੱਟ ਸੀ? ਅੱਗੇ ਜੇ ਕੋਈ ਨਵਾਂ ਅਲਫ੍ਰੇਡ ਡ੍ਰੇਪਰ ਆਪਰੇਸ਼ਨ ਬਲਿਊ ਸਟਾਰ ਦੇ ਸਾਕੇ ਬਾਰੇ ਆਪਣੀ ਪੁਸਤਕ ਲਿਖੇਗਾ ਤਾਂ ਉਸ ਦਾ ਸਿਰਨਾਵਾਂ ਇਹ ਹੋਵੇਗਾ-‘ਅੰਮ੍ਰਿਤਸਰ : ਦ ਮੈਸਾਕਰ ਦੈਟ ਐਂਡਡ ਦ ਕਾਂਗਰਸ ਰਾਜ।’
(ਚਾਹੇ ਵਿਦਵਾਨ ਲੇਖਕ ਡਾ. ਮਹੀਪ ਸਿੰਘ ਇਸ ਜਹਾਨ ਵਿਚ ਨਹੀਂ ਰਹੇ ਪਰ ਉਹਨਾਂ ਦੀ ਲਿਖਤ ਤਦ ਦਾ ਵੀ ਸੱਚ ਸੀ ਤੇ ਅੱਜ ਦਾ ਵੀ ਸੱਚ ਹੈ)   ੲੲੲ

Check Also

CLEAN WHEELS

Medium & Heavy Vehicle Zero Emission Mission (ਕਿਸ਼ਤ ਦੂਜੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …