Breaking News
Home / ਨਜ਼ਰੀਆ / ਬੱਬਰ ਅਕਾਲੀ ਲਹਿਰ ਦੇ ਸੰਚਾਲਕ ਜਥੇਦਾਰ ਕਿਸ਼ਨ ਸਿੰਘ ਗੜਗੱਜ

ਬੱਬਰ ਅਕਾਲੀ ਲਹਿਰ ਦੇ ਸੰਚਾਲਕ ਜਥੇਦਾਰ ਕਿਸ਼ਨ ਸਿੰਘ ਗੜਗੱਜ

ਪ੍ਰਿੰਸੀਪਲ ਪਾਖਰ ਸਿੰਘ
ਜਉ ਤਉ ਪ੍ਰੇਮ ਖੇਲਨ ਕਾ ਚਾਉ ॥
ਸਿਰ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗ ਪੈਰ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥
ਪੰਜਾਬ ਦੀ ਪਵਿੱਤਰ ਧਰਤੀ ਨੂੰ ਸ਼ਹੀਦਾਂ, ਜੁਝਾਰੂਆਂ, ਸਿਰਲੱਥ ਯੋਧਿਆਂ ਤੇ ਦੇਸ਼ ਭਗਤ ਸੂਰਮਿਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ਜਿੱਥੋਂ ਦੋ ਜਾਂਬਾਜ ਬਹਾਦਰ ਸਪੂਤਾਂ ਨੇਂ ਸੁਤੰਤਰਤਾ, ਹੱਕ, ਸੱਚ, ਨਿਆਂ ਤੇ ਧਰਮ ਖਾਤਿਰ ਹੱਸ-ਹੱਸ ਕੇ ਜਾਨਾਂ ਕੁਰਬਾਨ ਕੀਤੀਆਂ। ਆਫਰੀਨ, ਇਹਨਾਂ ਯੋਧਿਆਂ ਦੇ, ਜਿਹਨਾਂ ਐਸ਼ੋ ਇਸ਼ਰਤ ਤੇ ਸੁੱਖ ਅਰਾਮ ਦੀ ਜਿੰਦਗੀ ਨੂੰ ਅਲਵਿਦਾ ਕਹਿ ਕੇ ਦੇਸ਼ ਤੇ ਕੌਮ ਦੀ ਆਨ ਸ਼ਾਨ ਖਾਤਰ ਆਪਾ ਵਾਰਿਆ ਅਤੇ ਤਸੀਹਿਆਂ ਨੂੰ ਸੀਨੇ ਤੇ,  ਖਿੜੇ ਮਿੱਥੇ ਹੰਢਾਇਆ। ਭਾਰਤ ਮਾਤਾ ਦੇ ਗਲੋਂ ਗੁਲਾਮੀਂ ਦਾ ਜੂਲਾ ਲਾਹੁਣ ਲਈ ਵੱਖ-ਵੱਖ ਖੇਤਰਾਂ ਵਿੱਚ ਵੱਖ-ਵੱਖ ਸਮਿਆਂ ਤੇ ਅੰਦੋਲਨ ਚਲਾਏ ਗਏ। ਪ੍ਰੰਤੂ ਇਹਨਾਂ ਅੰਦੋਲਨਾਂ ਵਿੱਚੋਂ ਬੱਬਰ ਅਕਾਲੀ ਦਲ ਦਾ ਵੱਖਰਾ ਯੋਗਦਾਨ ਹੈ। ਵਾਸਤਵ ਵਿੱਚ ਪੇਡੂੰ ਅਧਾਰ ਵਾਲੀ ਇਹ ਇੱਕ ਗੁਰੀਲਾ ਲਹਿਰ ਸੀ ਜਿਸਨੇ ਅੰਗਰੇਜ ਸਲਤਨਤ ਦੇ ਟੋਡੀਆਂ, ਮੁਖਬਰਾਂ ਅਤੇ ਝੋਲੀ ਚੁੱਕਾਂ ਨੂੰ ਸੋਧਣ ਅਤੇ ਭਾਰਤੀ ਜਨਤਾ ਨੂੰ ਜਾਗ੍ਰਿਤ ਕਰਕੇ ਹਥਿਆਰਬੰਦ ਕਰਨ ਦਾ ਬੀੜਾ ਚੁੱਕਿਆ।
ਇਸ ਲਹਿਰ ਦੇ ਮੁੱਖ ਸੰਚਾਲਕ ਸਰਦਾਰ ਕਿਸ਼ਨ ਸਿੰਘ ‘ਗੜਗੱਜ’ ਸਨ ਜਿਹਨਾਂ ਨੇ ਵਤਨਪ੍ਰਸਤੀ ਦੀ ਭਾਵਨਾ ਅਧੀਨ 35 ਸਾਲ ਦੀ ਉਮਰ ਵਿੱਚ ਫਾਂਸੀ ਦੇ ਰੱਸੇ ਨੂੰ ਖਿੜ੍ਹੇ ਮੱਥੇ ਚੁੱਮ ਕੇ ਸ਼ਹਾਦਤ ਦਾ ਜਾਮ ਪੀਤਾ। ਆਪ ਦਾ ਜਨਮ ਪਿੰਡ ਬੜ੍ਹਿੰਗ ਜਿਲ੍ਹਾ ਜਲੰਧਰ ਵਿੱਚ ਸਰਦਾਰ ਫਤਿਹ ਸਿੰਘ ਦੇ ਗ੍ਰਹਿ 1891 ਈਸਵੀ ਨੂੰ ਹੋਇਆ।
ਇਹ ਪਿੰਡ ਨੰਗਲ ਕਰਾਰ ਖਾਂ ਵਾਲੇ ਪਾਸੇ ਸਥਿਤ ਹੈ ਤੇ ਅੱਜ ਕੱਲ੍ਹ ਜਲੰਧਰ ਛਾਉਣੀ ਦਾ ਹੀ ਹਿੱਸਾ ਬਣ ਚੁੱਕਾ ਹੈ।ਲੰਮਾ ਕੱਦ ਹੋਣ ਕਾਰਣ ਆਪ ਦੀ ਸ਼ਖਸੀਅਤ ਬਹੁਤ ਪ੍ਰਭਾਵਸ਼ਾਲੀ ਸੀ। ਜਦੋਂ ਪੰਜਾਬ ਵਿੱਚ ਮਾਰਸ਼ਲ ਲਾਅ ਲੱਗਾ ਉਸ ਸਮੇਂ ਆਪ ਫੌਜ ਦੀ 35 ਨੰਬਰ ਸਿੱਖ ਪਲਟਨ ਵਿੱਚ, ਹੌਲਦਾਰ ਮੇਜਰ ਸਨ। ਭਾਰਤੀ ਜਨਤਾ ਉੱਤੇ ਅੰਗਰੇਜਾਂ ਵਲੋਂ ਢਾਏ ਜੁਲਮਾਂ ਕਾਰਨ ਆਪ ਦਾ ਮਨ ਵਲੂੰਧਰਿਆ ਗਿਆ ਜਿਸ ਕਾਰਨ ਆਪ ਨੇਂ ਖੁੱਲ੍ਹੇ ਤੌਰ ‘ਤੇ ਸਰਕਾਰ ਵਿਰੁੱਧ ਬਗਾਵਤ ਕਰਨ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਫਲਸਰੂਪ ਆਪ ਨੂੰ ਕੋਰਟ ਮਾਰਸ਼ਲ ਅਧੀਨ 28 ਦਿਨਾਂ ਦੀ ਸਜ਼ਾ ਤੋਂ ਬਾਅਦ ਡਿਸਚਾਰਜ ਕਰ ਦਿੱਤਾ।ਫੌਜ ਵਿੱਚੋਂ ਵਾਪਿਸ ਆ ਕੇ ਆਪ ਅਕਾਲੀ ਜਥਿੱਆਂ ਵਿੱਚ ਸ਼ਾਮਿਲ ਹੋ ਗਏ ਤੇ ਸਰਕਾਰ ਵਿਰੁੱਧ ਜੋਰਦਾਰ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। 19-20 ਅਤੇ 21 ਮਾਰਚ, 1921ઠ ਨੂੰ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਹੋਈ। ਇਹਨਾਂ ਦਿਨਾਂ ਦੌਰਾਨ ਹੀ ਕੁੱਝ ਉੱਘੇ ਗਰਮ-ਖਿਆਲੀ ਆਗੂਆਂ ਦੀ ਵੱਖਰੀ ਮੀਟਿੰਗ ਹੋਈ। ਜਿਸ ਵਿੱਚ ਮਾਸਟਰ ਮੋਤਾ ਸਿੰਘ ਪਤਾਰਾ, ਕਿਸ਼ਨ ਸਿੰਘ ਗੜਗੱਜ, ਅਮਰ ਸਿੰਘ ਦਿੱਲੀ, ਚਤਰ ਸਿੰਘ ਜ਼ਿਲ੍ਹਾ ਸ਼ੇਖੂਪੁਰਾ, ਸ਼ੰਕਰ ਸਿੰਘ ਪੰਡੋਰੀ ਬੀਬੀ, ਵਤਨ ਸਿੰਘ ਕਾਹਰੀ, ਭਾਈ ਚੈਂਚਲ ਸਿੰਘ ਨੰਡਿਆਲਾ ਤੇ ਨਰੈਣ ਸਿੰਘ ਚਾਟੀਵਿੰਡ ਆਦਿ ਨੇਤਾਵਾਂ ਨੇਂ ਸ਼ਾਮੂਲੀਅਤ ਕੀਤੀ। ਇਸ ਵੱਖਰੀ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਕਿ ਨਨਕਾਣਾ ਸਾਹਿਬ ਸਾਕੇ ਦੇ ਜਿੰਮੇਵਾਰਾਂ ਨੂੰ ਕਤਲ ਕੀਤਾ ਜਾਵੇ ਤਾਂ ਜੋ ਅੰਗਰੇਜ ਹੁਕਮਰਾਨਾਂ ਤੇ ਝੋਲੀ ਚੁੱਕਾਂ ਨੂੰ ਕੰਨ ਹੋ ਜਾਣ ਕਿ ਸਿੱਖਾਂ ਦੀ ਅਣਖ ਅਜੇ ਜਿਊਂਦੀ ਹੈ। ਇਸ ਕਾਰਜ਼ ਨੂੰ ਨੇਪਰੇ ਚਾੜ੍ਹਨ ਲਈ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਪ੍ਰੰਤੂ ਬੇਲਾ ਸਿੰਘ ਅਤੇ ਗੰਡਾ ਸਿੰਘ ਦੀ ਗ੍ਰਿਫਤਾਰੀ ਕਾਰਨ ਇਹ ਸਕੀਮ ਸਿਰੇ ਨਾਂ ਚੜ੍ਹ ਸਕੀ। ਇਨਕੁਆਰੀ ਉਪਰੰਤ ਅਮਰ ਸਿੰਘ ਤੇ ਉਸਦੇ ਛੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਸ਼ਨ ਸਿੰਘ ਗੜਗੱਜ, ਮਾਸਟਰ ਮੋਤਾ ਸਿੰਘ, ਅਮਰ ਸਿੰਘ ਦਿੱਲੀ, ਵਤਨ ਸਿੰਘ ਕਾਹਰੀ, ਬਿਜਲਾ ਸਿੰਘ ਤੇ ਗੁਰਬਚਨ ਸਿੰਘ ਦੇ ਗ੍ਰਿਫਤਾਰੀ ਵਾਰੰਟ ਨਿਕਲ ਆਏ। ਉਪਰੋਕਤ ਸਾਰੇ ਆਗੂ ਮਫਰੂਰ ਹੋ ਗਏ। ਇਹਨਾਂ ਦੀ ਗ੍ਰਿਫਤਾਰੀ ਲਈ ਸਰਕਾਰ ਵਲੋਂ ਕਾਫੀ ਇਨਾਮ ਰੱਖੇ ਗਏ। ਇਹ ਮੁਕੱਦਮਾ 18 ਮਈ,1922 ਤੀਕ ਚੱਲਦਾ ਰਿਹਾ। ਤੋਤਾ ਸਿੰਘ ਨੂੰ ਪੰਜ ਸਾਲ, ਬੇਲਾ ਸਿੰਘ ਅਤੇ ਗੰਡਾ ਸਿੰਘ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਹੋਈ।
ਉਧਰ ਸ਼੍ਰੋ: ਗੁ: ਪ੍ਰੰਬਧਕ ਕਮੇਟੀ ਨੇਂ ਨਰਮ ਨੀਤੀ ਤਹਿਤ ਮਤਾ ਪਾਸ ਕਰ ਦਿੱਤਾ ਕਿ ਸਖਤੀਆਂ ਨੂੰ ਸ਼ਾਂਤੀ ਨਾਲ ਬਰਦਾਸ਼ਤ ਕੀਤਾ ਜਾਵੇ ਅਤੇ ਜਿਸ ਦੇ ਵਾਰੰਟ ਨਿਕਲਣ ਉਹ ਅਦਾਲਤ ਵਿੱਚ ਪੇਸ਼ ਹੋ ਜਾਵੇ। ਪ੍ਰੰਤੂ ਕਿਸ਼ਨ ਸਿੰਘ ਗੜਗੱਜ ਅਤੇ ਮਾਸਟਰ ਮੋਤਾ ਸਿੰਘ ਦਾ ਵਿਚਾਰ ਸੀ ਕਿ ਅੰਗਰੇਜ਼ ਭਾਰਤ ਵਾਸੀਆਂ ਦੀ ਕਮਾਈ ਹੜੱਪ ਕਰੀ ਜਾਂਦੇ ਹਨ।
ਇਸ ਹਕੂਮਤ ਦਾ ਕੋਈ ਇਮਾਨ ਨਹੀਂ ਤੇ ਧੋਖੇ ਫਰੇਬ ਵਿੱਚ ਮਾਹਿਰ ਹੋ ਕੇ ਨਿਹੱਥਿਆਂ ‘ਤੇ ਜੁਲਮ ਕਰਦੀ ਹੈ। ਇਸ ਲਈ ਸ਼ਾਂਤੀ ਨਾਲ ਜਿਆਦਤੀਆਂ ਬਰਦਾਸ਼ਤ ਕਰਨਾ ਨਿਰਾਰਥਕ ਹੈ। ਇਸ ਨੀਤੀ ਨਾਲ ਮੱਤਭੇਦ ਹੋਣ ਕਾਰਨ ਆਪ ਨੇ ਸ਼੍ਰੋ:ਗੁ: ਪ੍ਰਬੰਧਕ ਕਮੇਟੀ ਦੇ ਫੈਸਲੇ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ। ਆਪ ਨੇ ‘ਚੱਕਰਵਰਤੀ’ ਜੱਥੇ ਦੀ ਸਥਾਪਨਾ ਕੀਤੀ ਅਤੇ ਮਫਰੂਰ ਰਹਿ ਕੇ ਸਰਕਾਰ ਵਿਰੁੱਧ ਪ੍ਰਚਾਰ ਕਰਨ ਦਾ ਤਹੱਈਆ ਕੀਤਾ। ਝੋਲੀ ਚੁੱਕਾਂ ਅਤੇ ਮੁਖਬਰਾਂ ਦੀਆਂ ਸੂਚੀਆਂ ਬਣਾ ਕੇ ਸੋਧਣ ਦਾ ਫੈਸਲਾ ਕੀਤਾ। ਇਹਨਾਂ ਸੱਭ ਕਾਰਜਾਂ ਲਈ ਹਥਿਆਰ ਲੋੜੀਂਦੇ ਸਨ। ਹਥਿਆਰ ਖਰੀਦਣ ਲਈ ਸੂਦਖੋਰ ਸ਼ਾਹੂਕਾਰਾਂ ਨੂੰ ਲੁੱਟਣ ਦੀਆਂ ਯੋਜਨਾਵਾਂ ਉਲੀਕੀਆਂ ਗਈਆਂ।
ਉਸ ਸਮੇਂ ਬੱਬਰਾਂ ਦੀ ਏਨੀਂ ਚੜਤ ਸੀ ਕਿ ਸਰਕਾਰੀ ਅਹਿਲਕਾਰ ਥਰ-ਥਰ ਕੰਬਦੇ ਸਨ। ਬੱਬਰਾਂ ਦੀ ਏਨੀਂ ਦਹਿਸ਼ਤ ਸੀ ਕਿ ਰੋਪੜ ਤੋਂ ਮੁਕੇਰੀਆਂ ਤੱਕ ਸੜਕ ਦੇ ਆਲੇ-ਦੁਆਲੇ ਅੰਬਾਂ ਦੀ ਨਿਲਾਮੀ ਨਹੀਂ ਹੋਈ। ਡਰ ਕਾਰਨ ਕਿਸੇ ਵੀ ਵਿਅਕਤੀ ਨੇਂ ਨਿਲਾਮੀ ਵਿੱਚ ਹਿੱਸਾ ਨਾ ਲਿਆ। ਬੱਬਰਾਂ ਨੇਂ ਸਾਫ ਸ਼ਬਦਾਂ ਵਿੱਚ ਐਲਾਨ ਕੀਤਾ ਹੋਇਆ ਸੀ ਕਿ ਅੰਬ ਦੇ ਫਲਾਂ ਤੇ ਰਾਹੀਆਂ ਦਾ ਹੱਕ ਹੈ, ਸਰਕਾਰ ਦਾ ਨਹੀਂ।
ਸਰਦਾਰ ਕਿਸ਼ਨ ਸਿੰਘ ਇੱਕ ਜੁਝਾਰੂ ਸੰਗਰਾਮੀਆਂ ਤੇ ਜੋਸ਼ੀਲਾ ਬੁਲਾਰਾ ਸੀ। ਆਪ ਨੇ ਸੈਂਕੜੇ ਜਲਸਿਆਂ ਵਿੱਚ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਸਥਾਨਾਂ ਤੇ 357 ਲੈਕਚਰ ਕੀਤੇ। ਜੋਸ਼ੀਲੇ ਬੁਲਾਰੇ ਹੋਣ ਕਾਰਨ ਆਪ ਦੀ ਤਕਰੀਰ ਏਨੀਂ ਪ੍ਰਭਾਵਸ਼ਾਲੀ ਹੁੰਦੀ ਸੀ ਜਿਸ ਨੂੰ ਸੁਣ ਕੇ ਸਰੋਤਿਆਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਸਨ। ਮਾਰਚ,1922 ਨੂੰ ਹੋਲੇ ਮਹੱਲੇ ਦੇ ਅਵਸਰ ਤੇ ਆਪ ਨੇ ਸਿੱਖ ਇਤਿਹਾਸ ਦੇ ਪਰਮਾਣ ਦੇ ਕੇ ਇਹ ਸਿੱਧ ਕੀਤਾ ਕਿ ਜੁਲਮ ਅਤੇ ਅਤਿੱਆਚਾਰ ਵਿਰੁੱਧ ਲੜਨਾਂ ਹੀ ਸਿੱਖੀ ਹੈ।
ਲਲਕਾਰ ਕੇ ਕਿਹਾ :- ”ਹਿੰਦ ਦੇ ਬਹਾਦਰੋ ਨਹੀਂ ਵੇਲਾ ਸੌਣ ਦਾ-ਆ ਗਿਆ ਵਕਤ ਹੁਣ ਤੇਗ ਦੇ ਉਠਾਉਣ ਦਾ ।” ਇਸ ਸਮੇਂ ਪੁਲਿਸ ਨੇ ਸਟੇਜ ਨੂੰ ਚਾਰਾਂ ਪਾਸਿਆਂ ਤੋਂ ਘੇਰਿਆ ਹੋਇਆ ਸੀ। ਆਪ ਨੇ ਕਿਰਪਾਨ ਨੰਗੀ ਕਰ ਕੇ ਕਿਹਾ, ”ਪੁਲਿਸ ਮੈਨੂੰ ਫੜਨ ਦਾ ਇਰਾਦਾ ਰੱਖਦੀ ਹੈ ਪਰ ਬਿੱਲੀ ਦੇ ਗਲ ਟੱਲੀ ਪਾਉਣ ਲਈ ਚੂਹਿਆਂ ਦੇ ਇਰਾਦੇ ਦੇ ਇਰਾਦੇ ਵਾਲੀ ਗੱਲ ਨਾਂ ਹੋਵੇ। ਮੈਨੂੰ ਜਿਸਨੇ ਫੜਨਾ ਹੈ ਜਰਾ ਤਕੜਾ ਹੋ ਕੇ ਆਵੇ।” ਉਸ ਸਮੇਂ ਜਲਸੇ ਵਿੱਚ ਹਾਜਿਰ ਲੋਕ ਬੋਲ ਉੱਠੇ,”ਤੁਹਾਡੇ ਲਾਗੇ ਪੁਲਿਸ ਨੂੰ ਆਉਣ ਦਿਆਂਗੇ ਤਾਂ ਆਖਿਉ”। ਅਸੀਂ ਵੀ ਸਾਰੇ ਪੱਕੇ ਸਿੱਖ ਹਾਂ ਅਤੇ ਪੁਲਿਸ ਦੀ ਬੋਟੀ-ਬੋਟੀ ਕਰ ਦਿਆਂਗੇ।” ਦੋ-ਦੋ ਸਿਪਾਹੀਆਂ ਦੇ ਦੁਆਲੇ ਸੌ-ਸੌ ਬੰਦੇ ਖੜ੍ਹੇ ਹੋ ਗਏ। ਉਸ ਸਮੇਂ ਮੌਕੇ ਦੀ ਨਜਾਕਤ ਨੂੰ ਦੇਖਦਿਆਂ ਈਸ਼ਰ ਸਿੰਘ, ਪੁਲਿਸ ਇੰਸਪੈਕਟਰ ਨੇ ਸਾਰੇ ਸਿਪਾਹੀਆਂ ਨੂੰ ਪਿੱਛੇ ਹਟ ਜਾਣ ਦਾ ਹੁਕਮ ਦਿੱਤਾ ਤੇ ਜਥੇਦਾਰ ਨੂੰ ਗ੍ਰਿਫਤਾਰ ਕਰਵਾ ਦਿੱਤਾ।
ਗ੍ਰਿਫਤਾਰੀ ਸਮੇਂ ਸਿਵਾਏ ਕ੍ਰਿਪਾਨ ਦੇ ਕੋਈ ਹੋਰ ਕੋਈ ਹਥਿਆਰ ਨਹੀਂ ਸੀ। ਕੇਸ ਚੱਲਿਆ। ਜਥੇਦਾਰ ਨੂੰ ਸਾਜਿਸ਼ ਦਾ ਮੁਖੀ ਠਹਿਰਾਇਆ ਗਿਆ। ਆਪ ਨੇ ਸੈਸ਼ਨ ਜੱਜ ਦੀ ਅਦਾਲਤ 125 ਸਫਿਆਂ ਤੇ ਅਧਾਰਿਤ ਲਿਖਤੀ ਬਿਆਨ ਦਿੱਤਾ ਜਿਸ ਵਿੱਚ ਸਰਕਾਰ ਵਿਰੁੱਧ ਬਗਾਵਤ ਕਰਨ ਦੇ ਕਾਰਨਾਂ ਦਾ ਵੇਰਵਾ ਦਰਸਾਇਆ ਗਿਆ।
28 ਫਰਵਰੀ,1925 ਨੂੰ ਕਿਸ਼ਨ ਸਿੰਘ ‘ਗੜਗੱਜ’ ਨੂੰ ਪੰਜ ਹੋਰ ਬੱਬਰ ਅਕਾਲੀਆਂ ਬਾਬੂ ਸੰਤਾ ਸਿੰਘ, ਧਰਮ ਸਿੰਘ ਹਯਾਤਪੁਰ, ਕਰਮ ਸਿੰਘ ਹਰੀਪੁਰ, ਨੰਦ ਸਿੰਘ ਘੁੜਿਆਲ ਤੇ ਦਲੀਪਾ ਧਾਮੀਆਂ (ਉਮਰ 20 ਸਾਲ) ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ ਇਸ ਤੋਂ ਪੂਰੇ ਇੱਕ ਸਾਲ ਬਾਅਦ 27 ਫਰਵਰੀ,1926 ਵਾਲੇ ਮਨਹੂਸ ਦਿਨ, ਉਪਰੋਕਤ ਛੇਆਂ ਯੋਧਿਆਂ ਨੂੰ, ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਇਹਨਾਂ ਮਰਜੀਵੜਿਆਂ ਦਾ ਸੰਸਕਾਰ ਗੁਰਦਵਾਰਾ ਡੇਰਾ ਸਾਹਿਬ ਦੇ ਪਿਛਲੇ ਪਾਸੇ ਰਾਵੀ ਦਰਿਆ ਦੇ ਕਿਨਾਰੇ ਕੀਤਾ ਗਿਆ। ਇਹਨਾਂ ਯੋਧਿਆਂ ਨੂੰ ਲੱਖ-ਲੱਖ ਸਲਾਮ। ਕਿਸੇ ਨੇਂ ਸੱਚ ਹੀ ਕਿਹਾ ਹੈ:-
ਲਾੜੀ ਮੌਤ ਨੂੰ ਪਰਣਾਮ ਚੱਲੇ,
ਸਿਹਰੇ ਲਟਕਦੇ ਬੱਬਰ ਅਕਾਲੀਆਂ ਦੇ

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …